ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ ਜਥੇਦਾਰ ਤੇਜਾ ਸਿੰਘ ਭੁੱਚਰ

By October 3, 2018


ਦਿਲਜੀਤ ਸਿੰਘ ਬੇਦੀ
ਸਿੱਖ ਪੰਥ ਦਾ ਅਣਖੀਲਾ ਜਰਨੈਲ, ਅਕਾਲੀ ਲਹਿਰ ਦਾ ਮੋਢੀ, ਗੁਰਦੁਆਰਾ ਸੁਧਾਰ ਲਹਿਰ ਦਾ ਨਿਧੜਕ ਸੁਧਾਰਕ, ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਤੇਜਾ ਸਿੰਘ ਭੁੱਚਰ, ਜਿਸ ਨੇ ਗੁਰਦੁਆਰਾ ਸੁਧਾਰ ਲਹਿਰ ਲਈ ਅਣਥਕ ਮਿਹਨਤ ਹੀ ਨਹੀਂ ਕੀਤੀ, ਸਗੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ ਤੇ ਗੁਰਦੁਆਰਾ ਭਾਈ ਜੋਗਾ ਸਿੰਘ ਪਿਛਾਵਰ ਦਾ ਪ੍ਰਬੰਧ ਪੰਥਕ ਪ੍ਰਬੰਧ ਹੇਠ ਲਿਆਂਦਾ। ਉਨ੍ਹਾਂ ਬਾਕੀ ਗੁਰਦੁਆਰਿਆਂ ਨੂੰ ਸਰਕਾਰੀ ਪਿੱਠੂਆਂ ਅਤੇ ਪੁਜਾਰੀਆਂ ਤੋਂ ਅਜ਼ਾਦ ਕਰਵਾਉਣ ਲਈ ਪੰਥ ਨੂੰ ਇਕ ਸੂਤਰਧਾਰ ਵਿਚ ਬੰਨ੍ਹ ਕੇ ਸੰਘਰਸ਼ ਲੜਿਆ, ਜਿਸ ਵਿਚੋਂ ਅਨੇਕਾਂ ਸਿੰਘਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ ਤੇ ਜਾਇਦਾਦਾਂ ਕੁਰਕ ਕਰਵਾਉਣੀਆਂ ਪਈਆਂ।

ਜਥੇਦਾਰ ਭੁੱਚਰ ਦਾ ਜਨਮ 28 ਅਕਤੂਬਰ 1887 ਨੂੰ ਨਾਨਕੇ ਪਿੰਡ ਫੇਰੂ ਜ਼ਿਲ੍ਹਾ ਲਾਹੌਰ ਵਿਚ ਹੋਇਆ। ਇਨ੍ਹਾਂ ਦਾ ਜੱਦੀ ਪਿੰਡ ਨਿੱਕਾ ਭੁੱਚਰ, ਤਰਨਤਾਰਨ ਸੀ। ਇਨ੍ਹਾਂ ਦੇ ਪਿਤਾ ਸ਼ਾਹ ਮਾਇਆ ਸਿੰਘ ਹਕੀਮ ਅਤੇ ਮਾਤਾ ਮਹਿਤਾਬ ਕੌਰ ਸਨ। ਜਥੇਦਾਰ ਤੇਜਾ ਸਿੰਘ ਨੇ ਜਵਾਨ ਹੁੰਦਿਆਂ ਹੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਜਨਤਕ ਕਰਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ, ਜਿਸ ਨੂੰ ਅਕਾਲੀ ਲਹਿਰ ਵੀ ਕਿਹਾ ਜਾਂਦਾ ਹੈ, ਸ਼ੁਰੂ ਕੀਤੀ। ਇਹ ਲਹਿਰ ਗੁਰਮਤਿ ਸਿਧਾਂਤਾਂ, ਮਾਨਤਾਵਾਂ, ਪਰੰਪਰਾਵਾਂ ਅਤੇ ਸੰਸਥਾਵਾਂ ਨੂੰ ਸਮਰਪਿਤ ਸੀ। ‘ਮਾਨਵ ਕੀ ਜਾਤ ਸਬੈ ਏਕ ਪਹਿਚਾਨਬੋ’ ਨੂੰ ਮੁੱਖ ਰੱਖ ਕੇ ਜਥੇਦਾਰ ਭੁੱਚਰ ਮਨੁੱਖ ਵਿਚ ਜਾਤ ਬਰਾਦਰੀ ਕਾਰਨ ਪਏ ਰੰਗ-ਨਸਲ, ਵੱਡੇ-ਛੋਟੇ ਦੇ ਅੰਤਰ ਨੂੰ ਸਿੱਖਾਂ ਅਤੇ ਮਾਨਵਤਾ ਲਈ ਲਾਹਨਤ ਮੰਨਦੇ ਸਨ। ਇਸ ਨੂੰ ਠੱਲ੍ਹ ਪਾਉਣ ਲਈ ਉਨ੍ਹਾਂ ਹਮਵਿਚਾਰ ਸਾਥੀਆਂ ਨੂੰ ਜਥੇਬੰਦ ਕਰਕੇ ਗੜਗੱਜ ਖਾਲਸਾ ਦੀਵਾਨ ਨੂੰ ਸੰਗਠਤ ਕੀਤਾ। ਪੰਜਾਬੀ ਰਵੀਦਾਸੀਏ, ਲੁਹਾਰ, ਚਮਾਰ, ਈਸਾਈਆਂ ਅਤੇ ਮੁਸਲਮਾਨਾਂ ਵਿੱਚੋਂ ਸਜੇ ਸਿੰਘਾਂ ਨੂੰ ਖੂਹਾਂ ’ਤੇ ਪਾਣੀ ਭਰਨ ਦੇ ਹੱਕ ਦਿਵਾਏ। ਗੁਰਦੁਆਰਾ ਲਹਿਰ ਵੀ ਦਲਿਤ ਸਿੰਘਾਂ ਨੂੰ ਉੱਚ ਮੰਨੇ ਜਾਂਦੇ ਸਿੱਖਾਂ ਦੇ ਬਰਾਬਰ ਹੱਕ ਦਿਵਾਉਣ ਲਈ ਹੀ ਸ਼ੁਰੂ ਹੋਣ ਦਾ ਇਕ ਬਹਾਨਾ ਬਣੀ।
ਇਨ੍ਹਾਂ ਯਤਨਾਂ ਕਾਰਨ ਜਦੋਂ 12 ਅਕਤੂਬਰ 1920 ਨੂੰ ਹਰਿਮੰਦਰ ਸਾਹਿਬ ਪਰਿਸਰ ਉੱਤੇ ਸੰਗਤੀ ਕਬਜ਼ਾ ਹੋਇਆ ਤਾਂ ਜਥੇਦਾਰ ਭੁੱਚਰ ਦੀ ਪੰਥ ਪ੍ਰਸਤੀ, ਸੇਵਾ ਦੇ ਜਜ਼ਬੇ ਅਤੇ ਕੁਰਬਾਨੀ ਦੀ ਸ਼ਕਤੀ ਨੂੰ ਮੁੱਖ ਰੱਖ ਕੇ ਜਥੇਦਾਰ ਭੁੱਚਰ ਨੂੰ ਸਰਕਾਰੀ ਸ਼ਹਿ ਪ੍ਰਾਪਤ ਪੁਜਾਰੀਵਾਦ ਦੇ ਯਤਨ ਨੂੰ ਠੱਲ੍ਹਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪਹਿਲਾ ਜੱਥੇਦਾਰ ਬਨਣ ਦਾ ਮਾਣ ਦਿੱਤਾ ਗਿਆ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਪੰਥਕ ਸਰੂਪ ਦਿੱਤਾ ਅਤੇ ਬਿਪਰਵਾਦੀ ਰਹੁ-ਰੀਤਾਂ ਨੂੰ ਗੁਰਦੁਆਰਿਆਂ ’ਚੋਂ ਕੱਢਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਯਤਨਾਂ ਸਦਕਾ ਹੀ ਨਵੰਬਰ, 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸੰਬਰ 1920 ਵਿਚ ਸ਼੍ਰੋਮਣੀ ਅਕਾਲੀ ਦਲ ਬਣੀ। ਉਨ੍ਹਾਂ ਨੇ ਆਪਣੇ ਜਥੇ ਦੀ ਅਗਵਾਈ ਕਰਦਿਆਂ ਅਣਗਿਣਤ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ। ਇਸੇ ਸੇਵਾ ਸਦਕਾ ਉਨ੍ਹਾਂ ਨੂੰ ਸਾਥੀਆਂ ਸਮੇਤ ਅੰਗਰੇਜ਼ ਸਰਕਾਰ ਦੀ ਪੁਲੀਸ ਨੇ ਕਈ ਵਾਰ ਗ੍ਰਿਫਤਾਰ ਕੀਤਾ ਅਤੇ ਜ਼ੇਲ੍ਹਾਂ ਵਿਚ ਸੁੱਟ ਕੇ ਤਸੀਹੇ ਦਿੱਤੇ। ਆਪਣੇ ਜੀਵਨ ਦੇ ਲਗਪਗ 15 ਸਾਲ ਉਨ੍ਹਾਂ ਨੇ ਜੇਲ੍ਹਾਂ ਵਿਚ ਬਿਤਾਏ। ਮੁੱਕਦਮੇ ਲੜਦਿਆਂ ਉਨ੍ਹਾਂ ਦੀ ਸਾਰੀ ਉਮਰ ਹੀ ਕੋਰਟ ਕਚਹਿਰੀਆਂ ਵਿਚ ਬੀਤ ਗਈ। ਜਾਇਦਾਦ ਦਾ ਵੱਡਾ ਹਿੱਸਾ ਸਰਕਾਰੀ ਕੁਰਕੀਆਂ, ਜ਼ਮਾਨਤਾਂ ਅਤੇ ਜ਼ੁਰਮਾਨਿਆਂ ਦੀ ਭੇਟਾ ਹੋ ਗਿਆ।
ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜਥੇਦਾਰ ਤੇਜਾ ਸਿੰਘ ਭੁੱਚਰ ਨੇ ਸਾਰੀ ਜ਼ਿੰਦਗੀ ਕਾਲੇ ਵਸਤਰ ਪਹਿਨਣ ਦਾ ਫੈਸਲਾ ਕੀਤਾ ਤੇ ਸਾਰੀ ਜ਼ਿੰਦਗੀ ਕਾਲੇ ਵਸਤਰ ਪਹਿਨੇ। ਮਹੰਤਾਂ-ਪੁਜਾਰੀਆਂ ਸਮੇਂ ਅੰਗਰੇਜ਼ ਅਫਸਰ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਚ ਕੁਰਸੀਆਂ ’ਤੇ ਬੈਠ ਕੇ ਦੀਵਾਲੀ ਵੇਖਿਆ ਕਰਦੇ ਸਨ। ਇਸ ਪਰੰਪਰਾ ਦਾ ਵੀ ਜਥੇਦਾਰ ਭੁੱਚਰ ਨੇ ਵਿਰੋਧ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨੂੰ ਦਰੀਆਂ ’ਤੇ ਬੈਠਣ ਲਈ ਕਹਿ ਦਿੱਤਾ। ਫਿਰ ਅੰਗਰੇਜ਼ ਸਰਕਾਰ ਦਾ ਤਸ਼ੱਦਦ ਜੱਥੇਦਾਰ ਭੁੱਚਰ ’ਤੇ ਢਹਿ ਪਿਆ। ਉਨ੍ਹਾਂ ’ਤੇ ਕਈ ਕੇਸ ਬਣਾ ਗਏ ਤੇ ਜੇਲ੍ਹ ਵਿਚ ਡੱਕ ਦਿੱਤਾ। ਉਨ੍ਹਾਂ ਅਪਰੈਲ 1921 ਵਿਚ ਗੜਗੱਜ ਅਕਾਲੀ ਦੀਵਾਨ ਕਾਇਮ ਕੀਤਾ। ਫਰਵਰੀ 1922 ਵਿਚ ‘ਗੜਗੱਜ ਅਕਾਲੀ’ ਅਖ਼ਬਾਰ ਜਾਰੀ ਕੀਤਾ, ਜਿਸ ਵਿਚ ਪੰਥਕ ਸਰਗਰਮੀਆਂ ਤੇ ਸਰਕਾਰ ਮਾਰੂ ਨੀਤੀਆਂ ਦਾ ਖੁਲਾਸਾ ਹੁੰਦਾ ਸੀ। ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚੇ ਸਮੇਂ ਵੀ ਆਪ ਜੇਲ੍ਹ ਵਿਚ ਬੰਦ ਰਹੇ। 13 ਅਪਰੈਲ 1923 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਹਿੰਦੂ-ਮੁਸਲਿਮ ਫਸਾਦ ਸ਼ੁਰੂ ਹੋ ਗਏ। ਬਦ-ਅਮਨੀ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜਥੇਦਾਰ ਭੁੱਚਰ ਨੇ 200 ਸਿੰਘਾਂ ਸਮੇਤ ਭਾਈਚਾਰਕ ਸਾਂਝ ਲਈ ਸ਼ਾਂਤਮਈ ਜਲੂਸ ਕੱਢਿਆ। ਗਲੀ ਮੁਹੱਲਿਆਂ ’ਚ ਘਰੋ-ਘਰ ਪਹੁੰਚ ਕੀਤੀ, ਜਿਸ ਨਾਲ ਮਾਹੌਲ ਸ਼ਾਂਤ ਹੋਇਆ। ਸਰਕਾਰ ਨੇ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਫੜੇ ਸਾਰੇ ਅਕਾਲੀ ਰਿਹਾਅ ਕਰ ਦਿੱਤੇ। ਫਿਰ ਉਨ੍ਹਾਂ ਨੇ ਦੂਜਾ ਅਖਬਾਰ ‘ਬੱਬਰ ਸ਼ੇਰ’ ਸ਼ੁਰੂ ਕੀਤਾ, ਜਿਸ ਵਿਚ ਅੰਗਰੇਜ਼ ਸਰਕਾਰ ਵਿਰੁੱਧ ਆਵਾਜ਼ ਉਠਾਈ ਗਈ। ਇਸ ਦੇ ਸਾਰੇ ਸੰਪਾਦਕਾਂ ਨੂੰ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਸੁਣਾ ਦਿੱਤੀਆਂ ਗਈਆਂ ਅਤੇ ਪ੍ਰੈਸ ਤੇ ਰਿਕਾਰਡ ਜ਼ਬਤ ਕਰ ਲਿਆ ਗਿਆ।
ਜਥੇਦਾਰ ਤੇਜਾ ਸਿੰਘ 2 ਅਕਤੂਬਰ 1939 ਈ. ਨੂੰ ਦੁਪਿਹਰ ਨੂੰ ਗੱਗੋਬੂਹੇ ਵੱਲ ਆ ਰਹੇ ਸਨ ਤਾਂ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਜਥੇਦਾਰ ਤੇਜਾ ਸਿੰਘ ਦੇ ਵਿਰੋਧੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ ਇਨ੍ਹਾਂ ਦੀ ਲੱਤ ’ਤੇ ਸੱਟ ਵੱਜ ਗਈ। ਅੰਗਰੇਜ਼ ਸਰਕਾਰ ਅਤੇ ਵਿਰੋਧੀਆਂ ਨੇ ਇਸ ਹਮਲੇ ਨੂੰ ਨਿੱਜੀ ਦੁਸ਼ਮਣੀ ਕਿਹਾ ਪਰ ਦਰਜ ਹੋਈ ਰਿਪੋਰਟ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਪੰਥ ਦੋਖੀਆਂ ਵੱਲੋਂ ਕੀਤਾ ਗਿਆ ਹਮਲਾ ਸੀ, ਜੋ ਉਨ੍ਹਾਂ ਦੀ ਪੰਥ ਪ੍ਰਸਤੀ ਤੋਂ ਦੁਖੀ ਸਨ। ਇਹ ਆਗੂ 3 ਅਕਤੂਬਰ 1939 ਈ. ਨੂੰ ਸਵੇਰੇ ਤੜਕਸਾਰ ਅਕਾਲ ਪੁਰਖ ਦੇ ਚਰਨਾਂ ’ਚ ਅਭੇਦ ਹੋ ਗਿਆ। ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਵੱਲੋਂ ਉਨ੍ਹਾਂ ਦੀ ਬਰਸੀ 3 ਅਕਤੂਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਿੱਕੇ ਭੁੱਚਰ, ਜ਼ਿਲ੍ਹਾ ਤਰਨਤਾਰਨ ਵਿਚ ਮਨਾਈ ਜਾ ਰਹੀ ਹੈ।
ਸੰਪਰਕ: 98148-98570੍





Posted in: ਸਾਹਿਤ