ਵੀਡੀਉ- ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਇਸਲਾਮ ਖਿਲਾਫ਼ ਨਹੀਂ ਹੈ : ਜੀ.ਕੇ.

By April 26, 2018 0 Comments


ਨਵੀਂ ਦਿੱਲੀ (26 ਅਪ੍ਰੈਲ 2018): ਲਸ਼ਕਰ-ਏ-ਤਾਇਬਾ ਦੇ ਦੂਜੇ ਨੰਬਰ ਦੇ ਕਮਾਂਡਰ ਅਬਦੁਲ ਰਹਿਮਾਨ ਮੱਕੀ ਵੱਲੋਂ ਗੁਰੂ ਨਾਨਕ ਦੇਵ ਜੀ ’ਤੇ ਇਸਲਾਮ ਧਰਮ ਦੀ ਛਵੀਂ ਨੂੰ ਖਰਾਬ ਕਰਨ ਦਾ ਲਗਾਏ ਗਏ ਦੋਸ਼ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੱਕੀ ਨੂੰ ਸਿੱਖ ਧਰਮ ਬਾਰੇ ਸੰਪੂਰਣ ਜਾਣਕਾਰੀ ਲੈਣ ਉਪਰੰਤ ਦੂਸ਼ਣਬਾਜ਼ੀ ਕਰਨ ਦੀ ਸਲਾਹ ਦਿੱਤੀ ਹੈ।

ਦਰਅਸਲ ਜਮਾਤ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਹਿਦ ਦੇ ਸਾਲੇ ਮੱਕੀ ਨੇ ਕੱਲ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿੱਖੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਨ ਦੌਰਾਨ ਇਸਲਾਮ ਨੂੰ ਬਦਨਾਮ ਕਰਨ ਪਿੱਛੇ ਘੱਟਿਆ ਸਾਜਿਸ਼ਾਂ ਗੁਰੂ ਨਾਨਕ ਸਾਹਿਬ ਵੱਲੋਂ ਕਰਨ ਦਾ ਦਾਅਵਾ ਕਰਦੇ ਹੋਏ ਗੁਰੂ ਸਾਹਿਬ ਨੂੰ ਕਾਫ਼ਿਰ ਵੀ ਦੱਸਿਆ ਸੀ। ਮੱਕੀ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਤੋਂ ਪੇਸ਼ਾਵਰ ਤਕ ਸਿੱਖ ਧਰਮ ਨੂੰ ਉਤਸ਼ਾਹਿਤ ਕਰਨ ਲਈ ਮੁਸਲਮਾਨਾਂ ਵਾਂਗ ਦਾੜੀ ਰੱਖਣ ਦੇ ਨਾਲ ਹੀ ਕੁਰਾਨ ਦੀ ਕੁਝ ਆਇਤਾਂ ਨੂੰ ਯਾਦ ਕਰਕੇ ਮੁਸਲਮਾਨਾਂ ਨੂੰ ਕਮਜੋਰ ਕੀਤਾ ਸੀ।

ਜੀ.ਕੇ. ਨੇ ਮੱਕੀ ਨੂੰ ਸਵਾਲ ਕੀਤਾ ਕਿ ਉਨ੍ਹਾਂ ’ਚ ਕੀ ਜਹਾਂਗੀਰ ਅਤੇ ਔਰੰਗਜ਼ੇਬ ਦੀ ਆਤਮਾ ਆ ਗਈ ਹੈ ? ਜੋ ਉਹ ਮਨੁੱਖਤਾ ਨੂੰ ਬਰਾਬਰੀ ਦਾ ਦਰਜ਼ਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਇਸਲਾਮ ਧਰਮ ਦੇ ਖਿਲਾਫ਼ ਸਾਜਿਸ਼ ਕਰਨ ਵਾਲਾ ਦੱਸ ਰਹੇ ਹਨ। ਜਦਕਿ ਗੁਰੂ ਸਾਹਿਬ ਨੇ ਕਦੇ ਵੀ ਧਰਮ ਕਰਕੇ ਕਿਸੇ ਮਨੁੱਖ ਨਾਲ ਵਿੱਤਕਰਾ ਨਹੀਂ ਕੀਤਾ ਸੀ। ਸਗੋਂ ਬਾਲਾ-ਮਰਦਾਨਾ ਨੂੰ ਨਾਲ ਲੈ ਕੇ ਵਹਿਮਾ ਭਰਮਾਂ, ਜਾਤ-ਪਾਤ, ਗੈਰਬਰਾਬਰੀ ’ਚ ਫਸੇ ਸਮਾਜ ਨੂੰ ਇੱਕ ਅਕਾਲ ਪੁਰਖ ਨਾਲ ਜੁੜਨ ਦਾ ਸੱਦਾ ਦਿੱਤਾ ਸੀ।

