ਕੁਵੈਤ ‘ਚ ਦੋ ਬੱਸਾਂ ਦੀ ਟੱਕਰ 7 ਭਾਰਤੀਆਂ ਸਮੇਤ 15 ਮਰੇ

By April 2, 2018 0 Comments


ਕੁਵੈਤ ਸਿਟੀ- ਦੱਖਣੀ ਕੁਵੈਤ ਵਿਖੇ 2 ਬੱਸਾਂ ਦੀ ਹੋਈ ਸਿੱਧੀ ਟੱਕਰ ‘ਚ ਸਰਕਾਰੀ ਤੇਲ ਕੰਪਨੀ ‘ਚ ਕੰਮ ਕਰਨ ਵਾਲੇ 15 ਕਰਮਚਾਰੀਆਂ ਦੀ ਮੌਤ ਹੋ ਗਈ ਹੈ, ਮਰਨ ਵਾਲਿਆਂ ‘ਚ 7 ਭਾਰਤੀ ਵੀ ਸ਼ਾਮਿਲ ਹਨ | ਕੁਵੈਤ ਦੀ ਸਰਕਾਰੀ ਤੇਲ ਕੰਪਨੀ (ਕੇ.ਓ.ਸੀ) ਦੇ ਇਕ ਅਧਿਕਾਰੀ ਮੁਹੰਮਦ ਅਲ-ਬਸਰੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ ‘ਚ 7 ਭਾਰਤੀ, 5 ਮਿਸਰ ਦੇ ਤੇ 3 ਪਾਕਿਸਤਾਨ ਦੇ ਨਾਗਰਿਕ ਸ਼ਾਮਿਲ ਹਨ |

ਉਨ੍ਹਾਂ ਦੱਸਿਆ ਕਿ ਇਸ ਹਾਦਸੇ 2 ਭਾਰਤੀ ਤੇ ਇਕ ਕੁਵੈਤ ਦਾ ਨਾਗਰਿਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ‘ਚੋਂ ਇਕ ਭਾਰਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ | ਅੱਗ ਬੁਝਾਊ ਮਹਿਕਮੇ ਦੇ ਬੁਲਾਰੇ ਕਰਨਲ ਖਲੀਲ ਅਲ-ਅਮੀਰ ਨੇ ਦੱਸਿਆ ਕਿ ਮਾਰੇ ਗਏ ਲੋਕ ਕੇ.ਓ.ਸੀ. ਲਈ ਕੰਮ ਕਰਨ ਵਾਲੀ ਨਿੱਜੀ ਸਬ ਕੰਟਰੈਕਟਰ ਕੰਪਨੀ ਬੁਰਗਾਨ ਡਰਿਲਿੰਗ ਲਈ ਕੰਮ ਕਰਦੇ ਸਨ | ਅਰਬ ਦੇ ਹੋਰ ਮੁਲਕਾਂ ਵਾਂਗ ਤੇਲ ਦੇ ਭੰਡਾਰਾਂ ਨਾਲ ਭਰਪੂਰ ਖਾੜੀ ਦੇਸ਼ ਕੁਵੈਤ ਦੀ ਪ੍ਰਵਾਸੀ ਮਜ਼ਦੂਰਾਂ ਦੇ ਅਧਿਕਾਰਾਂ ਅਤੇ ਕੰਮ ਕਰਨ ਦੇ ਹਾਲਾਤ ਨੂੰ ਲੈ ਕੇ ਕੌਮਾਂਤਰੀ ਪੱਧਰ ‘ਤੇ ਕਾਫੀ ਆਲੋਚਨਾ ਹੁੰਦੀ ਰਹਿੰਦੀ ਹੈ |