ਫਗਵਾੜਾ ਮਾਮਲਾ: 4 ਹਿੰਦੂ ਅੱਤਵਾਦੀ ਗ੍ਰਿਫਤਾਰ

By April 16, 2018 0 Comments


ਜਸਬੀਰ ਸਿੰਘ ਚਾਨਾ

ਫਗਵਾੜਾ, 15 ਅਪਰੈਲ
ਇਥੋਂ ਦੇ ਗੋਲ ਚੌਕ ’ਚ ਬੋਰਡ ਲਗਾਉਣ ਦੇ ਮਾਮਲੇ ’ਚ ਦੋ ਧਿਰਾਂ ਦਰਮਿਆਨ ਹੋਏ ਟਕਰਾਅ ਬਾਅਦ ਪੁਲੀਸ ਨੇ ਅੱਜ ਸਵੇਰੇ ਹਿੰਦੂ ਜਥੇਬੰਦੀਆਂ ਦੇ 4 ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ। ਆਲ ਇੰਡੀਆ ਸੁਰੱਖਿਆ ਸਮਿਤੀ ਦੇ ਦੀਪਕ ਭਾਰਦਵਾਜ, ਸ਼ਿਵ ਸੈਨਾ (ਬਾਲ ਠਾਕਰੇ) ਦੇ ਮੀਤ ਪ੍ਰਧਾਨ ਇੰਦਰਜੀਤ ਕਰਵਲ, ਸ਼ਿਵੀ ਬੱਤਾ ਅਤੇ ਭਾਜਪਾ ਯੁਵਾ ਮੋਰਚੇ ਦੇ ਰਾਜੂ ਚੈਲ ਨੂੰ ਪੁਲੀਸ ਨੇ ਅਦਾਲਤ ’ਚ ਪੇਸ਼ ਕੀਤਾ ਜਿਥੋਂ ਚਾਰਾਂ ਨੂੰ 14 ਦਿਨਾਂ ਲਈ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਰਾਤ ਨੂੰ ਹੋਏ ਪਥਰਾਅ ਦੌਰਾਨ ਦੋਵੇਂ ਧਿਰਾਂ ਦੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪੁਲੀਸ ਨੇ ਇਸ ਸਬੰਧੀ ਹਿੰਦੂ ਜਥੇਬੰਦੀ ਦੇ ਕਰੀਬ 15 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਸੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਤੱਯਬ ਅਤੇ ਐਸਐਸਪੀ ਸੰਦੀਪ ਸ਼ਰਮਾ ਨੇ ਅੱਜ ਵੱਖ ਵੱਖ ਧਿਰਾਂ ਨੂੰ ਮਿਲ ਕੇ ਸ਼ਹਿਰ ’ਚ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਭਗਵਾਨ ਸ੍ਰੀ ਵਾਲਮੀਕੀ ਚੌਕ ’ਤੇ ਜਾ ਕੇ ਸਬੰਧਤ ਧਿਰਾਂ ਨਾਲ ਮੀਟਿੰਗ ਕੀਤੀ ਅਤੇ ਕੇਸ ਦੀ ਸਮਾਂਬੱਧ ਢੰਗ ਨਾਲ ਪੜਤਾਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜਲੰਧਰ ਤੋਂ ਵਾਲਮੀਕੀ ਭਾਈਚਾਰੇ ਦੇ ਆਗੂ ਚੰਦਨ ਗਰੇਵਾਲ, ਸਥਾਨਕ ਆਗੂ ਪਵਨ ਸੇਠੀ, ਧਰਮਵੀਰ ਸੇਠੀ, ਸਤੀਸ਼ ਸਲਹੋਤਰਾ, ਰਾਜਪਾਲ ਘਈ, ਕਿਸ਼ਨ ਕੁਮਾਰ ਹੀਰੋ, ਕੁੰਦਨ ਲਾਲ ਕਲਿਆਣ, ਸਰੂਪ ਸਿੰਘ, ਰਜਿੰਦਰ ਘੇੜਾ ਸਮੇਤ ਕਈ ਆਗੂ ਹਾਜ਼ਰ ਸਨ। ਉਧਰ ਸ਼ਹਿਰ ’ਚ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਰਹੀ ਅਤੇ ਕਰੀਬ 22 ਗੱਡੀਆਂ ਦਾ ਰੈਪਿਡ ਪੁਲੀਸ ਦਾ ਕਾਫ਼ਿਲਾ ਫ਼ਲੈਗ ਮਾਰਚ ਕਰਦਾ ਰਿਹਾ। ਫ਼ਲੈਗ ਮਾਰਚ ’ਚ ਐਸਡੀਐਮ ਜੋਤੀ ਬਾਲਾ ਮੱਟੂ ਵੀ ਹਾਜ਼ਰ ਸਨ।

ਡੀਜੀਪੀ ਵੱਲੋਂ ਦੋਆਬੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਜਲੰਧਰ (ਪਾਲ ਸਿੰਘ ਨੌਲੀ): ਦੋਆਬੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡੀਜੀਪੀ ਸੁਰੇਸ਼ ਅਰੋੜਾ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀਆਂ ਤੇ ਪੁਲੀਸ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਆਈਜੀ ਨੌਨਿਹਾਲ ਸਿੰਘ, ਜਲੰਧਰ ਦੇ ਪੁਲੀਸ ਕਮਿਸ਼ਨਰ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਪੁਲੀਸ ਨੇ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਫਲੈਗ ਮਾਰਚ ਵੀ ਕੀਤਾ। ਪੁਲੀਸ ਅਧਿਕਾਰੀਆਂ ਨੂੰ ਇਹ ਹਦਾਇਤਾਂ ਵੀ ਕੀਤੀਆਂ ਗਈਆਂ ਹਨ ਕਿ ਅਫ਼ਵਾਹਾਂ ਫੈਲਾਉਣ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇ। ਪੀਏਪੀ ਵਿੱਚ ਹੋਈ ਮੀਟਿੰਗ ਦੌਰਾਨ ਪੁਲੀਸ ਕਮਿਸ਼ਨਰ ਐੱਸਕੇ ਸਿਨਹਾ ਨੇ ਦੱਸਿਆ ਕਿ ਸ਼ਹਿਰ ਵਿੱਚ ਸੁਰੱਖਿਆ ਦੇ ਪ੍ਰਬੰਧਾਂ ਵਿੱਚ ਕੋਈ ਕਮੀ ਨਹੀਂ ਛੱਡੀ ਗਈ। ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਏ ਰੱਖਣ ਲਈ ਸੁਰੱਖਿਆ ਇੰਤਜ਼ਾਮਾਂ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ। ਕਰੀਬ ਅੱਧਾ ਘੰਟਾ ਚੱਲੀ ਇਸ ਮੀਟਿੰਗ ਸ਼ਹਿਰ ਦਾ ਮਾਹੌਲ ਸ਼ਾਂਤ ਰੱਖਣ ਬਾਰੇ ਹੀ ਵਿਚਾਰ ਵਟਾਂਦਰਾ ਕੀਤਾ ਗਿਆ।

Posted in: ਪੰਜਾਬ