ਨਾਨਕ ਸ਼ਾਹ ਫ਼ਕੀਰ’ ਫ਼ਿਲਮ ਸਬੰਧੀ ਪੱਤਰ ਜਾਰੀ ਕਰਨ ਲਈ ਮੁੱਖ ਸਕੱਤਰ ਨੇ ਸੰਗਤ ਤੋਂ ਮੰਗੀ ਮੁਆਫ਼ੀ

By April 12, 2018 0 Comments


ਅੰਮ੍ਰਿਤਸਰ, 12 ਅਪ੍ਰੈਲ (ਜਸਵੰਤ ਸਿੰਘ ਜੱਸ)- ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਗੁਰੂ ਘਰਾਂ ‘ਚ ਦਿਖਾਉਣ ਲਈ ਬੀਤੇ ਦਿਨੀਂ ਜਾਰੀ ਕੀਤੇ ਪੱਤਰ ਲਈ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਸਿੱਖ ਸੰਗਤਾਂ ਤੋਂ ਮਾਫ਼ੀ ਮੰਗੀ ਹੈ। ਇਸ ਸਬੰਧੀ ਸੋਸ਼ਲ ਮੀਡੀਆ ਰਾਹੀਂ ਜਾਰੀ ਬਿਆਨ ‘ਚ ਡਾ: ਰੂਪ ਸਿੰਘ ਨੇ ਕਿਹਾ ਹੈ ਕਿ ਤਤਕਾਲੀ ਮੁੱਖ ਸਕੱਤਰ ਹਰਚਰਨ ਸਿੰਘ ਤੇ ਸਬ ਕਮੇਟੀ ਦੀ ਰਿਪੋਰਟ ਕਿ ਸਿੱਕਾ ਜਦ ਚਾਹੇ ਫ਼ਿਲਮ ਰਿਲੀਜ਼ ਕਰ ਸਕਦਾ ਹੈ, ਨੂੰ ਦੇਖ ਕੇ ਸਿੱਕੇ ਦੀ ਲਿਖਤੀ ਮੰਗ ‘ਤੇ ਮੈਂ ਇਹ ਫ਼ਿਲਮ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਘਰਾਂ ‘ਚ ਫ਼ਿਲਮ ਦੇਖਣ ਲਈ ਪੱਤਰ ਜਾਰੀ ਕੀਤਾ ਗਿਆ ਸੀ, ਜੋ ਹੁਣ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੱਤਰ ਜਾਰੀ ਕਰਨਾ ਮੇਰੀ ਭਾਰੀ ਭੁੱਲ ਸੀ, ਜਿਸ ਲਈ ਮੈਂ ਸੰਗਤਾਂ ਤੋਂ ਖਿਮਾ ਦਾ ਜਾਚਕ ਹਾਂ।

ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ।
-ਸਰਬਜੀਤ ਸਿੰਘ ਘੁਮਾਣ
ਪੰਥ ਵਿਚ ਛੇਕੇ ਜਾਣ ਮਗਰੋਂ ਹਰਿੰਦਰ ਸਿੱਕੇ ਦੀ ਹਾਲਤ ਉਹੀ ਹੈ ਜਿਹੜੀ ਗੁਰਬਚਨੇ ਨਰਕਧਾਰੀ ਦੀ ਸੀ।ਤੇਰਾਂ ਅਪਰੈਲ ਉਨੀ ਸੌ ਅਠੱਤਰ ਦੀ ਵਿਸਾਖੀ ਮਗਰੋਂ ਜਦ ਨਰਕਧਾਰੀਆਂ ਖਿਲਾਫ ਹੁਕਮਨਾਮਾ ਜਾਰੀ ਹੋਇਆ ਸੀ ਤਾਂ ਉਹਦੇ ਮਰਨ ਤੱਕ ਉਹ ਜੋ ਕੁਝ ਵੀ ਕਰਦਾ-ਕਰਾਂਉਂਦਾ ਰਿਹਾ,ਉਹ ਨਿਰਾ ਨਰਕ ਸੀ।ਬੇਸ਼ੱਕ ਉਹ ਬੜੇ ਭਰਮ ਪਾਂਉਂਦਾ ਰਿਹਾ,ਆਪਦੇ ਚੇਲੇ-ਬਾਲਕਿਆਂ ਨੂੰ ਭਰਮਾਉਂਦਾ ਰਿਹਾ ਕਿ ਮੈਨੂੰ ਹੁਕਮਨਾਮੇ ਨਾਲ ਕੱਖ ਫਰਕ ਨਹੀ ਪਿਆ ਪਰ ਹਕੀਕਤ ਵਿਚ ਉਹ ਅੰਦਰ ਤੱਕ ਹਿੱਲਿਆ ਪਿਆ ਸੀ।ਇਸੇ ਦੌਰਾਨ ੨੪ ਅਪਰੈਲ ੧੯੮੦ ਨੂੰ ਉਹ ਗੱਡੀ ਚਾੜ੍ਹ ਦਿਤਾ ਗਿਆ।ਪਰ ਹੁਕਮਨਾਮੇ ਦਾ ਅਸਰ ਬਰਕਰਾਰ ਰਿਹਾ।ਹੁਕਮਨਾਮੇ ਦੇ ਅਸਰ ਤੋਂ ਨਿਕਲਣ ਲਈ ਦਸੰਬਰ ੧੯੮੧ ਵਿਚ ਗੁਰਬਚਨੇ ਨਰਕਧਾਰੀ ਮਗਰੋਂ ਉਹਦੀ ਗੱਦੀ ਤੇ ਬੈਠਣ ਵਾਲੇ ਉਹਦੇ ਮੁੰਡੇ ਹਰਦੇਵ ਭੋਲੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨਾਲ ਚਿੱਠੀ ਪੱਤਰ ਵੀ ਕੀਤਾ ਕਿ ਅਸੀਂ ਗੁਰੂ ਗਰੰਥ ਸਾਹਿਬ ਦਾ ਪੂਰਨ ਸਤਿਕਾਰ ਕਰਦੇ ਹਾਂ ਤੇ ਸਾਡੀਆਂ ਕਿਤਾਬਾਂ ਵਿਚ ਜੋ ਕੁਝ ਗਲਤ ਹੋਵੇ,ਉਹ ਦੂਰ ਕਰਨ ਲਈ ਵੀ ਤਿਆਰ ਹਾਂ।ਉਦੋਂ ਜਥੇਦਾਰ ਸੰਤੋਖ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਜਿੰਨਾਂ ਦਾ ਪੁੱਤ ਸ. ਮਨਜੀਤ ਸਿੰਘ ਜੀ.ਕੇ ਹੁਣ ਪ੍ਰਧਾਨ ਹੈ।ਪਰ ਸੰਤ ਭਿੰਡਰਾਂਵਾਲਿਆਂ ਸਮੇਤ ਕੋਈ ਵੀ ਸਿਖ ਇਸ ਕਾਰਵਾਈ ਨਾਲ ਸਹਿਮਤ ਨਹੀ ਸੀ।ਸਿਖ ਸਿਧਾਤਾਂ ਅਨੁਸਾਰ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਤਾਂ ਰੱਦ ਨਹੀ ਸੀ ਹੋ ਸਕਦਾ ਜਿਸ ਕਰਕੇ ਸਿਖ ਜਗਤ ਦੀ ਇੱਛਾ ਸੀ ਕਿ ਨਰਕਧਾਰੀਏ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਭੁੱਲ ਬਖਸ਼ਵਾਕੇ ਪੰਥ ਵਿਚ ਸ਼ਾਮਿਲ ਹੋ ਜਾਣ।ਇਸੇ ਦੌਰਾਨ ਜਥੇਦਾਰ ਸੰਤੋਖ ਸਿੰਘ ਦਿੱਲੀ ਦਾ ਕਤਲ ਹੋ ਗਿਆ ਤੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਵੀ ਕੁਦਰਤੀਂ ਚੜ੍ਹਾਈ ਕਰ ਗਏ।ਇੰਝ ਇਹ ਮਸਲਾ ਬਰਕਰਾਰ ਹੀ ਰਿਹਾ ਜਿਸ ਕਰਕੇ ਹੁਣ ਵੀ ਨਰਕਧਾਰੀਏ ਬੇਹੱਦ ਔਖ ਵਿਚ ਹਨ।