ਸਿੱਖ ਇਤਿਹਾਸ ਦੇ ਅਣਗੌਲੇ ਪੰਨੇ -ਅੱਜ ਦੇ ਦਿਨ ਸਜਿਆ ਸੀ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਖ਼ਰੀ ਦਰਬਾਰ

By May 22, 2018 0 Comments


22 ਮਈ 1839 ਨੂੰ ਹੀ ਮਹਾਰਾਜਾ ਖੜਗ ਸਿੰਘ ਨੂੰ ਇਸੇ ਦਰਬਾਰ’ਚ ਖਾਲਸਾ ਰਾਜ ਦਾ ਅਗਲਾ #ਮਹਾਰਾਜਾ ਥਾਪਿਆ ਸੀ

( ਤਸਵੀਰ ਮਹਾਰਾਜਾ ਸਾਹਿਬ ਦੇ ਆਖ਼ਰੀ ਦਰਬਾਰ ਦੀ ਨਹੀਂ ਹੈ)

ਖ਼ਾਲਸਾ ਰਾਜ ਦੇ ਉਸਰਈਏ’ਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਮਹਾਰਾਜਾ ਸਾਹਿਬ ਦੇ ਆਖ਼ਰੀ ਦਰਬਾਰ ਦਾ ਹਾਲ ਇਸ ਤਰਾਂ ਵਰਨਣ ਕਰਦੇ ਹਨ। ਜਦੋਂ ਮਹਾਰਾਜਾ ਸਾਹਿਬ ਨੇ ਆਪਣੇ ਰੋਗ ਨੂੰ ਵੱਧਦਾ ਡਿੱਠਾ ਤਾਂ 22 ਮਈ 1839 ਨੂੰ ਲਾਹੌਰ ਵਿੱਚ ਇੱਕ ਭਾਰੀ ਦਰਬਾਰ ਕਰਨ ਦਾ ਹੁਕਮ ਦਿੱਤਾ, ਜਿਸ ਵਿੱਚ ਲਗਪਗ ਸਾਰੇ ਸਰਦਾਰਾਂ ਤੇ ਜਾਗੀਰਦਾਰਾਂ ਨੂੰ ਬੁਲਾਇਆ ਗਿਆ ਸੀ। ਨੀਯਤ ਦਿਨ ਜਦ ਦਰਬਾਰੀ ਆਪੋ ਆਪਣੀ ਥਾਂ ਪਰ ਸਜ ਸਜ ਗਏ, ਤਦ ਸ਼ੇਰ-ਏ-ਪੰਜਾਬ ਇੱਕ ਸੁਨਹਿਰੀ ਪਾਲਕੀ ਵਿੱਚ ਇੱਕ ਤਕੀਏ ਪਰ ਢੋਹ ਲਾਏ ਹੋਏ ਦਰਬਾਰ ਵਿੱਚ ਆਏ, ਅੱਗੋਂ ਸਾਰੇ ਦਰਬਾਰੀਆਂ ਉੱਠ ਕੇ ਫ਼ਤਹਿ ਬੁਲਾਈ ਤੇ ਨਾਲ ਹੀ ਕਿਲੇ ਤੋਂ ਸਲਾਮੀ ਉਤਾਰੀ ਗਈ। ਮਹਾਰਾਜਾ ਸਾਹਿਬ ਇਸ ਸਮੇਂ ਇੰਨੇ ਕਮਜ਼ੋਰ ਸਨ ਕਿ ਆਪ ਨੂੰ ਸ਼ਾਹੀ ਵੈਦ ਨੇ ਕੁਰਸੀ ਪਰ ਬੈਠਣ ਦੀ ਆਗਿਆ ਨਾ ਦਿੱਤੀ। ਉਸੇ ਤਰਾਂ ਆਪ ਦੀ ਪਾਲਕੀ ਅਡੇਲ ਹਜ਼ਰੂੀ ਬਾਗ਼ ਦੀ ਬਾਰਾਂਦਰੀ ਦੇ ਚਬੂਤਰੇ ਪਰ ਰੱਖੀ ਗਈ।