ਜੀ.ਕੇ. ਨੇ ਸਾਫ਼ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਇਸਲਾਮ ਜਾਂ ਹਿੰਦੂ ਧਰਮ ਦੇ ਖਿਲਾਫ਼ ਨਹੀਂ ਸੀ ਸਗੋਂ ਧਰਮ ਦੀ ਆੜ ’ਚ ਸਮਾਜ ਨੂੰ ਢਾਹ ਲਾ ਰਹੇ ਅਖੌਤੀ ਧਰਮ ਦੇ ਠੇਕੇਦਾਰਾਂ ਦੇ ਖਿਲਾਫ਼ ਸੀ। ਜੀ.ਕੇ. ਨੇ ਗੁਰੂ ਸਾਹਿਬ ਦੇ 2019 ’ਚ ਆ ਰਹੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਦੇ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸਿੱਖ ਕੌਮ ਵੱਲੋਂ ਉਸਾਰੀ ਗਈ ਬਾਬਾ ਨਾਨਕ ਯੂਨੀਵਰਸਿਟੀ ’ਚ ਮੱਕੀ ਨੂੰ ਜਾਣ ਦੀ ਸਲਾਹ ਵੀ ਦਿੱਤੀ।

ਜੀ.ਕੇ. ਨੇ ਕਿਹਾ ਕਿ ਸਿੱਖ ਤਾਂ ਹਮੇਸ਼ਾ ਮਨੁੱਖਤਾ ਦੀ ਭਲਾਈ ਵਾਸਤੇ ਕਾਰਜਸ਼ੀਲ ਰਹਿੰਦੇ ਹੋਏ ਬਿਨਾਂ ਕਿਸੇ ਧਾਰਮਿਕ ਵਿੱਤਕਰੇ ਦੇ ਗੁਰੂ ਨਾਨਕ ਸਾਹਿਬ ਦੇ ਲੰਗਰ ਸਿਧਾਂਤ ਨੂੰ ਸਮਰਪਿਤ ਰਿਹਾ ਹੈ। ਜਿਸਦਾ ਤਾਜ਼ਾ ਉਦਾਹਰਣ ਮਿਆਂਮਾਰ, ਬੰਗਲਾਦੇਸ਼ ਬਾਰਡਰ ਅਤੇ ਸੀਰੀਆ ਵਿਖੇ ਮੁਸਲਿਮ ਬਹੁਲ ਇਲਾਕਿਆਂ ’ਚ ਸਿੱਖਾਂ ਵੱਲੋਂ ਲਗਾਏ ਗਏ ਲੰਗਰ ਸਨ। ਇਸ ਲਈ ਗੁਰੂ ਨਾਨਕ ਸਾਹਿਬ ਨੂੰ ਇਸਲਾਮ ਦੀ ਛਵੀਂ ਖਰਾਬ ਕਰਨ ਵਾਲਾ ਦੱਸਣ ਤੋਂ ਪਹਿਲਾ ਮੱਕੀ ਨੂੰ ਆਪਣੇ ਮੁਸਲਿਮ ਭਰਾਵਾਂ ਤੋਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਕਰਕੇ ਦੂਰ ਹੋਈ ਪੇਟ ਦੀ ਭੁੱਖ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਸੀ।