ਲੋਕ ਨਹੀਂ ਟਲਦੇ ! ਬਠਿੰਡਾ ਵਿੱਚ ਹਿੰਦੂ ਭਾਈਚਾਰੇ ਵੱਲੋਂ ਰੇਲਵੇ ਟਰੈਕ ਤੇ ਕੀਤੀ ਗਈ ਛੱਠ ਪੂਜਾ

By November 14, 2018


ਬਠਿੰਡਾ: ਕੁਝ ਸਮਾਂ ਪਹਿਲਾ ਅੰਮ੍ਰਿਤਸਰ ਸਾਹਿਬ ਰੇਲ ਹਾਦਸੇ ਦੇ ਜ਼ਖ਼ਮ ਅਜੇ ਭਰੇ ਨਹੀਂ ਕਿ ਲੋਕ ਫਿਰ ਇਸੇ ਤਰ੍ਹਾਂ ਦੀ ਲਾਪਰਵਾਹੀ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਜ਼ਿਲ੍ਹਾ ਬਠਿੰਡਾ ਵਿੱਚ ਇੱਕ ਹਿੰਦੂ ਤਿਓਹਾਰ ਛਠ ਪੂਜਾ ਮਨਾਉਣ ਲਈ ਆਏ ਸਥਾਨਕ ਹਿੰਦੂ ਭਾਈਚਾਰੇ ਦੇ ਲੋਕ ਤੇ ਕੁਝ ਪ੍ਰਵਾਸੀ ਭਾਰਤੀ ਰੇਲਵੇ ਟਰੈਕ ਉੱਤੇ ਚੜ੍ਹ ਗਏ। ਇਹ ਰੇਲਵੇ ਟਰੈਕ ਨਹਿਰ ਦੇ ਉੱਪਰ ਪੁਲ਼ ਵਾਂਗ ਬਣਿਆ ਹੋਇਆ ਹੈ। ਪੂਜਾ ਕਰਨ ਲਈ ਲੋਕ ਨਹਿਰ ਕਿਨਾਰੇ ਜਾਣ ਦੀ ਬਜਾਏ ਪੁਲ਼ ਉੱਤੇ ਬਣੀ ਰੇਲਵੇ ਲਾਈਨ ’ਤੇ ਚੜ੍ਹ ਕੇ ਖਲੋਤੇ ਹੋਏ ਨਜ਼ਰ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਹਿੰਦੂ ਧਰਮ ਦੇ ਪ੍ਰਸਿੱਧ ਦੁਸ਼ਹਿਰੇ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਵਿੱਚ ਜੌੜੇ ਫਾਟਕਾਂ ਕੋਲ ਰੇਲ ਲਾਈਨਾਂ ‘ਤੇ ਖੜ੍ਹ ਕੇ ਦੁਸਹਿਰਾ ਦੇਖ ਰਹੇ ਲੋਕਾਂ ਉੱਪਰ ਜਲੰਧਰ ਤੋਂ ਆ ਰਹੀ ਡੀਐਮਯੂ ਰੇਲ ਗੱਡੀ ਚੜ੍ਹ ਗਈ ਸੀ। ਹਾਦਸੇ ਵਿੱਚ ਬੱਚਿਆਂ ਤੇ ਔਰਤਾਂ ਸਮੇਤ 59 ਜਾਨਾਂ ਚਲੀਆਂ ਗਈਆਂ ਸਨ।

ਛਠ ਪੂਜਾ ਦੇ ਤਿਉਹਾਰ ਮੌਕੇ ਲੋਕਾਂ ਦੀ ਲਾਪਰਵਾਹੀ ਸਾਫ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਤੋਂ ਬਾਅਦ ਵੀ ਲੋਕਾਂ ਨੇ ਸਬਕ ਨਹੀਂ ਲਿਆ। ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਰੇਲ ਲਾਈਨ ’ਤੇ ਖਲ੍ਹੋ ਕੇ ਪੂਜਾ ਕਰਨ ਨੂੰ ਲਾਪਰਵਾਹੀ ਹੀ ਕਿਹਾ ਜਾ ਸਕਦਾ ਹੈ।
Tags: , , ,