Home / ਅੰਤਰ ਰਾਸ਼ਟਰੀ / ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੇ ਉਠਾਈ ਇੰਸਾਫ ਦੀ ਮੰਗ, ਸਰਕਾਰ ਖ਼ਿਲਾਫ਼ ਰੋਸ ਪ੍ਰਦਸ਼ਨ

ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੇ ਉਠਾਈ ਇੰਸਾਫ ਦੀ ਮੰਗ, ਸਰਕਾਰ ਖ਼ਿਲਾਫ਼ ਰੋਸ ਪ੍ਰਦਸ਼ਨ

ਪੂਰੇ ਆਸਟ੍ਰੇਲੀਆ ਦੇ ਤਕਰੀਬਨ ਸਾਰੇ ਵੱਡੇ ਸ਼ਹਿਰਾਂ ਵਿੱਚ ਅੱਜ ਇੱਥੋਂ ਦੇ ਮੂਲ ਨਿਵਾਸੀਆਂ ਵੱਲੋਂ ਵੱਡੇ ਭਰਵੇਂ ਇਕੱਠ ਕਰਕੇ 26 ਜਨਵਰੀ ਨੂੰ “ਹੱਲਾ ਦਿਨ” Invasion Day ਵਜੋਂ ਮਨਾਇਆ ਗਿਆ। ਇੱਥੋਂ ਦੇ ਮੂਲ ਬਾਸ਼ਿੰਦਿਆਂ ਦੇ ਨਾਲ ਕੁਝ ਗੋਰੇ ਤੇ ਹੋਰਨਾਂ ਕੌਮਾਂ ਦੇ ਲੋਕਾਂ ਨੇ ਵੀ ਇਨ੍ਹਾਂ ਦਾ ਸਾਥ ਦਿੱਤਾ। ਮੈਲਬੋਰਨ ਵਿੱਚ ਪਾਰਲੀਮੈਂਟ ਘੇਰ ਕੇ ਮੂਲ ਨਿਵਾਸੀਆਂ ਨੇ ਗੋਰੇ ਹਾਕਮਾਂ ਨੂੰ ਅਬਰਿਜਨਲ ਬਜ਼ੁਰਗਾਂ ਨਾਲ ਕੀਤੇ ਜਬਰ ਜੁਲਮਾਂ ਦੇ ਦੋਸ਼ੀ ਦੱਸਿਆ। ਆਸਟਰੇਲੀਆ ਦੇ ਮੂਲ ਨਿਵਾਸੀ ਗੋਰਿਆਂ ਦੀਆਂ ਵਧੀਕੀਆਂ ਤੋਂ ਪ੍ਰੇਸ਼ਾਨ ਨੇ। ਆਸਟ੍ਰੇਲੀਆ ਦੇ ਇਹ ਮੂਲ ਨਿਵਾਸੀ ਜੋ ਕਿ ਕਈ ਹਜ਼ਾਰ ਸਾਲਾਂ ਤੋਂ ਇਥੋਂ ਦੀ ਧਰਤ ਦੇ ਮਾਲਕ ਨੇ ਤੇ ਉਹ ਗੋਰੇ ਹਾਕਮਾਂ ਦੀਆਂ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਪਨਾਹੀਆਂ ਸਬੰਧੀ ਮਾੜੀਆਂ ਨੀਤੀਆਂ ਤੋਂ ਵੀ ਦੁਖੀ ਨੇ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਧਰਤੀ ਤੇ ਉਹਨਾਂ ਸਮੇਤ ਕਿਸੇ ਬੰਦੇ ਨੂੰ ਰੰਗ ਨਸਲ ਜਾਂ ਗੈਰ ਗੋਰਾ ਹੋਣ ਕਰਕੇ ਕੋਈ ਤਕਲੀਫ਼ ਹੋਵੇ।
ਅੱਜ 26 ਜਨਵਰੀ ਦੀ ਤਰੀਕ ਬਦਲਣ ਜਾਂ ਇਸ ਨੂੰ ਤਿਉਹਾਰ ਵਾਂਗੂੰ ਮਨਾਉਣਾ ਬੰਦ ਕਰਨ ਦੀ ਮੰਗ ਦੇ ਨਾਲ ਨਾਲ ਮੂਲ ਨਿਵਾਸੀ ਭਾਈਚਾਰਾ ਜਿੱਥੇ ਆਪਣੇ ਜ਼ਮੀਨੀ ਹੱਕਾਂ, ਆਸਟ੍ਰੇਲੀਆ ਨੂੰ ਇੱਕ ਬਸਤੀ ਵਜੋਂ ਵਰਤਣਾਂ ਬੰਦ ਕਰਨ ਅਤੇ ਇਸਨੂੰ ਇੱਕ ਅਬਰਿਜਨਲ ਦੇਸ਼ ਐਲਾਨਣ ਦੀ ਮੰਗ ਕਰ ਰਿਹਾ ਹੈ ਓਥੇ ਹੀ ਭਾਰਤੀ ਸਰਮਾਏਦਾਰ ਅਡਾਨੀ ਸਮੇਤ ਚੀਨ ਦੇ ਵੱਡੇ ਸਰਮਾਏਦਾਰਾਂ ਨੂੰ ਆਸਟ੍ਰੇਲੀਆ ਦੀ ਜ਼ਮੀਨ ਵੇਚਣ ਅਤੇ ਆਪਣੇ ਕਾਰਖ਼ਾਨੇ ਏਥੇ ਲਾਉਣ ਦਾ ਵੀ ਡੱਟਕੇ ਵਿਰੋਧ ਕਰ ਰਿਹਾ ਹੈ।
ਸੰਨ 1770 ਵਿੱਚ ਬਰਤਾਨਵੀ ਗੋਰਿਆਂ (ਜੋ ਕਿ ਖ਼ੁਦ ਕੈਦੀ ਸਨ) ਦੇ ਆਸਟ੍ਰੇਲੀਆਈ ਜ਼ਮੀਨ ਤੇ ਪੈਰ ਪਾਉਣ ਤੋਂ ਲੈਕੇ 1967 ਵਿੱਚ ਮੂਲ ਨਿਵਾਸੀ ਭਾਈਚਾਰੇ ਦੇ ਲੋਕਾਂ ਨੂੰ ਇੱਥੋਂ ਦੇ ਬਸ਼ਿੰਦੇ ਮੰਨਣ ਤੱਕ ਦਾ ਇਤਿਹਾਸ ਬਹੁਤ ਜੁਲਮਾਂ ਭਰਿਆ ਹੈ। ਆਸਟ੍ਰੇਲੀਆਈ ਮੂਲ ਨਿਵਾਸੀਆਂ ਦਾ ਦਾਵਾ ਹੈ ਕਿ ਤਕਰੀਬਨ 200 ਸਾਲ ਤੱਕ ਚੱਲੀ ਇਹ ਸਰੀਰਕ ਅਤੇ ਮਾਨਸਿਕ ਨਸਲਕੁਸ਼ੀ ਦੁਨੀਆ ਦੀ ਸਭਤੋਂ ਲੰਬੀ ਨਸਲਕੁਸ਼ੀ ਹੈ ਜੋ ਕਿ ਦੋ ਸਦੀਆਂ ਤੱਕ ਕੌਮੀ ਪੱਧਰ ਤੇ ਬਿਲਕੁਲ ਹੀ ਅਣਸੁਣੀ ਰਹੀ। ਮੂਲ ਨਿਵਾਸੀਆਂ ਮੁਤਾਬਿਕ ਅੱਜ ਵੀ ਉਹਨਾਂ ਦੇ ਬੱਚੇ ਮਾਂਵਾਂ ਤੋਂ ਵੱਖ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਜ਼ਬਰਦਸਤੀ ਪੱਛਮੀ ਸਭਿਆਚਾਰ ਦੇ ਵਿੱਚ ਢਾਲਕੇ ਉਹਨਾਂ ਦੀ ਮਾਨਸਿਕ ਨਸਲਕੁਸ਼ੀ ਕੀਤੀ ਜਾ ਰਹੀ ਹੈ।

Check Also

TikTok ਨੂੰ ਗੂਗਲ ਨੇ ਭਾਰਤ ’ਚ ਕੀਤਾ ਬਲਾਕ

ਮਦਰਾਸ ਹਾਈਕੋਰਟ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਗੂਗਲ ਨੇ ਚੀਨੀ ਵੀਡੀਓ ਐਪ ਟਿਕਟਾਕ …