ਭਾਈ ਦਇਆ ਸਿੰਘ

By October 3, 2018


ਜੱਗਾ ਸਿੰਘ ਆਦਮਕੇ

ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਲਿਖਿਆ:
ਜੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।
ਭਾਵ, ਜਦੋਂ ਬਾਕੀ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਤਲਵਾਰ ਚੁੱਕਣੀ ਜਾਇਜ਼ ਹੈ।

ਗੁਰੂ ਗੋਬਿੰਦ ਸਿੰਘ ਵੱਲੋਂ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕਰਦਿਆਂ ਸਾਜੇ ਪੰਜ ਪਿਆਰਿਆਂ ਵਿੱਚੋਂ ਪਹਿਲਾ ਪਿਆਰਾ ਭਾਈ ਦਇਆ ਸਿੰਘ ਹੈ। ਭਾਈ ਦਇਆ ਸਿੰਘ ਦਾ ਪਹਿਲਾ ਨਾਂ ਭਾਈ ਦਾਇਆ ਰਾਮ ਸੀ। ਉਨ੍ਹਾਂ ਦਾ ਜਨਮ 1661 ਨੂੰ ਲਾਹੌਰ ਵਿਚ ਪਿਤਾ ਭਾਈ ਸੁਧਾ ਜੀ ਅਤੇ ਮਾਤਾ ਦਿਆਲੀ ਜੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਰਧਾਲੂ ਸਨ ਅਤੇ ਉਨ੍ਹਾਂ ਦੇ ਦਰਸ਼ਨ ਲਈ ਕਈ ਵਾਰੀ ਅਨੰਦਪੁਰ ਸਾਹਿਬ ਆਏ ਸਨ। 1679 ਵਿੱਚ ਭਾਈ ਸੁਧਾ ਜੀ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਵਿਚ ਪੱਕੇ ਹੀ ਆ ਗਏ। ਭਾਈ ਦਇਆ ਰਾਮ ਵੀ ਉਨ੍ਹਾਂ ਦੇ ਨਾਲ ਸਨ। ਉਸ ਸਮੇਂ ਗੁਰੂ ਗੋਬਿੰਦ ਸਾਹਿਬ ਸਿੱਖਾਂ ਦੇ ਦਸਵੇਂ ਗੁਰੂ ਦੇ ਰੂਪ ਵਿੱਚ ਗੁਰਗੱਦੀ ਉਤੇ ਬਿਰਾਜਮਾਨ ਸਨ। ਭਾਈ ਦਇਆ ਰਾਮ ਗੁਰੂ ਗੋਬਿੰਦ ਸਾਹਿਬ ਤੋਂ ਉਮਰ ਵਿੱਚ ਥੋੜ੍ਹੇ ਵੱਡੇ ਸਨ,ਇਸ ਕਰਕੇ ਗੁਰੂ ਸਾਹਿਬ ਉਨ੍ਹਾਂ ਨੂੰ ‘ਭਾਈ’ ਕਹਿ ਕੇ ਬਲਾਉਂਦੇ ਸਨ। ਗੁਰੂ ਗੋਬਿੰਦ ਸਾਹਿਬ ਨੇ ਭਾਈ ਦਇਆ ਰਾਮ ਦੀ ਸਿੱਖਿਆ ਪ੍ਰਾਪਤੀ ਵੱਲ ਉਚੇਚਾ ਧਿਆਨ ਦਿੱਤਾ ਅਤੇ ਇਸ ਲਈ ਯੋਗ ਪ੍ਰਬੰਧ ਕੀਤੇ। ਭਾਈ ਦਇਆ ਰਾਮ ਨੂੰ ਪਹਿਲਾਂ ਹੀ ਪੰਜਾਬੀ ਅਤੇ ਪਾਰਸ਼ੀ ਭਾਸ਼ਾਵਾਂ ਦਾ ਚੰਗਾ ਗਿਆਨ ਪ੍ਰਾਪਤ ਸੀ। ਉਨ੍ਹਾਂ ਨੇ ਪੁਰਾਤਨ ਭਾਰਤੀ ਸਾਹਿਤ ਅਤੇ ਗੁਰਮੱਤ ਦਾ ਗਿਆਨ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਹੋਏ ਪ੍ਰਾਪਤ ਕੀਤਾ। ਭਾਈ ਦਇਆ ਰਾਮ ਨੇ ਚੰਗੀ ਸਿੱਖਿਆ ਪ੍ਰਾਪਤੀ ਦੇ ਨਾਲ ਨਾਲ ਵੱਖ ਵੱਖ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਵਿੱਚ ਵੀ ਨਿੰਪੁਨਤਾ ਹਾਸਲ ਕੀਤੀ। ਉਹ ਉੱਚ ਕੋਟੀ ਦੇ ਯੋਧੇ ਬਣ ਗਏ।
