ਹਫਤਿਆਂ ਮਗਰੋਂ ਮਿਲਣੀਆਂ ਸ਼ੁਰੂ ਹੋਈਆ ਸਨ 1984 ਸਿੱਖ ਕਤਲੇਆਮ ਦੀਆਂ ਖ਼ਬਰਾਂ

By November 19, 2018


-31 ਅਕਤੂਬਰ 1984 ਸਵੇਰੇ 10-11 ਦਾ ਸਮਾਂ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, “ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਨ ਸੁਨੀਏ।” ਇਸ ਖਾਸ ਖਬਰਨਾਮੇ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ‘ਤੇ ਅੱਜ ਸਵੇਰ ਵੇਲੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਹਮਲਾ ਉਦੋਂ ਕੀਤਾ ਜਦੋਂ ਉਹ ਆਪਣੇ ਘਰ ਤੋਂ ਦਫ਼ਤਰ ਜਾ ਰਹੀ ਸੀ। ਸਿਰਫ਼ ਇੰਨੀ ਗੱਲ ਨਸ਼ਰ ਕਰ ਕੇ ਖਬਰਨਾਮਾ ਖਤਮ ਹੋ ਗਿਆ। ਉਸ ਦਿਨ ਮੈਂ ਪਟਿਆਲੇ ਆਪਣੇ ਕਿਸੇ ਦੋਸਤ ਦੇ ਘਰ ਬੈਠਾ ਸੀ। ਉਥੇ ਰੇਡੀਓ ‘ਤੇ ਕਿਸੇ ਕ੍ਰਿਕਟ ਮੈਚ ਦੇ ਸਿੱਧੇ ਪ੍ਰਸਾਰਣ ਦੀ ਕੁਮੈਂਟਰੀ ਚਲ ਰਹੀ ਸੀ। ਉਨ੍ਹੀਂ ਦਿਨੀਂ ਟੈਲੀਵਿਜ਼ਨ ‘ਤੇ ਕ੍ਰਿਕਟ ਮੈਚ ਦਾ ਪ੍ਰਸਾਰਣ ਦਾ ਰਿਵਾਜ਼ ਨਹੀਂ ਸੀ ਚੱਲਿਆ।

ਕ੍ਰਿਕਟ ਦਾ ਲਗਭਗ ਹਰੇਕ ਨੌਜਵਾਨ ਸ਼ੁਕੀਨ ਸੀ ਤੇ ਘਰਾਂ ਤੋਂ ਬਾਹਰ ਵੀ ਨਿੱਕੇ ਨਿੱਕੇ ਜੇਬਾਂ ’ਚ ਪੈ ਸਕਣ ਵਾਲੇ ਰੇਡੀਓ ਕੰਨਾਂ ਨੂੰ ਲਾ ਕੇ ਕੁਮੈਂਟਰੀ ਗਲੀਆਂ, ਬਜ਼ਾਰਾਂ ਤੇ ਕਾਲਜਾਂ ਵਿੱਚ ਸੁਣੀ ਜਾਂਦੀ ਸੀ। ਮੇਰੇ ਦੋਸਤ ਦੇ ਘਰ ਜਿਹੜਾ ਰੇਡੀਓ ਸੀ ਉਹ ਵੀ ਟੂ ਇਨ ਵਨ ਸੀ ਭਾਵ ਕਿ ਉਸ ਟੇਪ ਰਿਕਾਰਡ ਅਤੇ ਰੇਡੀਓ ਦੋਨੋਂ ਚੱਲਦੇ ਸਨ। ਰੇਡੀਓ ਵਾਲਾ ਪ੍ਰੋਗਰਾਮ ਨਾਲੋ ਨਾਲ ਰਿਕਾਰਡ ਵੀ ਕੀਤਾ ਸਕਦਾ ਸੀ। ਜਦੋਂ ਕੁਮੈਂਟਰੀ ਰੋਕ ਕੇ ਵਿਸ਼ੇਸ਼ ਸਮਾਚਾਰ ਬੁਲੇਟਿਨ ਦੀ ਗੱਲ ਕੀਤੀ ਤਾਂ ਮੈਂ ਭਾਂਪ ਗਿਆ ਕਿ ਕੋਈ ਖਾਸ ਘਟਨਾ ਵਾਪਰੀ ਹੋਵੇਗੀ ਜਿਸ ਕਰਕੇ ਵਿਸ਼ੇਸ਼ ਖਬਰਨਾਮਾ ਦਿੱਤਾ ਜਾ ਰਿਹਾ ਹੈ ਨਹੀਂ ਤਾਂ ਖਬਰਾਂ ਕਿਤੇ ਦੁਪਹਿਰੇ ਇੱਕ ਵੱਜ ਕੇ ਚਾਲੀ ਮਿੰਟ ‘ਤੇ ਆਉਣੀਆਂ ਸਨ। ਮੈਂ ਇਕਦਮ ਟੇਪ ਰਿਕਾਰਡਿੰਗ ਵਾਲਾ ਬਟਨ ਦੱਬ ਦਿੱਤਾ ਤੇ ਖਬਰਾਂ ਦਾ ਵਿਸ਼ੇਸ਼ ਸਮਾਚਾਰ ਬੁਲੇਟਿਨ ਇਸ ਵਿੱਚ ਰਿਕਾਰਡ ਹੋ ਗਿਆ। ਪਰ ਇਹ ਇਤਹਾਸਿਕ ਖਬਰਨਾਮੇ ਵਾਲੀ ਟੇਪ ਮੇਰਾ ਦੋਸਤ ਸੰਭਾਲ ਨਾ ਸਕਿਆ।

