ਆਨੰਦਪੁਰ ਸਾਹਿਬ ਦੀਆਂ ਰੌਣਕਾਂ

By December 22, 2018


~~~~~ਆਨੰਦਪੁਰ ਸਾਹਿਬ ਦੀਆਂ ਰੌਣਕਾਂ~~~~~

ਲਿਖਤ – ੭

ਪੈਗ਼ਬੰਰਾਂ ਦੇ ਸ਼ਹਿਨਸ਼ਾਹ ਚਾਰ-ਚੁਫੇਰੇ ਸਿੱਖਾਂ ਦੇ ਇਖ਼ਲਾਕ ਅੰਦਰ ਇਕ ਇਲਾਹੀ ਰਮਜ਼ ਰਾਹੀਂ ਦੈਵੀ ਤੀਬਰਤਾ ਜਗਾ ਰਹੇ ਸਨ। ਸੰਗਤ ਦੀ ਸੁਰਤਿ ਵਿਚ ਆਪ ਦਾ ਹੁਸਨ ਤੇਗ਼ ਵਾਂਗ ਲਿਸਕਦਾ ਰਹਿੰਦਾ ਸੀ। ਆਪ ਦੇ ਚੋਜਾਂ ਦੀ ਰਸਿਕਤਾ ਸਿੱਖਾਂ ਦੇ ਅਨੁਭਵ ਵਿਚ ਬਸੰਤ ਵਿਚ ਪੁੰਗਰੇ ਨਵੇਂ ਪੱਤਿਆਂ ਵਾਂਗ ਹੁੱਲਦੀ ਰਹਿੰਦੀ। ਸੰਗਤ ਨੂੰ ਆਪ ਦੇ ਬੋਲ ਹੀ ਜ਼ਿੰਦਗੀ ਜਾਪਣ ਲੱਗੇ।

ਆਨੰਦਪੁਰ ਸਾਹਿਬ ਵਿਖੇ ਸੰਗਤਾਂ ਨੇ ਸ਼ਾਸਤਰਾਂ ਦੀ ਰੌਣਕ ਲਾ ਦਿੱਤੀ- ਤੇਗ਼ਾਂ, ਬੰਦੂਕਾਂ, ਸਾਂਗਾਂ ਅਤੇ ਨਾਗਣੀਆਂ ਦੀ ਲਿਸ਼ਕ ਉੱਠਣ ਲੱਗੀ। ਇਹਨਾਂ ਦਿਨਾਂ’ਚ ਆਪ ਨੀਲੇ ਘੌੜੇ ਦੀ ਅਸਵਾਰ ਕਰਦੇ ਸਨ। ਉਹਨਾਂ ਦੀ ਰਸੀਲੀਆਂ ਖੇਡਾਂ, ਹਥਿਆਰਾਂ ਦੀ ਲਿਸ਼ਕ, ਗਜ਼ਨੀ ਤੋਂ ਆਏ ਤੰਬੂ ਦੀ ਸ਼ਾਨ, ਕਵੀਆਂ ਦਾ ਇੱਕਠ, ਘੋੜਿਆਂ ਦੀ ਭਰਮਾਰ ਅਤੇ ਪ੍ਰਸਾਦੀ ਹਾਥੀ ਦੀਆਂ ਰੌਣਕਾਂ- ਕੁੱਝ ਅਜਿਹੇ ਦ੍ਰਿਸ਼ ਸਨ, ਜਿਹਨਾਂ ਦੇ ਸੁਮੇਲ ਵਿਚੋੰ ਇਕ ਰੰਗੀਨ ਦੁਨਿਆਵੀ ਲਿਬਾਸ ਪੈਦਾ ਹੁੰਦਾ ਸੀ।

ਸੋਲਾਂ ਸਾਲ ਦੀ ਉਮਰ ਵਿਚ ਕਲਗ਼ੀਧਰ ਦੇ ਹੁਕਮ ਨਾਲ “ਰਣਜੀਤ ਨਗਾਰਾ” ਤਿਆਰ ਹੋਇਆ, ਜਿਸ ਦੀ ਗੂੰਜ ਜਦ ਪਹਾੜਾਂ ਵਿਚ ਉੱਠੀ, ਤਾਂ ਬਾਈਧਾਰ ਦੇ ਰਾਜਪੂਰ ਰਾਜਿਆਂ ਦੇ ਦਿਲਾਂ ਵਿਚ ਇਕ ਵਿਸ਼ੈਲੀ ਪੁਣਸ ਨੇ ਤਮਕ ਖਾਧੀ। ਪਰ ਕਲਗ਼ੀਧਰ ਦੀ ਸੁਰਤਿ ਇਲਾਹੀ ਰਸ ਵਿਚ ਰਹੀ – ਨਿਰਭੈਅ ਉੱਚਤਾ ਵਿਚ, ਸਦੀਵੀ ਆਵੇਸ਼ ਅਤੇ ਪੂਰਨ ਪ੍ਰੀਤ ਦੇ ਰੰਗ ਵਿਚ। ਬਾਜ਼ਾਂ ਵਾਲੇ ਦੇ ਸੋਹਣੇ ਚੋਜਾਂ ਉੱਤੇ ਸਭ ਲੋਕ ਬਲਿਹਾਰ ਜਾਂਦੇ ਸਨ।
( ਸਹਿਜੇ ਰਚਿਓ ਖ਼ਾਲਸਾ ਵਿਚੋਂ ਪਰ ਲਿਖਤ ਨੂੰ ਛੋਟਾ ਕਰਨ ਲੲੀ ਅਾਪਣੇ ਸ਼ਬਦਾਂ’ਚ)

– ਸਤਵੰਤ ਸਿੰਘ

Posted in: ਸਾਹਿਤ