ਜਦੋਂ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਤਾਂ..

By April 14, 2018 0 Comments


ਜਦੋਂ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਤਾਂ ਜ਼ਾਲਮਾਂ ਨੇ ਉਚੀ ਆਵਾਜ਼ ਵਿੱਚ ਕਿਹਾ, ”ਹੈ ਕੋਈ ਸਿੱਖ ਜੋ ਆਪਣੇ ਗੁਰੂ ਦਾ ਸੀਸ ਉਠਾ ਲਵੇ?” ਤਾਂ ਸਾਰੇ ਸਿੱਖ ਉਥੋਂ ਖਿਸਕ ਗਏ। ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਮੈਂ ਇੱਕ ਐਸਾ ਸਿੱਖ ਸਾਜਾਂਗਾ ਜੋ ਹਜ਼ਾਰਾਂ ‘ਚੋਂ ਨਹੀਂ ਬਲਕਿ ਲੱਖਾਂ ‘ਚੋਂ ਪਛਾਣਿਆ ਜਾ ਸਕੇਗਾ ਇਸ ਦਾ ਜ਼ਿਕਰ ਭਾਈ ਸੰਤੋਖ ਸਿੰਘ ਨੇ ਇਸ ਤਰ੍ਹਾਂ ਆਪਣੇ ਲਫਜ਼ਾਂ ਵਿੱਚ ਕੀਤਾ ਹੈ :-

ਸ਼੍ਰੀ ਗੁਰੂ ਗੋਬਿੰਦ ਸਿੰਘ ਸੁਨਿ ਕਰਿ ਐਸੇ॥ ਗਰਜਤਿ ਬੋਲੇ ਜਲਧਰ ਜੈਸੇ।
ਇਸ ਬਿਧਿ ਕੋ ਅਬਿ ਪੰਥ ਬਨਾਵੌ॥ ਸਕਲ ਜਗਤ ਮਹਿਂ ਬਹੁਤ ਬਿਦਤਾਵੋਂ॥
ਲਾਖਹੁ ਜਗ ਕੇ ਨਰ ਇੱਕ ਥਾਇਂ॥ ਤਿਨ ਮਹਿਂ ਮਿਲੇ ਏਕ ਸਿਖ ਜਾਇ॥
ਸਭ ਮਹਿਂ ਪ੍ਰਥਕ ਪਛਾਨਯੋ ਪਰੈ॥ ਚਲੈ ਨ ਕਾਯੋ ਹੂੰ ਕੈਸਿਹੁਂ ਕਰੈ॥
ਜਥਾ ਬਕਨ ਮਹਿਂ ਹੰਸ ਨ ਛਪੈ॥ ਗ੍ਰਿੱਝਨਿ ਬਿਖੈਹ ਮੋਹ ਜਿਮ ਦਿਪੈ॥
ਜਯੋਂ ਖਰ ਗਨ ਮਹਿਂ ਬਲੀ ਤੁਰੰਗ॥ ਜਥਾ ਮ੍ਰਿਗਨਿ ਮਹਿਂ ਕੇਹਰਿ ਅੰਗ॥
ਤਿਮ ਨਾਨਾ ਭੇਖਨ ਕੇ ਮਾਂਹਿ॥ ਮਮ ਸਿਖ ਕੋ ਸਗਲੇ ਪਰਖਾਹਿਂ॥

ਇਹ ਸੁਣਕੇ ਗੁਰੂ ਗੋਬਿੰਦ ਸਿੰਘ ਸਾਵਣ ਦੇ ਬੱਦਲ ਵਾਂਗ ਗਰਜ ਕੇ ਬੋਲੇ ਹੁਣ ਮੈਂ ਅਜਿਹੇ ਪੰਥ ਦੀ ਸਾਜਨਾ ਕਰਾਂਗਾ ਜੋ ਸਾਰੇ ਸੰਸਾਰ ਵਿੱਚ ਨਿਆਰੇ ਅਤੇ ਨਿਵੇਕਲੇ ਰੂਪ ਦਾ ਧਾਰਨੀ ਹੋਵੇਗਾ। ਜਦੋਂ ਵੀ ਲੱਖਾਂ ਲੋਕਾਂ ਵਿੱਚ ਇਕ ਸਿੱਖ ਸ਼ਾਮਲ ਹੋਇਆ ਕਰੇਗਾ ਉਹ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ ਅਤੇ ਸਭ ਤੋਂ ਵੱਖਰਾ ਤੇ ਵਿਲੱਖਣ ਦਿਸੇਗਾ। ਬਗਲਿਆਂ ਦੀ ਡਾਰ ਵਿੱਚ ਜਿਵੇਂ ਕੋਈ ਹੰਸ ਛੁਪਿਆ ਨਹੀਂ ਰਹਿ ਸਕਦਾ, ਗਿਰਝਾਂ ਦੇ ਝੁੰਡ ਵਿੱਚ ਜਿਵੇਂ ਕੋਈ ਮੋਰ ਲਿਸ਼ਕਦਾ ਹੈ, ਖੋਤਿਆਂ ਦੀ ਭੀੜ ਵਿੱਚ ਜਿਵੇਂ ਕੋਈ ਘੋੜਾ ਅਤੇ ਹਿਰਨਾਂ ਦੀ ਡਾਰ ਵਿੱਚ ਜਿਵੇਂ ਕੋਈ ਸ਼ੇਰ ਝੱਟ ਪਛਾਣਿਆ ਜਾਂਦਾ ਹੈ ਤਿਵੇਂ ਹੀ ਮੇਰਾ ਸਿੱਖ ਵੱਖ-ਵੱਖ ਮੱਤਾਂ ਦੇ ਲੋਕਾਂ ਵਿੱਚ ਪਹਿਲੀ ਨਜ਼ਰੇ ਪਛਾਣਿਆ ਜਾ ਸਕੇਗਾ।-ਡਾ. ਅਮਨਦੀਪ ਸਿੰਘ ਟੱਲੇਵਾਲੀਆ