ਖ਼ਾਕੀ ਦੀ ਖ਼ਾਨਾਜੰਗੀ ਨੇ ਕਪਤਾਨ ਦੀ ਸਰਕਾਰ ‘ਫ਼ਾਹੇ ਟੰਗੀ’

By April 8, 2018 0 Comments


ਦਵਿੰਦਰ ਪਾਲ
ਚੰਡੀਗੜ੍ਹ, 7 ਅਪਰੈਲ
ਪੰਜਾਬ ਪੁਲੀਸ ਦੇ ਸਿਖਰਲੇ ਅਧਿਕਾਰੀਆਂ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਖਾਨਾਜੰਗੀ ਜਨਤਕ ਹੋਣ ਨਾਲ ਕੈਪਟਨ ਸਰਕਾਰ ਵੱਡੇ ਪ੍ਰਸ਼ਾਸਕੀ ਸੰਕਟ ਵਿੱਚ ਘਿਰੀ ਦਿਖਾਈ ਦੇ ਰਹੀ ਹੈ।

ਪੰਜਾਬ ਪੁਲੀਸ ਦੇ ਸਿਖਰਲੇ ਅਧਿਕਾਰੀਆਂ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਖਾਨਾਜੰਗੀ ਜਨਤਕ ਹੋਣ ਨਾਲ ਕੈਪਟਨ ਸਰਕਾਰ ਵੱਡੇ ਪ੍ਰਸ਼ਾਸਕੀ ਸੰਕਟ ਵਿੱਚ ਘਿਰੀ ਦਿਖਾਈ ਦੇ ਰਹੀ ਹੈ। ਪੰਜਾਬ ਪੁਲੀਸ ਦੇ ਅਧਿਕਾਰੀਆਂ ਵਿਚਾਲੇ ਕੁਰਸੀ ਲਈ ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਤੇ ਕਿਰਦਾਰਕੁਸ਼ੀ ਕਰਨੀ ਤਾਂ ਆਮ ਵਰਤਾਰਾ ਸੀ ਪਰ ਮੋਗਾ ਦੇ ਐੱਸਐੱਸਪੀ ਰਾਜਜੀਤ ਸਿੰਘ ਦੇ ਕਥਿਤ ਤੌਰ ’ਤੇ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਇਸ ਐੱਸਐੱਸਪੀ ਦੇ ਹੱਕ ਵਿੱਚ ਨਿੱਤਰਨ ਦੇ ਦੋਸ਼ ਲੱਗਣ ਮਗਰੋਂ ਪੁਲੀਸ ਅਧਿਕਾਰੀਆਂ ਵਿਚਲੀ ਧੜੇਬੰਦੀ ਖ਼ਤਰਨਾਕ ਰੁਖ਼ ਅਖਤਿਆਰ ਕਰਦੀ ਜਾ ਰਹੀ ਸੀ।
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪੁਲੀਸ ਦੇ ਧੜਿਆਂ ਵਿੱਚ ਵੰਡੇ ਜਾਣ ਦਾ ਇਲਮ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੀ ਪਰ ਪ੍ਰਸ਼ਾਸਕੀ ਹਲਕਿਆਂ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਧੜਿਆਂ ਵਿੱਚ ਵੰਡੇ ਪੁਲੀਸ ਅਧਿਕਾਰੀਆਂ ਨੂੰ ਸਮਝਾਉਣ ਜਾਂ ‘ਘੂਰਨ’ ਦਾ ਯਤਨ ਨਹੀਂ ਕੀਤਾ। ਇਹ ਵੱਖਰੀ ਰਾਇ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨਾਲ ਪੁਲੀਸ ਅਧਿਕਾਰੀਆਂ ਵਿਚਾਲੇ ਛਿੜੀ ਅੰਦਰੂਨੀ ਜੰਗ ਬਾਰੇ ਕਈ ਵਾਰੀ ਚਰਚਾ ਕੀਤੀ ਤੇ ਘਟਨਾਕ੍ਰਮ ’ਤੇ ਅਫਸੋਸ ਵੀ ਪ੍ਰਗਟ ਕੀਤਾ ਸੀ।

ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਦਫ਼ਤਰ ਅਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲੀਸ ਵਿਭਾਗ ਵਿਚਲੇ ਪ੍ਰਸ਼ਾਸਕੀ ਸੰਕਟ ਦਾ ਹੱਲ ਕੱਢਣ ਲਈ ਰਾਹ ਤਲਾਸ਼ੇ ਜਾ ਰਹੇ ਹਨ। ਸੀਨੀਅਰ ਅਧਿਕਾਰੀਆਂ ਨੇ ਪੁਲੀਸ ਅੰਦਰਲੀ ਖਾਨਾਜੰਗੀ ਖ਼ਤਮ ਕਰਨ ਬਾਰੇ ਚਰਚਾ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਕਾਰਨ ਕਾਫ਼ੀ ਪ੍ਰੇਸ਼ਾਨ ਦੱਸੇ ਜਾ ਰਹੇ ਹਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸਰਕਾਰ ਲਈ ਸੰਕਟ ਇਹ ਵੀ ਹੈ ਕਿ ਡੀਜੀਪੀ ਐਸ. ਚਟੋਪਾਧਿਆਏ ਨੂੰ ਹਾਈ ਕੋਰਟ ਦਾ ਸਿੱਧਾ ਸਹਾਰਾ ਹੋਣ ਕਾਰਨ ਸਰਕਾਰ ਦਖ਼ਲ ਦੇਣ ਅਤੇ ਇਸ ਪੁਲੀਸ ਅਧਿਕਾਰੀ ਦੀ ਅਗਵਾਈ ਵਾਲੀ ਐੱਸਆਈਟੀ ਨੂੰ ਭੰਗ ਕਰਨ ਜਾਂ ਮੈਂਬਰਾਂ ਨੂੰ ਬਦਲਣ ਦਾ ਜ਼ੋਖ਼ਮ ਮੁੱਲ ਨਹੀਂ ਲੈ ਸਕਦੀ। ਕੁਝ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੱਤੀ ਹੈ ਕਿ ਇਸ ਖਾਨਾਜੰਗੀ ਨੂੰ ਖ਼ਤਮ ਕਰਨ ਲਈ ਸਾਰੀਆਂ ਧਿਰਾਂ ਵਿੱਚ ਸੁਲ੍ਹਾ-ਸਫਾਈ ਦੇ ਯਤਨਾਂ ਰਾਹੀਂ ਮਾਮਲਾ ਨਜਿੱਠ ਲਿਆ ਜਾਵੇ। ਸੀਨੀਅਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁਲੀਸ ਅਧਿਕਾਰੀਆਂ ਵੱਲੋਂ ਜਿਸ ਤਰ੍ਹਾਂ ਇੱਕ-ਦੂਜੇ ਨੂੰ ਠਿੱਬੀ ਲਾਉਣ ਅਤੇ ਬੇਪਰਦ ਕਰਨ ਦੀ ਖੇਡ ਖੇਡੀ ਜਾ ਰਹੀ ਹੈ, ਇਸ ਦਾ ਅਸਰ ਸਿੱਧੇ ਤੌਰ ’ਤੇ ਕੈਪਟਨ ਸਰਕਾਰ ਦੇ ਅਕਸ ਉਪਰ ਵੀ ਪਵੇਗਾ। ਮੰਤਰੀਆਂ ਤੇ ਕਾਂਗਰਸ ਦੇ ਕਈ ਵਿਧਾਇਕਾਂ ਨੇ ਵੀ ਪੁਲੀਸ ਅਧਿਕਾਰੀਆਂ ਦੀ ਖਾਨਾਜੰਗੀ ਨੂੰ ਸਰਕਾਰ ਦੇ ਅਕਸ ਲਈ ਮਾਰੂ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਜਦੋਂ ਇਸ ਬਾਰੇ ਪਤਾ ਸੀ ਤਾਂ ਬਹੁਤ ਪਹਿਲਾਂ ਹੀ ਪੁਲੀਸ ਅਧਿਕਾਰੀਆਂ ਵਿਚਾਲੇ ਸੁਲ੍ਹਾ ਕਰਾਈ ਜਾਣੀ ਚਾਹੀਦੀ ਸੀ। ਇੱਕ ਮੰਤਰੀ ਨੇ ਆਪਣਾ ਨਾਮ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਧੜੇ ਦੇ ਹੀ ਪੁਲੀਸ ਅਧਿਕਾਰੀਆਂ ਨੂੰ ਥਾਪੜਾ ਦੇਣ ਦੀ ਥਾਂ ਸਾਰੇ ਪ੍ਰਸ਼ਾਸਨ ਨੂੰ ਆਪਣਾ ਸਮਝਣਾ ਚਾਹੀਦਾ ਹੈ। ਕਾਂਗਰਸੀ ਨੇਤਾਵਾਂ ਇੱਥੋਂ ਤੱਕ ਕਿ ਮੰਤਰੀਆਂ ਵੱਲੋਂ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਅਕਾਲੀਆਂ ਖਾਸ ਕਰਕੇ ਬਾਦਲਾਂ ਦੇ ਪ੍ਰਭਾਵ ਹੇਠ ਕੰਮ ਕਰਨ ਦੇ ਦੋਸ਼ ਵੀ ਲਾਏ ਜਾ ਰਹੇ ਹਨ।

