ਹਨੇਰਿਆਂ’ਚ ਚੜ੍ਹਦੀ ਕਲਾ ਵਾਲੀਆਂ ਗੱਲਾਂ

By April 16, 2018 0 Comments


ਭਾਵੇਂ ਸਿੱਖ ਕੌਮ’ਚ ਮਾੜੀ ਲੀਡਰਸਿੱਪ ਕਾਰਨ ਪਿਛਲੇ ਢਾਈ ਦਿਹਾਕਿਆਂ ਤੋਂ ਕਾਫ਼ੀ ਨਿਰਾਸ਼ਾ ਫੈਲ ਚੁੱਕੀ ਹੈ। ਇਸ ਦੇ ਨਾਲ-ਨਾਲ ਦੂਜੇ ਪਾਸੇ ਧਰਮ ਦਾ ਪ੍ਰਚਾਰ ਕਰਨ ਵਾਲੇ ਸੰਤ ਬਾਬੇ ਅਤੇ ਪ੍ਰਚਾਰਕ ਸਰਕਾਰੀ ਸਰਪ੍ਰਸਤੀ ਹੇਠ ਨੀਵੇਂ ਦਰਜ਼ੇ ਅਤੇ ਆਪਸੀ ਦੂਸ਼ਣਬਾਜ਼ੀ ਤੱਕ ਸੀਮਤ ਪ੍ਰਚਾਰ ਕਰਕੇ ਕੌਮ ਨੂੰ ਸੀਮਤ ਦਾਇਰੇ’ਚ ਉਲ਼ਝਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਫਿਰ ਵੀ ਸਿੱਖ ਨੌਜਵਾਨਾਂ ਨੇ ਪਿਛਲੇ ਸਮੇਂ’ਚ ਗੁਰੂ ਦੇ ਓਟ ਆਸਰੇ ਨਾਲ ਕਈ ਚੜ੍ਹਦੀ ਕਲਾ ਵਾਲੇ ਕੰਮ ਕੀਤੇ:

1. ਪੰਜਾਬ ਸਰਕਾਰ, ਸਪਰੀਪ ਕੋਰਟ ਅਤੇ ਕੇਂਦਰ ਸਰਕਾਰ ਦੇ ਉਲਟ ਹੋਣ ਦੇ ਬਾਵਜੂਦ ਵੀ ਸਿੱਖ ਨੌਜਵਾਨਾਂ ਨੇ ਬਿਨ੍ਹਾਂ ਕਿਸੇ ਸ਼ਖ਼ਸੀਅਤ ਦੀ ਅਗਵਾਈ ਵੱਲ ਦੇਖੇ “ਨਾਨਕ ਸ਼ਾਹ ਫ਼ਕੀਰ” ਫ਼ਿਲਮ ਨੂੰ ਰਲੀਜ਼ ਨਹੀਂ ਹੋਣ ਦਿੱਤਾ।
2. ਪੰਜਾਬ ਸਰਕਾਰ, ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਹਮਾਇਤ ਹਾਸਲ ਹੋਣ ਦੇ ਬਾਵਜੂਦ ਵੀ ਸਿਰਸੇ ਵਾਲਾ ਸਾਧ ਲੱਗਭਗ 10 ਸਾਲ ਪੰਜਾਬ’ਚ ਦਾਖ਼ਲ ਨਹੀੰ ਹੋ ਸਕਿਆ। ਸਰਕਾਰਾਂ ਸਾਧ ਦੇ ਹੱਥਾਂ ‘ਚ ਹੋਣ ਦੇ ਬਾਵਜੂਦ ਸਿੱਖਾਂ ਵੱਲੋੰ ਆਪਣੇ ਦਮ ਤੇ ਉਸ ਨੂੰ ਰੋਕਣ ਚੜ੍ਹਦੀ ਕਲਾ ਵਾਲੀ ਗੱਲ ਹੀ ਹੈ।
