ਪੰਚਮ ਪਾਤਸ਼ਾਹ ਦੀ ਸ਼ਹਾਦਤ ਬਾਰੇ ਨਵੀਂ ਖੋਜ ਕਰਕੇ ਇਤਿਹਾਸ ਲਿਖਣ ਦੇ ਦਾਅਵੇ

By April 25, 2018 0 Comments


ਬਾਦਲਾਂ ਵਲੋਂ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਹਲਣੀਆਂ ਪੈਣਗੀਆਂ ਸਿੱਖ ਕੌਮ ਨੂੰ

ਨਰਿੰਦਰ ਪਾਲ ਸਿੰਘ

ਰਾਸ਼ਟਰੀ ਸਵੈਅਮ ਸੇਵਕ ਸੰਘ ਵਲੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਨਵੀਂ ਖੋਜ ਕਰਕੇ ਮੁੜ ਇਤਿਹਾਸ ਲਿਖੇ ਜਾਣ ਦੇ ਕੀਤੇ ਐਲਾਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰ:ਮਨਜੀਤ ਸਿੰਘ ਜੀ.ਕੇ. ਨੇ ਇਹ ਐਲਾਨ ਕਰਕੇ ਵਿਰਾਮ ਦੇਣਾ ਚਾਹਿਆ ਹੈ ਕਿ ‘ਆਰ.ਐਸ. ਐਸ.ਨੂੰ ਸਿੱਖ ਇਤਿਹਾਸ ਲਿਖਣ ਦਾ ਕੋਈ ਹੱਕ ਨਹੀ ਹੈ’।ਸ੍ਰ:ਜੀ.ਕੇ. ਵਲੋਂ ਕੀਤੇ ਇਸ ਐਲਾਨ ਬਾਅਦ ਸਿੱਖ ਹਲਕਿਆਂ ਵਿੱਚ ਇਹ ਸਵਾਲ ਬੜੀ ਤੀਬਰਤਾ ਨਾਲ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਆਰ.ਐਸ.ਐਸ. ਨੂੰ ਸਿੱਖ ਕੌਮ ਦੇ ਮਾਮਲਿਆਂ ਵਿੱਚ ਦਖਲ ਦੇਣ ਦੀ ਇਜਾਜਤ ਕਿਸਨੇ ਦਿੱਤੀ?ਕੀ ਸ੍ਰ:ਜੀ.ਕੇ. ਇਸ ਤਲਖ ਹਕੀਕਤ ਤੋਂ ਮੁਕਰ ਸਕਦੇ ਹਨ ਕਿ ਜਿਸ ਬਾਦਲ ਅਕਾਲੀ ਦਲ ਦੀ ਉਹ ਦਿੱਲੀ ਇਕਾਈ ਦੇ ਪ੍ਰਧਾਨ ਹਨ ਤੇ ਜਿਸ ਦਲ ਦੇ ਰਹਿਮੋ ਕਰਮ ਕਰਕੇ ਸ੍ਰ:ਜੀ.ਕੇ. ਦਿੱਲੀ ਕਮੇਟੀ ਦੇ ਪਰਧਾਨ ਹਨ ਕੀ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਗੁਰ ਇਤਹਾਸ ਨਾਲ ਜੁੜੇ ਸਮਾਗਮਾਂ ਵਿੱਚ ਕਦੇ ਵੀ ਰਾਸ਼ਟਰੀ ਸੜੈਅਮ ਸੇਵਕ ਸੰਘ ਦਾ ਵਿਚਾਰਧਾਰਾ ਦੇ ਲੋਕਾਂ ਨੇ ਸ਼ਮੂਲੀਅਤ ਨਹੀ ਕੀਤੀ?

