ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਵਾਰਸ

By April 13, 2018 0 Comments


ਮਹਾਰਾਜਾ ਰਣਜੀਤ ਸਿੰਘ 27 ਜੂਨ, 1839 ਈਸਵੀ ਨੂੰ ਸਿਰਫ 59 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਿਆ। ਉਸ ਦੀ ਮੌਤ ਤੋਂ ਬਾਅਦ ਉਸ ਦੇ ਵਾਰਸਾਂ ਨੂੰ ਸਾਜਿਸ਼ੀਆਂ ਨੇ ਇਕ-ਇਕ ਕਰ ਕੇ ਕਤਲ ਕਰ ਦਿੱਤਾ। ਸਿਰਫ ਉਸ ਦਾ ਸਭ ਤੋਂ ਛੋਟਾ ਬੇਟਾ ਦਲੀਪ ਸਿੰਘ ਹੀ ਇਸ ਕਤਲੋਗਾਰਤ ਤੋਂ ਬਚ ਸਕਿਆ। ਦਲੀਪ ਸਿੰਘ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਬੇਟੇ ਦਾ ਖ਼ਾਨਦਾਨ ਅੱਗੇ ਨਹੀਂ ਚੱਲਿਆ। ਦਲੀਪ ਸਿੰਘ ਦਾ ਜਨਮ 6 ਸਤੰਬਰ, 1838 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਘਰ ਮਹਾਰਾਣੀ ਜਿੰਦਾਂ ਦੀ ਕੁੱਖੋਂ ਹੋਇਆ ਸੀ। ਉਸ ਨੇ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਤੋਂ ਬਾਅਦ 15 ਸਤੰਬਰ, 1843 ਤੋਂ ਲੈ ਕੇ ਅੰਗਰੇਜ਼ਾਂ ਵਲੋਂ ਪੰਜਾਬ ਨੂੰ ਹੜੱਪ ਲਏ ਜਾਣ ਤੱਕ 29 ਮਾਰਚ, 1849 ਤੱਕ, 5 ਸਾਲ 6 ਮਹੀਨੇ ਰਾਜ ਕੀਤਾ। 21 ਦਸੰਬਰ, 1849 ਨੂੰ ਅੰਗਰੇਜ਼ਾਂ ਨੇ ਉਸ ਨੂੰ ਤਖਤ ਬਰਦਾਰ ਕਰ ਕੇ ਡਾਕਟਰ ਜਾਹਨ ਲਾਗਨ ਦੀ ਸਰਪ੍ਰਸਤੀ ਹੇਠ ਯੂ.ਪੀ. ਵਿਚ ਫਤਿਹਗੜ੍ਹ ਭੇਜ ਦਿੱਤਾ। 1853 ਵਿਚ ਆਪਣੇ ਪੁਰਾਣੇ ਨੌਕਰ ਭਜਨ ਲਾਲ ਅਤੇ ਜਾਹਨ ਲਾਗਨ ਦੇ ਪ੍ਰਭਾਵ ਹੇਠ ਉਸ ਨੇ ਇਸਾਈ ਧਰਮ ਸਵੀਕਾਰ ਕਰ ਲਿਆ। 1854 ਵਿਚ ਉਸ ਨੂੰ ਇੰਗਲੈਂਡ ਤੋਰ ਦਿੱਤਾ ਗਿਆ। ਪਰ ਸਮਝਦਾਰ ਹੋਣ ‘ਤੇ 1858 ਈ: ਵਿਚ 20 ਸਾਲ ਦੀ ਉਮਰ ਵਿਚ ਉਸ ਨੇ ਦੁਬਾਰਾ ਸਿੱਖ ਧਰਮ ਧਾਰਨ ਕਰ ਲਿਆ।

ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦਲੀਪ ਸਿੰਘ ਨੂੰ ਦਿਲੀ ਪਿਆਰ ਕਰਦੀ ਸੀ। ਉਹ ਕਾਫੀ ਦੇਰ ਤੱਕ ਉਸਬੋਰਨ ਵਿਖੇ ਸ਼ਾਹੀ ਪਰਿਵਾਰ ਨਾਲ ਰਿਹਾ। ਇੰਗਲੈਂਡ ਵਿਚ ਉਹ ਵਿਬੰਲਡਨ, ਰੋਹੈਂਪਟਨ, ਔਚਲੀਨ ਅਤੇ ਅਖੀਰ ਪਰਥਸ਼ਾਇਰ ਦੇ 17000 ਏਕੜ ਜ਼ਮੀਨ ਵਿਚ ਸਥਿਤ ਮੈਨਜੀਜ਼ ਮਹਿਲ ਵਿਚ ਵਸ ਗਿਆ। ਇਥੇ ਹੀ ਮਹਿੰਗੀ ਜੀਵਨ ਸ਼ੈਲੀ, ਸ਼ਿਕਾਰ ਪਾਰਟੀਆਂ ਅਤੇ ਸ਼ਾਨਦਾਰ ਕੱਪੜੇ ਪਹਿਨਣ ਕਾਰਨ ਉਸ ਨੂੰ ਬਲੈਕ ਪ੍ਰਿੰਸ ਆਫ ਪਰਥਸ਼ਾਇਰ ਦਾ ਨਾਂਅ ਮਿਲਿਆ। 16 ਜਨਵਰੀ 1861 ਨੂੰ ਉਹ ਕਲਕੱਤਾ ਦੇ ਸਪੈਂਸਰ ਹੋਟਲ ਵਿਚ ਆਪਣੀ ਅੰਨ੍ਹੀ ਮਾਂ ਨੂੰ ਮਿਲਿਆ ਅਤੇ ਉਸ ਨੂੰ ਇੰਗਲੈਂਡ ਲੈ ਆਇਆ। ਉਸ ਨੂੰ ਅੱਗੇ ਪੰਜਾਬ ਜਾਣ ਦੀ ਆਗਿਆ ਨਾ ਮਿਲੀ। ਜਿੰਦਾ ਉਸ ਨਾਲ ਹੀ ਪਰਥਸ਼ਾਇਰ ਰਹਿਣ ਲੱਗੀ ਤੇ ਉਥੇ ਹੀ 1 ਅਗਸਤ, 1863 ਵਿਚ ਉਸ ਦੀ ਮੌਤ ਹੋ ਗਈ। 1863 ਵਿਚ ਦਲੀਪ ਸਿੰਘ ਦੂਸਰੀ ਵਾਰ ਆਪਣੀ ਮਾਂ ਦੀ ਰਾਖ ਪਾਉਣ ਲਈ ਭਾਰਤ ਆਇਆ। ਉਸ ਨੂੰ ਸਿਰਫ ਗੋਦਾਵਰੀ ਤੱਕ ਜਾਣ ਦੀ ਹੀ ਆਗਿਆ ਮਿਲੀ। ਹੌਲੀ-ਹੌਲੀ ਉਸ ਵਿਚ ਪੰਜਾਬ ਜਾਣ ਦੀ ਇੱਛਾ ਪ੍ਰਬਲ ਹੋ ਗਈ। ਬਰਤਾਨਵੀ ਸਰਕਾਰ ਦੀ ਇੱਛਾ ਦੇ ਵਿਰੁੱਧ ਉਹ 30 ਮਾਰਚ, 1886 ਨੂੰ ਭਾਰਤ ਲਈ ਚੱਲ ਪਿਆ ਪਰ ਯਮਨ ਦੀ ਬੰਦਰਗਾਹ ਅਦਨ ਤੋਂ ਵਾਪਸ ਮੋੜ ਦਿੱਤਾ ਗਿਆ।