ਇਸੇ ਸਮੇਂ ਖਾਲਸੇ ਦੀ ਤਾਕਤ ਦਾ ਸੂਰਜ ਦੁਪਹਿਰ ਵਕਤ ਆਪਣੇ ਪੂਰੇ ਜੋਬਨ ਪਰ ਸੀ। ਹਰ ਦਬਦਬਾ ਤੇ ਸ਼ਾਨ ਵੱਧ ਰਹੀ ਸੀ, ਜਿਧਰ ਨਿਗਾਹ ਭਰ ਕੇ ਤੱਕੋ ਖੁਸ਼ੀ ਤੇ ਅੱਸ੍ਵਰਜ ਹੀ ਨਜ਼ਰੀ ਪੈਂਦਾ ਸੀ। ਹਾਂ ਕਿਸੇ ਕਿਸੇ ਵੇਲੇ ਜਦ ਬਿ੍ਧ ਸ਼ੇਰ ਦੀ ਪਾਲਕੀ ਵਲ ਨਜ਼ਰ ਪਾ ਪੈ ਦੀ ਸੀ ਤਾਂ ਕੁਝ ਸਮੇਂ ਵਾਸਤੇ ਮਨ ਉਦਾਸ ਜਿਹੇ ਹੋ ਜਾਂਦੇ ਸਨ ਤੇ ਕਾਦਰ ਦੀ ਕੁਦਰਤ ਦਾ ਬਚਿਤ੍ਰ ਚਿਤ੍ਰ ਅੱਖਾਂ ਅੱਗੇ ਆ ਖਲੋਂਦਾ ਸੀ ਕਿ ਇਹ ਉਹੀ ਬਹਾਦਰ ਜੋਧਾ ਹੈ ਜਿਹੜਾ ਵਗਦੀਆਂ ਤਲਵਾਰਾਂ ਤੇ ਵਸਦੀਆਂ ਗੋਲੀਆਂ ਵਿੱਚ ਆਪਣੇ ਘੋੜੇ ਨੂੰ ਉਡਾਂਦਾ ਹੋਇਆ ਬਿਜਲੀ ਵਾਂਗ ਵੈਰੀਆਂ ਦੇ ਸਿਰ ਤੇ ਜਾ ਪੈਂਦਾ ਸੀ। ਥਕੇਵੇਂ ਤੇ ਭੈ ਤੋਂ ਮੂਲੋਂ ਅਞਾਣੂ ਸੀ, ਅਜ ਕੁਰਸੀ ਪੁਰ ਆਪਣੇ ਆਪ ਨੂੰ ਥੰਮ੍ਹਣ ਤੋਂ ਵੀ ਅਸਮਰੱਥ ਸੀ, ਇਹ ਸਾਰੇ ਖ਼ਿਆਲ ਸੂਰਜ ਅੱਗੇ ਬੱਦਲ ਆ ਜਾਣ ਦੀ ਤਰਾਂ ਜ਼ਰਾ ਦੀ ਜ਼ਰਾ ਲਈ ਉਦਾਸੀ ਦਾ ਝਲਕਾ ਦੇ ਜਾਂਦੇ ਸਨ, ਪਰ ਇਹ ਸੋਚ ਕੇ ਕਿ ਮਹਾਰਾਜੇ ਦੇ ਪੁੱਤਰ ਤੇ ਪੋਤਰੇ ਸਾਰੇ ਲਾਇਕ ਹਨ, ਮਨਾਂ ਨੂੰ ਕੁਛ ਢਾਰਸ ਜਿਹੀ ਬੱਝ ਜਾਂਦੀ ਸੀ।