ਏਹਤੋਂ ਬਾਅਦ ਅਸੀਂ ਸ਼ਹਿਰ ਤੋਂ ਨਿਕਲ ਤੁਰੇ ਪਰ ਬਜ਼ਾਰ ਵਿੱਚ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ। ਜਿਵੇਂ ਅੱਜ ਕੱਲ ਹਰੇਕ ਹੱਟੀ ਅਤੇ ਦੁਕਾਨ ਨਾਲੋ ਨਾਲੋ ਟੀ.ਵੀ. ਵੀ ਦੇਖ ਰਹੇ ਹੁੰਦੇ ਨੇ ਪਰ ਉਹਨੀਂ ਦਿਨੀਂ ਕੋਈ ਦੁਕਾਨਦਾਰ ਹੱਟੀ ‘ਤੇ ਰੇਡੀਓ ਨਹੀਂ ਸੀ ਰੱਖਦਾ ਹੁੰਦਾ ਅਤੇ ਨਾ ਅੱਜ ਵਾਂਗ ਮੋਬਾਇਲ ਫੋਨ ਹੁੰਦੇ ਸਨ ਕਿ ਨਾਲੋ ਨਾਲ ਖਬਰ ਅਗਾਂਹ ਪਤਾ ਲੱਗਦੀ ਜਾਵੇ। ਮੋਬਾਇਲ ਫੋਨ ਦੀ ਤਾਂ ਗੱਲ ਛੱਡੋ ਤਾਰਾਂ ਵਾਲਾ ਫੋਨ ਵੀ ਬਹੁਤ ਟਾਵੇਂ ਟੱਲੇ ਘਰਾਂ ਅਤੇ ਹੱਟੀਆਂ ‘ਤੇ ਹੁੰਦੇ ਸੀ। ਅੱਜ ਦੇ ਹਾਲਾਤਾਂ ਮੁਤਾਬਿਕ ਇਹ ਯਾਦ ਕਰਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਗੋਲੀ ਵੱਜਣ ਨੂੰ ਕਈ ਘੰਟੇ ਹੋ ਗਏ ਸਨ ਅਤੇ ਰੇਡੀਓ ‘ਤੇ ਆਈ ਖਬਰ ਨੂੰ ਇੱਕ ਘੰਟੇ ਤੋਂ ਵੱਧ ਟਾਇਮ ਹੋ ਗਿਆ ਸੀ ਪਰ ਬਜ਼ਾਰ ’ਚ ਏਸ ਖਬਰ ਦੀ ਹਾਹਾਕਾਰ ਤਾਂ ਇੱਕ ਪਾਸੇ ਬਲਕਿ ਏਹਦੀ ਕੋਈ ਘੁਸਰ ਮੁਸਰ ਵੀ ਨਹੀਂ ਸੀ।

ਨਵੰਬਰ 1984, ਸਿੱਖਾਂ ਦੇ ਘਰਾਂ ਨੂੰ ਲੁੱਟਿਆ ਗਿਆ, ਕਤਲ ਕੀਤੇ ਗਏ ਪਰ 33 ਸਾਲ ਬਾਅਦ ਵੀ ਦੋਸ਼ੀ ਸੱਤਾ ਦਾ ਸੁਖ ਲੈ ਰਹੇ ਹਨ ਅਤੇ ਪੀੜਤ ਇਨਸਾਫ ਲਈ ਠੋਕਰਾਂ ਖਾ ਰਹੇ ਹਨ