ਦੁਖੀ ਹੋਇਆ ਦਲੀਪ ਸਿੰਘ ਫਰਾਂਸ ਚਲਾ ਗਿਆ। ਉਸ ਨੇ ਰੂਸ ਦੀ ਯਾਤਰਾ ਵੀ ਕੀਤੀ ਪਰ ਜ਼ਾਰ (ਰੂਸ ਦਾ ਬਾਦਸ਼ਾਹ) ਨੂੰ ਭਾਰਤ ‘ਤੇ ਹਮਲਾ ਕਰਨ ਲਈ ਨਾ ਮਨਾ ਸਕਿਆ। ਅਖੀਰ 1893 ਈ. ਨੂੰ ਮਾੜੀ ਸਿਹਤ ਅਤੇ ਡਿਪਰੈਸ਼ਨ ਕਾਰਨ 55 ਸਾਲ ਦੀ ਉਮਰ ਵਿਚ ਉਸ ਦੀ ਪੈਰਿਸ ਦੇ ਇਕ ਸਧਾਰਨ ਹੋਟਲ ਦੇ ਕਮਰੇ ਵਿਚ ਮੌਤ ਹੋ ਗਈ। ਉਸ ਦੀ ਆਖਰੀ ਇੱਛਾ ਸੀ ਕਿ ਉਸ ਦਾ ਅੰਤਿਮ ਸੰਸਕਾਰ ਲਾਹੌਰ ਵਿਚ ਕੀਤਾ ਜਾਵੇ। ਪਰ ਗੜਬੜ ਹੋਣ ਦੇ ਡਰੋਂ ਉਸ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਬਜਾਏ ਲੰਡਨ ਦੀ ਐਲਵਡਨ ਚਰਚ ਵਿਚ ਉਸ ਦੀ ਪਤਨੀ ਮਹਾਰਾਣੀ ਬੰਬਾ ਅਤੇ ਪੁੱਤਰ ਐਡਵਰਡ ਅਲਬਰਟ ਦਲੀਪ ਸਿੰਘ ਦੀਆਂ ਕਬਰਾਂ ਦੇ ਨਜ਼ਦੀਕ ਇਸਾਈ ਰੀਤੀ ਰਿਵਾਜ਼ਾਂ ਮੁਤਾਬਕ ਦਫ਼ਨ ਕਰ ਦਿੱਤਾ ਗਿਆ।
ਦਲੀਪ ਸਿੰਘ ਦੀਆਂ ਦੋ ਪਤਨੀਆਂ ਅਤੇ ਅੱਠ ਬੱਚੇ ਸਨ। ਪਹਿਲੇ ਵਿਆਹ ਤੋਂ ਤਿੰਨ ਲੜਕੇ ਤੇ ਤਿੰਨ ਲੜਕੀਆਂ ਅਤੇ ਦੂਸਰੇ ਤੋਂ ਦੋ ਲੜਕੀਆਂ ਪੈਦਾ ਹੋਈਆਂ। ਉਸ ਦੇ ਸਾਰੇ ਬੱਚੇ ਅਤੇ ਦੋਵੇਂ ਪਤਨੀਆਂ ਇਸਾਈ ਸਨ। ਉਨ੍ਹਾਂ ਨੇ ਸਾਰੀ ਉਮਰ ਇਸਾਈ ਧਰਮ ਦੇ ਨੇਮਾਂ ਅਨੁਸਾਰ ਬਤੀਤ ਕੀਤੀ ਤੇ ਈਸਾਈ ਧਰਮ ਮੁਤਾਬਕ ਹੀ ਦਫਨਾਏ ਗਏ। ਉਸ ਦੀ ਪਹਿਲੀ ਪਤਨੀ ਦਾ ਨਾਂਅ ਬੰਬਾ ਮੂਲਰ ਸੀ। ਬੰਬਾ ਇਕ ਅਰਬੀ ਸ਼ਬਦ ਹੈ ਜਿਸ ਦਾ ਮਤਲਬ ਗੁਲਾਬੀ ਹੁੰਦਾ ਹੈ। ਉਸ ਦਾ ਜਨਮ 6 ਜੁਲਾਈ, 1848 ਨੂੰ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਹੋਇਆ ਸੀ। ਉਸ ਦਾ ਬਾਪ ਲੁਡਵਿਗ ਮੂਲਰ ਇਕ ਜਰਮਨ ਬੈਂਕਰ ਅਤੇ ਵਪਾਰੀ ਸੀ। ਉਸ ਦੀ ਮਾਤਾ ਸੋਫੀਆ, ਐਬੀਸੀਨੀਅਨ ਇਸਾਈ ਸੀ ਤੇ ਲੁਡਵਿਗ ਦੀ ਰਖੇਲ ਸੀ। ਲੁਡਵਿਗ ਨੇ ਸਮਾਜਿਕ ਪ੍ਰੇਸ਼ਾਨੀ ਤੋਂ ਬਚਣ ਲਈ ਬੰਬਾ ਨੂੰ ਕਾਹਿਰਾ ਦੇ ਅਮਰੀਕਨ ਪਰੈਸਬੀਟੇਰੀਅਨ ਮਿਸ਼ਨਰੀ ਸਕੂਲ ਵਿਚ ਭਰਤੀ ਕਰਵਾ ਦਿੱਤਾ। ਆਪਣੀ ਮਾਤਾ ਦੀਆਂ ਆਖਰੀ ਰਸਮਾਂ ਪੂਰੀਆਂ ਕਰ ਕੇ ਮੁੰਬਈ ਤੋਂ ਵਾਪਸ ਜਾਂਦਾ ਦਲੀਪ ਸਿੰਘ ਕੁਝ ਦੇਰ ਲਈ ਕਾਹਿਰਾ ਰੁਕਿਆ। ਮਿਸ਼ਨਰੀ ਸਕੂਲ ਦਾ ਦੌਰਾ ਕਰਦੇ ਸਮੇਂ ਉਹ ਬੰਬਾ ਦੀ ਖ਼ੂਬਸੂਰਤੀ ‘ਤੇ ਮਰ ਮਿਟਿਆ। 7 ਜੂਨ, 1864 ਨੂੰ ਬਰਤਾਨਵੀ ਦੂਤਘਰ ਵਿਚ ਦੋਵਾਂ ਦਾ ਵਿਆਹ ਹੋ ਗਿਆ ਤੇ ਉਹ ਲੰਡਨ ਪਹੁੰਚ ਗਏ। ਬੰਬਾ ਇਕ ਸੁਘੜ ਸਿਆਣੀ ਔਰਤ ਸੀ ਤੇ ਦਲੀਪ ਸਿੰਘ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। 18 ਸਤੰਬਰ, 1887 ਨੂੰ ਗੁਰਦੇ ਖਰਾਬ ਹੋ ਜਾਣ ਕਾਰਨ 39 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਕੁੱਖੋਂ ਪੈਦਾ ਹੋਏ ਬੱਚੇ ਇਸ ਪ੍ਰਕਾਰ ਹਨ।

1. ਪ੍ਰਿੰਸ ਵਿਕਟਰ ਅਲਬਰਟ ਜੇ. ਦਲੀਪ ਸਿੰਘ – ਵਿਕਟਰ, ਦਲੀਪ ਸਿੰਘ ਅਤੇ ਬੰਬਾ ਦਾ ਸਭ ਤੋਂ ਵੱਡਾ ਬੱਚਾ ਸੀ। ਉਸ ਦਾ ਜਨਮ 10 ਜੁਲਾਈ, 1866 ਨੂੰ ਲੰਡਨ ਵਿਖੇ ਹੋਇਆ। ਉਸ ਨੇ ਈਟਨ ਅਤੇ ਟ੍ਰਿਨਟੀ ਕਾਲਜ ਕੈਂਬਰਿਜ ਤੋਂ ਸਿੱਖਿਆ ਪ੍ਰਾਪਤ ਕੀਤੀ। ਰਾਇਲ ਮਿਲਟਰੀ ਕਾਲਜ ਸੈਂਡਹਰਸਟ ਤੋਂ ਸੈਨਿਕ ਸਿਖਲਾਈ ਪ੍ਰਾਪਤ ਕਰ ਕੇ ਉਹ 1887 ਵਿਚ ਫਸਟ ਰਾਇਲ ਡਰੈਗੂਨਜ਼ ਪਲਟਣ ਵਿਚ ਸੈਕੰਡ ਲੈਫਟੀਨੈਂਟ ਭਰਤੀ ਹੋ ਗਿਆ ਜਿੱਥੇ ਉਸ ਨੇ 1898 ਤੱਕ ਨੌਕਰੀ ਕੀਤੀ ਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਮਿਲਟਰੀ ਸੇਵਾ ਨਿਭਾਈ। 