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ:ਜੀ.ਕੇ. ਦੇ ਦਿੱਤੇ ਬਿਆਨ ਦੇ ਸੰਦਰਭ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਹੁਣ ਤੀਕ ਸਿੱਖ ਧਰਮ ਇਤਿਹਾਸ ਨਾਲ ਜੁੜੀਆਂ ਵੱਖ ਵੱਖ ਸ਼ਤਾਬਦੀਆਂ ਜੋ ਗੁਰਮਤਿ ਸਮਾਗਮਾਂ ਦੇ ਮਾਧਿਅਮ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵਲੋਂ ਮਨਾਈਆਂ ਗਈਆਂ ,ਉਨਾਂ ਵਿੱਚ ਰਾਸ਼ਟਰੀ ਸਵੈਅਮ ਸੇਵਕ ਸੰਘ ਦੀ ਸਿੱਖ ਦੁਸ਼ਮਣ ਵਿਚਾਰਧਾਰਾ ਦੀ ਧਾਰਣੀ ਸਿਆਸੀ ਪਾਰਟੀ ਭਾਜਪਾ ਦੇ ਆਗੂਆਂ ਦੀ ਸ਼ਮੂਲੀਅਤ ਦਾ ਦੌਰ 1999 ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ।ਸ਼੍ਰੋਮਣੀ ਕਮੇਟੀ ਵਲੋਂ ਅਨੰਦਪੁਰ ਸਾਹਿਬ ਵਿਖੇ ਮਾਨਏ ਗਈ ਖਾਲਸਾ ਸਾਜਨਾ ਦੀ ਤੀਸਰੀ ਸ਼ਤਾਬਦੀ ਸਮਾਗਮ ਮੌਕੇ ਸੱਦੇ ਗਏ ਪਰਧਾਨ ਮੰਤਰੀ ਅਟੱਲ ਬਿਹਾਰੀ ਅਤੇ ਲਾਲ ਕਿ੍ਰਸ਼ਨ ਅਡਵਾਨੀ ਭਾਜਪਾ ਨਾਲ ਸਬੰਧਤ ਸਨ।ਇਸੇ ਸਮਾਗਮ ਵਿੱਚ ਆਰ.ਐਸ.ਐਸ. ਦੇ ਲੱਠ ਮਾਰ ਜਵਾਨਾਂ ਨੇ ਬਲਦੇਵ ਰਾਜ ਚਾਵਲਾ ਦੀ ਅਗਵਾਈ ਵਿੱਚ ਬਕਾਇਦਾ ਅੰਮਿ੍ਰਤਸਰ ਤੋਂ ਅਨੰਦ ਪੁਰ ਸਾਹਿਬ ਤੀਕ ਮਾਰਚ ਕੱਢਕੇ ਸ਼ਮੂਲੀਅਤ ਕੀਤੀ ਸੀ।

