ਕੁੜੀ ਨੂੰ ਵੱਸ ਕਰਨ ਲਈ ਉੱਲ਼ੂ ਦੀ ਬਲੀ ਦੇਣ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਜੇਲ

By November 14, 2018


(ਦਿੱਲੀ)ਭਾਰਤ ਦੀ ਰਾਜਧਾਨੀ ਦਿੱਲੀ ਦੀ ਪੁਲਿਸ ਨੇ ਸੁਲਤਾਨਪੁਰੀ ਇਲਾਕੇ ਤੋਂ 40 ਸਾਲਾਂ ਦੇ ਇਕ ਵਿਅਕਤੀ ਕਨਈਆ ਕੁਮਾਰ ਨੂੰ ਜਾਦੂ-ਟੂਣਾ ਕਰਨ ਲਈ ਉੱਲੂ ਦੀ ਬਲੀ ਦੇਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਉਕਤ ਵਿਅਕਤੀ ਨੇ ਔਰਤਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਉੱਲੂ ਦੀ ਬਲੀ ਦੇ ਦਿੱਤੀ। ਪਸ਼ੂ ਭਲਾਈ ਤੋਂ ਬੋਰਡ ਤੋਂ ਮਿਲੀ ਜਾਣਕਾਰੀ ਮਗਰੋਂ ਪੁਲਿਸ ਨੇ ਛਾਪਾ ਮਾਰ ਕੇ ਪਸ਼ੂ ਕਰੂਰਤਾ ਤੇ ਕਤਲ ਦੇ ਮਾਮਲੇ ਤਹਿਤ ਕਨ੍ਹੱਈਆ ਨਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਘਰੋਂ ਕੂਲਰ ਵਿੱਚੋਂ ਮ੍ਰਿਤਕ ਉੱਲੂ ਬਰਾਮਦ ਕੀਤਾ ਗਿਆ ਹੈ।

ਮੁਲਜ਼ਮ ਕਨ੍ਹੱਈਆ ਨੇ ਦੱਸਿਆ ਕਿ ਉਹ ਇੱਕ ਲੜਕੀ ਨੂੰ ਪਸੰਦ ਕਰਦਾ ਹੈ ਤੇ ਉਸ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਸੀ। ਉਸ ਨੂੰ ਪਤਾ ਚੱਲਿਆ ਸੀ ਕਿ ਹਿੰਦੂ ਤਾਂਤਰਿਕ ਵਿੱਦਿਆ ਅਨੁਸਾਰ ਉੱਲੂ ਦੀ ਬਲੀ ਦੇਣ ਨਾਲ ਉਸ ਨੂੰ ਲੜਕੀ ਆਪਣੇ ਵੱਸ ਵਿੱਚ ਕਰਨ ’ਚ ਸਫਲਤਾ ਮਿਲੇਗੀ। ਇਸ ਬਾਰੇ ਉਸ ਨੂੰ ਯੂਟਿਊਬ ’ਤੇ ਇੱਕ ਤਾਂਤਰਿਕ ਦੀ ਵੇਖੀ ਵੀਡੀਓ ਤੋਂ ਪਤਾ ਚੱਲਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਦੀਵਾਲੀ ਦੀ ਰਾਤ ਉੱਲੂ ਦੀ ਬਲੀ ਦਿੱਤੀ ਸੀ। ਇਸ ਤੋਂ ਅਗਲੇ ਹੀ ਦਿਨ ਉਸ ਦੇ ਪਿਤਾ ਦਾ ਮੌਤ ਹੋ ਗਈ, ਪਰ ਉਸ ਤੋਂ ਬਾਅਦ ਵੀ ਉਹ ਤੰਤਰ-ਮੰਤਰ ਕਰਦਾ ਰਿਹਾ ।

ਇਸ ਮਾਮਲੇ ਸਬੰਧੀ ਪੁਲਿਸ ਦੇ ਸੀਨੀਅਰ ਅਫ਼ਸਰ ਨੇ ਦੱਸਿਆ ਕਿ ਮੁਲਜ਼ਮ ਕਨ੍ਹੱਈਆ ਕੁਮਾਰ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ। ਫਿਰ ਵੀ ਉਹ ਕਿਸੇ ਹੋਰ ਲੜਕੀ ਨੂੰ ਤੰਤਰ-ਮੰਤਰ ਜ਼ਰੀਏ ਆਪਣੇ ਵੱਸ ’ਚ ਕਰਨਾ ਚਾਹੁੰਦਾ ਸੀ। ਉਸ ਦੇ ਗਵਾਂਢੀਆਂ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ।

ਉੱਲੂ ਦੇ ਪੋਸਟ ਮਾਰਟਮ ਤੋਂ ਪਤਾ ਲੱਗਾ ਹੈ ਕਿ ਕਈ ਪੰਚਰ ਜ਼ਖ਼ਮਾਂ ਕਰਕੇ ਉਸ ਦੀ ਮੌਤ ਹੋਈ। ਪਹਿਲਾਂ ਉਸ ਦੇ ਪੰਜਿਆਂ ਨੂੰ ਚਾਕੂ ਨਾਲ ਕੱਟਿਆ ਗਿਆ। ਇਸ ਤੋਂ ਬਾਅਦ ਉਸ ਦੇ ਫੇਫੜਿਆਂ ਤੇ ਹੋਰ ਥਾਈਂ ਛੇਕ ਕੀਤੇ ਗਏ। ਮੁਲਜ਼ਮ ਨੇ ਕਿਹਾ ਹੈ ਕਿ ਉਸ ਨੂੰ ਉੱਲੂ ਪਹਿਲਾਂ ਤੋਂ ਹੀ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ, ਪਰ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਉੱਲੂ ਨੂੰ ਉਹੀ ਜ਼ਖ਼ਮ ਆਏ ਸੀ ਜੋ ਕਨ੍ਹੱਈਆ ਨੇ ਟੂਣੇ ਵੇਲੇ ਉਸ ਨੂੰ ਦਿੱਤੇ ਸੀ।
Tags: , , , ,