ਪਰਿਵਾਰ ਵਿਛੋੜਾ

By December 20, 2018


ਅਨੰਦਪੁਰ ਵਸਣ ਤੋਂ ਛੱਡਣ ਤੱਕ

ਅਨੰਦਪੁਰ ਦਾ ਨੀਂਹ ਪੱਥਰ ਗੁਰੂ ਤੇਗ਼ ਬਹਾਦਰ (1621-75 ) ਨਾਨਕ ਨੌਵੇਂ ਨੇ 19 ਜੂਨ 1665 ਨੂੰ ਇਕ ਪੁਰਾਣੇ ਪਿੰਡ ਮਾਖੋਵਾਲ ਦੇ ਇਕ ਥੇਹ ਉੱਤੇ ਰੱਖਿਆ ਸੀ ਜਿਹੜਾ ਗੁਰੂ ਨੇ ਪਹਿਲਾਂ ਕਹਲੂਰ (ਬਿਲਾਸਪੁਰ) ਦੇ ਪਹਾੜੀ ਰਾਜਪੂਤ ਰਿਆਸਤ ਤੋਂ ਇਸੇ ਮਤਲਬ ਲਈ ਖਰੀਦਿਆ ਸੀ। ਇਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ ਇਸ ਨਵੀਂ ਆਬਾਦੀ ਦਾ ਨਾਂ ਚੱਕ ਨਾਨਕੀ ਰੱਖਿਆ ਅਤੇ ਇਸਦੇ 8 ਕਿਲੋਮੀਟਰ ਦੱਖਣ ਵੱਲ ਕੀਰਤਪੁਰ ਤੋਂ ਆਪਣੇ ਪਰਿਵਾਰ ਸਮੇਤ ਇਥੇ ਗਏ । ਪਰੰਤੂ ਛੇਤੀ ਹੀ ਪਿੱਛੋਂ ਆਪ ਦੇਸ ਦੇ ਪੂਰਬੀ ਹਿੱਸਿਆਂ ਵੱਲ ਯਾਤਰਾਵਾਂ ਤੇ ਚੱਲ ਪਏ। ਇਸ ਲਈ ਚੱਕ ਨਾਨਕੀ ਦਾ ਵਿਕਾਸ 1672 ਤਕ ਉਹਨਾਂ ਦੇ ਵਾਪਸ ਆਉਣ ਤਕ ਰੁਕਿਆ ਰਿਹਾ।

ਜਦੋਂ ਪੰਜਾਬ ਅਤੇ ਹੋਰ ਦੂਰ ਦੁਰੇਡੇ ਥਾਵਾਂ ਤੋਂ ਸ਼ਰਧਾਲੂ ਇਥੇ ਆਉਣ ਲੱਗੇ ਤਾਂ ਇਹ ਛੋਟੀ ਜਿਹੀ ਆਬਾਦੀ ਇਕ ਵਧਦੇ ਫੁਲਦੇ ਸ਼ਹਿਰ ਵਿਚ ਬਦਲ ਗਈ। ਮਈ 1675 ਵਿਚ ਕਸ਼ਮੀਰ ਤੋਂ ਪੰਡਤਾਂ ਦਾ ਇਕ ਜਥਾ ਆਪਣੀਆਂ ਤਕਲੀਫਾਂ ਦੱਸਣ ਲਈ ਗੁਰੂ ਜੀ ਕੋਲ ਆਇਆ। ਉਹਨਾਂ ਨੇ ਬੇਨਤੀ ਕੀਤੀ ਕਿ ਉਹਨਾਂ ਉੱਤੇ ਧਾਰਮਿਕ ਅਤਿਆਚਾਰ ਹੋ ਰਹੇ ਹਨ ਅਤੇ ਕਸ਼ਮੀਰ ਦੇ ਮੁਗਲ ਗਵਰਨਰ ਦੇ ਹੁਕਮ ਨਾਲ ਉਹਨਾਂ ਨੂੰ ਜਬਰੀ ਧਰਮ ਬਦਲੀ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਗੁਰੂ ਤੇਗ਼ ਬਹਾਦਰ ਨੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਅਤੇ ਉਹਨਾਂ ਦੇ ਦੁਖੜੇ ਦੂਰ ਕਰਨ ਲਈ ਆਪਣਾ ਜੀਵਨ ਨਿਛਾਵਰ ਕਰਨ ਲਈ ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਮਸਾਂ ਨੌਂ ਸਾਲ ਦੇ ਆਪਣੇ ਛੋਟੇ ਜਿਹੇ ਸੁਪੁੱਤਰ ਗੋਬਿੰਦ ਰਾਏ (ਬਾਅਦ ਵਿਚ ਗੋਬਿੰਦ ਸਿੰਘ) ਨੂੰ ਆਪਣਾ ਉੱਤਰਾਧਿਕਾਰੀ ਥਾਪ ਕੇ ਉਹ ਯਾਤਰਾ ‘ਤੇ ਤੁਰ ਪਏ ਅਤੇ ਜਿਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਦੀ ਲੰਘੇ ਉਥੇ ਸਤਿਨਾਮ ਦਾ ਪ੍ਰਚਾਰ ਕਰਦੇ ਗਏ। ਦਿੱਲੀ ਵਿਚ ਇਹਨਾਂ ਨੂੰ ਕੈਦ ਕਰ ਲਿਆ ਗਿਆ। ਇਹਨਾਂ ਨੂੰ ਤਸੀਹੇ ਦਿੱਤੇ ਗਏ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਨਾਲ 11 ਨਵੰਬਰ 1675 ਨੂੰ ਚਾਂਦਨੀ ਚੌਂਕ ਵਿਚ ਆਮ ਲੋਕਾਂ ਸਾਮ੍ਹਣੇ ਸ਼ਹੀਦ ਕਰ ਦਿੱਤਾ ਗਿਆ।

