ਪਾਕਿਸਤਾਨ ਬਣਨ ‘ਤੇ ਜਿਨਾਹ 13 ਮਹੀਨੇ ਤੇ ਉਨ੍ਹਾਂ ਦੀ ਸੋਚ 6 ਵਰ੍ਹੇ ਤਕ ਰਹੀ ਜ਼ਿੰਦਾ

By April 2, 2018 0 Comments


ਅੰਮਿ੍ਤਸਰ, 2 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਆਜ਼ਾਦ ਮੁਲਕ ਵਜੋਂ ਹੋਂਦ ‘ਚ ਆਉਣ ਤੋਂ 4 ਦਿਨ ਪਹਿਲਾਂ 11 ਅਗਸਤ 1947 ਨੂੰ ਪਾਕਿਸਤਾਨ ਦੇ ਜਨਕ ਅਤੇ ਪਹਿਲੇ ਗਵਰਨਰ ਜਨਰਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵਲੋਂ ਕਰਾਚੀ ‘ਚ ਦਿੱਤੇ ਗਏ ਯਾਦਗਾਰੀ ਭਾਸ਼ਣ ‘ਚ ਕਿਹਾ ਗਿਆ ਸੀ ਕਿ ਪਾਕਿਸਤਾਨ ‘ਚ ਰਹਿੰਦੇ ਹਿੰਦੂ ਆਪਣੇ ਮੰਦਰਾਂ ‘ਚ ਜਾਣ ਲਈ ਆਜ਼ਾਦ ਹਨ |

ਉਨ੍ਹਾਂ ਵਲੋਂ ਦਿੱਤੇ ਗਏ ਲਗਭਗ 33 ਹੋਰਨਾਂ ਭਾਸ਼ਣਾਂ ‘ਚ ਵੀ ਪਾਕਿ ‘ਚ ਰਹਿੰਦੇ ਘੱਟ-ਗਿਣਤੀ ਭਾਈਚਾਰੇ ਦੇ ਹੱਕਾਂ ਦੀ ਗੱਲ ਕਰਦਿਆਂ ਦਾਅਵੇ ਨਾਲ ਕਿਹਾ ਗਿਆ ਕਿ ਪਾਕਿ ‘ਚ ਰਹਿੰਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਧਾਰਮਿਕ ਰੀਤੀ-ਰਿਵਾਜ ਆਜ਼ਾਦੀ ਨਾਲ ਮਨਾਉਣ ਦੀ ਪੂਰੀ ਖੁੱਲ੍ਹ ਹੋਵੇਗੀ | ਇਸ ਦੇ ਇਲਾਵਾ ਪਾਕਿ ‘ਚ ਰਹਿਣ ਵਾਲੇ ਕਿਸੇ ਵੀ ਭਾਈਚਾਰੇ ਦੇ ਲੋਕਾਂ ਨੂੰ ਘੱਟ-ਗਿਣਤੀ ਨਹੀਂ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਮੁਸਲਮਾਨਾਂ ਵਾਂਗ ਬਰਾਬਰ ਦੇ ਅਧਿਕਾਰ ਪ੍ਰਾਪਤ ਹੋਣਗੇ | ਬਾਬਾ-ਏ-ਕੌਮ ਨਾਲ ਜਾਣੇ ਜਾਂਦੇ ਮੁਹੰਮਦ ਅਲੀ ਜ਼ਿਨਾਹ ਦੀ ਇਹ ਸੋਚ ਉਨ੍ਹਾਂ ਦੇ ਮੰਤਰੀ ਮੰਡਲ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਪ੍ਰਕਾਸ਼ਿਤ ਹੋਣ ਵਾਲੀਆਂ ਸਰਕਾਰੀ ਡਾਇਰੀਆਂ ‘ਚ ਛੁੱਟੀਆਂ ਦੀ ਸੂਚੀ ‘ਚ ਵੀ ਵਿਖਾਈ ਦਿੰਦੀ ਹੈ | ਜਿੱਥੇ ਜ਼ਿਨਾਹ ਦੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਦਾ ਕਾਨੂੰਨ ਮੰਤਰੀ ਹਿੰਦੂ ਰਿਹਾ ਅਤੇ ਵਿਦੇਸ਼ ਮੰਤਰੀ ਦਾ ਸਬੰਧ ਵੀ ਘੱਟ-ਗਿਣਤੀ ਭਾਈਚਾਰੇ ਨਾਲ ਰਿਹਾ, ਉੱਥੇ ਹੀ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਪਾਕਿਸਤਾਨ ਜਨ ਸੰਪਰਕ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੀਆਂ ਜਾਣ ਵਾਲੀਆਂ ਡਾਇਰੀਆਂ ‘ਚ ਕ੍ਰਮਵਾਰ ਬਸੰਤ, ਹੋਲੀ, ਵਿਸਾਖੀ, ਦੁਸਹਿਰਾ, ਦੀਵਾਲੀ ਅਤੇ ਕ੍ਰਿਸਮਸ ਦਿਹਾੜਿਆਂ ਨੂੰ ਸਰਕਾਰੀ ਛੁੱਟੀਆਂ ਦੇ ਤੌਰ ‘ਤੇ ਸ਼ਾਮਿਲ ਕੀਤਾ ਜਾਂਦਾ ਰਿਹਾ |