3. ਨੂਰ ਮਹਿਲ ਵਾਲਾ ਆਸੂਤੋਸ਼ ਹੁਣ ਤਾਂ ਫ਼ਰੀਜ਼ਰ’ਚ ਪਿਆ; ਲੱਗਭਗ 15 ਸਾਲ ਤੋਂ ਵੱਧ ਸਿੱਖਾਂ ਨੇ ਉਸ ਨੂੰ ਆਪਣੇ ਡੇਰੇ ਤੱਕ ਸੀਮਲ ਕਰੀ ਰੱਖਿਆ। ਬਾਦਲ ਨੇ ਇੱਕ ਵਾਰ ਉਸ ਨੂੰ ਡੇਰੇ’ਚੋੰ ਬਾਹਰ ਵਿਚਰਨ ਦੀ ਆਗਿਆ ਦਿੱਤੀ ਪਰ ਭਾਈ ਦਰਸ਼ਣ ਸਿੰਘ ਲੋਹਾਰਾ ਨੇ ਸ਼ਹਾਦਤ ਦੇ ਕੇ ਉਸ ਨੂੰ ਫਿਰ ਡੇਰੇ ਤੱਕ ਸ਼ੀਮਤ ਕਰ ਦਿੱਤਾ।
4. ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਾ ਭਨਿਆਰੇ ਵਾਲਾ ਦੋਖੀ; ਜਿਉਂਦਾ ਵੀ ਮਰਿਆ ਵਰਗਾ ਹੀ ਕੀਤਾ ਹੋਇਆ ਹੈ। ਉਸ ਦੀ ਕੋਈ ਸਰਗਰਮੀ ਹੁਣ ਖ਼ਬਰ ਵੀ ਨਹੀੰ ਬਣਦੀ। ਫਿਰ ਵੀ 4 ਕੁ ਸਾਲ ਪਹਿਲਾਂ ਸਿੱਖ ਨੌਜਵਾਨਾਂ ਨੇ ਉਸ ਦੇ ਡੇਰੇ’ਚ ਜਾ ਕੇ ਉਸ’ਤੇ ਜਾਨਲੇਵਾ ਹਮਲਾ ਕਰਕੇ ਉਸ ਦਾ ਡਰ ਹੋਰ ਵਧਾ ਦਿੱਤਾ।
5. 2015’ਚ ਗੁਰੂ ਸਾਹਿਬ ਦੇ ਅਪਮਾਨ ਦੀਆਂ ਘਟਨਾਵਾਂ ਤੋਂ ਬਾਅਦ ਸਿੱਖ ਨੌਜਵਾਨੀ ਦਾ ਗੁੱਸਾ ਸੱਤਵੇਂ ਅਸਮਾਨ’ਤੇ ਪਹੁੰਚ ਗਿਆ ਸੀ। ਸੱਤਾਧਾਰੀ ਆਗੂ ਆਪਣੇ ਘਰਾਂ ਅੰਦਰ ਲੁਕ ਕੇ ਬੈਠਣ ਤੱਕ ਸੀਮਤ ਹੋ ਗਏ ਸਨ। ਪੰਜਾਬ ਦੀਆਂ ਸੜਕਾਂ’ਤੇ 3-4 ਹਫ਼ਲੇ ਪ੍ਰਦਰਸ਼ਣਕਾਰੀ ਸਿੱਖ ਨੌਜਵਾਨਾਂ ਦਾ ਰਾਜ ਰਿਹਾ। ਹਰੀਕੇ ਹੈੱਡ ਨੂੰ ਆਪਣੇ ਕਬਜ਼ੇ’ਚ ਲੈ ਕੇ ਖਾਲਸਾਈ ਪਰਚਮ ਲਹਿਰਾ ਦੇਣਾ ; ਦਿੱਲੀ ਦਰਬਾਰ ਨੂੰ ਸਾਫ਼ ਚਣੌਤੀ ਸੀ। ਸਰਕਾਰੀ ਰੋਕਾਂ ਦੇ ਬਾਵਜੂਦ ਸਰਬੱਤ ਖਾਲਸਾ’ਚ ਲੱਖਾਂ ਦੀ ਗਿਣਤੀ ਪੁੱਜਣਾ ; ਕਿਸੇ ਵੱਡੇ ਕੌਮੀ ਸੁਪਨੇ ਨੂੰ ਸੁਰਜੀਤ ਰੱਖਣਾ ਦਾ ਐਲਾਨ ਹੀ ਸੀ।
6. ਇਸ ਤੋੰ ਪਹਿਲਾਂ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਫ਼ਾਂਸੀ ਨਾ ਹੋਣ ਦੇਣਾ ਵੀ ਸਿੱਖਾਂ ਦੀ ਇੱਕ ਸਫ਼ਲਤਾ’ਚ ਗਣਿਆ ਜਾਵੇਗਾ।
7. ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਦਿਆਂ ਅਤੇ ਪੰਜਾਬ ਦੇ ਪਾਣੀਆਂ ਦੀ ਗੱਲ ਸ਼ੁਰੂ ਕਰਕੇ; ਪਿਛਲੀਆਂ ਵੋਟਾਂ’ਚ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਸੁਰਖੀਆਂ’ਚ ਲੈ ਆਉਣਾ ਵੀ ਨੌਜਵਾਨਾਂ ਦੀ ਜਿੱਤ ਹੀ ਸੀ। ਇਹ ਲੜਾਈ ਅੱਗੇ ਵੀ ਜਾਰੀ ਰਹੇਗੀ।
ਸਾਰਾ ਕੁਝ ਨਿਰਾਸ਼ ਕਰਨ ਵਾਲਾ ਨਹੀੰ; ਕੌਮ ਆਪਣੇ ਦਮ’ਤੇ ਅੱਜ ਵੀ ਸਰਕਾਰਾਂ ਨੂੰ ਝੁਕਾ ਸਕਦੀ ਹੈ। ਪਰ ਫ਼ਿਰ ਵੀ ਇਹ ਨਿੱਕੀਆਂ ਮੋਟੀਆਂ ਗੱਲਾਂ ਜ਼ਿਆਦਾ ਖੁਸ਼ ਹੋਣ ਵਾਲੀਆਂ ਵੀ ਨਹੀੰ ਹਨ; ਹਰ ਵਾਰ ਸਾਨੂੰ ਲਹਿਰ ਖੜੀ ਕਰਨ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇੱਕ ਤਾਕਤਵਰ ਜੱਥੇਬੰਦੀ ਦੀ ਘਾਟ ਹਮੇਸ਼ਾਂ ਰਹੀ ਹੈ, ਇੱਕ ਤਾਕਤਵਰ ਲੀਡਰ ਦੀ ਘਾਟ ਅੱਜ ਵੀ ਕੌਮ ਨੂੰ ਰਕੜ ਰਹੀ ਹੈ ਜਿਹੜਾ ਸਿੱਖ ਨੌਜਵਾਨੀ’ਚ ਉਹ ਜਜ਼ਬਾ ਭਰੇ; ਜਿਹੜਾ ਜਜ਼ਬਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਬਘੇਲ ਸਿੰਘ ਵਰਗੇ ਸਿੱਖ ਜਰਨੈਲ ਭਰਦੇ ਸਨ। ਇਤਿਹਾਸ ਸਿਰਜਣ ਲਈ ਇਤਿਹਾਸ ਨੂੰ ਨਾਲ ਲੈ ਕੇ ਹੀ ਚੱਲਣਾ ਪਵੇਗਾ; ਸਾਡਾ ਭਵਿੱਖ ਸਾਡੇ ਅਤੀਤ ਤੋੰ ਨਿਖੇੜਿਆ ਨਹੀੰ ਜਾ ਸਕਦਾ।
– ਸਤਵੰਤ ਸਿੰਘ