ਸਾਲ 2004 ਵਿੱਚ ਮਨਾਈ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਚੌਥੀ ਸ਼ਤਾਬਦੀ ਸਮਾਗਮ ਮੌਕੇ ਆਰ.ਐਸ.ਐਸ. ਇੱਕ ਸਾਜਿਸ਼ ਤਹਿਤ ਵੱਖ ਵੱਖ ਥਾਵਾਂ ਤੋਂ ਮਾਰਚ ਕੱਢਣਾ ਚਾਹੁੰਦੀ ਸੀ ਪ੍ਰੰਤੂ ਇਸਦੇ ਇਰਾਦਿਆਂ ਨੂੰ ਭਾਂਪਦਿਆਂ ਤਤਕਾਲੀਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਪੰਜ ਜਥੇਦਾਰਾਂ ਨੇ ਬਕਾਇਦਾ ਹੁਕਮਨਾਮਾ ਜਾਰੀ ਕੀਤਾ ਸੀ ਕਿ ਸੰਸਥਾ ਨੂੰ ਕਿਸੇ ਗੁਰਮਤਿ ਸਮਾਗਮ ੱਿਵਚ ਸ਼ਾਮਿਲ ਨਾ ਕੀਤਾ ਜਾਏ ।ਜਿਕਰ ਕਰਨਾ ਜਰੂਰੀ ਹੈ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦੇ 4ਸੌ ਸਾਲਾ ਸਮਾਗਮ ਮਨਾਉਂਦਿਆਂ ਜਦੋਂ ਤਰਨਤਾਰਨ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਇਸਤਰੀ ਸਮਾਗਮ ਕਰਵਾਇਆ ਗਿਆ ਤਾਂ ਉਸ ਸਮਾਗਮ ਵਿੱਚ ਭਾਜਪਾ ਆਗੂ ਸ਼ੁਸ਼ਮਾ ਸਵਰਾਜ,ਵਿਜੈ ਰਾਜੈ ਸਿੰਧੀਆ ਵੀ ਸ਼ਾਮਿਲ ਹੋਈਆਂ ਜਿਥੇ ਸ਼ੁਸ਼ਮਾ ਸਵਰਾਜ ਨੇ ਬਕਾਇਦਾ ਚੰਦੂ ਨੁੰ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦੇ ਮਾਮਲੇ ਵਿੱਚ ਬਰੀ ਕਰਨਾ ਚਾਹਿਆ ।ਲੇਕਿਨ ਬੀਬੀ ਸ਼ੁਸ਼ਮਾ ਸਵਰਾਜ ਦੀ ਇਸ ਹਰਕਤ ਤੋਂ ਵੀ ਬਾਦਲ ਅਕਾਲੀ ਦਲ ਨੂੰ ਕੋਈ ਸਬਕ ਨਹੀ ਮਿਲਿਆ ਬਲਕਿ ਦਸਸ਼ਮੇਸ਼ ਪਿਤਾ ਦੇ ਚਾਰ ਸਾਹਿਬਜਾਦਿਆਂ,ਮਾਤਾ ਗੁਜਰੀ ਜੀ ਦੀਆਂ ਸ਼ਹੀਦੀ ਸ਼ਤਾਬਦੀਆਂ,ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਸ਼ਤਾਬਦੀ ,ਅਨੰਦਪੁਰ ਸਾਹਿਬ ਦੀ 350 ਸਾਲਾ ਸਥਾਪਨਾ ਸ਼ਤਾਬਦੀ ,ਦਸੰੇਸ਼ ਪਿਤਾ ਦੇ 350 ਸਾਲਾ ਪ੍ਰਕਾਸ਼ ਦਿਵਸ ਸਮਾਗਮਾਂ ਮੌਕੇ ਬਕਾਇਦਾ ਰਾਸ਼ਟਰੀ ਸਵੈਅਮ ਸੇਵਕ ਸੰਘ ਦੀ ਵਿਚਾਰਧਾਰਾ ਦੇ ਲੋਕਾਂ ਨੂੰ ਗੁਰਮਤਿ ਸਟੇਜਾਂ ਤੇ ਸਮੂਲੀਅਤ ਕਰਵਾਈ ਗਈ ।

ਜਿਕਰ ਕਰਨਾ ਹੋਰ ਵੀ ਜਰੂਰੀ ਹੈ ਕਿ ਸਿੱਖ ਕੌਮ ਦੀ ਚੁੱਣੀ ਹੋਈ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੁਆਰਾ ਗੁਰੂ ਦੀ ਗੋਲਕ ‘ਚੋਂ ਮਾਇਆ ਖਰਚ ਕੇ ਕਰਵਾਏ ਗਏ ਉਪਰੋਕਤ ਸ਼ਤਾਬਦੀ ਸਮਾਗਮਾਂ ਵਿੱਚ ਸਿੱਖ ਸਿਧਾਂਤ ਦੁਸ਼ਮਣ ਜਮਾਤ ਦੇ ਆਗੂਆਂ ਦੀ ਸ਼ਮੂਲੀਅਤ ਦਾ ਹਰ ਪੰਥ ਦਰਦੀ ਸਿੱਖ ਅਤੇ ਸੰਸਥਾ ਨੇ ਵਿਰੋਧ ਜਿਤਾਇਆ ਪ੍ਰੰਤੂ ਸ੍ਰ:ਜੀ.ਕੇ. ਤੇ ਉਨਾਂ ਦੇ ਸਿਆਸੀ ਮਾਲਕਾਂ ਨੇ ਹਰ ਇੱਕ ਨੂੰ ਟਿੱਚ ਸਮਝਿਆ।ਭਲੇ ਹੀ ਮਨਜੀਤ ਸਿੰਘ ਜੀ.ਕੇ. ਨੇ ਇਹ ਬਿਆਨ ਦਿੱਤਾ ਹੈ ਕਿ ਆਰ.ਐਸ.ਐਸ.ਨੂੰ ਕੋਈ ਹੱਕ ਨਹੀ ਹੈ ਸਿੱਖ ਇਤਿਹਾਸ ਲਿਖਣ ਦਾ,ਪ੍ਰੰਤੂ ਆਰ.ਐਸ.ਐਸ. ਦੇ ਵੱਧ ਰਹੇ ਕਦਮਾਂ ਨੂੰ ਰੋਕੇਗਾ ਕੌਣ?ਕੀ ਸ੍ਰ:ਜੀ.ਕੇ. ਕੌਮ ਨੂੰ ਇਹ ਸਪਸ਼ਟ ਕਰ ਸਕਦੇ ਹਨ ਕਿ ਉਨਾਂ ਦੀ ਅਗਵਾਈ ਵਾਲੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ,ਅਹੁੱਦੇਦਾਰ ਤੇ ਕਾਰਜਕਾਰਣੀ ਮੈਂਬਰ ਤਾਂ ਭਾਜਪਾ ਨਾਲ ਹਨ ਤੇ ਉਹ ਭਾਜਪਾ ਜੋ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਦੀ ਹੈ ਤਾਂ ਜੀ.ਕੇ. ਕਿਸਦੀ ਮਦਦ ਨਾਲ ਆਰ.ਐਸ.ਐਸ. ਨੂੰ ਰੋਕਣਗੇ ?