ਮਹਾਰਾਜਾ ਸਾਹਿਬ ਦੀ ਪਾਲਕੀ ਚਬੂਤਰੇ ਤੇ ਰੱਖਣ ਦੇ ਪਿੱਛੋਂ ਕੁਝ ਸਮੇੰ ਲਈ ਸਾਰੇ ਦਰਬਾਰ ਵਿਚ ਚੁੱਪ ਚਾਂ ਵਰਤ ਗਈ, ਛੇਕੜ ਬਿ੍ਧ ਸ਼ੇਰ ਨੇ ਆਪਣਾ ਮੂੰਹ ਖੋਲਿ੍ਆ ਤੇ ਧੀਮੀ ਜਿਹੀ ਆਵਾਜ਼ ਨਾਲ ਕਿਹਾ :- “ਬਹਾਦਰ ਖਾਲਸਾ ਜੀ! ਆਪ ਨੇ ਖਾਲਸਾ ਰਾਜ ਦੀ ਉਸਾਰੀ ਲਈ ਜੋ ਅਥੱਕ ਘਾਲਾਂ ਘਾਲੀਆਂ ਤੇ ਆਪਣੇ ਬਹੁਮੁੱਲੇ ਲਹੂ ਦੀਆਂ ਨਦੀਆਂ ਵਗਾਈਆਂ ਸਨ ਉਹ ਅਸਫ਼ਲ ਨਹੀਂ ਗਈਆਂ, ਇਸ ਸਮੇੰ ਆਪ ਆਪਣੇ ਚੁਗਰਿਦੇ ਜੋ ਕੁਝ ਦੇਖ ਰਹੇ ਹੋ, ਇਹ ਸਭ ਕੁਝ ਆਪ ਦੀ ਤਲਵਾਰ ਦਾ ਫ਼ਲ ਹੈ। ਮੈਂ ਸਤਿਗੁਰੂ ਦੇ #ਭਰੋਸੇ ਤੇ ਆਪ ਦੀ ਸਹਾਇਤਾ ਨਾਲ ਇੱਕ ਸਧਾਰਨ ਪਿੰਡ ਤੋਂ ਉੱਠ ਕੇ ਲਗਪਗ ਸਾਰੇ ਪੰਜਾਬ ਤੇ ਇਸ ਤੋਂ ਬਾਹਰ ਅਫ਼ਗਾਨਿਸਤਾਨ, ਕਸ਼ਮੀਰ, ਤਿੱਬਤ ਅਤੇ ਸਿੰਧ ਦੀਅਅ ਕੰਧਾਂ ਤਕ ਖਾਲਸੇ ਦਾ ਰਾਜ ਕਾਇਮ ਕਰ ਦਿੱਤਾ ਹੈ। ਸੰਸਾਰ ਪਰ ਸੁਆਸਾਂ ਦਾ ਕੁਝ ਵੀ ਭਰੋਸਾ ਨਹੀਂ, ਪਰ ਜੇ ਕਦੇ ਮੇਰਾ ਅੰਤ ਨੇੜੇ ਹੀ ਹੈ ਤਾਂ ਪੱਕ ਸਮਝੋ ਕਿ ਮੈਂ ਆਪ ਸਭ ਤੋਂ ਅਤਯੰਤ ਖੁਸ਼ੀ ਨਾਲ ਵਿਦਾ ਹੋਵਾਂਗਾ। ਮੈਂ ਇਸ ਸਮੇਂ ਆਪ ਸਭ ਨੂੰ #ਮਹਾਰਾਜਾ_ਖੜਗ_ਸਿੰਘ ਦੇ ਹੱਥ ਸੌਂਪਦਾ ਹਾਂ, ਇਸ ਨੂੰ ਆਪ ਨੇ ਮੇਰੇ ਤੁਲ ਸਮਝਣਾ ਅਤੇ ਇਹ ਸਭ ਤਰ੍ਹਾਂ ਆਪ ਦੀ ਭਲਾਈ ਦਾ ਚਾਹਵਾਨ ਰਹੇਗਾ।”

ਇਸ ਸਮੇਂ ਸਾਰੇ ਦਰਬਾਰੀਆਂ ਦੇ ਚਿਹਰੇ ਮਹਾਰਾਜਾ ਸਾਹਿਬ ਦੇ ਪਿਆਰ ਵਿਚ ਲਾਲੋ ਲਾਲ ਹੋ ਰਹੇ ਸਨ, ਕਈਆਂ ਦੀਆਂ ਅੱਖਾਂ ਤੋਂ ਪਿਆਰ ਦੇ ਹੰਝੂਆਂ ਦੀ ਜਲਧਾਰਾ ਵਹਿ ਰਹੀ ਸੀ, ਛੇਕੜ ਸ਼ੇਰ-ਏ-ਪੰਜਾਬ ਨੇ ਸਭ ਨੂੰ ਅੰਤਮ #ਫ਼ਤਿਹ ਬੁਲਾਈ ਅਤੇ ਅੱਜ ਦਾ ਇਹ ਸ਼ੇਰ-ਏ-ਪੰਜਾਬ ਦਾ ਇਤਿਹਾਸਕ ਛੇਕੜਲਾ ਦਰਬਾਰ ਸਮਾਪਤ ਹੋਇਆ।

#ਸਤਵੰਤ_ਸਿੰਘ_ਗਰੇਵਾਲ
Tags: ,
Posted in: ਸਾਹਿਤ