ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਤਜਿੰਦਰ ਸਿੰਘ ਸਾਇਕਲ ਉੱਤੇ ਕਰ ਰਿਹਾ ਪੰਜਾਬ ਦਾ ਸਫਰ I

By October 31, 2018


ਪੰਜਾਬ ਦੇ ਸ਼ਹਿਰ ਮਾਨਸਾ ਦੇ ਵਸਨੀਕ ਵੀਰ ਤੇਜਿੰਦਰ ਸਿੰਘ ਖਾਲਸਾ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ 12 ਅਕਤੂਬਰ ਨੂੰ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ। ਇਸ ਯਾਤਰਾ ਦੌਰਾਨ ਉਹਨਾਂ ਨੇ ਪੰਜਾਬ ਦੇ 22 ਜਿਲ੍ਹਿਆਂ, 80 ਸ਼ਹਿਰਾਂ ਅਤੇ ਲਗਭਗ 2000 ਪਿੰਡਾਂ’ਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਜਾਣ ਦਾ ਪ੍ਰੋਗਰਾਮ ਉਲੀਕਿਆ ਸੀ।

ਤੇਜਿੰਦਰ ਸਿੰਘ ਨੇ ਮੇਰੇ ਨਾਲ ਫੌਨ’ਤੇ ਗੱਲ ਕਰਦੇ ਹੋਏ ਦੱਸਿਆ ਕਿ ਜਦ ਇਸੇ ਸਾਲ 2018’ਚ ਦਸਵੀਂ ਅਤੇ ਬਾਰਵੀਂ ਜਮਾਤ’ਚੋਂ ਪੰਜਾਬ ਦਾ ਿੲੱਕ ਲੱਖ ਤੋਂ ਵੱਧ ਵਿਦਿਆਰਥੀ ਪੰਜਾਬੀ ਵਿਸ਼ੇ’ਚੋਂ ਫੇਲ ਹੋ ਗਏ ਤਾਂ ਉਸ ਦਾ ਮਨ ਕਾਫ਼ੀ ਪ੍ਰੇਸ਼ਾਨ ਹੋਇਆ। ਜਿਸ ਕਾਰਨ ਉਸ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬ ਭਰ’ਚ ਸਾਈਕਲ ਯਾਤਰਾ ਕਰਨ ਦਾ ਫੈਸਲਾ ਕੀਤਾ। ਇਸ ਯਾਤਰਾ ਦੌਰਾਨ ਉਹ ਵੱਖ-ਵੱਖ ਸਕੂਲਾਂ’ਚ ਜਾ ਕੇ ਬੱਚਿਆਂ ਨੂੰ ਪੰਜਾਬੀ ਦੀ ਮੁਹਾਰਨੀ ਪੜਾਉਂਦਾ ਹੈ ਅਤੇ ਅਧਿਆਪਕਾਂ ਨੂੰ ਵੀ ਮਾਂ ਬੋਲੀ ਪ੍ਰਤੀ ਉਤਸ਼ਾਹਤ ਕਰਦਾ ਹੈ।

ਤੇਜਿੰਦਰ ਸਿੰਘ ਨੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਨੂੰ ਤਿੰਨ ਭਾਗਾਂ’ਚ ਵੰਡਿਆ ਹੈ। ਪਹਿਲਾ ਉਹ ਰਸਤੇ’ਚ ਆਉਣ ਵਾਲੇ ਸਕੂਲਾਂ’ਚ ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣ-ਪੜਨ ਸਬੰਧੀ ਵਿਖਅਾਨ ਕਰਦੇ ਹਨ। ਦੂਜੇ ਸ਼ਹਿਰਾਂ-ਪਿੰਡਾਂ’ਚ ਮੁਹਾਰਨੀ ਵੰਡਦੇ ਹਨ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਮਾਂ ਬੋਲੀ ਪ੍ਰਤੀ ਸੁਨੇਹ ਜਗਾੳੁਂਦੇ ਹਨ ਅਤੇ ਤੀਜਾ ਉਹ ਮਹੱਤਵਪੂਰਨ ਥਾਂਵਾਂ’ਤੇ ਪੰਜਾਬੀ ਮਾਂ ਬੋਲੀ ਪ੍ਰਤੀ ਪਿਆਰ ਜਗਾਉਣ ਵਾਲੇ ਬੈਨਰ ਵੀ ਲਗਾਉਂਦੇ ਹਨ।

