ਪੰਜਾਬ ਸਰਕਾਰ ਨੇ ਮੇਰੀ ਪਿੱਠ ‘ਚ ਛੁਰਾ ਮਾਰਿਆ – ਨਵਜੋਤ ਸਿੱਧੂ

By April 13, 2018 0 Comments


ਰੋਡਰੋਜ਼ ਦੇ ਮਾਮਲੇ ‘ਚ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਪ੍ਰਤੀ ਨਰਾਜ਼ਗੀ ਜਾਹਰ ਕੀਤੀ ਹੈ। ਸੁਪਰੀਮ ਕੋਰਟ ਵਿੱਚ ਚੱਲ ਰਹੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸਿੱਧੂ ਨੂੰ ਹਾਈਕੋਰਟ ਵਿੱਚ ਮਿਲੀ ਸਜ਼ਾ ਨੂੰ ਸਹੀ ਦੱਸਿਆ ਹੈ, ਜਿਸ ਉੱਤੇ ਨਵਜੋਤ ਸਿੱਧੂ ਨ ਕਿਹਾ ਕਿ ਪੰਜਾਬ ਸਰਕਾਰ ਨੇ ਮੇਰੀ ਪਿੱਠ ਵਿੱਚ ਛੁਰਾ ਮਾਰਿਆ ਹੈ।

ਸੁਪਰੀਮ ਕੋਰਟ ਚ ਜਾਰੀ ਸੁਣਵਾਈ ਚ ਪੰਜਾਬ ਸਰਕਾਰ ਵੱਲੋਂ ਬਹਿਸ ਪੂਰੀ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਬਹਿਸ ਦੌਰਾਨ ਅਦਾਲਤ ਵਿੱਚ ਕਿਹਾ ਗਿਆ ਕੀ ਸਿੱਧੂ ਦੇ ਖਿਲਾਫ ਹਾਈਕੋਰਟ ਵੱਲੋਂ ਸੁਣਾਈ ਤਿੰਨ ਸਾਲ ਦੀ ਸਜ਼ਾ ਨੂੰ ਬਹਾਲ ਰੱਖਿਆ ਜਾਵੇ। ਪੰਜਾਬ ਸਰਕਾਰ ਵੱਲੋਂ ਹਾਈਕੋਰਟ ਦੇ ਫੈਸਲੇ ਨੂੰ ਸਹੀ ਦੱਸਿਆ ਅਤੇ ਕਿਹਾ ਕੀ ਰੋਡਰੋਜ਼ ਮਾਮਲੇ ਵਿੱਚ ਸਿੱਧੂ ਨੂੰ ਜਾਣਬੁਝ ਕੇ ਨਹੀਂ ਫਸਾਇਆ ਗਿਆ ਅਤੇ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਤੋਂ ਪਤਾ ਲੱਗੇ ਕਿ ਪੀੜਤ ਦੀ ਮੌਤ ਦਿਲ ਦਾ ਦੌਰਾ ਪੈਣ ਦੀ ਵਜ੍ਹਾ ਨਾਲ ਹੋਈ ਹੈ।

1 ਘੰਟਾ 45 ਮਿੰਟ ਤੱਕ ਚੱਲੀ ਬਹਿਸ ਚ ਪੰਜਾਬ ਸਰਕਾਰ ਵੱਲੋਂ ਰੱਖਿਆ ਗਿਆ ਪੱਖ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵਧਾਉਣ ਵਾਲਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 1998 ਵਿੱਚ ਪਟਿਆਲਾ ‘ਚ ਵਾਪਰੀ ਇਸ ਘਟਨਾ ਚ ਹਾਈਕੋਰਟ ਵੱਲੋਂ ਸਿੱਧੂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਇਹ ਪੂਰਾ ਮਾਮਲਾ ਹੁਣ ਸੁਪਰੀਮ ਕੋਰਟ ਵਿੱਚ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਨੂੰ ਹੋਵੇਗੀ।

ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਨੇ ਇਹ ਮੰਨ ਹੀ ਲਿਆ ਕਿ ਨਵੋਜਤ ਸਿੰਘ ਸਿੱਧੂ ਦੀ ਸਜ਼ਾ ਬਰਕਾਰ ਰੱਖੀ ਜਾਵੇ ਤਾਂ ਇਸਦਾ ਸਿੱਧਾ ਮਤਲਬ ਹੈ ਕਿ ਸਰਕਾਰ ਸਿੱਧੂ ਨੂੰ ਦੋਸ਼ੀ ਮੰਨਦੀ ਹੈ। ਦੂਜੇ ਪਾਸੇ ਜਦੋਂ ਸਿੱਧੂ ਨੇ ਕਿਹਾ ਕਿ ਉਸਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਤਾਂ ਉਸਨੂੰ ਨੈਤਿਕਤਾ ਦੇ ਅਧਾਰ ਉੱਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਨੇ ਉਸਨੂੰ ਦੋਸ਼ੀ ਠਹਿਰਾ ਦਿੱਤਾ ਤਾਂ ਸਿੱਧੂ ਲਈ ਸੁਆਲ ਹੈ ਕੀ ਉਸਨੂੰ ਨੈਤਿਕ ਤੋਰ ਉੱਤੇ ਆਪਣੇ ਮੰਤਰੀ ਦੇ ਅਹੁਦੇ ਤੇ ਬਣਿਆ ਰਹਿਣਾ ਚਾਹੀਦਾ ਹੈ? ਦੂਜੀ ਗੱਲ ਸਿੱਧੂ ਕੀ ਆਸ ਰੱਖਦੇ ਹਨ ਕਿ ਉਹ ਸਰਕਾਰ ਦੇ ਮੰਤਰੀ ਹਨ, ਇਸ ਲਈ ਸਰਕਾਰ ਉਸਨੂੰ ਇਸ ਕੇਸ ਵਿੱਚੋਂ ਬਚਾਵੇ, ਇਹ ਗੱਲ ਸਿੱਧੂ ਲਈ ਕਿਸੇ ਵੀ ਤਰੀਕੇ ਨਾਲ ਵਾਜਵ ਨਹੀਂ ਹੈ।

Posted in: ਪੰਜਾਬ