7 ਅਕਤੂਬਰ ਦੀਆਂ ਰੈਲੀਆਂ ਦਾ ਸੁਨੇਹਾ…

By October 8, 2018


ਜਸਪਾਲ ਸਿੰਘ ਹੇਰਾਂ
”ਸਮਰੱਥ ਗੁਰੂ” ਬਰਗਾੜੀ ਦੀ ਧਰਤੀ ਤੇ ਅੱਜ ਹੋਏ ਲਾਮਿਸਾਲ ਇਕੱਠ ਨੇ ਇਸ ਭਾਵਨਾ ਨੂੰ ਸਾਕਾਰ ਕੀਤਾ। ਚੱਬੇ ਦੀ ਧਰਤੀ ਤੋਂ ਬਾਅਦ ਸਿੱਖ ਸੰਗਤਾਂ ਦੇ ਆਏ ਠਾਠਾਂ ਮਾਰਦੇ ਹੜ੍ਹ ਨੇ ਸੱਚੇ ਸਿੱਖ ਦੀ ਗੁਰੂ ਨੂੰ ਸਮਰਪਿਤ ਭਾਵਨਾ ਨੂੰ ਵੀ ਸਾਕਾਰ ਕੀਤਾ। ਜਿਸ ਇਕੱਠ ‘ਚ ਸੰਗਤਾਂ ਟ੍ਰੈਕਟਰ-ਟਰਾਲੀਆਂ, ਟਰੱਕਾਂ, ਟੈਂਪੂਆਂ, ਮੋਟਰ ਸਾਈਕਲਾਂ ਤੇ ਵਹੀਰਾ ਘੱਤ ਕੇ ਪੁੱਜੇ। ਉਹ ਇਕੱਠ ਆਪ ਮੁਹਾਰਾ ਹੋਇਆ। ਇਕੱਠ ਮੰਨਿਆ ਜਾਂਦਾ ਹੈ ਅਤੇ ਅਜਿਹੇ ਇਕੱਠ ਦੀ ਗਿਣਤੀ ਕਰਨੀ ਸੰਭਵ ਨਹੀਂ ਰਹਿੰਦੀ। ਬੱਸ! ਐਨਾ ਹੀ ਆਖਿਆ ਜਾ ਸਕਦਾ ਹੈ ਕਿ ”ਬਹੁਤ ਭਾਰੀ ਇਕੱਠ ਸੀ” ਕੋਈ ਉਸਨੂੰ ਲੱਖ ਦਾ ਆਖੇ, ਕੋਈ 2 ਲੱਖ ਆਖੇ, ਬਹੁਤਾ ਫ਼ਰਕ ਨਹੀਂ ਪੈਂਦਾ। ਇਹ ਸਮਰੱਥ ਗੁਰੂ ਦਾ ਕੌਤਕ ਹੁੰਦਾ ਹੈ ਅਤੇ ਕੌਤਕ ਨੂੰ ਸ਼ਰਧਾਵਾਨ ਸਿੱਖ ਹੀ ਅਨੁਭਵ ਕਰ ਸਕਦਾ ਹੈ। ਪ੍ਰੰਤੂ ਸਰਕਾਰੀ ਏਜੰਸੀਆਂ ਨੇ ਸਰਕਾਰ ਨੂੰ ਆਪਣੀਆਂ ਰਿਪੋਰਟਾਂ ਤਾਂ ਭੇਜਣੀਆਂ ਹੀ ਹੁੰਦੀਆਂ ਹਨ। ਪੰਜਾਬ ਸਰਕਾਰ ਨੂੰ ਵੀ ਅਤੇ ਕੇਂਦਰ ਸਰਕਾਰ ਨੂੰ ਵੀ। ਉਹਨਾਂ ਦੀਆਂ ਖੁਫ਼ੀਆਂ ਏਜੰਸੀਆਂ ਨੇ ਰਿਪੋਰਟਾਂ ਭੇਜੀਆਂ ਹਨ ਅਤੇ ਸਾਡੀ ਜਾਣਕਾਰੀ ਅਨੁਸਾਰ ਇਹ ਗਿਣਤੀ ਲੱਖ ਤੋਂ ਪਾਰ ਹੀ ਦੱਸੀ ਗਈ ਹੈ। ਇੱਕ ਪਾਸੇ ਲਗਜ਼ਰੀ ਬੱਸਾਂ, 500 ਰੁਪਏ ਦਿਹਾੜੀ, ਸਰਕਾਰ ਤੇ ਸਰਕਾਰੀ ਤੰਤਰ ਦਾ ਪ੍ਰਭਾਵ ਹੋਣ ਦੇ ਬਾਵਜੂਦ ਗਿਣਤੀ ਇੱਕ ਰੈਲੀ ‘ਚ 25 ਤੇ ਦੂਜੀ ‘ਚ 35 ਨਹੀਂ ਟੱਪੀ, ਉਸਦੇ ਮੁਕਾਬਲੇ ਜੇ ਸਰਕਾਰੀ ਏਜੰਸੀਆਂ ਦੀ ਲੱਖ ਦੀ ਗਿਣਤੀ ਹੀ ਮੰਨ ਲਈਏ ਤਾਂ, ਬਰਗਾੜੀ ਇਕੱਠ ਦੀ ਮਹਾਨਤਾ ਤੇ ਪ੍ਰਭਾਵ ਦੋਵੇਂ ਸਪੱਸ਼ਟ ਹੋ ਜਾਂਦੇ ਹਨ। ਬਰਗਾੜੀ ਦੇ ਅੱਜ ਦੇ ਪੰਥਕ ਇਕੱਠ ਨੇ ਸਮੇਂ ਦੀਆਂ ਸਰਕਾਰਾਂ ਅਤੇ ਪੰਥ ਦੇ ਦੁਸ਼ਮਣ ਬਾਦਲਕਿਆਂ ਨੂੰ ਦੱਸ ਦਿੱਤਾ ਹੈ ਕਿ ਅੱਜ ਸਮੁੱਚਾ ਪੰਥ, ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਇਹਨਾਂ ਤਾਕਤਾਂ ਵਿਰੁੱਧ ਰੋਸ ਤੇ ਰੋਹ ਨਾਲ ਭਰਿਆ ਹੋਇਆ ਹੈ।

ਗੁਰੂ ਸਾਹਿਬ ਦੀ ਬੇਅਦਬੀ ਨੂੰ ਕੋਈ ਸਿੱਖ ਝੱਲਣ ਲਈ ਤਿਆਰ ਨਹੀਂ। ਹੁਣ ਜਦੋਂ ਇਹ ਸਾਫ਼ ਹੋ ਚੁੱਕਾ ਹੈ ਕਿ ਬੇਅਦਬੀ ਕਾਂਡ ਦੇ ਦੋਸ਼ੀ ਸੌਦਾ ਸਾਧ ਕੇ, ਬਾਦਲਕੇ ਅਤੇ ਉਹਨਾਂ ਨੂੰ ਕੈਪਟਨ ਕੇ ਸਰਪ੍ਰਸਤੀ ਦੇ ਰਹੇ ਹਨ। ਇਹ ਸੱਚ ਉਜਾਗਰ ਹੋਣ ਤੋਂ ਬਾਅਦ ਸਮੁੱਚਾ ਪੰਥ ਇਹਨਾਂ ਤਿੰਨਾਂ ਤਾਕਤਾਂ ਵਿਰੁੱਧ ਰੋਸ ਤੇ ਰੋਹ ਨਾਲ ਭਰ ਚੁੱਕਾ ਹੈ। ਭਾਵੇਂ ਕਿ ਬਾਦਲਕਿਆਂ ਨੂੰ ਤਾਂ ਇਹ ਰੋਸ ਦੀ ਸਜ਼ਾ 2017 ‘ਚ ਤੀਜੇ ਥਾਂ ਤੇ ਸੁੱਟ ਕੇ ਦਿੱਤੀ ਵੀ ਹੈ, ਪ੍ਰੰਤੂ ਬਾਦਲਕਿਆਂ ਦਾ ਪਾਪ ਇਸ ਸਜ਼ਾ ਤੋਂ ਕਿਤੇ ਵੱਡਾ ਹੈ। ਇਸ ਕਾਰਣ ਸਿੱਖ ਪੰਥ ਹੁਣ ਉਹਨਾਂ ਨੂੰ ਅੱਖਾਂ ਸਾਹਮਣੇ ਵੀ ਵੇਖਣ ਲਈ ਤਿਆਰ ਨਹੀਂ। ਬਾਦਲਕਿਆਂ ਦੀ ਰੈਲੀ ‘ਚ ਕਾਂਗਰਸ ਦੇ ਬਰਾਬਰ, ਬਰਗਾੜੀ ਮੋਰਚੇ ਨੂੰ ਆਪਣੇ ਨਿਸ਼ਾਨੇ ਤੇ ਲੈਣਾ, ਇਸ ਸੱਚ ਦੀ ਪੁੱਸ਼ਟੀ ਕਰਦਾ ਕਿ ਉਹ ਆਪਣੇ ਪਾਪਾਂ ਤੋਂ ਕੰਬਦੇ ਹਨ, ਡਰਦੇ ਹਨ। ਇਸ ਲਈ ਚਾਹੁੰਦੇ ਹਨ ਕਿ ਬਰਗਾੜੀ ਮੋਰਚਾ ਫੇਲ੍ਹ ਹੋ ਜਾਵੇ। ਦੂਜੇ ਪਾਸੇ ਕਾਂਗਰਸ ਦੀ ਸਟੇਜ ਤੋਂ ਵੀ ਬਾਦਲਕਿਆਂ ਦੇ ਬਰਾਬਰ ਹੀ ਬਰਗਾੜੀ ਮੋਰਚੇ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ, ਜਿਸ ਤੋਂ ਕੈਪਟਨ ਸਰਕਾਰ ਦੀ ਮੋਰਚੇ ਪ੍ਰਤੀ ਬਦਨੀਤੀ ਸਾਫ਼ ਹੋਈ ਹੈ। ਹੁਣ ਜਦੋਂ ਇਹ ਸਾਫ਼ ਹੋ ਗਿਆ ਕਿ ਸਮੁੱਚਾ ਸਿੱਖ ਪੰਥ ਬਰਗਾੜੀ ਮੋਰਚੇ ਨਾਲ ਤਨੋ-ਮਨੋ-ਧਨੋ ਜੁੜ ਚੁੱਕਿਆ ਹੈ ਅਤੇ ਬਰਗਾੜੀ ਦੀ ਧਰਤੀ ਤੋਂ ਆਈ ਹਰ ਅਵਾਜ਼ ਦੀ ਪੂਰਤੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੈ, ਫ਼ਿਰ ਸਰਕਾਰ ਅਤੇ ਬਾਦਲਕਿਆਂ ਦੀ ਰਾਤਾਂ ਦੀ ਨੀਂਦ ਉੱਡਣੀ ਸੁਭਾਵਿਕ ਹੈ।

ਮੋਰਚੇ ਦੀ ਅਗਵਾਈ ਕਰ ਰਹੇ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਅੱਜ ਫ਼ਿਰ ਇਹ ਸਾਫ਼ ਕਰ ਦੇਣ ਨਾਲ ਕਿ ਮੋਰਚਾ ਨਿਰਵਿਘਨ ਚੱਲੇਗਾ ਅਤੇ ਸਰਕਾਰ ਨੂੰ ਇੱਕ ਦਿਨ ਗੋਡਿਆਂ ਭਾਰ ਚੱਲ ਕੇ ਆਉਣਾ ਪਵੇਗਾ ਤੇ ਮੋਰਚੇ ਦੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ, ਸੰਗਤਾਂ ਦੇ ਉਤਸ਼ਾਹ ‘ਚ ਹੋਰ ਵਾਧਾ ਕਰ ਗਿਆ। ਜੇ ਖਹਿਰੇ ਤੇ ਬੈਂਸ ਦੀ ਸ਼ਮੂਲੀਅਤ ਨਾਲ ਧਾਰਮਿਕ ਅਗਵਾਈ ‘ਚ ਕੋਈ ਸਿਆਸੀ ਤਾਕਤ ਪੈਦਾ ਹੁੰਦੀ ਹੈ ਤਾਂ 7 ਅਕਤੂਬਰ ਦਾ ਬਰਗਾੜੀ ਇਕੱਠ ਪੰਜਾਬ ਦੀ ਨਵੀਂ ਹੋਣੀ ਲਿਖਣ ਦਾ ਸਬੱਬ ਵੀ ਬਣ ਸਕਦਾ ਹੈ। ਇਹ ਪੱਕਾ ਹੈ ਕਿ ਬਰਗਾੜੀ ਇਕੱਠ ਨੇ ਸਰਕਾਰ ਨੂੰ ਸਖ਼ਤ ਚਿਤਾਵਨੀ ਜ਼ਰੂਰ ਦੇ ਦਿੱਤੀ ਹੈ ਕਿ ਹੁਣ ਬਰਗਾੜੀ ਮੋਰਚੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ਅਤੇ ਬਾਦਲਕਿਆਂ ਨੂੰ ਇਹ ਸੁਨੇਹਾ ਜ਼ਰੂਰ ਮਿਲ ਗਿਆ ਹੋਵੇ ਕਿ ਹੁਣ ਪੰਜਾਬ ਦੀ ਸੱਤਾ ਦਾ ਸੁਫ਼ਨਾ ਤਾਂ ਛੱਡ ਦੇਣਾ ਚਾਹੀਦਾ ਹੈ। ਸਗੋਂ ਆਪਣੀ ਹੋਂਦ ਨੂੰ ਬਚਾਉਣ ਬਾਰੇ ਸੋਚਣਾ ਚਾਹੀਦਾ ਹੈ।