ਕਲਗ਼ੀਧਰ ਦਾ ਗੁਰਿਆਈ ਧਾਰਨ ਕਰਨਾ

By December 22, 2018


~~~~~ਕਲਗ਼ੀਧਰ ਦਾ ਗੁਰਿਆਈ ਧਾਰਨ ਕਰਨਾ~~~~~
ਲਿਖਤ – ੬

(ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ)ਭਾਈ ਗੁਰਦਿੱਤਾ ਗੁਰਿਆਈ ਦੀਆਂ ਸਾਰੀਆਂ ਨਿਸ਼ਾਨੀਆਂ ਆਨੰਦਪੁਰ ਸਾਹਿਬ ਪਹੁੰਚਾ ਕੇ ਆਪ ਬਾਬਾ ਬੁੱਢਾ ਜੀ ਦੀ ਬੀੜ ਵਿਚ ਆਪਣੇ ਵਿਛੜੇ ਪ੍ਰੀਤਮ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਜੋਤ’ਚ ਅਭੇਦ ਹੋ ਗਿਆ। ਉਸੇ ਸਾਲ ਫੱਗਣ ਦੇ ਮਹੀਨੇ ਵਿਚ ਉਸ ਦੇ ਤਿੰਨ ਸਾਲਾਂ ਦੇ ਪੱੁਤਰ ਨੇ ਬਾਜ਼ਾਂ ਵਾਲੇ ਦੇ ਮੱਥੇ ਉੱਤੇ ਗੁਰਿਆਈ ਦਾ ਤਿਲਕ ਲਾਇਆ, ਅਤੇ ਖਾਲਸਾ ਪੰਥ ਦੀ ਦਸਵੀਂ ਸੱਚੀ ਸਰਕਾਰ ਆਨੰਦਪੁਰ ਵਿਚ ਪ੍ਰਕਾਸ਼ ਕਰਨ ਲੱਗੀ- ਦੁਨੀਆਂ ਦੇ ਪੈਗ਼ੰਬਰਾਂ ਦੀ ਆਖ਼ਰੀ ਇਨਸਾਨੀ ਸੂਰਤ।

ਗੁਰਿਆਈ ਧਾਰਨ ਕਰਨ ਪਿੱਛੋਂ ਦੂਸਰੇ ਦਿਨ ਆਨੰਦਪੁਰ ਵਿਚ ਭਾਰੀ ਦਰਬਾਰ ਲੱਗਿਆ, ਜਿਸ ਵਿਚ ਕਲਗ਼ੀਧਰ ਨੇ ਓਦਰੀਆਂ ਸੰਗਤਾਂ ਨੂੰ ਡੂੰਘਾ ਧਰਵਾਸ ਦਿੱਤਾ, ਅਤੇ ਸੰਕੇਤ ਕੀਤਾ ਕਿ ਜਿਸ ਮਨੁੱਖ ਦਾ ਸਦੀਆਂ ਨੂੰ ਇਤਜ਼ਾਰ ਸੀ, ਉਹ ਮਨੁੱਖ ਤੁਹਾਡੇ ਅੰਦਰ ਹੀ ਹੈ, ਅਤੇ ਇੰਞ ਕੁੱਝ ਚਿਰ ਨੂੰ ਨਵੇਂ ਮਨੁੱਖ ਦੇ ਆਉਣ ਦੀ ਕਨਸੋਅ ਦਿੱਤੀ। ਆਪ ਨੇ ਜੋ ਕੁਝ ਕਿਹਾ ਸਾਦਗੀ ਨਾਲ ਕਿਹਾ; ਪਰ ਆਪ ਦੀ ਆਵਾਜ਼ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਅਸੰਥਾਂ ਰਮਜ਼ਾਂ ਦੀ ਤਾਕਤ ਨੂੰ ਉਠਾਇਆ ਹੋਇਆ ਸੀ; ਹਰ ਲਫ਼ਜ਼ ਅੰਦਰ ਇਕ ਸਾਬਤ ਇਕਰਾਰ, ਸਾਬਤ ਸੂਰਤ ਅਤੇ ਸਾਬਤ ਫ਼ਤਿਹ ਖਲੋਤੀ ਸੀ।

ਸੰਗਤ ਨੂੰ ਪ੍ਰਤੀਤ ਹੋਇਆ, ਜਿਵੇਂ ਉਹ ਦਸਾਂ ਪਾਤਸ਼ਾਹੀਆਂ ਦੀ ਹਜ਼ੂਰੀ ਵਿਚ ਬੈਠੀਆਂ ਹੋਣ। ਸੰਗਤਾਂ ਦੇ ਦਿਲ ਅਤੇ ਦਿਮਾਗ਼ ਵਿਚ ਕੋਈ ਅਬੋਲ ਪਵਿੱਤਰਤਾ ਸਮਾ ਗਈ, ਜੋ ਕਿ ਅਮਲ, ਗਿਆਨ ਅਤੇ ਪ੍ਰੇਰਣਾ ਦਾ ਅਸਲੀ ਜ਼ੋਰ ਰੱਖਦੀ ਸੀ। ( ਸਹਿਜੇ ਰਚਿਓ ਖ਼ਾਲਸਾ ਵਿਚੋਂ )
– ਸਤਵੰਤ ਸਿੰਘ
Tags:
Posted in: ਸਾਹਿਤ