ਸਾਕਾ ਜਲ੍ਹਿਆਂ ਵਾਲੇ ਬਾਗ ਦਾ

By April 13, 2018 0 Comments


ਡਾ. ਮੁਹੰਮਦ ਸ਼ਫੀਕ

ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਸ਼ਹਿਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਉਹ ਸਥਾਨ ਹੈ ਜਿੱਥੇ 13 ਅਪਰੈਲ 1919 ਨੂੰ ਅੰਗਰੇਜ਼ ਸਰਕਾਰ ਦੇ ਫੌਜੀ ਅਧਿਕਾਰੀ ਜਨਰਲ ਡਾਇਰ ਨੇ ਨਿਹੱਥੇ ਪੰਜਾਬੀਆਂ ਦੇ ਇਕੱਠ ’ਤੇ ਗੋਲੀ ਚਲਵਾਈ ਸੀ। ਇਸ ਦਿਨ ਲੋਕ ਸ੍ਰੀ ਹਰਮਿੰਦਰ ਸਾਹਿਬ ਵਿਸਾਖੀ ਮਨਾਉਣ ਇੱਕਠੇ ਹੋਏ ਸਨ। ਖੁਸ਼ਵੰਤ ਸਿੰਘ ਅਨੁਸਾਰ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਘੋੜ ਦੌੜ ਆਦਿ ਕਈ ਪ੍ਰਕਾਰ ਦੀਆਂ ਖੇਡਾਂ ਮੇਲੇ ਵਿੱਚ ਹੋਣੀਆਂ ਸਨ, ਜਿਸ ਕਾਰਨ ਲੋਕ ਦੁਪਹਿਰ ਸਮੇਂ ਆਰਾਮ ਕਰਨ ਲਈ ਬਾਗ ਵਿੱਚ ਇੱਕਠੇ ਹੋਏ ਸਨ। ਸਥਾਨਕ ਕਾਂਗਰਸੀ ਲੀਡਰਾਂ ਨੇ ਇਸ ਸਾਲ ਜਲ੍ਹਿਆਂਵਾਲੇ ਬਾਗ ਵਿੱਚ ਜਲਸਾ ਕਰਨ ਦਾ ਫ਼ੈਸਲਾ ਕੀਤਾ ਜਿਸ ਬਾਰੇ 12 ਅਪਰੈਲ ਨੂੰ ਹੀ ਮੁਨਾਦੀ ਕਰਵਾ ਦਿੱਤੀ ਗਈ ਸੀ।
ਇਸ ਜਲਸੇ ਦਾ ਪ੍ਰਯੋਜਨ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨਾ ਸੀ ਕਿਉਂਕਿ ਰੋਲੈਟ ਐਕਟ ਦੇ ਵਿਰੋਧ ਵਿੱਚ ਰਾਸ਼ਟਰ ਵਿਆਪੀ ਅੰਦੋਲਨ ਨੂੰ ਦਬਾਉਣ ਲਈ ਅੰਗਰੇਜ ਸਰਕਾਰ ਨੇ ਕਈ ਸਖ਼ਤ ਕਦਮ ਚੁੱਕੇ ਅਤੇ ਉੱਘੇ ਨੇਤਾਵਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਸੀ। ਪੰਜਾਬ ਵਿੱਚ ਡਾ. ਸਤਪਾਲ ਤੇ ਡਾ. ਕਿਚਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦੇ ਵਿਰੋਧ ਵਿੱਚ 9 ਅਪਰੈਲ 1919 ਨੂੰ ਹਿੰਦੂ, ਸਿੱਖ ਤੇ ਮੁਸਲਮਾਨਾਂ ਨੇ ਇੱਕ ਸਾਂਝਾ ਜਲੂਸ ਕੱਢਿਆ ਅਤੇ ਇਨ੍ਹਾਂ ਦੋਹਾਂ ਨੇਤਾਵਾਂ ਦੀ ਰਿਹਾਈ ਦੀ ਮੰਗ ਕੀਤੀ। ਇਸ ਜਲੂਸ ਉੱਤੇ ਸਰਕਾਰ ਨੇ ਗੋਲੀ ਚਲਾ ਦਿੱਤੀ, ਜਿਸ ਦੇ ਸਿੱਟੇ ਵਜੋਂ ਲੋਕਾਂ ਵਿਚ ਰੋਹ ਭੜਕ ਉੱਠਿਆ ਅਤੇ ਜਲ੍ਹਿਆਂਬਾਗ ਵਿਚ 4.30 ਵਜੇ ਜਲਸਾ ਕਰਵਾਇਆ ਗਿਆ। ਦੁਪਹਿਰ ਇਕ ਵਜੇ ਦੇ ਕਰੀਬ ਇਸ ਦੀ ਖ਼ਬਰ ਜਨਰਲ ਡਾਇਰ ਨੂੰ ਮਿਲ ਗਈ। ਉਸ ਨੇ ਸੁਣਦੇ ਸਾਰ ਹੀ ਆਪਣੇ ਫ਼ੌਜੀ ਦਸਤਿਆਂ ਨਾਲ ਬਾਗ ਵੱਲ ਕੂਚ ਕਰ ਦਿੱਤਾ। ਚਾਰ ਚੁਫੇਰਿਉਂ ਉੱਚੇ ਘਰਾਂ ਨਾਲ ਘਿਰੇ ਇਸ ਬਾਗ ਵਿੱਚ ਵੜਨ ਲਈ ਇਕ ਤੰਗ ਜਿਹੀ ਗਲੀ ਸੀ ਜਿਸ ਰਾਹੀਂ ਡਾਇਰ ਆਪਣੇ ਫ਼ੌਜੀਆਂ ਸਮੇਤ ਅੰਦਰ ਆ ਗਿਆ। ਡਾਇਰ ਨੇ ਅੰਦਰ ਵੜਦਿਆਂ ਹੀ ਬਿਨਾ ਕਿਸੇ ਪੂਰਵ ਐਲਾਨ ਦੇ ਗੋਲੀ ਚਲਵਾ ਦਿੱਤੀ। ਲੋਕ ਦਹਿਸ਼ਤ ਕਾਰਨ ਬਾਹਰ ਨਿਕਣ ਲਈ ਇੱਧਰ ਉੱਧਰ ਭੱਜਣ ਲੱਗੇ ਪਰ ਕੋਈ ਰਸਤਾ ਨਾ ਮਿਲਿਆ। ਸਰਕਾਰੀ ਸੂਤਰਾਂ ਅਨੁਸਾਰ ਇਸ ਦੌਰਾਨ 381 ਵਿਅਕਤੀ ਮਰੇ ਅਤੇ 1290 ਜ਼ਖ਼ਮੀ ਹੋਏ ਪਰ ਗੈਰ ਸਰਕਾਰੀ ਸੂਤਰਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 700 ਅਤੇ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 1400 ਤੋਂ 2000 ਸੀ। ਕਈ ਘਬਰਾਹਟ ਨਾਲ ਖੂਹ ਵਿਚ ਛਾਲਾਂ ਮਾਰ ਕੇ ਮਰ ਗਏ। ਉਸ ਦਿਨ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ। ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਇਸ ਘਟਨਾ ਨੂੰ ‘ਝਨਾ ਦੀ ਰਾਤ ਵਿਚ ਇਉਂ ਲਿਖਿਆ ਹੈ:
ਬੁਰਜ ਸ਼ਹੀਦਾਂ ਦੇਖਦੇ ਵਡ ਬਲੀ ਨਿਰਾਸੇ।
ਜਲ੍ਹਿਆਂ ਵਾਲੇ ਬਾਗ ਦੇ ਉਹ ਸ਼ੇਰ ਪਿਆਸੇ।
ਇਸ ਸਾਕੇ ਨੇ ਭਾਰਤ ਵਾਸੀਆਂ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਬਰਤਾਨਵੀ ਸਰਕਾਰ ਵਿਰੁੱਧ ਉਨ੍ਹਾਂ ਦੀ ਵਿਦਰੋਹ ਦੀ ਭਾਵਨਾ ਭੜਕ ਉੱਠੀ। ਉਨ੍ਹਾਂ ਨੇ ਪੁਲ਼ਾਂ, ਡਾਕਖਾਨਿਆਂ ਅਤੇ ਹੋਰ ਸਰਕਾਰੀ ਇਮਾਰਤਾਂ ਨੂੰ ਅੱਗਾਂ ਲਗਾ ਦਿੱਤੀਆਂ। ਟੈਲੀਫੋਨ ਅਤੇ ਤਾਰ ਘਰਾਂ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ, ਜਿਸ ਕਾਰਨ ਅੰਗਰੇp ਸਰਕਾਰ ਨੇ ਪਹਿਲਾਂ ਅੰਮ੍ਰਿਤਸਰ ਵਿੱਚ ਤੇ ਫਿਰ ਇਸ ਦੇ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ। ਇਸ ਦਰਦਨਾਕ ਸਾਕੇ ਨੂੰ ਸੁਨਾਮ ਦੇ ਜੰਮਪਲ ਊਧਮ ਸਿੰਘ ਨੇ ਅੱਖੀਂ ਦੇਖਿਆ ਅਤੇ ਉਸ ਨੇ ਲਾਸ਼ਾਂ ਦੇ ਢੇਰ ਵਿੱਚ ਖੜ੍ਹੇ ਹੋ ਕੇ ਪ੍ਰਣ ਕੀਤਾ ਕਿ ਉਹ ਇਸ ਸਾਕੇ ਦਾ ਬਦਲਾ ਲਵੇਗਾ। ਉਹ ਕ੍ਰਾਂਤੀਕਾਰੀਆਂ ਵਿੱਚ ਜਾ ਰਲਿਆ। ਵੀਹ ਸਾਲ ਤਕ ਉਹ ਬਦਲਾ ਲੈਣ ਲਈ ਮੌਕਾ ਭਾਲਦਾ ਰਿਹਾ ਅਤੇ ਅਖੀਰ 13 ਮਾਰਚ 1940 ਨੂੰ ਇੰਡੀਆ ਹਾਊਸ ਵਿੱਚ ਲੈਕਚਰ ਦੇ ਰਹੇ ਸਰ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਉਸ ਨੇ ਆਪਣਾ ਪ੍ਰਣ ਪੂਰਾ ਕੀਤਾ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ। 15 ਅਗਸਤ 1947 ਨੂੰ ਦੇਸ਼ ਦੇ ਆਜ਼ਾਦ ਹੋਣ ਉਪਰੰਤ ਭਾਰਤ ਸਰਕਾਰ ਨੇ ਜਲ੍ਹਿਆਂ ਵਾਲੇ ਬਾਗ ਨੂੰ ਖ਼ਰੀਦ ਕੇ ਇਕ ਰਾਸ਼ਟਰੀ ਯਾਦਗਾਰੀ ਸਮਾਰਕ ਉਸਾਰਣ ਦੀ ਯੋਜਨਾ ਬਣਾਈ। ਇਸ ਕੰਮ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ 5,65,000 ਰੁਪਏ ਵਿੱਚ ਇਹ ਜਗ੍ਹਾ ਖ਼ਰੀਦ ਲਈ।
ਮੈਦਾਨ ਵਿੱਚ ਇਕ ਚੋਰਸ ਥੜਾ ਬਣਾ ਕੇ ਇਸ ਉੱਤੇ ਇਕ ਯਾਦਗਾਰੀ ਸਤੂਪ ਬਣਾਇਆ ਗਿਆ ਜਿਸ ਦੇ ਆਸੇ-ਪਾਸੇ ਪੱਥਰ ਦੇ ਚਾਰ ਚਾਨਣ ਮੁਨਾਰੇ ਹਨ। ਇਹ ਸਤੂਪ ਜੈਪੁਰ ਤੋਂ ਲਿਆਂਦੇ ਲਾਲ ਪੱਥਰ ਦੇ 300 ਟੁਕੜਿਆਂ ਦਾ ਬਣਿਆ ਹੋਇਆ ਹੈ। ਉਸ ਸਮੇਂ ਦੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ 1961 ਈ. ਵਿਚ ਇਸ ਦਾ ਉਦਘਾਟਨ ਕੀਤਾ। ਇੱਥੇ ਇਕ ਆਰਟ ਗੈਲਰੀ ਵੀ ਬਣਾਈ ਗਈ ਹੈ।
ਮਹਾਤਮਾ ਗਾਂਧੀ ਨੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਤੋਂ ਬਾਅਦ ਕਿਹਾ ਸੀ ਕਿ ਉਹ ਡਾਇਰ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਤਾਂ ਸਿਰਫ ਸਿਸਟਮ ਨੂੰ ਬਦਲਣਾ ਚਾਹੁੰਦੇ ਹਨ ਜਿਸ ਨੇ ਡਾਇਰ ਨੂੰ ਜਨਮ ਦਿੱਤਾ। 8 ਜੁਲਾਈ 1920 ਈ. ਨੂੰ ਕਰਨਲ ਜ਼ੋਸੀਅਰ ਸੀ ਵੈਜਫੁਡ ਨੇ ਲੰਡਨ ਵਿੱਚ ਜਲ੍ਹਿਆਂਵਾਲਾ ਬਾਗ ਬਾਰੇ ਹੋਈ ਬਹਿਸ ਵਿੱਚ ਕਿਹਾ ਸੀ, ‘ਬਰਤਾਨੀਆ ਦੇ ਇਤਹਾਸ ਵਿੱਚ ਪਹਿਲਾਂ ਕਿਧਰੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਹਿੰਦੁਸਤਾਨ ਨਾਲ ਸਾਡੇ ਸਰਬਾਂਗੀ ਰਿਸ਼ਤਿਆਂ ਵਿੱਚ ਅਜਿਹੀ ਚੀਜ਼ ਅੱਜ ਤੋਂ ਪਹਿਲਾਂ ਨਹੀ ਲੱਭਦੀ। ਉੱਥੇ ਇਕ ਯਾਦਗਾਰੀ ਸਮਾਧੀ ਉਸਾਰੀ ਜਾਏਗੀ। ਉਸ ਦੇ ਦਰਸ਼ਨਾਂ ਨੂੰ ਹਰ ਸਾਲ ਹਜ਼ਾਰਾਂ ਹਿੰਦੁਸਤਾਨੀ ਆਇਆ ਕਰਨਗੇ। ਫਿਰ ਜਦੋਂ ਅਸੀਂ ਮਨੁੱਖ ਵਾਦੀ ਦ੍ਰਿਸ਼ਟੀਕੋਣ ਦੀ ਗੱਲ ਕਰਾਗੇ ਤਾਂ ਇਹ ਖੂਨੀ ਦਾਸਤਾਨ ਸਾਡੇ ਮੂੰਹ ’ਤੇ ਮਾਰੀ ਜਾਏਗੀ।’
ਫਰਵਰੀ 2013 ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਜਲ੍ਹਿਆਂਵਾਲਾ ਬਾਗ ਵਿੱਚ ਆਇਆ ਤੇ ਉਸ ਨੇ ਇਸ ਨੂੰ ਬਰਤਾਨੀਆ ਦੇ ਇਤਿਹਾਸ ਦਾ ਇੱਕ ਸ਼ਰਮਨਾਕ ਕਾਰਾ ਦੱਸਿਆ ਸੀ। ਅਜੋਕੇ ਸਮੇਂ ਵਿਚ ਅੰਗਰੇਜ ਸਰਕਾਰ ਵੱਲੋਂ ਇਸ ਸਬੰਧੀ ਮਾਫੀ ਮੰਗਣ ’ਤੇ ਜ਼ੋਰ ਦਿੱਤਾ ਗਿਆ, ਜਿਸ ਬਾਰੇ 6 ਦਸੰਬਰ 2017 ਨੂੰ ਲੰਡਨ ਦੇ ਮਾਯੁਰ ਸਦੀਕ ਖਾਨ ਨੇ ਕਿਹਾ ਕਿ ਅੰਗਰੇਜ ਸਰਕਾਰ ਇਸ ਸਬੰਧੀ ਮਾਫੀ ਮੰਗਦੀ ਹੈ, ਜੋ ਕਿ ਜ਼ਰੂਰੀ ਹੈ।
ਡਾ. ਗੰਡਾ ਸਿੰਘ ਅਨੁਸਾਰ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਭਾਰਤੀਆਂ ਨੂੰ ਹਲੂਣ ਦਿੱਤਾ। ਉਹ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਇਕ ਹੋ ਗਏ। ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਹੀ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਊਧਮ ਸਿੰਘ ਜਿਹੇ ਯੋਧਿਆ ਨੂੰ ਆਜ਼ਾਦੀ ਦੀ ਚਿਣਗ ਲਗਾਈ। ਅੱਜ ਇਹ ਬਾਗ ਭਾਰਤ ਦੀ ਆਜ਼ਾਦੀ ਲਈ ਕੀਤੀ ਲੜਾਈ ਅਤੇ ਕੁਰਬਾਨੀ ਦਾ ਪ੍ਰਤੀਕ ਬਣ ਗਿਆ ਹੈ।

ਸੰਪਰਕ: 9814975686

Posted in: ਸਾਹਿਤ