ਇਥੇ ਇਹ ਵੀ ਦੱਸਣਯੋਗ ਹੈ ਉਨ੍ਹੀ ਦਿਨੀਂ ਟੈਲੀਵਿਜ਼ਨ ਦਾ ਵੀ ਇੱਕੋ ਚੈਨਲ ਹੁੰਦਾ ਸੀ ਤੇ ਉਹ ਵੀ ਸਰਕਾਰੀ ਤੇ ਇਹ ਦਾ ਪ੍ਰੋਗਰਾਮ ਵੀ ਇੱਕ ਘੰਟਾ ਸਵੇਰੇ ਤੇ 2-3 ਘੰਟੇ ਸ਼ਾਮ ਨੂੰ ਚਲਦਾ ਸੀ। ਸ਼ਾਇਦ ਸਵੇਰ ਦਾ ਪ੍ਰੋਗਰਾਮ ਵੀ ਅਜੇ ਚੱਲਣਾ ਸ਼ੁਰੂ ਨਹੀਂ ਸੀ ਹੋਇਆ ਦੁਪਹਿਰ ਦੀ ਤਾਂ ਗੱਲ ਹੀ ਛੱਡੋ। ਜਾਣਕਾਰੀ ਦਾ ਜ਼ਰੀਆ ਅਕਾਸ਼ਬਾਣੀ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਇਸ ਤੋਂ ਇਲਾਵਾ ਬੀ.ਬੀ.ਸੀ. ਲੰਡਨ ਰੇਡੀਓ ਤੋਂ ਸਵੇਰੇ ਸੱਤ ਵਜੇ ਸ਼ਾਮ 8 ਵਜੇ ਹਿੰਦੀ ਦੀਆਂ ਖਬਰਾਂ ਨਸ਼ਰ ਹੁੰਦੀਆਂ ਸੀਗੀਆਂ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਪੁੱਤ ਰਾਜੀਵ ਗਾਂਧੀ ਨੇ ਵੀ ਆਪਣੀ ਮਾਂ ‘ਤੇ ਹੋਏ ਜਾਨਲੇਵਾ ਹਮਲੇ ਦੀ ਖਬਰ ਵੀ ਬੀ.ਬੀ.ਸੀ. ਰੇਡੀਓ ਦੀ ਅੰਗਰੇਜ਼ੀ ਵਾਲੀ ਵਰਲਡ ਨਿਊਜ਼ ਸਰਵਿਸ ਰਾਹੀਂ ਦੁਪਹਿਰ ਦੇ ਸਾਢੇ ਬਾਰਾਂ ਵਜੇ ਵਾਲੇ ਬੁਲਟਿਨ ਤੋਂ ਸੁਣੀ।

ਬਤੌਰ ਕਾਂਗਰਸ ਦੇ ਜਰਨਲ ਸਕੱਤਰ ਇੰਦਰਾ ਦਾ ਪੁੱਤਰ ਰਾਜੀਵ ਗਾਂਧੀ ਉਸ ਦਿਨ ਬੰਗਾਲ ਦੀ ਰਾਜਧਾਨੀ ਕੱਲਕਤਾ ਤੋਂ ਦੱਖਣ ਵੱਲ ਹੁਗਲੀ ਡੈਲਟਾ ਇਲਾਕੇ ਦੇ ਸਿਆਸੀ ਦੌਰੇ ‘ਤੇ ਸੀ। ਪ੍ਰਧਾਨ ਮੰਤਰੀ ਦੀ ਮੌਤ ਦੀ ਖਬਰ ਨੂੰ ਸਰਕਾਰੀ ਤੰਤਰ ਜਾਣ ਬੁੱਝ ਕੇ ਲਕੋ ਰਿਹਾ ਸੀ ਤੇ ਰੇਡੀਓ ਤੋਂ ਸ਼ਾਮ 6 ਵਜੇ ਤੱਕ ਇਹ ਨਿਊਜ਼ ਲਕੋ ਕੇ ਰੱਖੀ ਗਈ। ਬੰਗਾਲ ਦਾ ਦੌਰਾ ਕਰ ਰਹੇ ਰਾਜੀਵ ਗਾਂਧੀ ਦੇ ਕਾਫਲੇ ਨੂੰ ਇੱਕ ਪੁਲਿਸ ਦੀ ਗੱਡੀ ਨੇ ਰੋਕਿਆ ਤੇ ਉਸਨੂੰ ਇਹ ਸਿਰਫ ਦੋ ਫਿਕਰਿਆਂ ਦਾ ਅੰਗਰੇਜ਼ੀ ਵਿੱਚ ਦਿਲੀਓਂ ਆਇਆ ਇਹ ਸੁਨੇਹਾ ਸੁਣਾਇਆ ਗਿਆ। “ਯੂ ਮਸਟ ਰਿਟਰਨ ਟੂ ਡੈਲੀ ਇਮੀਜੇਟਲੀ ਬਿਕਾਜ਼ ਸਮਥਿੰਗ ਵੈਰੀ ਸੀਰੀਅਸ ਹੈਡ ਹੈਪਨਡ।” (ਤੁਹਾਨੂੰ ਤੱਟ ਫੱਟ ਦਿੱਲੀ ਮੁੜ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਕੋਈ ਵੱਡਾ ਭਾਣਾ ਵਰਤ ਗਿਆ)।

ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ
Tags: , , ,