ਗੰਗੂ, ਦੀਵਾਨ ਸੁੱਚਾ ਨੰਦ ਅਤੇ ਨਵਾਬ ਸ਼ੇਰ ਖਾਨ ਮਲੇਰਕੋਟਲਾ

By December 24, 2018


ਇਤਿਹਾਸਕਾਰਾਂ ਅਨੁਸਾਰ ਗੰਗੂ ਕੁੰਮੇ ਮਾਸ਼ਕੀ ਦੀ ਛੰਨ ’ਚ ਆ ਕੇ ਹੀ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਿਦਆਂ ਨੂੰ ਮਿਲਿਆ। ਇਹ ਛੰਨ ਵਾਲਾ ਸਥਾਨ ਪਿੰਡ ਚੱਕ ਢੇਰਾ, ਜ਼ਿਲ੍ਹਾ ਰੋਪੜ ਵਿੱਚ ਹੀ ਹੈ।

ਗੰਗੂ ਬ੍ਰਾਹਮਣ ਦਾ ਪੂਰਾ ਨਾਮ ਗੰਗਾਧਰ ਕੌਲ ਸੀ ਅਤੇ ਅਨੰਦਪੁਰ ਸਾਹਿਬ ਵਿਖੇ ਉਹ ਗੁਰੂ ਘਰ ਦਾ ਰਸੋਈਆ ਸੀ। ਕੁਝ ਇਤਿਹਾਸਕਾਰਾਂ ਮੁਤਾਬਿਕ ਮੌਜੂਦਾ ਗਾਂਧੀ ਵੰਸ਼ਜ ਗੰਗੂ ਖਾਨਦਾਨ ਦੀ ਹੀ ਔਲਾਦ ਹਨ। ਸੀ।

ਗੰਗੂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਲਾਗੇ ਪੈਂਦੇ ਆਪਣੇ ਪਿੰਡ ਸਹੇੜੀ ਲੈ ਗਿਆ। ਕੁਝ ਸ਼ਾਹੀ ਫੌਜ ਦਾ ਡਰ ਅਤੇ ਕੁਝ ਇਨਾਮ ਮਿਲਣ ਦੇ ਲਾਲਚ ਨਾਲ ਉਸਦੀ ਨੀਅਤ ਵਿਗੜ ਗਈ। ਉਸ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਪਹਿਲਾਂ ਉਨ੍ਹਾਂ ਨੂੰ ਮੋਰਿੰਡਾ ਥਾਣੇ ਰੱਖਿਆ ਗਿਆ ਅਤੇ ਫਿਰ ਸੂਬਾ ਸਰਹੰਦ ਅੱਗੇ ਪੇਸ਼ ਕਰਕੇ ਠੰਡੇ ਬੁਰਜ ‘ਚ ਕੈਦ ਕਰ ਦਿੱਤਾ ਗਿਆ। ਇਸ ਥਾਂ ਗੁਰਦੁਆਰਾ ਕੋਤਵਾਲੀ ਸਾਹਿਬ ਮੌਜੂਦ ਹੈ।

ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ।

ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ।

ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ।

ਨਵਾਬ ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ, ਮੇਰੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਨਾਲ ਹੈ ਤੇ ਮੈਂ ਬਦਲਾ ਵੀ ਉਸਤੋਂ ਹੀ ਲਵਾਂਗਾ। ਇਹਨਾਂ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ।

ਕਾਜ਼ੀ ਅਤੇ ਨਵਾਬ ਸ਼ੇਰ ਖਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ।

ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ ਜਾ ਸਕੇ। ਸਾਹਿਬਜ਼ਾਦਿਆਂ ਨੂੰ ਬਹੁਤ ਸਾਰੇ ਲਾਲਚ ਅਤੇ ਡਰਾਵੇ ਵੀ ਦਿੱਤੇ ਗਏ ਪਰ ਉਹ ਨਾ ਡੋਲੇ।

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਂਗੇ? ਤਾਂ ਉਨ੍ਹਾਂ ਦਾ ਜਵਾਬ ਸੀ; ਦੁਬਾਰਾ ਜਾ ਕੇ ਫੌਜ ਤਿਆਰ ਕਰਾਂਗੇ ਅਤੇ ਜ਼ਾਲਮ ਸਾਮਰਾਜ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ।

ਦੀਵਾਨ ਸੁੱਚਾ ਨੰਦ ਨਾਲ ਹੀ ਭੜਕਿਆ ਅਤੇ ਵਜ਼ੀਰ ਖਾਨ ਨੂੰ ਉਕਸਾਇਆ ਕਿ ਸੱਪ ਦੇ ਬੱਚੇ ਸਪੋਲੀਏ ਹੁੰਦੇ ਹਨ, ਇਨ੍ਹਾਂ ਦੀਆਂ ਸਿਰੀਆਂ ਮਿੱਧਣੀਆਂ ਪੈਣਗੀਆਂ।

ਵਜ਼ੀਰ ਖਾਨ ਨੇ ਕਾਜ਼ੀ ਨੂੰ ਕਿਹਾ ਕਿ ਇਨ੍ਹਾਂ ਮੂੰਹ-ਫੱਟ ਅਤੇ ਬਾਗੀ ਬੱਚਿਆਂ ਨੂੰ ਸ਼ਰਾ ਮੁਤਾਬਿਕ ਸਜ਼ਾ ਸੁਣਾਈ ਜਾਵੇ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ।

ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿਗ ਪਈ। ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖੰਜਰ ਖੋਭੇ ਅਤੇ ਫੇਰ ਤਲਵਾਰ ਮਾਰ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਇਸ ਜਗ੍ਹਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੁਭਾਇਮਾਨ ਹੈ।

ਜਦੋਂ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਨੂੰ ਦਿੱਤੀ ਗਈ ਤਾਂ ਉਨ੍ਹਾਂ ਨੇ ਵੀ ਤੁਰੰਤ ਆਪਣੇ ਪ੍ਰਾਣ ਤਿਆਗ ਦਿੱਤੇ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮਾਤਾ ਗੁਜਰੀ ਜੀ ਨੂੰ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਗਿਆ। ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਹੀ ਇੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਹਨਾਂ ਨੂੰ ਮਾਨਸਿਕ ਤੌਰ ‘ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈਅ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ ਤੜਫਾ ਕੇ ਮਾਰਿਆ ਗਿਆ ਸੀ। ਇਹ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ।

ਉਹਨਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖ਼ਾਲਸਾ ਪੰਥ ਨੂੰ ਫ਼ਤਹਿ ਦਿਵਾਈ। ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਸੀ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ। ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖ਼ਾਲਸੇ ਦੇ ਦਿਲਾਂ ਵਿੱਚ ਪ੍ਰਵੇਸ਼ ਕਰ ਗਈ ਸੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜ਼ਿੰਦਾ ਹੈ ਜੋ ਕਿ ਫ਼ਨੀਅਰ ਨਾਗ ਹੈ।

ਸੋ ਸਾਨੂੰ ਸਭ ਨੂੰ ਸੋਚਣਾ ਬਣਦਾ ਕਿ ਅਸੀਂ ਕਿਸ ਗੁਰੂ ਦੇ ਪੁੱਤ ਹਾਂ ਅਤੇ ਕਿਹੜੇ ਸੂਰਬੀਰ ਸਾਹਿਬਜ਼ਾਦਿਆਂ ਦੇ ਭਰਾ ਹਾਂ। ਜ਼ੁਲਮ ਬੇਸ਼ੱਕ ਕਿਸੇ ਨਾਲ ਵੀ ਹੁੰਦਾ ਹੋਵੇ, ਉਸਦੇ ਵਿਰੁੱਧ ਬੋਲਣਾ ਅਤੇ ਮਜ਼ਲੂਮ ਨਾਲ ਖੜ੍ਹਨਾ ਸਾਡਾ ਧਰਮ ਹੈ।

***********
ਆਉਣ ਵਾਲੇ ਦਿਨਾਂ ‘ਚ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਜੀ ਦੀ ਘਾਲਣਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹੰਦ ਫਤਿਹ ਕਰਕੇ ਸਾਹਿਬਜ਼ਾਦਿਆਂ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਗੱਲ ਕਰਾਂਗੇ।





Posted in: ਸਾਹਿਤ