ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ

By December 22, 2018


( ਲਿਖਤ – ੫)

ਜਦ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦ ਹੋਣ ਦਾ ਵਕਤ ਆਇਆ, ਉਦੋਂ ਕਲਗ਼ੀਧਰ ਦੀ ਉਮਰ ਸਮਾਂ ਨੌ ਸਾਲ ਸੀ, ਪਰ ਰੱਬ ਦੇ ਭੇਜੇ ਪੈਗ਼ੰਬਰਾਂ ਨਾਲ ਉਮਰਾਂ ਦਾ ਕੀ ਵਾਸਤਾ ?
ਸ੍ਰਿਸ਼ਟਿ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮੱਘਰ ਸੁਦੀ ਪੰਜ, ਸੰਮਤ 1732 ਜਾਣੀ ਨਵੰਬਰ 1675 ‘ਚ ਚਾਂਦਨੀ ਚੌਂਕ ਦਿੱਲੀ ਵਿਚ ਸ਼ਹੀਦ ਕਰ ਦਿੱਤੇ ਗਏ।
ਉਹਨਾਂ ਦੇ ਪਵਿੱਤਰ ਸ਼ਹੀਦੀ ਸੀਸ ਨੂੰ ਭਾਈ ਜੈਤਾ ਜੀ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਆਏ, ਜਿੱਥੇ ਮਹਾਰਾਜ ਦੇ ਸੀਸ ਨੂੰ ਸਸਕਾਰਿਆ ਗਿਆ।

ਨੌਵੇਂ ਗੁਰੂ ਜੀ ਦੇ ਜਿਸਮੇ-ਮੁਬਾਰਕ ਨੂੰ ਲੱਖੀ ਵਣਜਾਰੇ ਨੇ ਉਸ ਵੇਲੇ ਉਠਾ ਲਿਆ, ਜਦੋਂ ਦਿੱਲੀ ਉੱਤੇ ਕਹਿਰ ਦਾ ਤੂਫ਼ਾਨ ਝੁੱਲ ਰਿਹਾ ਸੀ। ਉਸ ਥਾਂ ਉੱਤੇ ਜਿੱਥੇ ਅੱਜ ਕਲ੍ਹ ਗੁਰਦੁਆਰਾ ਰਕਾਬ ਗੰਜ ਸਾਹਿਬ ਦਿਖਦਾ ਹੈ, ਲੱਖੀ ਵਣਜਾਰੇ ਨੇ ਹਜ਼ੂਰ ਦੇ ਜਿਸਮੇ-ਮੁਬਾਰਕ ਨੂੰ ਇੱਕ ਬਿਸਤਰ ਉੱਤੇ ਲਿਟਾਇਆ, ਚਰਨਾਂ ਨੂੰ ਹੰਝੂਆਂ ਨਾਲ ਚੁੰਮਿਆ, ਅਤੇ ਸਾਰੇ ਘਰ ਨੂੰ ਹੀ ਅੱਗ ਦੀਆਂ ਲਾਟਾਂ ਵਿਚ ਭਸਮ ਕਰ ਦਿੱਤਾ।

ਉਸ ਬੰਦੀਖਾਨੇ ਦਾ ਦਰੋਗਾ ਖਵਾਜਾ ਅਬਦੁੱਲਾ, ਜਿਥੇ ਕਿ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦੀ ਤੋਂ ਪਹਿਲਾਂ ਰੱਖਿਆ ਗਿਆ ਸੀ, ਮੰਜ਼ਿਲਾਂ ਮਾਰਦਾ ਆਨੰਦਪੁਰ ਸਾਹਿਬ ਪਹੁੰਚ ਗਿਆ, ਅਤੇ ਬਾਕੀ ਉਮਰ ਕਲਗ਼ੀਧਰ ਦੇ ਚਰਨਾਂ’ਚ ਹੀ ਗੁਜ਼ਾਰ ਦਿੱਤੀ। ( ਸਹਿਜੇ ਰਚਿਓ ਖ਼ਾਲਸਾ ਵਿਚੋਂ ਪਰ ਲਿਖਤ ਨੂੰ ਛੋਟਾ ਕਰਨ ਲੲੀ ਅਾਪਣੇ ਸ਼ਬਦਾਂ’ਚ)

– ਸਤਵੰਤ ਸਿੰਘ

Posted in: ਸਾਹਿਤ