ਅੰਮ੍ਰਿਤਸਰ ਬੰਬ ਧਮਾਕਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਚਾਰ

By November 18, 2018


ਅੰਮ੍ਰਿਤਸਰ ਸਾਹਿਬ : ਅੰਮ੍ਰਿਤਸਰ ‘ਚ ਰਾਜਾਸਾਂਸੀ ਦੇ ਨੇੜਲੇ ਅਦਲੀਵਾਲ ਵਿਖੇ ਅੱਜ ਇੱਕ ਨਿਰੰਕਾਰੀ ਭਵਨ ‘ਚ ਹੋਏ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਚਾਰ ਹੋ ਗਈ ਹੈ। ਉੱਥੇ ਹੀ ਇਸ ਧਮਾਕੇ ‘ਚ 19 ਲੋਕ ਜ਼ਖ਼ਮੀ ਹੋਏ ਹਨ।

ਅੰਮ੍ਰਿਤਸਰ ਬਾਰਡਰ ਰੇਂਜ ਦੇ ਆਈਜੀ ਐਸ.ਪੀ.ਐਸ. ਪਰਮਾਨ ਨੇ ‘ਦੱਸਿਆ ਕਿ ਇਹ ਧਮਾਕਾ ਗ੍ਰੇਨੇਡ ਨਾਲ ਹੋਇਆ ਜਾਪਦਾ ਹੈ, ਬਾਕੀ ਤਫ਼ਸੀਲ ਉਹ ਮੌਕੇ ‘ਤੇ ਜਾ ਕੇ ਪਹੁੰਚ ਦੇ ਸਕਦੇ ਹਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਕਢਵਾਈ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਨੂੰ ਡੇਰੇ ‘ਚ ਕਥਿਤ ਸਤਸੰਗ ਹੋ ਰਿਹਾ ਸੀ ਜਿੱਤੇ ਕੁਝ ਮੋਟਰਸਾਈਕਲ ਸਵਾਰਾਂ ਨੇ ਗ੍ਰੇਨੇਡੇ ਸੁੱਟ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਹੀਆ ਕੁੱਤੇ ਅਤੇ ਫੋਰੈਂਸਿਕ ਟੀਮ ਵੀ ਮੌਕੇ ਲਈ ਰਵਾਨਾ ਹੋ ਰਹੀ ਹੈ। ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।

ਖ਼ੁਫ਼ੀਆ ਏਜੰਸੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਬਾਗੀਆਂ ਦੇ ਮੌਜੂਦ ਹੋਣ ਦਾ ਐਲਰਟ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ ਇਨਾਮੀ ਕਸ਼ਮੀਰੀ ਮਿਲ਼ੀਟੈਂਟ ਜ਼ਾਕਿਰ ਮੂਸਾ ਨੂੰ ਵੀ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਐਲਰਟ ਵੀ ਜਾਰੀ ਕੀਤਾ ਗਿਆ ਸੀ। ਅਜਿਹਾ ਹੀ ਹੱਥਗੋਲਾ ਧਮਾਕਾ ਸਤੰਬਰ ਮਹੀਨੇ ਦੌਰਾਨ ਜਲੰਧਰ ਦੇ ਮਕਸੂਦਾਂ ਥਾਣੇ ਵਿੱਚ ਵੀ ਹੋਇਆ ਸੀ। ਪਿਛਲੇ ਦਿਨੀਂ ਕੁਝ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੇ ਪਠਾਨਕੋਟ ਤੋਂ ਗੱਡੀ ਵੀ ਖੋਹੀਆਂ ਸਨ।