4 ਜਨਵਰੀ, 1898 ਨੂੰ ਉਸ ਨੇ ਕਵੈਂਟਰੀ ਦੇ ਅਰਲ (ਜਗੀਰਦਾਰ) ਜਾਰਜ ਵਿਲੀਅਮ ਦੀ ਬੇਟੀ ਲੇਡੀ ਐਨ ਨਾਲ ਸ਼ਾਦੀ ਕਰਵਾ ਲਈ। ਇਸ ਵਿਆਹ ਨੇ ਇੰਗਲੈਂਡ ਵਿਚ ਬਹੁਤ ਤਰਥੱਲੀ ਪੈਦਾ ਕੀਤੀ ਕਿਉਂਕਿ ਇਹ ਪਹਿਲੀ ਘਟਨਾ ਸੀ ਕਿ ਕਿਸੇ ਭਾਰਤੀ ਰਾਜਕੁਮਾਰ ਦਾ ਵਿਆਹ ਬ੍ਰਿਟਿਸ਼ ਸ਼ਾਹੀ ਖਾਨਦਾਨ ਦੀ ਔਰਤ ਨਾਲ ਹੋਇਆ ਹੋਵੇ। ਇਹ ਵਿਆਹ ਪ੍ਰਿੰਸ ਆਫ ਵੇਲਜ਼ (ਬਾਅਦ ਵਿਚ ਇੰਗਲੈਂਡ ਦਾ ਬਾਦਸ਼ਾਹ ਐਡਵਰਡ 7ਵਾਂ) ਦੀ ਮਦਦ ਕਾਰਨ ਹੀ ਸੰਭਵ ਹੋ ਸਕਿਆ। ਬਹੁਤ ਹੀ ਠਾਠ ਬਾਠ ਨਾਲ ਹੋਏ ਇਸ ਵਿਆਹ ਵਿਚ ਮਹਾਰਾਣੀ ਵਿਕਟੋਰੀਆ ਸਮੇਤ ਇੰਗਲੈਂਡ ਦੀਆਂ ਅਨੇਕਾਂ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।
ਸ਼ਾਹ ਖਰਚ ਜੀਵਨ ਸ਼ੈਲੀ ਅਤੇ ਜੂਏ ਦੀ ਬੁਰੀ ਆਦਤ ਕਾਰਨ ਵਿਕਟਰ ਸਤੰਬਰ 1902 ਵਿਚ ਦੀਵਾਲੀਆ ਘੋਸ਼ਿਤ ਕਰ ਦਿੱਤਾ ਗਿਆ। 7 ਜੂਨ, 1918 ਨੂੰ ਬਿਨਾਂ ਕਿਸੇ ਔਲਾਦ ਦੇ ਉਸ ਦੀ 51 ਸਾਲ ਦੀ ਉਮਰ ਵਿਚ ਮੌਂਟੇ ਕਾਰਲੋ ਵਿਖੇ ਮੌਤ ਹੋ ਗਈ। ਉਸ ਨੂੰ ਮੌਂਟੇ ਕਾਰਲੋ ਦੇ ਐਂਗਲੀਕਨ ਕਬਰਸਤਾਨ ਵਿਚ ਦਫਨ ਕੀਤਾ ਗਿਆ। ਉਸ ਦੀ ਕਬਰ ਦੇ ਨਾਲ ਹੀ ਉਸ ਦੀ ਪਤਨੀ ਐਨ ਦੀ ਕਬਰ ਹੈ ਜਿਸ ਦੀ ਮੌਤ 2 ਜੁਲਾਈ, 1956 ਨੂੰ 82 ਸਾਲ ਦੀ ਉਮਰ ਵਿਚ ਹੋਈ। ਵਿਕਟਰ ਦੀ ਮੌਤ ਤੋਂ ਕਾਫੀ ਸਾਲ ਬਾਅਦ ਤੱਕ ਇਹ ਚਰਚਾ ਜ਼ੋਰਾਂ ‘ਤੇ ਚਲਦੀ ਰਹੀ ਕਿ ਉਹ ਕਾਰਨਾਰਵਨ ਕਾਊਂਟੀ ਦੇ 6ਵੇਂ ਅਰਲ ਹੈਨਰੀ ਹਰਬਰਟ ਦਾ ਅਸਲੀ ਬਾਪ ਸੀ ਕਿਉਂਕਿ ਉਸ ਦੇ ਹੈਨਰੀ ਦੀ ਮਾਂ ਅਲਮੀਨਾ ਨਾਲ ਗੂੜੇ ਪ੍ਰੇਮ ਸਬੰਧ ਸਨ।

Balraj Singh Sidhu SP
(ਬਾਕੀ ਅਗਲੇ ਐਤਵਾਰ ਦੇ ਅੰਕ ‘ਚ)
-ਪੰਡੋਰੀ ਸਿੱਧਵਾਂ।
ਮੋਬਾਈਲ : 9501100062.
Tags: , ,