ਟਕਰਾਅ ਦੀ ਸ਼ੁਰੂਆਤ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਨਸ਼ਾ ਤਸਕਰੀ ਰੋਕਣ ਲਈ ਏਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਸ਼ੇਸ਼ ਟਾਸਕ ਫੋਰਸ ਕਾਇਮ ਕਰਕੇ ਸ੍ਰੀ ਸਿੱਧੂ ਨੂੰ ਡੀਜੀਪੀ ਦੀ ਥਾਂ ਸਿੱਧੀ ਮੁੱਖ ਮੰਤਰੀ ਦਫ਼ਤਰ ਨੂੰ ਰਿਪੋਰਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ ਤਾਂ ਪੁਲੀਸ ਅਧਿਕਾਰੀਆਂ ਵਿਚਾਲੇ ਟਕਰਾਅ ਦਾ ਮੁੱਢ ਬੱਝ ਗਿਆ ਸੀ। ਸ਼ੁਰੂਆਤੀ ਦੌਰ ’ਚ ਮੁੱਖ ਮੰਤਰੀ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਅੱਖੋਂ-ਪਰੋਖੇ ਕਰਕੇ ਐੱਸਟੀਐੱਫ ਦੇ ਮੁਖੀ ਦੇ ਸੁਝਾਅ ਮੁਤਾਬਕ ਫੈਸਲੇ ਵੀ ਲਏ। ਕੁਝ ਪੁਲੀਸ ਅਧਿਕਾਰੀ ਇਸ ਗੱਲੋਂ ਵੀ ਅੌਖੇ ਸਨ ਕਿ ਕੈਪਟਨ ਸਰਕਾਰ ਨੇ ਬਾਦਲ ਸਰਕਾਰ ਵੱਲੋਂ ਲਾਏ ਡੀਜੀਪੀ (ਅਰੋੜਾ) ਨੂੰ ਹੀ ਕੁਰਸੀ ’ਤੇ ਕਾਇਮ ਰੱਖਿਆ ਹੈ। ਇਸ ਤੋਂ ਬਾਅਦ ਐੱਸ.ਟੀ.ਐੱਫ. ਨੇ ਜਦੋਂ 12 ਜੂਨ 2017 ਨੂੰ ਇੰਸਪੈਕਟਰ ਇੰਦਰਜੀਤ ਸਿੰਘ (ਬਰਖਾਸਤ) ਨੂੰ ਅਸਾਲਟ ਰਾਈਫਲ ਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੋਗਾ ਦੇ ਐੱਸਐੱਸਪੀ ਰਾਜਜੀਤ ਸਿੰਘ ਨੂੰ ਤਫਤੀਸ਼ ’ਚ ਸ਼ਾਮਲ ਕਰਕੇ ਪੁੱਛ-ਪਡ਼ਤਾਲ ਲਈ ਤਲਬ ਕੀਤਾ ਤਾਂ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਖਾਨਾਜੰਗੀ ਦਾ ਦੌਰ ਸ਼ੁਰੂ ਹੋ ਗਿਆ। ਦੱਸਣਯੋਗ ਹੈ ਕਿ ਦੋ ਸੀਨੀਅਰ ਪੁਲੀਸ ਅਧਿਕਾਰੀਆਂ ਡੀਜੀਪੀ ਸੁਰੇਸ਼ ਅਰੋੜਾ ਅਤੇ ਡੀਜੀਪੀ ਦਿਨਕਰ ਗੁਪਤਾ ਉਪਰ ਰਾਜਜੀਤ ਸਿੰਘ ਦੀ ਮੱਦਦ ਦੇ ਦੋਸ਼ ਲੱਗ ਰਹੇ ਸਨ। ਐੱਸਐੱਸਪੀ ਨੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ’ਤੇ ਖੁੰਦਕ ਕੱਢਣ ਦੇ ਦੋਸ਼ ਲਾਉਂਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਮਾਮਲੇ ਦੀ ਨਿਰਪੱਖ ਜਾਂਚ ਲਈ ਪਹੁੰਚ ਕੀਤੀ। ਇਹ ਅਜਿਹਾ ਮੌਕਾ ਸੀ ਜਦੋਂ ਪੰਜਾਬ ਸਰਕਾਰ ’ਤੇ ਰਾਜਜੀਤ ਸਿੰਘ ਦਾ ਅਦਾਲਤ ਵਿੱਚ ਪੱਖ ਪੂਰਨ ਦੇ ਦੋਸ਼ ਵੀ ਲੱਗੇ ਸਨ।
ਚਟੋਪਾਧਿਆਏ ਦਾ ਸਾਹਮਣੇ ਆਉਣਾ: ਇਹ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਮੋਗਾ ਦੇ ਐੱਸਐੱਸਪੀ ਵੱਲੋਂ ਨਿਰਪੱਖ ਜਾਂਚ ਲਈ ਦਾਇਰ ਕੀਤੀ ਪਟੀਸ਼ਨ ਦੀ ਸੁਣਵਾਈ ਦੌਰਾਨ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਨਸ਼ਾ ਤਸਕਰੀ ਮਾਮਲੇ ਦੀ ਸੁਣਵਾਈ ਕਰਦਿਆਂ ਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਬਣਾ ਦਿੱਤੀ। ਐੱਸਆਈਟੀ ਨੇ ਅਦਾਲਤ ਵਿੱਚ ਦੋ ਅੰਤ੍ਰਿਮ ਰਿਪੋਰਟਾਂ ਸੌਂਪ ਦਿੱਤੀਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਇਨ੍ਹਾਂ ਰਿਪੋਰਟਾਂ ਵਿੱਚ ਮੋਗਾ ਦੇ ਐੱਸਐੱਸਪੀ ਦੀ ਇੰਦਰਜੀਤ ਸਿੰਘ ਨਾਲ ਮਿਲੀਭੁਗਤ ਦਾ ਖੁਲਾਸਾ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਵਿਚਾਲੇ ਛਿੜੀ ਖਾਨਾਜੰਗੀ ਉਸ ਸਮੇਂ ਅਹਿਮ ਮੋੜ ਕੱਟ ਗਈ ਜਦੋਂ ਅੰਮ੍ਰਿਤਸਰ ਦੇ ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ਵਿੱਚ ਆਈਜੀ ਐੱਲ.ਕੇ. ਯਾਦਵ ਨੇ ਐੱਸ. ਚਟੋਪਾਧਿਆਏ ਨੂੰ ਤਫ਼ਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ। ਉਸ ਤੋਂ ਬਾਅਦ ਚਟੋਪਾਧਿਆਏ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਿੱਧਾ ਮੋਰਚਾ ਖੋਲ੍ਹ ਦਿੱਤਾ।

ਕੈਪਟਨ ਨੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲੀਸ ਵਿਚਲੀ ਖਾਨਾਜੰਗੀ ਦਾ ਗੰਭੀਰ ਨੋਟਿਸ ਲੈਂਦਿਆਂ ਪੁਲੀਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਇੱਥੇ ਜਾਰੀ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਨੇ ਗ੍ਰਹਿ ਸਕੱਤਰ ਐੱਨ.ਐੱਸ. ਕਲਸੀ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਡੀਜੀਪੀ ਸੁਰੇਸ਼ ਅਰੋਡ਼ਾ ਨੂੰ ਹਦਾਇਤ ਕੀਤੀ ਹੈ ਕਿ ੳੁਹ ਇਸ ਮਸਲੇ ਦੀ ਪਡ਼ਤਾਲ ਕਰਨ ਅਤੇ ਢੁਕਵੀਂ ਕਾਰਵਾੲੀ ਅਤੇ ਹੱਲ ਲੲੀ ਜ਼ਰੂਰੀ ਸੁਝਾਅ ਦੇਣ।