ਇਤਿਹਾਸ ਦੀਆਂ ਪਾਠ ਪੁਸਤਕਾਂ ਬਾਰੇ ਵਿਵਾਦ: ਬਾਰ੍ਹਵੀਂ ਦੇ ਵਿਦਿਆਰਥੀ ਹੁਣ ਸਿੱਖ ਧਰਮ ਦੀ ਥਾਂ ਪੜ੍ਹਨਗੇ ਰਾਸ਼ਟਰਵਾਦ

By May 3, 2018 0 Comments


ਜਲੰਧਰ, (2 ਮਈ,ਮੇਜਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸੈਕੰਡਰੀ ਦੀਆਂ ਜਮਾਤਾਂ ਦੇ ਇਤਿਹਾਸ ਵਿਸ਼ੇ ਦੇ ਪਾਠਕ੍ਰਮ ਨੂੰ ਮੁੜ ਵਿਉਂਤਣ ਤੇ ਕੌਮੀ ਸਿੱਖਿਆ ਮਿਆਰ ਦੇ ਹਾਣ ਦਾ ਬਣਾਉਣ ਵਿਚ ਲੱਗੇ ਵਿਦਵਾਨਾਂ ਦਾ ਕ੍ਰਿਸ਼ਮਾ ਦੇਖੋ ਕਿ ਬਾਰ੍ਹਵੀਂ ਦੇ ਪਾਠਕ੍ਰਮ ਨੂੰ ਰਾਸ਼ਟਰਵਾਦ ਦੀ ਪੁੱਠ ਚਾੜ੍ਹਨ ਲਈ ਪੰਜਾਬ ਤੇ ਸਿੱਖ ਧਰਮ ਨਾਲ ਸਬੰਧਿਤ ਸਾਰੇ ਚੈਪਟਰ ਕੱਢ ਕੇ ਗਿਆਰ੍ਹਵੀਂ ਜਮਾਤ ਦੀ ਕਿਤਾਬ ਵਾਲੇ ਰਾਸ਼ਟਰਵਾਦ ਨਾਲ ਸਬੰਧਿਤ ਚੈਪਟਰ ਸਿਰਫ ਸਿਰਲੇਖ ਬਦਲ ਕੇ ਇਸ ਵਿਚ ਸ਼ਾਮਿਲ ਕਰ ਦਿੱਤੇ ਗਏ ਹਨ | ਵਿਦਵਾਨਾਂ ਦਾ ਕਮਾਲ ਇਹ ਹੈ ਕਿ ਸਿਰਲੇਖ ਦੇ ਇਲਾਵਾ ਲਗਾਂ-ਮਾਤਰਾਂ ਵੀ ਨਹੀਂ ਬਦਲੀਆਂ ਗਈਆਂ | ਬੋਰਡ ਦੇ ਇਮਤਿਹਾਨ ਵਾਲੀ ਬਾਰ੍ਹਵੀਂ ਜਮਾਤ ਦੀ ਪਹਿਲੀ ‘ਪੰਜਾਬ ਦਾ ਇਤਿਹਾਸ’ ਨਾਮੀ ਕਿਤਾਬ ਦੇ 23 ਚੈਪਟਰ ਤੇ 329 ਪੰਨੇ ਸਨ | ਬਾਰ੍ਹਵੀਂ ਦੀ ਨਵੀਂ ਕਿਤਾਬ ਦੇ 178 ਪੰਨੇ ਤੇ 11 ਚੈਪਟਰ ਬਣਾਏ ਗਏ ਹਨ | ਇਨ੍ਹਾਂ ਚੈਪਟਰਾਂ ਨੂੰ (ਪੂਰਵ ਆਧੁਨਿਕ ਕਾਲ) ਭਾਗ-1 ਅਤੇ (ਆਧੁਨਿਕ ਕਾਲ) ਭਾਗ-2 ਵਿਚ ਵੰਡਿਆ ਗਿਆ ਹੈ | ਨਵੀਂ ਕਿਤਾਬ ‘ਚੋਂ ਸਿੱਖ ਧਰਮ ਨਾਲ ਸਬੰਧਿਤ 125 ਪੰਨਿਆਂ ਦੇ 8 ਚੈਪਟਰ ਪੂਰੀ ਤਰ੍ਹਾਂ ਕੱਢ ਦਿੱਤੇ ਗਏ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖ ਧਰਮ ਬਾਰੇ ਕੱਢੇ ਚੈਪਟਰਾਂ ਦੀ ਥਾਂ ਗਿਆਰ੍ਹਵੀਂ ਜਮਾਤ ਦੀ ਕਿਤਾਬ ਵਿਚ ਸ਼ਾਮਿਲ ਰਾਸ਼ਟਰਵਾਦ ਬਾਰੇ ਚੈਪਟਰ ਸਿਰਲੇਖ ਬਦਲ ਕੇ ਸ਼ਾਮਿਲ ਕਰ ਦਿੱਤੇ ਗਏ ਹਨ | ਇਸ ਤਰ੍ਹਾਂ 178 ਸਫ਼ਿਆਂ ਦੀ ਕਿਤਾਬ ਦੇ 125 ਸਫ਼ੇ ਰਾਸ਼ਟਰਵਾਦੀ ਚੈਪਟਰ ਵਾਲੇ ਹਨ ਤੇ ਸਿਰਫ 40 ਕੁ ਸਫ਼ਿਆਂ ਵਿਚ ਮਹਾਰਾਜਾ ਰਣਜੀਤ ਸਿੰਘ, ਸਿੱਖ ਮਿਸਲਾਂ ਤੇ ਬਿ੍ਟਿਸ਼ ਰਾਜ ਅਧੀਨ ਪੰਜਾਬ ਦੇ ਲੇਖ ਸ਼ਾਮਿਲ ਕੀਤੇ ਗਏ ਹਨ |

ਕਿਤਾਬਾਂ ਬਾਰੇ ‘ਅਜੀਤ’ ਦੀ ਟੀਮ ਵਲੋਂ ਕੀਤੀ ਗਈ ਛਾਣਬੀਣ ‘ਚ ਇਹ ਗੱਲ ਸਾਹਮਣੇ ਆਈ ਕਿ ‘ਇਤਿਹਾਸ’ ਦੀ ਬਾਰ੍ਹਵੀਂ ਦੀ ਨਵੀਂ ਛਪੀ ਕਿਤਾਬ ਵਿਚ ਸ਼ਾਮਿਲ ਕੁਲ 11 ਚੈਪਟਰਾਂ ‘ਚੋਂ 9 ਚੈਪਟਰ ਗਿਆਰ੍ਹਵੀਂ ਦੀ ਕਿਤਾਬ ‘ਚੋਂ ਲਏ ਗਏ ਹਨ ਤੇ ਇਨ੍ਹਾਂ ਦੇ ਸਿਰਫ ਸਿਰਲੇਖ ਹੀ ਬਦਲੇ ਗਏ ਹਨ | ਸਵਾਲ ਇਹ ਉੱਠਦਾ ਹੈ ਕਿ ਕੀ ਪਿਛਲੀ ਜਮਾਤ ਦਾ ਸਿਲੇਬਸ ਅਗਲੀ ਜਮਾਤ ‘ਚ ਸ਼ਾਮਿਲ ਕਰਨ ਨੂੰ ਸਾਡੇ ਵਿਦਵਾਨ ਸਿੱਖਿਆ ਦਾ ਮਿਆਰ ਉੱਚਾ ਕਰਨਾ ਸਮਝਦੇ ਹਨ? ਸਿਰਫ ਦੋ ਚੈਪਟਰ ‘ਸਿੱਖ ਰਾਜ ਵੱਲ’ ਤੇ ‘ਬਿ੍ਟਿਸ਼ ਰਾਜ ਅਧੀਨ ਪੰਜਾਬ’ ਪਹਿਲੀ ਕਿਤਾਬ ਦਾ ਕੁਝ ਸੰਖੇਪ ਕਰਕੇ ਨਵੇਂ ਸਿਰਲੇਖ ਹੇਠ ਛਾਪੇ ਗਏ ਹਨ | ਅਗਲੀਆਂ ਜਮਾਤਾਂ ਦਾ ਕੱਢਿਆ ਕੁਝ ਹਿੱਸਾ ਪਿਛਲੀਆਂ ਜਮਾਤਾਂ ਦੇ ਪਾਠਕ੍ਰਮ ਵਿਚ ਸ਼ਾਮਿਲ ਕੀਤੇ ਜਾਣ ਨੂੰ ਕਦੇ ਵੀ ਮਿਆਰ ਉੱਚਾ ਚੁੱਕਣ ਦੀ ਕਾਰਵਾਈ ਨਹੀਂ ਸਮਝਿਆ ਜਾ ਸਕਦਾ | ਬਾਰ੍ਹਵੀਂ ਦੀ ਨਵੀਂ ਕਿਤਾਬ ਵਿਚ ਪੰਜਾਬ ਤੇ ਸਿੱਖ ਇਤਿਹਾਸ ਬਾਰੇ 40 ਸਫ਼ਿਆਂ ਦੇ ਵਰਣਨ ਵਿਚ ਇਤਿਹਾਸਕ ਤੱਥਾਂ ਨਾਲ ਵੱਡਾ ਖਿਲਵਾੜ ਕੀਤਾ ਗਿਆ ਹੈ | ਸਿੱਖ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਉੱਠੀ ਸਿੰਘ ਸਭਾ ਲਹਿਰ ਨੂੰ 15 ਕੁ ਸਤਰਾਂ ਵਿਚ ਸਮੇਟਿਆ ਗਿਆ ਹੈ ਤੇ ਸਫ਼ਾ 171 ‘ਤੇ ਲਿਖਿਆ ਹੈ ਕਿ ‘ਅੰਮਿ੍ਤਸਰ ਦੇ ਜ਼ਿਮੀਦਾਰਾਂ ਨੇ ਸਿੰਘ ਸਭਾ ਸਥਾਪਤ ਕਰਨ ਦਾ ਨਿਰਣਾ ਲਿਆ |’ ਸਿੰਘ ਸਭਾ ਲਹਿਰ ਦੀ ਮੋਢੀ ਮਹਾਨ ਸ਼ਖ਼ਸੀਅਤ ਨੂੰ ਸਿਰਫ਼ ‘ਦਿੱਤ ਸਿੰਘ’ ਹੀ ਲਿਖਿਆ ਗਿਆ ਹੈ ਤੇ ਉਨ੍ਹਾਂ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ ਗਿਆ | ‘ਅਕਾਲੀ ਲਹਿਰ’ ਦੇ ਉਪ ਸਿਰਲੇਖ ਵਾਲੇ ਪਹਿਰੇ ‘ਚ ‘ਮੁਗ਼ਲ ਕਾਲ ਵਿਚ ਬਹੁਤ ਸਾਰੇ ਗੁਰਦੁਆਰਿਆਂ ਉੱਪਰ ਮਹੰਤਾਂ ਦਾ ਨਿਯੰਤਰਨ ਸੀ’ (ਸਫ਼ਾ 171) ਜਦਕਿ ਗੁਰਦੁਆਰਿਆਂ ਉੱਪਰ ਮਹੰਤਾਂ ਦੇ ਕਬਜ਼ੇ ਅੰਗਰੇਜ਼ ਕਾਲ ‘ਚ ਹੋਏ ਸਨ | ਸਿੰਘ ਸਭਾ ਅੰਦੋਲਨ ਤੇ ਅਕਾਲੀ ਲਹਿਰ ਵਾਲੇ ਵੇਰਵਿਆਂ ‘ਚ ਇਤਿਹਾਸਕ ਵੇਰਵੇ ਹੀ ਗਲਤ ਨਹੀਂ, ਸਗੋਂ ਇਤਿਹਾਸਕ ਪੇਸ਼ਕਾਰੀ ਵੀ ਅਨਾੜੀ ਢੰਗ ਨਾਲ ਕੀਤੀ ਗਈ ਹੈ | ਕਿਤਾਬ ਦੇ ਸਫ਼ਾ 174 ਉੱਪਰ ‘ਕਾਮਾਗਾਟਾਮਾਰੂ’ ਘਟਨਾ ਦਾ ਸੰਖੇਪ ਜ਼ਿਕਰ ਕਰਦਿਆਂ ਲਿਖਿਆ ਹੈ ਕਿ 1924 ਵਿਚ ਹਾਂਗਕਾਂਗ ਤੋਂ ਚੱਲ ਕੇ ਜਾਪਾਨ ਹੁੰਦੇ ਹੋਏ ਕੈਨੇਡਾ ਦੇ ਵੈਨਕੂਵਰ ਤੱਕ ਯਾਤਰਾ ਕੀਤੀ, ਜਦਕਿ ਜਹਾਜ਼ 1914 ‘ਚ ਗਿਆ ਸੀ | ‘ਸੁਤੰਤਰਤਾ ਵੱਲ ਭਾਰਤ’ ਚੈਪਟਰ ‘ਚ ਸਫਾ 132 ਉੱਪਰ ਕ੍ਰਾਂਤੀਕਾਰੀਆਂ ਦਾ ਵਰਣਨ ਕਰਦਿਆਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾ ਕੇ ਲਿਖਿਆ ਹੈ ਕਿ ‘ਆਪਣੀਆਂ ਯੋਜਨਾਵਾਂ ਲਈ ਧਨ ਜੁਟਾਉਣ ਲਈ ਉਨ੍ਹਾਂ ਨੇ ਕਤਲ, ਡਾਕੇ, ਬੈਂਕਾਂ ਤੇ ਡਾਕਖਾਨਿਆਂ ਦੀ ਲੁੱਟ ਅਤੇ ਰੇਲ ਗੱਡੀਆਂ ਨੂੰ ਪਟੜੀ ਤੋਂ ਉਤਾਰਨ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ |’ ਸਵਾਲ ਉੱਠਦਾ ਹੈ ਕਿ ਸ਼ਹੀਦਾਂ ਬਾਰੇ ਇਹ ਪਾਠ ਪੜ੍ਹਾ ਕੇ ਵਿਦਵਾਨ ਸ਼ਹੀਦਾਂ ਦਾ ਕਿਹੋ ਜਿਹਾ ਅਕਸ ਬੱਚਿਆਂ ਅੰਦਰ ਭਰ ਰਹੇ ਹਨ |