ਤੇਜਿੰਦਰ ਸਿੰਘ ਨੇ ਦੱਸਿਆ ਕਿ ਵੈਸੇ ਉਹਨਾਂ ਨੇ ਇਹ ਯਾਤਰਾ 1 ਨਵੰਬਰ ਵਾਲੇ ਦਿਨ ਸਮਾਪਤ ਕਰਨੀ ਸੀ ਪਰ ਇੱਕ ਨਵੰਬਰ ਨੂੰ ਚੰਡੀਗੜ੍ਹ’ਚ ਪੰਜਾਬ ਦਿਵਸ ਮੌਕੇ ਕੁਝ ਸਮਾਗਮਾਂ’ਚ ਹਿੱਸੇ ਲੈਣ ਕਰਕੇ ਹੁਣ ਯਾਤਰਾ ਥੋੜੀ ਲੰਮੀ ਹੋ ਜਾਵੇਗੀ। ੳੁਹ 12 ਅਕਤੂਬਰ ਨੂੰ ਮਾਨਸਾ ਤੋਂ ਤੁਰ ਕੇ ਮਾਲਵੇ’ਚ ਸ਼੍ਰੀ ਦਮਦਮਾ ਸਾਹਿਬ, ਬਠਿੰਡਾ, ਜਲਾਲਾਬਾਦ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ, ਕੋਟਕਪੂਰਾ, ਮੋਗਾ, ਬੁਢਲਾਡਾ, ਭਵਾਨੀਗੜ੍ਹ, ਸੁਨਾਮ, ਭਵਾਨੀਗੜ੍ਹ, ਸਕਦੂਲਗੜ੍ਹ, ਫ਼ਤਿਹਾਬਾਦ, ਸ਼੍ਰੀ ਫ਼ਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਖੰਨਾ, ਮਲੇਰਕੋਟਲਾ, ਸੰਗਰੂਰ, ਧਨੌਲਾ, ਸਰਦੂਲਗੜ੍ਹ, ਰਾਏਕੋਟ, ਬਰਨਾਲਾ, ਮੁੱਲਾਪੁਰ ਅਤੇ ਲੁਧਿਆਣਾ ਹੁੰਦੇ ਹੋਏ ਦੁਆਬੇ’ਚ ਫਿਲੋਰ, ਫਗਵਾੜਾ, ਜਲੰਧਰ, ਕਪੂਰਥਲਾ ਤੋਂ ਬਾਅਦ ਮਾਝੇ’ਚ ਤਰਨਤਰਨ ਸਾਹਿਬ, ਅੰਮਿ੍ਤਸਰ ਸਾਹਿਬ, ਅਜਨਾਲਾ, ਡੇਰਾ ਬਾਬਾ ਨਾਨਕ, ਗੁਰਦਾਸਪੁਰ, ਪਿੰਡ ਅਗਵਾਨ, ਪਠਾਣਕੋਟ, ਦਸੂਹਾ, ਹੁਸ਼ਿਆਰਪੁਰ, ਗੜ੍ਹਦੀਵਾਲ, ਮਾਹਲਪੁਰ ਗੜ੍ਹਸ਼ੰਕਰ ਵਿੱਚੋਂ ਲੰਘਦੇ ਹੋਏ ਅਨੰਦਪੁਰ ਸਾਹਿਬ ਪਹੁੰਚੇ ਅਤੇ ਫਿਰ ਕਰਤਾਰਪੁਰ ਸਾਹਿਬ, ਰੂਪਨਗਰ ਹੁੰਦੇ ਹੋਏ ਅੱਜ ਚੰਡੀਗੜ੍ਹ ਪਹੁੰਚ ਚੁੱਕੇ ਹਨ।

ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵੀਰ ਤੇਜਿੰਦਰ ਸਿੰਘ ਨੂੰ ਚੜ੍ਹਦੀ ਕਲਾ ਅਤੇ ਇਸ ਕਾਰਜ’ਚ ਸਫ਼ਲਤਾ ਬਖ਼ਸ਼ਣ। ਤੇਜਿੰਦਰ ਸਿੰਘ ਚਾਹੁੰਦੇ ਹਨ ਅਗਲੀ ਵਾਰ ਪੰਜਾਬ’ਚੋੰ ਐਨੀ ਵੱਡੀ ਗਿਣਤੀ’ਚ ਵਿਦਿਆਰਥੀ ਪੰਜਾਬੀ’ਚੋੰ ਫੇਲ ਨਾ ਹੋਣ। ਸਾਨੂੰ ਇਹਨਾਂ ਦੇ ਉੱਦਮ ਦਾ ਖੁੱਲ-ਦਿਲੀ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਜੇ ਇਹ ਵੀਰ ਆਪਣਾ ਕੰਮ-ਕਾਰ ਛੱਡ ਕੇ ਸਾਡੀ ਮਾਂ ਬੋਲੀ ਦੇ ਪ੍ਰਚਾਰ ਲਈ ਸਾਈਕਲ ਉੱਤੇ ਐਨੀ ਲੰਮੀ ਯਾਤਰਾ ਕਰ ਸਕਦਾ ਹੈ ਤਾਂ ਅਸੀਂ ਉਸ ਨੂੰ ਹੌਸਲੇ ਦੇਣ ਲਈ ਘੱਟੋ-ਘੱਟ ਸ਼ਾਬਾਸ਼ ਤਾਂ ਦੇ ਦੇਈਏ।

ਸਦਕੇ ਜਵਾਨਾਂ ….. ਨਹੀਂ ਰੀਸਾਂ ਤੇਰੀਆਂ

– ਸਤਵੰਤ ਸਿੰਘ  ਗਰੇਵਾਲ
Tags: , , ,