ਚੱਕ ਨਾਨਕੀ ਵਿਚ ਬਾਲਕ ਉੱਤਰਾਧਿਕਾਰੀ ਗੁਰੂ ਗੋਬਿੰਦ ਸਿੰਘ ਜੀ (1666-1708 ) ਨੇ ਇਕ ਦਲੇਰ ਸਿੱਖ ਭਾਈ ਜੈਤਾ ਦੁਆਰਾ ਲਿਆਂਦਾ ਹੋਇਆ ਆਪਣੇ ਪਿਤਾ ਦਾ ਕੱਟਿਆ ਹੋਇਆ ਸੀਸ ਪ੍ਰਾਪਤ ਕੀਤਾ ਅਤੇ ਇਸ ਦਾ ਦਲੇਰੀ ਨਾਲ ਸ਼ਾਂਤ ਰਹਿ ਕੇ ਸਸਕਾਰ ਕੀਤਾ।

ਜਦੋਂ ਇਹ ਵੱਡੇ ਹੋਏ ਤਾਂ ਇਹਨਾਂ ਨੇ ਸਿਪਾਹੀਆਂ ਵਾਲਾ ਜੀਵਨ ਧਾਰਨ ਕੀਤਾ ਜਿਸ ਨਾਲ ਕਹਲੂਰ ਦੇ ਸਥਾਨਿਕ ਸ਼ਾਸਕ ਰਾਜਾ ਭੀਮ ਚੰਦ ਦੇ ਮਨ ਵਿਚ ਇਸ ਬਾਰੇ ਈਰਖਾ ਪੈਦਾ ਹੋ ਗਈ। ਸ਼ੁਰੂ ਵਿਚ ਹੀ ਝਗੜਾ ਟਾਲਣ ਲਈ ਗੁਰੂ ਗੋਬਿੰਦ ਸਿੰਘ ਇਕ ਹੋਰ ਪਹਾੜੀ ਰਿਆਸਤ ਸਿਰਮੌਰ ਦੇ ਰਾਜੇ ਵੱਲੋਂ ਸੱਦਾ ਸਵੀਕਾਰ ਕਰਕੇ 1685 ਵਿਚ ਚੱਕ ਨਾਨਕੀ ਛੱਡ ਕੇ ਜਮਨਾ ਦੇ ਕੰਢੇ ਪਾਉਂਟਾ ਸਾਹਿਬ ਵਿਖੇ ਚਲੇ ਗਏ।