1699 ਈ. ਦੇ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਕਿਲ੍ਹਾ ਕੇਸਗੜ੍ਹ ਵਿਖੇ ਸਜੇ ਪੰਡਾਲ ਵਿੱਚ ਇਕੱਠੀ ਹੋਈ ਲਗਪਗ 80 ਹਜ਼ਾਰ ਸੰਗਤ ਦੇ ਇਕੱਠ ਨੂੰ ਹੱਥ ਵਿੱਚ ਨੰਗੀ ਤਲਵਾਰ ਫੜ ਕੇ ਸੰਬੋਧਨ ਕਰਦਿਆਂ ਇੱਕ ਸੀਸ ਦੀ ਮੰਗ ਕੀਤੀ। ਗੁਰੂ ਗੋਬਿੰਦ ਰਾਏ ਦਾ ਅਜਿਹਾ ਰੂਪ ਵੇਖ ਕੇ ਪੰਡਾਲ ਵਿੱਚ ਸੰਨਾਟਾ ਛਾ ਗਿਆ ਪਰ ਉਸੇ ਸਮੇਂ ਭਾਈ ਦਇਆ ਰਾਮ ਸੰਗਤ ’ਚੋਂ ਉੱਠੇ ਅਤੇ ਆਪਣਾ ਸੀਸ ਗੁਰੂ ਗੋਬਿੰਦ ਰਾਏ ਨੂੰ ਭੇਂਟ ਕਰਨ ਲਈ ਅੱਗੇ ਵਧੇ। ਗੁਰੂ ਸਾਹਿਬ ਨੇ ਭਾਈ ਦਇਆ ਰਾਮ ਤੋਂ ਬਾਅਦ ਵਾਰ ਵਾਰ ਚਾਰ ਹੋਰ ਸੀਸਾਂ ਦੀ ਮੰਗ ਕੀਤੀ ਅਤੇ ਇੱਕ ਇੱਕ ਕਰਕੇ ਭਾਈ ਧਰਮ ਦਾਸ, ਭਾਈ ਹਿੰਮਤ ਰਾਏ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ ਆਪਣੇ ਸੀਸ ਗੁਰੂ ਜੀ ਨੂੰ ਭੇਂਟ ਕਰਨ ਲਈ ਅੱਗੇ ਆਏ। ਇਸ ਤਰ੍ਹਾਂ ਗੁਰੂ ਗੋਬਿੰਦ ਰਾਏ ਨੇ ਇਨ੍ਹਾਂ ਪੰਜਾਂ ਵਿਅਕਤੀਆਂ ਤੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਅਤੇ ਅੰਮ੍ਰਿਤ ਤਿਆਰ ਕੀਤਾ ਗਿਆ। ਪੰਜਾਂ ਪਿਆਰਿਆਂ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਅਤੇ ਫਿਰ ਆਪ ਗੁਰੂ ਗੋਬਿੰਦ ਸਾਹਿਬ ਨੇ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਆਪਣੇ ਨਾਵਾਂ ਨਾਲ ‘ਸਿੰਘ’ ਸ਼ਬਦ ਲਗਾਉਣ ਦਾ ਹੁਕਮ ਦਿੱਤਾ। ਇਸ ਤਰ੍ਹਾਂ ਭਾਈ ਦਇਆ ਰਾਮ ਭਾਈ ਦਇਆ ਸਿੰਘ ਬਣ ਗਏ। ਗੁਰੂ ਗੋਬਿੰਦ ਰਾਏ ਜੀ ਦੇ ਨਾਂ ਨਾਲ ਵੀ ਸਿੰਘ ਸ਼ਬਦ ਲਗਾਇਆ ਗਿਆ ਅਤੇ ਉਹ ਗੁਰੂ ਗੋਬਿੰਦ ਸਿੰਘ ਬਣ ਗਏ।
ਭਾਈ ਦਇਆ ਸਿੰਘ, ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਵਿਸ਼ਵਾਸਪਾਤਰ ਅਤੇ ਯੋਗ ਸਿੱਖਾਂ ਵਿੱਚੋਂ ਇੱਕ ਸਨ। ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਖਾਸ ਅੰਗ ਰੱਖਿਅਕਾਂ ਵਿੱਚ ਭਾਈ ਦਇਆ ਸਿੰਘ ਵੀ ਸ਼ਾਮਲ ਸਨ। ਗੁਰੂ ਗੋਬਿੰਦ ਸਿੰਘ ਨੂੰ ਉਨ੍ਹਾਂ ਦੀ ਯੋਗਤਾ ਅਤੇ ਅਨੁਸ਼ਾਸਨ ਵਿੱਚ ਪੂਰਨ ਵਿਸ਼ਵਾਸ ਸੀ। ਪਹਾੜੀ ਰਾਜਿਆਂ ਜਾਂ ਦੂਸਰੇ ਮਹੱਤਵਪੂਰਨ ਵਿਅਕਤੀਆਂ ਨਾਲ ਗੱਲਬਾਤ ਕਰਨ ਲਈ ਭੇਜੇ ਜਾਂਦੇ ਪ੍ਰਤੀਨਿਧ ਮੰਡਲਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਭਾਈ ਦਇਆ ਸਿੰਘ ਨੂੰ ਸੌਂਪੀ ਜਾਂਦੀ। ਗੁਰੂ ਗੋਬਿੰਦ ਸਿੰਘ ਹਮੇਸ਼ਾ ਭਾਈ ਦਇਆ ਸਿੰਘ ਦੀ ਸਲਾਹ ਦੀ ਕਦਰ ਕਰਦੇ।
ਭਾਈ ਦਇਆ ਸਿੰਘ ਇੱਕ ਬਹਾਦਰ ਯੋਧੇ ਸਨ ਅਤੇ ਉਨ੍ਹਾਂ ਕੋਲ ਜੰਗ ਦੇ ਮੈਦਾਨ ਵਿੱਚ ਸਿੱਖ ਸੈਨਿਕਾਂ ਦੀ ਯੋਗ ਅਗਵਾਈ ਕਰਨ ਦਾ ਚੰਗਾ ਹੁਨਰ ਸੀ। ਉਨ੍ਹਾਂ ਨੇ ਭੰਗਾਣੀ, ਅਨੰਦਪੁਰ ਸਾਹਿਬ, ਨਿਰਮੋਹ, ਚਮਕੌਰ ਸਾਹਿਬ ਦੀਆਂ ਲੜਾਈਆਂ ਵਿੱਚ ਆਪਣੀ ਯੁੱਧ ਕਲਾ ਦੇ ਜੌਹਰ ਵਿਖਾਏ। 20 ਦਸੰਬਰ 1704 ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਭਾਈ ਦਇਆ ਸਿੰਘ ਅਤੇ ਭਾਈ ਉਦੈ ਸਿੰਘ ਗੁਰੂ ਸਾਹਿਬ ਦੇ ਅੱਗੇ ਚੱਲ ਪਏ ਅਤੇ ਦੂਸਰੇ ਪਿਆਰੇ ਗੁਰੂ ਜੀ ਦੇ ਆਸੇ ਪਾਸੇ ਸਨ। ਸਰਸਾ ਨਦੀ ਪਰ ਕਰਨ ਤੋਂ ਬਾਅਦ ਪਿੱਛਾ ਕਰਦੀ ਦੁਸ਼ਮਣ ਦੀ ਫ਼ੌਜ ਤੋਂ ਸੁਰੱਖਿਆ ਲਈ ਉਨ੍ਹਾਂ ਨੂੰ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਸ਼ਰਨ ਲੈਣੀ ਪਈ। ਗੜ੍ਹੀ ਵਿੱਚ ਥੋੜ੍ਹੀ ਗਿਣਤੀ ਵਿੱਚ ਸਿੰਘ ਹੋਣ ਦੇ ਬਾਵਜੂਦ ਉਨ੍ਹਾਂ ਨੇ ਅੰਦਰੋਂ ਡਟ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਦੋਵੇ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰਿਆਂ ਸਮੇਤ ਵੱਡੀ ਗਿਣਤੀ ਵਿੱਚ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਅਖੀਰ ਤੇ ਗੜ੍ਹੀ ਵਿੱਚ ਗੁਰੂ ਗੋਬਿੰਦ ਸਿੰਘ ਸਣੇ ਛੇ ਸਿੰਘ ਜੀਵਤ ਸਨ। ਇਸ ਕਾਰਨ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਪੰਜਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸਿੱਖ ਧਰਮ ਦੀ ਅਗਵਾਈ ਕਰਨ ਲਈ ਗੜ੍ਹੀ ਵਿੱਚੋਂ ਬਚ ਨਿਕਲਣ ਲਈ ਕਿਹਾ ਪਰ ਗੁਰੂ ਗੋਬਿੰਦ ਸਿੰਘ ਅਜਿਹਾ ਕਰਨ ਲਈ ਤਿਆਰ ਨਹੀਂ ਸਨ। ਭਾਈ ਦਇਆ ਸਿੰਘ ਨੇ ਪੰਜ ਸਿੰਘਾਂ ਦੀ ਸ਼ਕਤੀ ਵਰਤਦਿਆਂ ਗੁਰਮਤਾ ਪਾਸ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਗੜ੍ਹੀ ਛੱਡਣ ਦਾ ਆਦੇਸ਼ ਦਿੱਤਾ। ਇਸ ਗੁਰਮਤੇ ਦਾ ਪਾਲਣ ਕਰਦਿਆਂ ਗੁਰੂ ਗੋਬਿੰਦ ਸਿੰਘ ਗੜ੍ਹੀ ਨੂੰ ਛੱਡਣ ਲਈ ਤਿਆਰ ਹੋ ਗਏ। ਗੁਰੂ ਸਾਹਿਬ ਉਸ ਸਮੇਂ ਨੰਗੇ ਪੈਰੀਂ ਸਨ। ਭਾਈ ਦਇਆ ਸਿੰਘ ਨੇ ਉਨ੍ਹਾਂ ਨੂੰ ਪਥਰੀਲੇ ਅਤੇ ਕੰਡਿਆਲੇ ਰਾਹ ਕਰਕੇ ਪੈਰੀਂ ਜੁੱਤੀ ਪਾਉਣ ਦੀ ਬੇਨਤੀ ਕੀਤੀ ਪਰ ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ 21,22 ਦਸੰਬਰ 1704 ਈ. ਦੀ ਵਿਚਕਾਰਲੀ ਰਾਤ ਨੂੰ ਚਮਕੌਰ ਸਾਹਿਬ ਦੀ ਗੜ੍ਹੀ ਵ’ਚੋਂ ਬਾਹਰ ਨਿਕਲ ਗਏ। ਗੁਰੂ ਸਾਹਿਬ ਦੇ ਨਿਰਦੇਸ਼ ਅਤੇ ਉਸ ਸਮੇਂ ਗੁਰੂ ਜੀ ਦੇ ਨਾਲ ਤਿੰਨ ਸਿੰਘਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੇ ਵੀ ਗੜ੍ਹੀ ਛੱਡ ਦਿੱਤੀ। ਉਹ ਤਿੰਨੋਂ ਗੁਰੂ ਸਾਹਿਬ ਦੇ ਆਸੇ ਪਾਸੇ ਤੁਰ ਰਹੇ ਸਨ ਪਰ ਕੁਝ ਦੂਰੀ ’ਤੇ ਜਾ ਕੇ ਉਹ ਹਨੇਰੇ ਕਾਰਨ ਗੁਰੂ ਗੋਬਿੰਦ ਸਿੰਘ ਤੋਂ ਵਿਛੜ ਗਏ ਪਰ 25 ਦਸੰਬਰ 1704 ਈ. ਨੂੰ ਮਾਛੀਵਾੜਾ ਵਿੱਚ ਫਿਰ ਆ ਮਿਲੇ। ਵੱਖ ਵੱਖ ਪੜਾਵਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਆਪਣੇ ਸਿੰਘਾਂ ਨਾਲ ਪਿੰਡ ਦੀਨਾ ਕਾਂਗੜ ਆ ਪਹੁੰਚੇ। ਇੱਥੇ ਗੁਰੂ ਸਾਹਿਬ ਨੂੰ ਇੱਕ ਸ਼ਰਧਾਲੂ ਸਿੰਘ ਨੇ ਘੋੜਾ ਭੇਂਟ ਕੀਤਾ ਅਤੇ ਗੁਰੂ ਸਾਹਿਬ ਨੇ ਆਪਣਾ ਪਹਿਲਾ ਘੋੜਾ ਭਾਈ ਦਇਆ ਸਿੰਘ ਨੂੰ ਦੇ ਦਿੱਤਾ।
ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਉਨ੍ਹਾਂ ਨੂੰ ‘ਜ਼ਫਰਨਾਮਾ’ ਹਰ ਹਾਲਤ ਵਿੱਚ ਔਰੰਗਜ਼ੇਬ ਨੂੰ ਨਿੱਜੀ ਰੂਪ ਵਿੱਚ ਫੜਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹੀਂ ਦਿਨੀਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੱਖਣ ਦੀ ਮਹਿੰਮ ’ਤੇ ਸੀ ਅਤੇ ਉਸ ਦੇ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਰੁਕੇ ਹੋਣ ਸਬੰਧੀ ਜਾਣਕਾਰੀ ਸੀ ਪਰ ਜਦੋਂ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਔਰੰਗਾਬਾਦ ਪਹੁੰਚੇ, ਤਾਂ ਪਤਾ ਲੱਗਿਆ ਕਿ ਔਰੰਗਜ਼ੇਬ ਅਹਿਮਦਨਗਰ ਵਿੱਚ ਹੈ। ਔਰੰਗਾਬਾਦ ਵਿੱਚ ਕੁਝ ਸਮਾਂ ਠਹਿਰਨ ਤੋਂ ਬਾਅਦ ਉਹ ਔਰੰਗਜ਼ੇਬ ਨੂੰ ਜ਼ਫਰਨਾਮਾ ਦੇਣ ਲਈ ਅਹਿਮਦਨਗਰ ਵੱਲ ਚਲੇ ਗਏ। ਅੋਰੰਗਾਬਾਦ ਵਿੱਚ ਜਿਸ ਸਥਾਨ ’ਤੇ ਉਹ ਠਹਿਰੇ ਸਨ, ਉੱਥੇ ਉਨ੍ਹਾਂ ਦੀ ਯਾਦ ਵਿੱਚ ‘ਗੁਰਦੁਆਰਾ ਭਾਈ ਦਇਆ ਸਿੰਘ’ ਦਾ ਨਿਰਮਾਣ ਕੀਤਾ ਗਿਆ ਹੈ। ਔਰੰਗਜ਼ੇਬ ਨੂੰ ਜ਼ਫਰਨਾਮਾ ਫੜਾਉਣ ਤੋਂ ਬਾਅਦ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵਾਪਸ ਆ ਦੱਖਣ ਵੱਲ ਨੂੰ ਜਾਂਦੇ ਗੁਰੂ ਗੋਬਿੰਦ ਸਿੰਘ ਨਾਲ ਰਾਜਸਥਾਨ ਵਿੱਚ ਫਿਰ ਆ ਮਿਲੇ। ਗੁਰੂ ਗੋਬਿੰਦ ਸਿੰਘ ਵੱਖ ਵੱਖ ਥਾਂਵਾਂ ਤੋਂ ਹੁੰਦੇ ਹੋਏ ਮਹਾਰਾਸ਼ਟਰ ਦੇ ਗੁਦਾਵਰੀ ਨਦੀ ਕੰਢੇ ਨਾਂਦੇੜ ਵਿਖੇ ਚਲੇ ਗਏ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇੱਥੇ ਰੁਕ ਕੇ ਗੁਰੂ ਸਾਹਿਬ ਧਰਮ ਦਾ ਪ੍ਰਚਾਰ ਕਰਨ ਲੱਗੇ। ਗੁਰੂ ਗੋਬਿੰਦ ਸਿੰਘ ਨੇ ਇੱਥੋਂ ਨੇੜੇ ਹੀ ਗੁਦਾਵਰੀ ਨਦੀ ਕੰਢੇ ਬਣੇ ਬੈਰਾਗੀ ਮਾਧੋ ਦਾਸ ਦੇ ਆਸ਼ਰਮ ਵਿੱਚ ਮਾਧੋ ਦਾਸ ਨੂੰ ਸਿੱਧੇ ਰਸਤੇ ਪਾਉਣ ਗਏ। ਇਸ ਸਮੇਂ ਭਾਈ ਦਇਆ ਸਿੰਘ ਵੀ ਗੁਰੂ ਜੀ ਦੇ ਨਾਲ ਸਨ। ਮਾਧੋ ਦਾਸ ਨੂੰ ਸਿੰਘ ਸਜਾਉਣ ਲਈ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਅੰਮ੍ਰਿਤ ਤਿਆਰ ਕੀਤਾ ਗਿਆ।