ਇਸੇ ਪ੍ਰਕਾਰ ਪਾਕਿਸਤਾਨ ਵਲੋਂ ਆਪਣੇ ਪਹਿਲੇ ਦੋ ਸੁਤੰਤਰਤਾ ਦਿਹਾੜੇ ਵੀ ਭਾਰਤ ਵਾਂਗ ਹੀ 15 ਅਗਸਤ ਨੂੰ ਮਨਾਏ ਗਏ | ਜਦਕਿ ਸੰਨ 1949 ‘ਚ ਪਾਕਿਸਤਾਨ ਸਰਕਾਰ ਵਲੋਂ ਆਜ਼ਾਦੀ ਦਿਹਾੜਾ ਬਦਲ ਕੇ 14 ਅਗਸਤ ਨੂੰ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਮੁਹੰਮਦ ਅਲੀ ਜ਼ਿਨਾਹ ਵਲੋਂ ਪਾਕਿਸਤਾਨ ਦਾ ਕੌਮੀ ਤਰਾਨਾ ਵੀ ਉਸ ਵੇਲੇ ਦੇ ਮਸ਼ਹੂਰ ਮੁਸਲਮਾਨ ਸ਼ਾਇਰ ਫ਼ੇਜ਼ ਅਹਿਮਦ ਫ਼ੇਜ਼ ਜਾਂ ਹਾਫ਼ਿਜ਼ ਜਲੰਧਰੀ ਆਦਿ ਤੋਂ ਨਾ ਲਿਖਵਾ ਕੇ ਇਕ ਪੰਜਾਬੀ ਹਿੰਦੂ ਵਿਦਵਾਨ ਪ੍ਰੋ: ਜਗਨ ਨਾਥ ਆਜ਼ਾਦ ਤੋਂ ਲਿਖਵਾਇਆ ਗਿਆ | ਸ੍ਰੀ ਜਗਨ ਨਾਥ ਵਲੋਂ ਲਿਖਵਾਇਆ ਗਿਆ ਪਾਕਿਸਤਾਨ ਦਾ ਇਹ ਕੌਮੀ ਤਰਾਨਾ-”ਐ ਸਰ ਜ਼ਮੀਨ-ਏ-ਪਾਕਿ, ਜ਼ੱਰੇ ਤੇਰੇ ਹੈਂ ਆਜ਼ ਸਿਤਾਰੋਂ ਸੇ ਤਾਬਨਾਕ, ਰੋਸ਼ਨ ਹੈਂ ਕਹਿਕਸ਼ਾਂ ਸੇ ਕਹੀਂ ਆਜ਼ ਤੇਰੀ ਖ਼ਾਕ, ਐ ਸਰ ਜ਼ਮੀਨ-ਏ-ਪਾਕਿ….” 18 ਮਹੀਨਿਆਂ ਤੱਕ ਪਾਕਿਸਤਾਨ ‘ਚ ਸ਼ਾਨ ਅਤੇ ਸਨਮਾਨ ਨਾਲ ਗਾਇਆ ਜਾਂਦਾ ਰਿਹਾ, ਪਰ ਜ਼ਿਨਾਹ ਦੇ 11 ਸਤੰਬਰ 1948 ਨੂੰ ਤਪਦਿਕ ਦੀ ਬਿਮਾਰੀ ਨਾਲ ਹੋਏ ਦਿਹਾਂਤ ਉਪਰੰਤ ਪਾਕਿਸਤਾਨ ਦੇ ਕੱਟੜਵਾਦੀਆਂ ਨੇ ਇਸ ਗੀਤ ਨੂੰ ਬੰਦ ਕਰਵਾ ਦਿੱਤਾ ਅਤੇ ਇਕ ਮੁਸਲਮਾਨ ਪਾਸੋਂ ਨਵਾਂ ਕੌਮੀ ਤਰਾਨਾ ਲਿਖਵਾਇਆ ਗਿਆ | ਇਸੇ ਸਭ ਦੇ ਚਲਦਿਆਂ ਜਿਨਾਹ ਦੇ ਦਿਹਾਂਤ ਦੇ 6 ਵਰ੍ਹੇ ਬਾਅਦ ਸੰਨ 1953 ‘ਚ ਘੱਟ-ਗਿਣਤੀ ਭਾਈਚਾਰੇ ਦੇ ਤਿਉਹਾਰਾਂ ਨੂੰ ਵੀ ਪਾਕਿਸਤਾਨ ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ‘ਚੋਂ ਉਨ੍ਹਾਂ ਨੂੰ ਹਟਾ ਦਿੱਤਾ ਗਿਆ |

ਸਰੋਤ- ਅਜੀਤ ਜਲੰਧ੍ਰ