ਰਾਜਪੂਤ ਪਹਾੜੀ ਰਾਜਿਆਂ ਦੀਆਂ ਸਮੂਹਿਕ ਫ਼ੌਜਾਂ ਨਾਲ ਭੰਗਾਣੀ (18 ਸਤੰਬਰ 1688 ) ਦੇ ਜੰਗ ਪਿੱਛੋਂ ਆਪ ਚੱਕ ਨਾਨਕੀ ਵਾਪਸ ਪਰਤੇ ਜਿਸਦਾ ਨਾਂ ਬਦਲਕੇ ਕਿਲਿਆਂ ਦੀ ਲੜੀ (ਅਨੰਦਗੜ੍ਹ ) ਦੇ ਨਾਂ ‘ਤੇ ਅਨੰਦਪੁਰ ਰੱਖ ਦਿੱਤਾ ਅਤੇ ਪਹਾੜੀ ਰਾਜਿਆਂ ਵੱਲੋਂ ਹਮਲੇ ਨੂੰ ਧਿਆਨ ਵਿਚ ਰਖਦੇ ਹੋਏ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ।

ਇਹ ਕਿਲੇ ਸਨ ਕੇਂਦਰ ਵਿਚ ਕੇਸਗੜ੍ਹ ਅਤੇ ਅਨੰਦਗੜ੍ਹ। ਜਦਕਿ ਲੋਹਗੜ੍ਹ, ਹੋਲਗੜ੍ਹ, ਫਤਿਹਗੜ੍ਹ ਅਤੇ ਤਾਰਾਗੜ੍ਹ ਇਸ ਦੇ ਦੁਆਲੇ ਬਣਾਏ ਗਏ ਸਨ। ਕਹਲੂਰ ਦਾ ਭੀਮ ਚੰਦ ਅਤੇ ਉਸਦਾ ਪੁੱਤਰ ਅਜਮੇਰ ਚੰਦ ਗੁਰੂ ਜੀ ਤੋਂ ਭੰਗਾਣੀ ਦੇ ਜੰਗ ਵਿਚ ਹਾਰ ਖਾ ਕੇ ਵੀ ਆਪਣਾ ਗੁੱਸਾ ਨਹੀਂ ਭੁੱਲੇ ਸਨ ਭਾਵੇਂ ਕਿ ਗੁਰੂ ਜੀ ਨੇ ਜੰਮੂ ਦੇ ਗਵਰਨਰ ਦੁਆਰਾ ਉਹਨਾਂ ਦੇ ਖਿਲਾਫ ਭੇਜੇ ਮੁਗਲ ਜਰਨੈਲ ਨਾਲ ਲੜੀ ਨਦੌਣ ਦੀ ਲੜਾਈ (1691) ਵਿਚ ਉਹਨਾਂ ਦੀ ਮਦਦ ਕੀਤੀ ਸੀ। ਉਹਨਾਂ ਨੇ ਕਾਂਗੜਾ ਦੇ ਰਾਜਾ ਕਟੋਚ ਅਤੇ ਹੋਰ ਕਈ ਰਾਜਿਆਂ ਨਾਲ ਸੰਧੀ ਕਰਕੇ ਕਈ ਹਮਲੇ ਅਨੰਦਪੁਰ ਉੱਤੇ ਕੀਤੇ ਪਰੰਤੂ ਹਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ।

1699 ਦੀ ਵਿਸਾਖੀ ਵਾਲੇ ਦਿਨ, ਗੁਰੂ ਗੋਬਿੰਦ ਸਿੰਘ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਕੰਮ, ਸੰਗਤ ਨੂੰ ਖ਼ਾਲਸੇ ਬਣਾਉਣ ਦਾ ਕੀਤਾ। ਕਈ ਹਜ਼ਾਰਾਂ ਨੇ ਉਸੇ ਦਿਨ ਅਤੇ ਅਗਲਿਆਂ ਦਿਨਾਂ ਵਿਚ ਦੋਧਾਰੇ ਖੰਡੇ ਦਾ ਅੰਮ੍ਰਿਤ ਛਕਿਆ। ਇਸ ਤਰ੍ਹਾਂ ਅਨੰਦਪੁਰ ਖ਼ਾਲਸੇ ਦਾ ਜਨਮ ਅਸਥਾਨ ਬਣ ਗਿਆ।