ਹੁਣ ਜਦ ਨਰਕਧਾਰੀਆਂ ਦਾ ਕਿਸੇ ਸ਼ਹਿਰ ਵਿਚ ਸਮਾਗਮ ਹੁੰਦਾ ਹੈ ਤਾਂ ਆਮ ਸਿਖ ਨਫਰਤ ਨਾਲ ਪਰ੍ਹੇ ਦੀ ਲੰਘਦਾ ਹੈ ਕਿ ਇਹ ਤਾਂ ਪੰਥ ਵਿਚੋਂ ਛੇਕੇ ਹੋਏ ਹਨ। ਇਵੇਂ ਹੀ ਹਰਿੰਦਰ ਸਿਕੇ ਦੇ ਨਾਲ ਹੋਣਾ ਹੈ।ਉਹਦੀ ਫਿਲਮ ਤੇ ਹੋਰ ਹਰ ਕਾਰੋਬਾਰ ਤੇ ਹੁਕਮਨਾਮੇ ਦਾ ਅਸਰ ਪਵੇਗਾ ਤੇ ਉਹਦੀਆਂ ਪੁਸ਼ਤਾਂ ਤੱਕ ਇਸ ਹੁਕਮਨਾਮੇ ਦਾ ਸੇਕ ਝੱਲਣਗੀਆਂ।ਸਿਖਾਂ ਦੇ ਦਿਲ ਦੁਖੀ ਕਰਨ ਵਾਲੇ ਕਾਰੇ ਉਹ ਬੇਸ਼ਕ ਕਰਦਾ ਰਹੇ,ਫਿਲਮ ਜਾਰੀ ਕਰ ਲਵੇ ਤੇ ਹੋਰ ਬੜਾ ਕੁਝ ਕਰ ਲਵੇ ਪਰ ਹੁਣ ਉਹਦਾ ਸਿਖ ਹੋਣ ਦਾ ਮਾਣ ਖੁੱਸ ਚੁੱਕਾ ਹੈ।ਹਰ ਲੰਘਦਾ ਪਲ ਉਹਦੇ ਸੰਤਾਪ ਨੂੰ ਵਧਾਏਗਾ।ਉਹਦੇ ਆਖਰੀ ਸਾਹ ਤੱਕ ਉਹਦਾ ਦਿਲ ਦਿਮਾਗ ਉਹਨੂੰ ਲਾਹਣਤਾਂ ਪਾਉਣਗੇ ਕਿ ਚਾਰ ਪੈਸਿਆਂ ਤੇ ਫੋਕੀ ਆਕੜ ਵਿਚ ਸਿਖ ਧਰਮ ਨਾਲ ਟੱਕਰ ਲਈ।ਉਹਨੇ ਸਿਖ ਜਗਤ ਦੇ ਦਿਲ ਦੁਖੀ ਕੀਤੇ ਸਨ ਪਰ ਜਿਵੇਂ ਜਫਰਨਾਮੇ ਦੇ ਲਫਜ਼ ਤੀਰ ਬਣਕੇ ਔਰੰਗਜੇਬ ਨੂੰ ਲੈ ਬੈਠੇ ਸਨ ਸਿਖ ਸੰਗਤਾਂ ਦੀਆਂ ਆਹਾਂ ਨੇ ਸਿੱਕੇ ਦਾ ਜਿਉਣ ਮਰਨ ਇਕ ਕਰ ਦੇਣਾ ਹੈ।ਜਿਸ ਹਿੰਦੂਤਵੀ ਸੱਤਾ ਦੇ ਸਿਰ ਤੇ ਉਹਨੇ ਸਿਖ ਜਗਤ ਨੂੰ ਲਲਕਾਰਿਆ ਸੀ,ਹੁਣ ਬਚਾ ਲਵੇ ਉਹਨੂੰ।ਅੱਜ ਹੋਰ ਵੀ ਕਈਆਂ ਨੂੰ ਅਕਲ ਆ ਗਈ ਹੋਣੀ ਹੈ ਕਿ ਬੇਸ਼ੱਕ ਜਥੇਦਾਰ,ਪ੍ਰਧਾਨ ਤੇ ਹੋਰ ਵੱਡੇ ਅਹੁਦਿਆਂ ਦੀ ਹਮਾਇਤ ਉਨਾਂ ਦੇ ਵੱਲ ਹੋਵੇ ਪਰ ਅੰਤ ਨੂੰ ਗੱਲ ਉਹੀ ਹੁੰਦੀ ਹੈ ਜਿਹੜੀ ਖਾਲਸਾ ਪੰਥ ਕਰਦਾ ਹੈ।ਅੱਜ ਉਹ ਹਮਾਇਤ ਕਿਥੇ ਗਈ ਜੀਹਦੇ ਸਿਰ ਤੇ ਸਿੱਕਾ ਤੇ ਉਹਦੇ ਸਮਰਥਕ ਸਿਖਾਂ ਨੂੰ ਚਿੜਾਉਂਦੇ ਰਹੇ ਨੇ ਕਿ ਸਾਨੂੰ ਤੁਹਾਡੀ ਕੀ ਪਰਵਾਹ?ਚੇਤੇ ਰੱਖੋ,ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ।
Tags: