ਹਰ ਦੂਜੇ ਤੀਜੇ ਦਿਨ ਸਿੱਖਾਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਵਿਰੋਧ ਕਰਨਾ ਪੈਂਦਾ। ਇਹ ਹਾਲਤ ਕਿਓਂ ਪੈਦਾ ਕੀਤੀ ਜਾਂਦੀ ਹੈ?

By April 8, 2018 0 Comments


ਹਰ ਦੂਜੇ ਤੀਜੇ ਦਿਨ ਸਿੱਖਾਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਵਿਰੋਧ ਕਰਨਾ ਪੈਂਦਾ। ਇਹ ਹਾਲਤ ਕਿਓਂ ਪੈਦਾ ਕੀਤੀ ਜਾਂਦੀ ਹੈ?

ਤਾਂ ਕਿ

1. ਵਿਰੋਧ ਕਰ-ਕਰ ਕੇ ਸਿੱਖ ਥੱਕ ਜਾਣ ਤੇ ਹਾਰ ਕੇ ਘਰ ਬਹਿ ਜਾਣ। ਜਿਵੇਂ ਕਿ ਦੇਖਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਪਹਿਲੀ ਵਾਰ ਬਹੁਤ ਵੱਡਾ ਵਿਰੋਧ ਹੋਇਆ, ਫਿਰ ਘਟਦਾ ਗਿਆ ਤੇ ਹੁਣ……….ਬੇਅਦਬੀ ਹਾਲੇ ਵੀ ਗਾਹੇ-ਬਗਾਹੇ ਹੁੰਦੀ ਰਹਿੰਦੀ ਪਰ ਬਹੁਤੇ ਸਿੱਖ ਓਧਰ ਧਿਆਨ ਹੀ ਦੇਣੋ ਹਟ ਗਏ।

2. ਹਰ ਰੋਜ਼ ਵਿਰੋਧ ਕਰਦੇ ਸਿੱਖਾਂ ਨੂੰ ਮੀਡੀਏ ਅਤੇ ਸੋਸ਼ਲ ਮੀਡੀਏ ‘ਤੇ ਦੇਖ ਕੇ ਲੋਕ ਸਿੱਖਾਂ ਦੇ ਵਿਰੋਧ ਨੂੰ ਗੰਭੀਰਤਾ ਨਾਲ ਲੈਣੋਂ ਹਟ ਜਾਣਗੇ ਕਿ ਇਨ੍ਹਾਂ ਤਾਂ ਵਿਰੋਧ ਕਰਨਾ ਹੀ ਹੈ, ਕਦੇ ਕਿਸੇ ਚੀਜ਼ ਦਾ ਤੇ ਕਦੇ ਕਿਸੇ ਦਾ ਪਰ ਉਹ ਇਹ ਨਹੀਂ ਸਮਝਣਗੇ ਕਿ ਇਹ ਵਿਰੋਧ ਬੇਲੋੜਾ ਨਹੀਂ ਸਗੋਂ ਸਿੱਖ ਨੂੰ ਜਾਣ-ਬੁੱਝ ਕੇ ਇਸ ਲਈ ਮਜਬੂਰ ਕੀਤਾ ਜਾ ਰਿਹਾ। ਸਾਡਾ ਹਾਲ ਫਲਸਤੀਨ ‘ਚ ਵੱਟੇ ਮਾਰਦੇ ਸੰਘਰਸ਼ਕਾਰੀਆਂ ਵਰਗਾ ਕਰ ਦੇਣਗੇ, ਜਿਨ੍ਹਾਂ ਨੂੰ ਲੋਕ ਦੇਖ ਕੇ ਚੈਨਲ ਬਦਲ ਲੈਂਦੇ ਹਨ।

3. ਜੇ ਸਿੱਖ ਵਿਰੋਧ ਨਾ ਕਰਨਗੇ ਤਾਂ ਕੌਮ ਲਈ ਕੁਝ ਉਸਾਰੂ ਕਰਨਗੇ, ਵਧੀਆ ਕੰਮਾਂ ਵੱਲ ਧਿਆਨ ਦੇਣਗੇ, ਅਕਸ ਹੋਰ ਵਧੀਆ ਬਣਾ ਲੈਣਗੇ। ਉਸ ਪਾਸੇ ਜਾਣੇ ਰੋਕਣ ਲਈ ਇਨ੍ਹਾਂ ਨੂੰ ਵਿਰੋਧਾਂ ‘ਚ ਉਲਝਾਈ ਰੱਖੋ। ਗਲਤ ਫਿਲਮ ਬਣਾ ਦਿਓ, ਗਲਤ ਪੰਜਾਬੀ ਲਿਖ ਦਿਓ, ਕੁਝ ਗਲਤ ਗਾ ਦਿਓ, ਗਲਤ ਟਿੱਪਣੀ ਕਰ ਦਿਓ। ਇਨ੍ਹਾਂ ਨੂੰ ਸਾਰੇ ਕੰਮ ਛੱਡ ਕੇ ਵਿਰੋਧ ਕਰਨਾ ਹੀ ਪੈਣਾ।

ਮੇਰੀ ਜਾਚੇ ਸਾਨੂੰ ਇਸੇ ਚੱਕਰਵਿਊਹ ‘ਚ ਉਲਝਾ ਲਿਆ ਗਿਆ ਹੈ। ਨਾ ਅਸੀਂ ਗਲਤ ਗੱਲਾਂ ਦਾ ਵਿਰੋਧ ਕਰਨਾ ਛੱਡ ਸਕਦੇ ਹਾਂ ਤੇ ਨਾ ਹੀ ਇਹ ਸਹਿ ਸਕਦੇ ਹਾਂ ਕਿ ਵਿਰੋਧਾਂ ‘ਚ ਉਲਝ ਕੇ ਚੰਗੇ ਕੰਮਾਂ ਵੱਲ ਧਿਆਨ ਨਾ ਦੇਈਏ।

ਸਾਨੂੰ ਰਲ਼ ਕੇ ਇਸ ਵੰਗਾਰ ਦਾ ਕੋਈ ਹੱਲ ਲੱਭਣਾ ਪੈਣਾ। ਇਸ ਵੱਡੀ ਚਾਲ ਦਾ ਤੋੜ ਭਾਲਣਾ ਪਵੇਗਾ ਵਰਨਾ ਬਹੁਤ ਜਲਦ ਅਸੀਂ ਥੱਕ ਜਾਵਾਂਗੇ, ਬਦਨਾਮ ਹੋ ਜਾਵਾਂਗੇ।

ਕੋਈ ਸੁਝਾਅ ਹੈ ਤਾਂ ਦਿਓ।

– ਗੁਰਪ੍ਰੀਤ ਸਿੰਘ ਸਹੋਤਾ