ਖ਼ਾਲਸੇ ਦੇ ਜਨਮ ਨਾਲ ਲਾਗੇ ਦੀਆਂ ਰਿਆਸਤਾਂ ਦੇ ਰਾਜੇ ਡਰ ਗਏ ਅਤੇ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਜੀ ਨੂੰ ਅਨੰਦਪੁਰ ਤੋਂ ਕੱਢਣ ਦੀ ਵਿਉਂਤਬੰਦੀ ਕੀਤੀ। ਉਹਨਾਂ ਨੇ ਗੁਰੂ ਜੀ ਕੋਲ ਏਲਚੀ ਭੇਜੇ ਜਿਨ੍ਹਾਂ ਨੇ ਸੌਹਾਂ ਖਾ ਕੇ ਗੁਰੂ ਜੀ ਨੂੰ ਕਿਹਾ ਕਿ ਉਹ ਉਹਨਾਂ ਅਤੇ ਉਹਨਾਂ ਦੇ ਸਿੱਖਾਂ ਨੂੰ ਕਦੇ ਵੀ ਤੰਗ ਨਹੀਂ ਕਰਨਗੇ, ਜੇਕਰ ਉਹ ਥੋੜ੍ਹੇ ਸਮੇਂ ਲਈ ਕਿਲਾ ਛੱਡ ਦੇਣ ਅਤੇ ਸ਼ਹਿਰ ਤੋਂ ਬਾਹਰ ਚਲੇ ਜਾਣ। ਨਾਲੋ ਨਾਲ ਹੀ ਉਹਨਾਂ ਨੇ ਅੰਦਰਖਾਤੇ ਅਨੰਦਪੁਰ ਨੂੰ ਘੇਰਾ ਪਾਉਣ ਲਈ ਸਰਹਿੰਦ ਦੇ ਮੁਗਲ ਫ਼ੌਜਦਾਰ ਤੋਂ ਫ਼ੌਜੀ ਮਦਦ ਮੰਗੀ ਅਤੇ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ।

ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਛੱਡ ਦਿੱਤਾ ਪਰੰਤੂ ਰਾਜਿਆਂ ਦੀਆਂ ਚਾਲਾਂ ‘ਤੇ ਸ਼ੱਕ ਕਰਦੇ ਹੋਏ ਕੀਰਤਪੁਰ ਦੇ 4 ਕਿਲੋਮੀਟਰ ਦੱਖਣ ਵੱਲ ਪਿੰਡ ਹਰਦੋ ਨਮੋਹ ਵਿਖੇ ਯੁੱਧ ਨੀਤੀ ਦੇ ਹਿਸਾਬ ਨਾਲ ਆਪਣੀ ਠੀਕ ਰੱਖਿਆ ਕਰਨ ਲਈ ਰਹਿਣ ਯੋਗ ਪੜਾਉ ਕਰ ਲਿਆ।

ਉਹਨਾਂ ਉੱਤੇ ਉੱਤਰ ਵਲੋਂ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਅਤੇ ਮੁਗਲ ਫ਼ੌਜਾਂ ਨੇ ਤੋਪਾਂ ਨਾਲ ਦੱਖਣ ਤੋਂ ਹਮਲਾ ਕਰ ਦਿੱਤਾ। ਭੱਟ ਵਹੀਆਂ ਅਨੁਸਾਰ ਇਹ ਹਮਲੇ 7 , 12 ਅਤੇ 13 ਅਕਤੂਬਰ 1700 ਨੂੰ ਪਛਾੜ ਦਿੱਤੇ ਗਏ ਸਨ ਅਤੇ 14 ਅਕਤੂਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਘੇਰਾ ਤੋੜ ਦਿੱਤਾ ਅਤੇ ਸਤਲੁਜ ਲੰਘ ਕੇ ਬਸੌਲੀ, ਜਿਥੋਂ ਦਾ ਰਾਜਾ ਗੁਰੂ ਜੀ ਦਾ ਸ਼ਰਧਾਲੂ ਸੀ, ਵੱਲ ਚਲੇ ਗਏ। ਇਹ ਲੜਾਈ ਨਿਰਮੋਹਗੜ੍ਹ ਦੀ ਲੜਾਈ ਕਰਕੇ ਪ੍ਰਸਿੱਧ ਹੈ।

ਜਿਵੇਂ ਹੀ ਬਾਦਸ਼ਾਹੀ ਫ਼ੌਜਾਂ ਪਿਛਾਂਹ ਹਟ ਗਈਆਂ ਤਾਂ ਗੁਰੂ ਜੀ ਨੇ ਅਨੰਦਪੁਰ ‘ਤੇ ਦੁਬਾਰਾ ਕਬਜ਼ਾ ਕਰ ਲਿਆ। ਪਹਾੜੀ ਰਾਜੇ ਬਾਦਸ਼ਾਹ ਔਰੰਗਜ਼ੇਬ ਕੋਲ ਗਏ ਅਤੇ ਉਸ ਨੂੰ ਚੇਤਾਵਨੀ ਦਿੱਤੀ ਕਿ ਖ਼ਾਲਸੇ ਦੇ ਪੈਦਾ ਹੋਣ ਨਾਲ ਉਸ ਦੀ ਬਾਦਸ਼ਾਹਤ ਨੂੰ ਖ਼ਤਰਾ ਬਣ ਗਿਆ ਹੈ। ਉਹਨਾਂ ਹੋਰ ਅੱਗੇ ਕਿਹਾ ਕਿ ਇਸ ਨੂੰ ਰੋਕਣ ਲਈ ਉਹ ਸਖ਼ਤ ਕਦਮ ਚੁੱਕੇ। ਦੱਖਣ ਵਿਚ ਮਰਾਠਿਆਂ ਦੇ ਵਿਦਰੋਹ ਨੂੰ ਦਬਾਉਣ ਵਿਚ ਪੂਰੀ ਤਰ੍ਹਾਂ ਲੱਗਾ ਹੋਣ ਕਰਕੇ ਬਾਦਸ਼ਾਹ ਨੇ ਲਾਹੌਰ ਦੇ ਗਵਰਨਰ ਅਤੇ ਸਰਹਿੰਦ ਦੇ ਫ਼ੌਜਦਾਰ ਨੂੰ ਰਾਜਿਆਂ ਨਾਲ ਮਿਲ ਕੇ ਗੁਰੂ ਸਾਹਿਬ ਦੇ ਖਿਲਾਫ਼ ਲੜਾਈ ਲੜਨ ਦੇ ਹੁਕਮ ਜਾਰੀ ਕਰ ਦਿੱਤੇ। ਇਹੀ ਉਹੀ ਹਿੰਦੂ ਰਾਜੇ ਸਨ, ਜਿਨ੍ਹਾਂ ਦੇ ਪੁਰਖੇ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ‘ਚੋਂ ਛੁਡਾਏ ਸਨ।

ਮੁਗਲਾਂ ਤੇ ਹਿੰਦੂ ਰਾਜਿਆਂ ਦੀ ਸਾਂਝੀ ਫ਼ੌਜ ਨੇ ਅਨੰਦਪੁਰ ‘ਤੇ ਹਮਲਾ ਕੀਤਾ ਅਤੇ ਮਈ 1705 ਵਿਚ ਸ਼ਹਿਰ ਨੂੰ ਘੇਰਾ ਪਾ ਲਿਆ। ਗੁਰੂ ਜੀ ਨੇ ਅਤੇ ਉਹਨਾਂ ਦੇ ਸਿੱਖਾਂ ਨੇ ਘਿਰੇ ਹੋਣ ਕਰਕੇ ਅਤੇ ਭੋਜਨ ਆਦਿ ਦੀ ਘਾਟ ਹੋਣ ਦੇ ਬਾਵਜੂਦ ਕਈ ਮਹੀਨਿਆਂ ਤਕ ਇਹਨਾਂ ਹਮਲਿਆਂ ਨੂੰ ਰੋਕੀ ਰੱਖਿਆ। ਘੇਰਾ ਪਾਉਣ ਵਾਲਿਆਂ ਨੇ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਨੂੰ ਸੌਂਹ ਖਾ ਕੇ ਕਿਹਾ ਕਿ ਜੇਕਰ ਉਹ ਅਨੰਦਪੁਰ ਛੱਡ ਜਾਣ ਤਾਂ ਉਹ ਉਹਨਾਂ ਨੂੰ ਸੁਰੱਖਿਅਤ ਜਾਣ ਦੇਣਗੇ।

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਅਤੇ ਸਿੱਖਾਂ ਨਾਲ 6 ਪੋਹ ਦੀ ਰਾਤ ਨੂੰ ਅਨੰਦਪੁਰ ਸ਼ਹਿਰ ਛੱਡ ਦਿੱਤਾ ਤੇ ਸਰਸਾ ਨਦੀ ਵੱਲ ਚਾਲੇ ਪਾ ਦਿੱਤੇ। ਮਗਰੋਂ ਸੌਂਹਾਂ ਤੋਂ ਮੁੱਕਰ ਕੇ ਹਿੰਦੂ ਰਾਜਿਆਂ ਦੀ ਫੌਜ ਅਤੇ ਮੁਗਲ ਫੌਜ ਨੇ ਹਮਲਾ ਕਰ ਦਿੱਤਾ। ਕਈ ਸਿੰਘ ਸ਼ਹੀਦ ਹੋ ਗਏ। ਕਈ ਸਰਸਾ ਨਦੀ ਪਾਰ ਕਰਦੇ ਰੁੜ੍ਹ ਗਏ। ਗੁਰੂ ਪਰਿਵਾਰ ਦਾ ਵਿਛੋੜਾ ਪੈ ਗਿਆ।

6 ਪੋਹ ਦੀ ਰਾਤ ਨੂੰ ਜਾਣੀਕਿ ਅੱਜ ਕੱਲ ਦੇ ਦਿਨਾਂ ‘ਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ ਕੁਝ ਦੂਰ ਹੀ ਗਿਆ ਸੀ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅੰਮ੍ਰਿਤ ਵੇਲੇ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰ ਦਿੱਤਾ।

ਦਸਮੇਸ਼ ਪਿਤਾ ਜੀ ਨੇ ਨੇ ਭਾਈ ਜੈਤਾ ਜੀ ਅਤੇ 100 ਕੁ ਸਿੱਖਾਂ ਨੂੰ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਨ੍ਹਾਂ ਨੂੰ ਆਦੇਸ਼ ਸੀ ਕਿ ਜਦ ਤੱਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ।

ਸਰਸਾ ਨਦੀ ਦੇ ਕੰਢੇ ਰਾਤ ਵੇਲੇ ਯੁੱਧ ਹੋਇਆ। ਮੀਂਹ ਪੈਣਾ ਸ਼ੁਰੂ ਹੋ ਗਿਆ। ਸਰਸਾ ਨਦੀ ਪੂਰੇ ਵੇਗ ਵਿਚ ਸੀ ਅਤੇ ਕਾਲੀ ਬੋਲੀ ਦਸੰਬਰ ਦੀ ਰਾਤ ਵੇਲੇ ਸਰਸਾ ਪਾਰ ਕਰਨ ਦੀ ਕੋਸ਼ਿਸ਼ ਵਿਚ ਕਈ ਸਿੰਘ ਪਾਣੀ ਦੇ ਤੇਜ ਵਹਾਅ ਵਿਚ ਰੁੜ੍ਹ ਗਏ। ਵਡਮੁੱਲਾ ਸਿੱਖ ਸਾਹਿਤ ਵੀ ਸਰਸਾ ਨਦੀ ਵਿੱਚ ਰੁੜ ਗਿਆ। ਪਰਿਵਾਰ ਵਿਚ ਵਿਛੋੜਾ ਪੈ ਗਿਆ, ਤਿੰਨ ਥਾਈਂ ਵੰਡੇ ਗਏ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ।

ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ। ਸਾਹਿਬਜ਼ਾਦਿਆਂ ਦੀ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।

ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ, ਜਿਸ ਦੇ ਦਰਸ਼ਨ ਹਰ ਇੱਕ ਨੂੰ ਕਰਨੇ ਚਾਹੀਦੇ ਹਨ। ਉੱਥੇ ਜਾ ਕੇ ਤੇ ਆਲਾ-ਦੁਆਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜਿਹੇ ਹੋਣਗੇ ਉਹ ਦਿਨ, ਜਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋਏ।


**************************************
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਕੁਝ ਦਰਜਨ ਸਿੰਘ ਰਹਿ ਗਏ। ਦੂਜੇ ਪਾਸੇ ਸਰਸਾ ਤੋਂ ਵਿੱਛੜ ਕੇ ਮਾਤਾ ਗੁਜਰੀ ਜੀ ਸੱਤ ਅਤੇ ਨੌਂ ਸਾਲਾਂ ਦੇ ਮਾਸੂਮ ਬਾਲਾਂ ਦੀਆਂ ਉਂਗਲਾਂ ਫੜ ਕੇ ਸਰਸਾ ਨਦੀ ਦੇ ਕਿਨਾਰੇ ਤੁਰਦੇ ਹੋਏ ਸਤਲੁਜ ਦਰਿਆ ਦੇ ਪੱਤਣ ’ਤੇ ਪੁੱਜ ਗਏ, ਜਿੱਥੇ ਸਰਸਾ ਨਦੀ ਸਤਲੁਜ ਦਰਿਆ ਵਿੱਚ ਅਭੇਦ ਹੋ ਜਾਂਦੀ ਹੈ।

ਸਰਸਾ ਤੇ ਸਤਲੁਜ ਦੇ ਇਸੇ ਸਾਂਝੇ ਪੱਤਣ ਉੱਤੇ ‘ਕੁੰਮਾ’ ਨਾਂ ਦੇ ਮਾਸ਼ਕੀ ਦੀ ਘਾਹ-ਫੂਸ ਅਤੇ ਕੱਖਾਂ ਕਾਨਿਆਂ ਦੀ ਛੋਟੀ ਜਿਹੀ ਛੰਨ ਸੀ। ਕੁੰਮਾ ਮਾਸ਼ਕੀ ਨੇਕ ਤੇ ਰੱਬ ਦਾ ਖ਼ੌਫ਼ ਖਾਣ ਵਾਲਾ ਇਨਸਾਨ ਸੀ, ਜਿਸ ਨੇ ਤਿੰਨਾਂ ਰੂਹਾਨੀ ਮੂਰਤਾਂ ਨੂੰ ਆਪਣੀ ਛੰਨ ਵਿੱਚ ਵਿਸ਼ਰਾਮ ਕਰਨ ਦੀ ਬੇਨਤੀ ਕੀਤੀ। ਉਸ ਰਾਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਛੰਨ ਵਿੱਚ ਠਾਹਰ ਕੀਤੀ।

ਨੇੜਲੇ ਨਗਰ ਵਿੱਚ ਲੱਛਮੀ ਨਾਂ ਦੀ ਇੱਕ ਬ੍ਰਾਹਮਣ ਔਰਤ ਰਹਿੰਦੀ ਸੀ। ਕੁੰਮਾ ਮਾਸ਼ਕੀ ਉਸ ਤੋਂ ਭੋਜਨ ਲੈ ਕੇ ਆਇਆ। ਉਸ ਔਰਤ ਨੇ ਠੰਢ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ। ਦਿਨ ਚੜ੍ਹੇ ਬੀਬੀ ਲੱਛਮੀ ਆਪ ਭੋਜਨ ਤਿਆਰ ਕਰ ਕੇ ਲਿਆਈ ਤੇ ਕੁੰਮੇ ਮਾਸ਼ਕੀ ਸਮੇਤ ਚਾਰਾਂ ਨੂੰ ਅੰਨ ਪਾਣੀ ਛਕਾਇਆ।

ਓਧਰ ਸਰਸਾ ਨਦੀ ਪਾਰ ਕਰਕੇ ਗੁਰੂ ਜੀ ਜਦੋਂ ਰੋਪੜ ਪਹੁੰਚੇ ਤਾਂ ਉਨ੍ਹਾਂ ‘ਤੇ ਮੁੜ ਹਮਲਾ ਹੋ ਗਿਆ। ਗੁਰੂ ਜੀ ਬਹਾਦਰੀ ਨਾਲ ਲੜੇ ਅਤੇ ਵੈਰੀ ਨੂੰ ਪਛਾੜਿਆ। ਇਥੋਂ ਚਲ ਕੇ ਗੁਰੂ ਜੀ ਚਮਕੌਰ ਪਹੁੰਚੇ। ਹੁਣ ਉਨ੍ਹਾਂ ਨਾਲ ਕੇਵਲ 40 ਸਿੰਘ ਹੀ ਰਹਿ ਗਏ, ਬਾਕੀ ਸ਼ਹੀਦੀਆਂ ਪਾ ਗਏ।

ਉਸ ਦਿਨ ਸੱਤ ਪੋਹ ਸੀ ਤੇ ਕੜਾਕੇ ਦੀ ਠੰਡ ਪੈ ਰਹੀ ਸੀ। ਇਥੇ ਗੁਰੂ ਜੀ ਨੇ ਹਵੇਲੀ ਵਿਚ ਟਿਕਾਣਾ ਕੀਤਾ, ਜਿਸ ਨੂੰ ਗੜ੍ਹੀ ਆਖਿਆ ਜਾਂਦਾ ਹੈ। ਸ਼ਾਹੀ ਫੌਜਾਂ ਪਿੱਛਾ ਕਰਦੀਆਂ ਇਥੇ ਵੀ ਪੁੱਜ ਗਈਆਂ ਅਤੇ ਗੜ੍ਹੀ ਨੂੰ ਘੇਰਾ ਪਾ ਲਿਆ। ਸਿੰਘਾਂ ਨੇ ਇਸ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਦੁਪਹਿਰ ਤੀਕ ਸਿੰਘਾਂ ਦੇ ਤੀਰ ਅਤੇ ਗੋਲੀ ਸਿੱਕਾ ਖ਼ਤਮ ਹੋ ਗਿਆ। ਹੁਣ ਤਲਵਾਰਾਂ ਨਾਲ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਗਿਆ।

