ਰਣਜੀਤ ਨਗਾਰੇ ਦੀ ਧਮਕ

By December 22, 2018


~~~~ਰਣਜੀਤ ਨਗਾਰੇ ਦੀ ਧਮਕ~~~~~
ਲਿਖਤ – ੮

ਬਾਜ਼ਾਂ ਵਾਲੇ ਕਲਗ਼ੀਧਰ ਉਦੋਂ ਸੋਲਾਂ ਸਾਲ ਦੇ ਸਨ ਜਦੋਂ ਉਹਨਾਂ ਦੇ ਹੁਕਮਾਂ’ਤੇ ਰਣਜੀਤ ਨਗਾਰਾ ਤਿਆਰ ਕੀਤਾ ਗਿਆ। ਜਦ ਆਨੰਦਪੁਰ ਸਾਹਿਬ ਦੇ ਨੇੜੇ ਪਹਾੜਾਂ ਵਿਚ ਬਾਜ਼ਾਂ ਵਾਲੇ ਦੇ “ਰਣਜੀਤ ਨਗਾਰੇ” ਦੀ ਧਮਕ ਉੱਠੀ ਤਾਂ ਨੇੜੇ ਦੀਆਂ ਹਿੰਦੂ ਰਿਆਸਤਾਂ ਦੇ ਰਾਜਿਆਂ ਦੇ ਦਿਲਾਂ ਨੂੰ ਹੌਲ ਪਿਆ। ਇਸ ਡਰ ਦੇ ਪੈਦਾ ਹੋਣ ਦਾ ਕੋਈ ਰਾਜਸੀ ਕਾਰਨ ਨਹੀਂ ਸੀ, ਕਿਉਂਕਿ ਰਾਜੇ ਹਾਜ਼ੂਰ ਦੀ ਸੰਤ-ਤਬੀਅਤ ਤੋਂ ਬਹੁਤ ਅੱਛੀ ਤਰ੍ਹਾਂ ਵਾਕਫ਼ ਸਨ, ਸਗੋਂ ਇਹ ਤਾਂ ਅਚੇਤ ਤੌਰ ਉੱਤੇ “ਤੀਸਰੇ ਪੰਥ” ਦੇ ਆਉਣ ਦਾ ਕਾਇਰਤਾ ਭਰਿਆ ਪੂਰਬ-ਪ੍ਰਤਿਕਰਮ ਸੀ, ਅਤੇ ਇਹ ਡਰ ਹੁਣ ਦਾ ਨਹੀਂ ਸੀ, ਸਗੋਂ ਗੁਰੂ ਨਾਨਕ ਸਾਹਿਬ ਵੇਲੇ ਤੋਂ ਹੀ ਸੀ। ਇਹ ਪਹਾੜੀ ਰਾਜੇ ਸਦੀਆਂ ਦੇ ਸੁਆਰਥ ਦੀ ਇੱਕਠੀ ਕੀਤੀ ਬਿਪਰ ਸੰਸਕਾਰੀ ਨੇਸਤੀ ਦੇ ਅਸਲ ਪ੍ਰਤਿਨਿਧ ਸਨ। ਉਹ ਕਾਇਰ, ਈਰਖਾਲੂ, ਖ਼ੁਸ਼ਾਮਦੀ ਅਤੇ ਹੱਦ ਦਰਜੇ ਦੇ ਝੂਠੇ ਲੋਕ ਸਨ।

ਈਰਖਾ ਦੀ ਅੱਗ ਨੇ ਸਭ ਤੋਂ ਪਹਿਲਾਂ ਕਹਿਲੂਰ ਦੇ ਰਾਜੇ ਭੀਮ ਚੰਦ ਨੂੰ ਤਪਾਇਆ। ਇੱਕ ਦਿਨ ਸ਼ਿਕਾਰ ਖੇਡਦੇ ਜਦੋਂ ਉਸ ਨੇ “ਰਣਜੀਤ ਨਗਾਰੇ” ਦੀ ਗੂੰਜ ਸੁਣੀ ਤਾਂ ਉਸ ਦੀ ਰਾਜ-ਪਦਵੀ ਅਤੇ ਵਰਣ-ਉੱਚਤਾ ਦੇ ਅਭਿਮਾਨ ਨੂੰ ਡਾਢੀ ਸੱਟ ਵੱਜੀ। ਉਸ ਨੇ ਗੁੱਸੇ’ਚ ਆ ਕੇ ਹਾਜ਼ੂਰ ਨੂੰ ਨਗਾਰਾ ਨਾਂਹ ਵਜਾਉਣ ਦਾ ਹੁਕਮ ਭੇਜਿਆ ਅਤੇ ਹੁਕਮ ਨਾਂਹ ਮੰਨਣ ਦੀ ਸੂਰਤ’ਚ ਜੰਗ ਲਈ ਤਿਆਰ ਰਹਿਣ ਲਈ ਕਿਹਾ।

