ਇੰਗਲੈਂਡ ‘ਚੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਹੋਵੇਗੀ ਯਕੀਨੀ

By April 13, 2018 0 Comments


ਨਵੀਂ ਦਿੱਲੀ, 11 ਅਪ੍ਰੈਲ (ਏਜੰਸੀ)- ਕੇਂਦਰ ਸਰਕਾਰ ਨੇ ਇੰਗਲੈਂਡ ਤੇ ਆਇਰਲੈਂਡ ਨਾਲ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਨੂੰ ਲੈ ਕੇ ਸਮਝੌਤਾ ਕੀਤੇ ਜਾਣ ਨੂੰ ਮਨਜੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰੀ ਮੰਤਰੀ ਮੰਡਲ ਦੀ ਅੱਜ ਇਥੇ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਇਹ ਕਰਾਰ ਹੋਣ ਤੋਂ ਬਾਅਦ ਇੰਗਲੈਂਡ ਤੇ ਆਇਰਲੈਂਡ ‘ਚੋਂ ਉਨ੍ਹਾਂ ਸਾਰੇ ਲੋਕਾਂ ਦੀ ਵਾਪਸੀ ਯਕੀਨੀ ਹੋ ਸਕੇਗੀ, ਜਿਨ੍ਹਾਂ ਕੋਲ ਨਾਗਰਿਕਤਾ ਦੀ ਜਾਂਚ ਤੋਂ ਬਾਅਦ ਦੂਸਰੇ ਦੇ ਖੇਤਰ ‘ਚ ਰਹਿਣ ਲਈ ਕੋਈ ਕਾਨੂੰਨੀ ਆਧਾਰ ਨਹੀਂ ਹੈ।

ਇਸ ਸਮਝੌਤੇ ਨਾਲ ਅਜਿਹੇ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ‘ਚ ਮਦਦ ਮਿਲੇਗੀ, ਜੋ ਇਕ ਨਿਸ਼ਚਿਤ ਸਮਾਂ ਸੀਮਾ ‘ਚ ਦੂਸਰੇ ਦੇ ਖੇਤਰ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਇਸ ਕਰਾਰ ਨਾਲ ਇੰਗਲੈਂਡ ਦੀ ਵੀਜ਼ਾ ਪ੍ਰਣਾਲੀ ਉਨ੍ਹਾਂ ਲੋਕਾਂ ਲਈ ਸਰਲ ਹੋ ਸਕੇਗੀ ਜੋ ਕਾਨੂੰਨੀ ਤੌਰ ‘ਤੇ ਉਸ ਦੇਸ਼ ਦੀ ਯਾਤਰਾ ‘ਤੇ ਹਨ। ਇਸ ਦੇ ਨਾਲ ਹੀ ਕੂਟਨੀਤਿਕ ਪਾਸਪੋਰਟ ਧਾਰਕਾਂ ਲਈ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਹੋਵੇਗੀ। ਜ਼ਿਕਰਯੋਗ ਹੈ ਇਸ ਸਮਝੌਤੇ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪ੍ਰੈਲ ਦੇ ਤੀਜੇ ਹਫਤੇ ਲੰਡਨ ਵਿਖੇ ਹੋ ਰਹੀ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ ਦੀ ਬੈਠਕ ‘ਚ ਹਿੱਸਾ ਲੈਣ ਜਾ ਰਹੇ ਹਨ, ਜਿਸ ਦੌਰਾਨ ਉਨ੍ਹਾਂ ਵਲੋਂ ਇੰਗਲੈਂਡ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਤੇ ਮਹਾਰਾਣੀ ਐਲਿਜਾਬੈਥ ਨਾਲ ਵੀ ਮੁਲਾਕਾਤ ਕਰਨ ਦੀ ਸੰਭਾਵਨਾ ਹੈ।