ਪੰਜ-ਪੰਜ ਸਿੰਘਾਂ ਦੇ ਜਥੇ ਬਣਾਏ ਗਏ ਜਿਨ੍ਹਾਂ ਗੜ੍ਹੀ ਵਿਚੋਂ ਬਾਹਰ ਜਾ ਕੇ ਵੈਰੀ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰਨੀ ਸੀ। ਦੋ ਜਥਿਆਂ ਦੇ ਸਰਦਾਰ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਥਾਪੇ ਗਏ। ਬਾਬਾ ਅਜੀਤ ਸਿੰਘ ਦੀ ਉਸ ਵੇਲੇ ਉਮਰ 17 ਸਾਲ ਅਤੇ ਬਾਬਾ ਜੁਝਾਰ ਸਿੰਘ ਦੀ ਉਮਰ 15 ਸਾਲ ਸੀ।

ਸਿੰਘਾਂ ਦਾ ਜਥਾ ਜੈਕਾਰੇ ਬੁਲਾਉਂਦਾ ਬਿਜਲੀ ਵਾਂਗ ਵੈਰੀ ਉੱਤੇ ਟੁੱਟ ਪੈਂਦਾ ਅਤੇ ਅਨੇਕਾਂ ਵੈਰੀਆਂ ਦੇ ਆਹੂ ਲਾਹੁੰਦਾ ਹੋਇਆ ਸ਼ਹੀਦੀ ਦਾ ਜਾਮ ਪੀ ਲੈਂਦਾ। ਵਾਰੀ ਆਉਣ ‘ਤੇ ਗੁਰੂ ਜੀ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਅਸ਼ੀਰਵਾਦ ਦੇ ਕੇ ਸ਼ਹੀਦੀ ਦੇਣ ਲਈ ਤੋਰਿਆ।

ਪੁੱਤਰ ਦੀ ਬਹਾਦਰੀ ਨੂੰ ਗੁਰੂ ਸਾਹਿਬ ਗੜ੍ਹੀ ਦੀ ਕੰਧ ‘ਤੇ ਖੜ੍ਹੇ ਹੋ ਕੇ ਵੇਖ ਰਹੇ ਸਨ। ਜਦੋਂ ਸਾਹਿਬਜ਼ਾਦੇ ਨੇ ਸ਼ਹੀਦੀ ਦਾ ਜਾਮ ਪੀਤਾ ਤਾਂ ਆਪ ਨੇ ਰੋਸ ਪ੍ਰਗਟ ਕਰਨ ਦੀ ਥਾਂ ਰੱਬ ਦਾ ਸ਼ੁਕਰ ਕੀਤਾ ਅਤੇ ਛੋਟੇ ਸਾਹਿਬਜ਼ਾਦੇ ਨੂੰ ਯੁੱਧ ਵਿਚ ਭੇਜ ਦਿੱਤਾ। ਜਿਸ ਫੁਰਤੀ ਅਤੇ ਸਿਆਣਪ ਨਾਲ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਯੁੱਧ ਕੀਤਾ, ਉਸ ਨੇ ਵੈਰੀਆਂ ਨੂੰ ਵੀ ਦੰਗ ਕਰ ਦਿੱਤਾ। ਰਾਤ ਪੈਣ ਤੀਕ ਛੋਟੇ ਸਾਹਿਬਜ਼ਾਦੇ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ।

ਸੰਸਾਰ ਵਿਚ ਕੋਈ ਵੀ ਗੁਰੂ, ਰਹਿਬਰ, ਬਾਦਸ਼ਾਹ ਅਜਿਹਾ ਨਹੀਂ ਹੋਇਆ ਜਿਸ ਨੇ ਮਜ਼ਲੂਮਾਂ ਦੀ ਰਾਖੀ ਖਾਤਰ ਆਪਣੇ ਹੱਥੀਂ ਆਪਣੇ ਪਿਤਾ ਅਤੇ ਪੁੱਤਰਾਂ ਨੂੰ ਸ਼ਹੀਦ ਹੋਣ ਲਈ ਤੋਰਿਆ ਹੋਵੇ।

Posted in: ਸਾਹਿਤ