ਇਸਤੋਂ ਪਹਿਲਾਂ ਕਿ ਸ੍ਰ:ਮਨਜੀਤ ਸਿੰਘ ਜੀ.ਕੇ. ਉਪਰੋਕਤ ਸਵਾਲਾਂ ਦੇ ਜਵਾਬ ਦੇਣ ,ਜਾਗਰੂਕ ਸਿੱਖਾਂ ਨੇ ਸ਼ੋਸ਼ਲ ਮੀਡੀਆ ਤੇ ਜਵਾਬ ਦੇ ਵੀ ਦਿੱਤਾ ਹੈ ਕਿ ਸਿੱਖ ਕੌਮ ਦਾ ਇਤਿਹਾਸ ਸਿਰਜਣ ਤੋਂ ਪਹਿਲਾਂ ਸੀਸ ਵਾਰਨਾ ਸ਼ਰਤ ਹੈ।ਤੇ ਸਿੱਖ ਕੌਮ ਨੇ ਅਤੀਤ ਵਿੱਚ ਇਸ ਸ਼ਰਤ ਤੇ ਪਹਿਰਾ ਵੀ ਦਿੱਤਾ ਹੈ।ਹਾਂ ਇਹ ਜਰੂਰ ਹੈ ਕਿ ਆਰ.ਐਸ.ਐਸ.ਵਰਗੀਆਂ ਸਿੱਖ ਦੁਸ਼ਮਣ ਸੰਸਥਾਵਾਂ ਨਾਲ ਨਿੱਜੀ ਹਿੱਤਾਂ ਲਈ ਸਾਂਝ ਵਧਾ ਕੇ ਜੋ ਗੰਢਾਂ(ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸ਼ਮੂਲੀਅਤ ਦੀਆਂ) ਬਾਦਲ ਦਲ ਨੇ ਹੱਥਾਂ ਨਾਲ ਦਿੱਤੀਆਂ ਹਨ ਉਹ ਸਿੱਖਾਂ ਨੂੰ ਦੰਦਾਂ ਨਾਲ ਖੋਲਣੀਆਂ ਜਰੂਰ ਪੈਣਗੀਆਂ ਤੇ ਇਹ ਵੀ ਸਮਾਂ ਦੱਸੇਗਾ ਕਿ ਸ੍ਰ:ਜੀ.ਕੇ. ਕਿਸ ਪਾਸੇ ਖੜਦੇ ਹਨ ।ਸਿੱਖਾਂ ਨਾਲ ਜਾਂ ਸਿੱਖ ਦੁਸ਼ਮਣਾ ਨਾਲ ਸਾਂਝ ਰੱਖਣ ਵਾਲੇ ਬਾਦਲਾਂ ਨਾਲ।
Tags: