ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸੀਏ ਨੇ ਨੌਵੇ ਪਾਤਸ਼ਾਹ ਨੂੰ ਜਾਤਪਾਤ ਦੇ ਧਾਰਨੀ ਦੱਸਿਆ

By April 15, 2018 0 Comments


ਭਾਈ ਗਲਤੀ ਹੋਈ ਹੈ ਭਵਿੱਖ ਵਿੱਚ ਨਹੀ ਹੋਵੇਗੀ— ਇੰਚਾਰਜ ਅਰਦਾਸੀਆ ਭਾਈ ਸੁਲਤਾਨ ਸਿੰਘ

ਅੰਮ੍ਰਿਤਸਰ 6 ਅਪ੍ਰੈਲ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼ਿਫਾਰਸ਼ੀ ਟੱਟੂ ਭਰਤੀ ਕਰਨ ਦੀ ਪ੍ਰਕਿਰਿਆ ਕੋਈ ਨਹੀ ਸਗੋ ਅਕਸਰ ਹੀ ਚੱਲਦੀ ਰਹਿੰਦੀ ਹੈ ਤੇ ਸ਼ਿਫਾਰਸ਼ਾਂ ਤੇ ਉਸ ਉੱਚੇ ਫਰਲੇ ਵਾਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੇਲੇ ਵੀ ਚੱਲਦੀਆ ਸਨ ਜਿਹਨਾਂ ਦੀ ਇਮਾਨਦਾਰੀ ਦੇ ਚਰਚੇ ਗਲੀ ਗਲੀ ਕੀਤੇ ਜਾ ਰਹੇ ਹਨ। ਸ਼ਿਫਾਰਸੀ ਵਿਅਕਤੀ ਜਿਥੇ ਪ੍ਰਬੰਧ ਲਈ ਨਖਿੱਧ ਸਿੱਧ ਹੁੰਦੇ ਹਨ ਉਥੇ ਉਹਨਾਂ ਕਾਰਨ ਕਈ ਵਾਰੀ ਸੰਸਥਾ ਨੂੰ ਕਾਫੀ ਨੁਕਸਾਨ ਵੀ ਉਠਾਉਣਾ ਪੈਦਾ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਸ਼ਿਫਾਰਸ਼ੀ ਅਰਦਸੀਏ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਤੇ ਸੰਗੀਨ ਦੋਸ਼ ਲਗਾਉਦਿਆ ਉਹਨਾਂ ਨੂੰ ਜਾਤਪਾਤ ਦੇ ਧਾਰਨੀ ਸ਼ਬਦ ਨਾਲ ਸੰਬੋਧਨ ਕਰਕੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ ਨੂੰ ਲੈ ਕੇ ਸ਼ੋਸ਼ਲ ਮੀਡੀਆ ਕਈ ਪ੍ਰਕਾਰ ਦੀਆ ਚਰਚਾਵਾਂ ਨਾਲ ਭਰਿਆ ਪਿਆ ਹੈ ਜਦ ਕਿ ਇੰਚਾਰਜ ਅਰਦਾਸੀਆ ਸੁਲਤਾਨ ਸਿੰਘ ਨੇ ਕਿਹਾ ਕਿ ਗਲਤੀ ਹੋਈ ਹੈ ਤੇ ਭੁੱਲ ਚੁੱਕ ਦੀ ਮੁਆਫੀ ਅਜਿਹੀ ਗਲਤੀ ਭਵਿੱਖ ਵਿੱਚ ਨਹੀ ਹੋਣ ਦਿੱਤੀ ਜਾਵੇਗੀ।

ਭਾਈ ਸਤਨਾਮ ਸਿੰਘ ਨਾਲ ਤਾਂ ਰਾਬਤਾ ਕਾਇਮ ਨਹੀ ਹੋ ਸਕਿਆ ਪਰ ਸ਼੍ਰੋਮਣੀ ਕਮੇਟੀ ਦੇ ਗਲਿਆਰਿਆ ਤੇ ਬਾਹਰ ਆਮ ਲੋਕਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਜੇਕਰ ਸ਼ਿਫਾਰਸ਼ੀ ਭਰਤੀ ਕੀਤੇ ਜਾਣਗੇ ਤਾਂ ਅਜਿਹੀਆ ਗਲਤੀਆ ਭਵਿੱਖ ਵਿੱਚ ਵੀ ਹੁੰਦੀਆ ਰਹਿਣਗੀਆ ਕਿਉਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਕਾਲੀ ਜਥੇਦਾਰਾਂ ਦੇ ਨਲਾਇਕ ਧੀਆਂ ਪੁੱਤਰਾਂ ਨੂੰ ਭਰਤੀ ਕਰਨ ਤੋ ਬਾਹਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨਹੀ ਨਿਕਲਦੇ ਤੇ ਅੱਜ ਕਰੀਬ ਦਰਜਨ ਦਰਜਨ ਬੈਕਾਂ ਲੁੱਟ ਕੇ ਸਜਾਵਾਂ ਭੁਗਤਣ ਵਾਲੇ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਤੇ ਕਈ ਕਈ ਹਜ਼ਾਰ ਉਹ ਤਨਖਾਹਾਂ ਲੈ ਰਹੇ ਹਨ। ਭਾਈ ਬਲਬੀਰ ਸਿੰਘ ਵੱਲੋ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਬਰਗਾੜੀ ਕਾਂਡ ਦਾ ਦੋਸ਼ੀ ਮੰਨਦਿਆ ਸਿਰੋਪਾ ਦੇਣ ਤੋ ਇਨਕਾਰ ਕਰਨ ਦੀ ਕੀਤੀ ਗਲਤੀ ਉਪਰੰਤ ਉਸ ਨੂੰ ਕਈ ਪ੍ਰਕਾਰ ਦੀਆ ਸਜਾਵਾਂ ਦੇ ਦਿੱਤੀਆ ਸੀ ਤੇ ਅਖੀਰ ਉਹਨਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਕੀ ਹੁਣ ਵੀ ਅਰਦਾਸੀਏ ਵੱਲੋ ਗਲਤੀ ਕਰਨ ਤੇ ਉਸ ਨਾਲ ਅਜਿਹਾ ਸਲੂਕ ਕੀਤਾ ਜਾਵੇਗਾ ਜਾਂ ਫਿਰ ਅਰਦਾਸ ਵਿੱਚ ਅਖੀਰ ਕਹੇ ਜਾਂਦੇ ਸ਼ਬਦ ਭੁੱਲ ਚੁੱਕ ਮੁਆਫ ਕਰਨ ਨੂੰ ਗੁਰੂ ਦਾ ਭਾਣਾ ਮੰਨ ਕੇ ਮੁਆਫੀ ਦੇ ਦਿੱਤੀ ਜਾਵੇਗੀ। ਇਸ ਸਬੰਧੀ ਜਦੋ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਸ਼ਾਇਦ ਕਿਸੇ ਮੀਟਿੰਗ ਵਿੱਚ ਹੋਣ ਕਾਰਨ ਫੋਨ ਨਹੀ ਚੁੱਕਿਆ।