ਖ਼ੁਦਾਪ੍ਰਸਤ ਕਲਗ਼ੀਧਰ ਨੂੰ ਇਕ ਬੁੱਤਪ੍ਰਸਤ ਰਾਜੇ ਦੇ ਅਜਿਹੇ ਹੁਕਮ ਦੀ ਕੀ ਪ੍ਰਵਾਹ ਸੀ ? ਹਾਜ਼ੂਰ ਨੇ ਰਾਜੇ ਦੇ ਏਲਚੀ ਨੂੰ ਅਜਿਹਾ ਹੁਕਮ ਨਾਂਹ ਮੰਨਣ ਦਾ ਜਵਾਬ ਦੇ ਕੇ ਵਾਪਸ ਭੇਜ ਦਿੱਤਾ। ਪਰ ਹਾਜ਼ੂਰ ਦੀ ਤਾਕਤ ਨੂੰ ਦੇਖ ਭੀਮ ਚੰਦ ਤੋੰ ਹਮਲੇ ਦਾ ਹੌਸਲਾ ਨਾ ਹੋਇਆ ਤਾਂ ਉਸ ਨੇ ਪਲਟੀ ਮਾਰ ਦੋਸਤੀ ਦਾ ਵਾਸਤਾ ਪਾਇਆ ਅਤੇ ਦਰਸ਼ਣਾਂ ਦੀ ਤਲ਼ਬ ਕੀਤੀ।

ਕਲ਼ਗੀਧਰ ਦੀ ਮਨਜ਼ੂਰੀ ਉੱਤੇ ਆਨੰਦਪੁਰ ਸਾਹਿਬ ਆਇਆ, ਪਰ ਗਜ਼ਨੀ ਤੋਂ ਆਏ ਤੰਬੂ ਦੀ ਸ਼ਾਨ ਵੇਖ ਕੇ ਉਸਦੇ ਲਾਲਚੀ ਮਨ ਅੰਦਰ ਇਸ ਨੂੰ ਧੋਖੇ ਨਾਲ ਪ੍ਰਾਪਤ ਕਰਨ ਦੀ ਲਾਲਸਾ ਜਾਗ ਉੱਠੀ। ਵਾਪਸ ਜਾ ਕੇ ਉਸ ਨੇ ਤੰਬੂ ਅਤੇ ਪ੍ਰਸਾਦੀ ਹਾਥੀ ਦੀ ਮੰਗ ਕੀਤੀ। ਪਰ ਹਾਜ਼ੂਰ ਨੇ ਕਿਹਾ ਕਿ ਸਿੱਖਾਂ ਵੱਲੋੰ ਪਿਆਰ ਨਾਲ ਭੇਟ ਕੀਤੀਆਂ ਚੀਜ਼ਾਂ ਕਿਸੇ ਸੰਸਾਰੀ ਕਾਰਜ਼ ਜਾਂ ਜ਼ਾਤੀ ਗ਼ਰਜ਼ ਜਾਂ ਕਿਸੇ ਨਾਲ ਦੋਸਤੀ ਪਾਉਣ ਦੇ ਕਾਰਜ ਲਈ ਨਹੀਂ ਵਰਤੀਆਂ ਜਾ ਸਕਦੀਆਂ। ਹਾਜ਼ੂਰ ਦੇ ਇਸ ਜਵਾਬ ਨਾਲ ਭੀਮ ਚੰਦ ਦਾ ਈਰਖਾਲੂ ਮਨ ਇਸ ਨੂੰ ਅਪਮਾਨ ਸਮਝ ਕੇ ਬੇਚੈਨ ਹੋ ਗਿਆ ਅਤੇ ਉਹ ਕਲ਼ਗੀਧਰ ਪਾਤਸ਼ਾਹ ਨਾਲ ਵੈਰ ਕਮਾਉਣ ਲੱਗਾ।
( ਸਹਿਜੇ ਰਚਿਓ ਖ਼ਾਲਸਾ ਵਿਚੋਂ ਪਰ ਲਿਖਤ ਨੂੰ ਛੋਟਾ ਕਰਨ ਲੲੀ ਅਾਪਣੇ ਸ਼ਬਦਾਂ’ਚ)
{ਸਮੇਂ ਦੀ ਘਾਟ ਕਾਰਨ ਇਸ ਤੋਂ ਬਾਅਦ ਸਿੱਧੀ ਆਨੰਦਪੁਰ ਸਾਹਿਬ ਛੱਡਣ ਦੀ ਗੱਲ ਕਰਾਂਗੇ}

– ਸਤਵੰਤ ਸਿੰਘ
Tags:
Posted in: ਸਾਹਿਤ