ਸੁਖਬੀਰ ਬਾਦਲ ਦੇ ਕਹਿਣ ਕੈਪਟਨ ਨੇ ਬਦਲਿਆ IG ਬਠਿੰਡਾ

By April 12, 2018 0 Comments


ਯਾਦਵਿੰਦਰ ਸਿੰਘ

ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੀਆਂ ਬਦਲ਼ੀਆਂ ਹੋਈਆਂ ਹਨ। ਇਨ੍ਹਾਂ ਬਦਲੀਆਂ ‘ਚ ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਸਵਾਲ ਉੱਠ ਰਿਹਾ ਹੈ ਕਿ ਕੀ ਕੈਪਟਨ ਨੇ ਮੁਖਵਿੰਦਰ ਸਿੰਘ ਛੀਨਾ ਨੂੰ ਸੁਖਬੀਰ ਬਾਦਲ ਦੇ ਕਹਿਣ ‘ਤੇ ਬਦਲਿਆ ਹੈ?

ਦਰਅਸਲ ਚਰਚਾ ਇਸ ਕਰਕੇ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਲਕਾਰ ਰੈਲੀਆਂ ‘ਚ ਡਾਇਰੀ ਦਿਖਾ ਕੇ ਕਹਿੰਦੇ ਸੀ ਕਿ ਉਹ ਅਕਾਲੀ ਦਲ ਨਾਲ ਧੱਕਾ ਕਰਨ ਵਾਲੇ ਅਫਸਰਾਂ ਦੇ ਨਾਂ ਇਸ ਡਾਇਰੀ ‘ਚ ਨੋਟ ਕਰ ਰਹੇ ਹਨ। ਆਈਜੀ ਛੀਨਾ ਦਾ ਨਾਂ ਵੀ ਡਾਇਰੀ ‘ਚ ਨੋਟ ਹੈ ਤੇ ਸਰਕਾਰ ਆਉਣ ‘ਤੇ ਇਨ੍ਹਾਂ ਤੋਂ ਜਵਾਬ ਲਿਆ ਜਾਵੇਗਾ।

ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਬਾਦਲਾਂ ਦੇ ਇਲਾਕੇ ਬਠਿੰਡਾ ਤੋਂ ਆਈਜੀ ਮੁਖਵਿੰਦਰ ਛੀਨਾ ਨੂੰ ਬਦਲ ਦਿੱਤਾ ਗਿਆ। ਬਠਿੰਡਾ ਹਲਕੇ ਦੇ ਕਾਂਗਰਸੀ ਬਦਲੀ ਤੋਂ ਹੱਕੇ ਬੱਕੇ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਇੱਕ ਵਾਰ ਇਸੇ ਤਰ੍ਹਾਂ ਅਕਾਲੀ ਦਲ ਦੀ ਸਰਕਾਰ ‘ਚ ਪਟਿਆਲਾ ਦੇ ਆਈਜੀ ਐਸਕੇ ਅਸਥਾਨਾ ਨੂੰ ਬੀਬੀ ਪ੍ਰਨੀਤ ਕੌਰ ਨੇ ਬਦਲਵਾਇਆ ਸੀ। ਖ਼ੁਦ ਪ੍ਰਨੀਤ ਕੌਰ ਨੇ ਸੁਖਬੀਰ ਬਾਦਲ ਨੂੰ ਫੋਨ ਕਰਕੇ ਆਈਜੀ ਹਟਾਉਣ ਲਈ ਕਿਹਾ ਸੀ ਤੇ ਆਈਜੀ ਹਟਾ ਦਿੱਤੇ ਗਏ। ਪਟਿਆਲਾ ਕੈਪਟਨ ਦਾ ਗੜ੍ਹ ਤੇ ਬਠਿੰਡਾ ਬਾਦਲਾਂ ਦਾ ਗੜ੍ਹ ਹੈ।

ਕਾਂਗਰਸ ਦੇ ਸੀਨੀਅਰ ਲੀਡਰ ਇਸ ਬਦਲੀ ਤੋਂ ਬੇਹੱਦ ਨਾਰਾਜ਼ ਹਨ। ਸੁਨੀਲ ਜਾਖੜ ਨੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਕੋਲ ਹੋਰ ਮਸਲਿਆਂ ਦੇ ਨਾਲ-ਨਾਲ ਆਈਜੀ ਮੁਖਵਿੰਦਰ ਸਿੰਘ ਛੀਨਾ ਦੀ ਬਦਲੀ ਦਾ ਮਸਲਾ ਵੀ ਉਠਾਉਣਾ ਸੀ। ਦਰਅਸਲ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਅਕਾਲੀ ਦਲ ਦੇ ਸਮੇਂ ਵੀ ਇਸ ਅਹੁਦੇ ‘ਤੇ ਤਾਇਨਾਤ ਹਨ ਤੇ ਕਾਂਗਰਸ ਦਾ ਵੱਡਾ ਧੜਾ ਇਸ ਗੱਲ ਤੋਂ ਕਾਫੀ ਦੁਖੀ ਹੈ।

ਕੈਪਟਨ ਦੇ ਧੜੇ ਦੇ ਖਾਸ-ਮ-ਖਾਸ ਮੰਨੇ ਜਾਂਦੇ ਲੀਡਰ ਦਾ ਕਹਿਣਾ ਹੈ ਕਿ ਆਈਜੀ ਮੁਖਵਿੰਦਰ ਛੀਨਾ ਦੀ ਬਦਲੀ ਕਰਕੇ ਤਾਂ ਕੈਪਟਨ ਨੇ ਹੱਦ ਹੀ ਕਰ ਦਿੱਤੀ। ਇਵੇਂ ਲੱਗਦਾ ਜਿਵੇਂ ਸੁਖਬੀਰ ਬਾਦਲ ਨੇ ਫੋਨ ਕਰਕੇ ਛੀਨੇ ਨੂੰ ਬਦਲਵਾਇਆ ਹੋਵੇ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆਂ ਦਾ ਨਾਂ ਐਸਟੀਐਫ ਰਿਪੋਰਟ ‘ਚ ਆਉਣ ਤੋਂ ਬਾਅਦ ਸਿੱਧੂ ਤੋਂ ਬਾਰਡਰ ਏਰੀਆ ਦਾ ਚਰਜ ਵਾਪਸ ਲੈਣਾ ਵੀ ਬਹੁਤ ਕੁਝ ਕਹਿ ਰਿਹਾ ਹੈ ਤੇ ਪੰਜਾਬ ਦੀਆਂ ਸੱਥਾਂ ਤੱਕ ਇਸ ਗੱਲ ਦੀ ਚਰਚਾ ਹੈ।

Source ABP Sanjha