ਇੱਥੇ ਦੋ ਪਠਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੇਟ ਵਿੱਚ ਛੁਰਾ ਮਾਰ ਦਿੱਤਾ, ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੋਤੀ ਜੋਤਿ ਸਮਾ ਗਏ। ਗੁਰੂ ਗੋਬਿੰਦ ਸਿੰਘ ਦੀ ਦੇ ਜੋਤੀ ਜੋਤਿ ਸਮਾਉਣ ਤੋਂ ਕੁਝ ਸਮਾਂ ਬਾਅਦ ਭਾਈ ਦਇਆ ਸਿੰਘ ਵੀ ਦਸੰਬਰ 1708 ਈ. ਵਿੱਚ 47 ਸਾਲ ਦੀ ਉਮਰ ਵਿੱਚ ਪ੍ਰਲੋਕ ਸੁਧਾਰ ਗਏ। ਆਪਣੇ ਅਖੀਰਲੇ ਸਮੇਂ ਭਾਈ ਦਇਆ ਸਿੰਘ ਨੇ ਉਨ੍ਹਾਂ ਦਾ ਅੰਗੀਠਾ ਗੁਰੂ ਗੋਬਿੰਦ ਸਿੰਘ ਦੇ ਅੰਗੀਠੇ ਦੇ ਨੇੜੇ ਤਿਆਰ ਕਰਨ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਦੀ ਆਖਰੀ ਇੱਛਾ ਅਨੁਸਾਰ ਹੀ ਭਾਈ ਦਇਆ ਸਿੰਘ ਦਾ ਅੰਗੀਠਾ ਨਾਂਦੇੜ (ਸੱਚਖੰਚ ਸ੍ਰੀ ਹਜ਼ੂਰ ਸਾਹਿਬ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਗੀਠੇ ਦੇ ਨਜ਼ਦੀਕ ਹੀ ਬਣਾਇਆ ਗਿਆ। ਇੱਥੇ ਹੀ ਬਾਅਦ ਵਿੱਚ ਭਾਈ ਧਰਮ ਸਿੰਘ ਦਾ ਅੰਗੀਠਾ ਵੀ ਬਣਾਇਆ ਗਿਆ। ਉਨ੍ਹਾਂ ਦੇ ਅੰਗੀਠੇ ਵਾਲੀ ਥਾਂ ’ਤੇ ਸੱਚਖੰਡ ਹਜ਼ੂਰ ਸਾਹਿਬ ਦੇ ਦਰਬਾਰ ਸਾਹਿਬ ਦੇ ਨੇੜੇ ਉਨ੍ਹਾਂ ਦੀ ਯਾਦ ਵਿੱਚ ‘ਗੁਰਦੁਆਰਾ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ’ ਸਥਾਪਤ ਕੀਤਾ ਗਿਆ ਹੈ।
ਭਾਈ ਦਾਇਆ ਸਿੰਘ ਦੀ ਖਾਲਸਾ ਪੰਥ ਨੂੰ ਵਡਮੁੱਲੀ ਦੇਣ ਹੈ। ਭਾਈ ਦਇਆ ਸਿੰਘ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਕੇਵਲ ਮਹਾਨ ਯੋਧੇ ਹੀ ਨਹੀਂ,ਸਗੋਂ ਯੋਗ ਅਗਵਾਈ ਕਰਤਾ, ਸੰਗਠਿਤ ਕਰਤਾ ਅਤੇ ਚੰਗੇ ਵਿਦਵਾਨ ਵੀ ਸਨ। ਉਨ੍ਹਾਂ ਦੇ ਚੰਗੇ ਲਿਖਾਰੀ ਦਾ ਪ੍ਰਮਾਣ ‘ਰਹਿਤਨਾਮਾ ਭਾਈ ਦਇਆ ਸਿੰਘ’ ਹੈ। ਉਨ੍ਹਾਂ ਦੁਆਰਾ ਕੁਝ ਗ੍ਰੰਥਾਂ ਦੀ ਸੰਪਾਦਨਾ ਵੀ ਕੀਤੀ ਗਈ।
-ਸੰਪਰਕ: 94178-32908

Posted in: ਸਾਹਿਤ