ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਉੱਪਰ ਸਿੰਘਾਂ ਦੀ ਇਤਿਹਾਸਕ ਜਿੱਤ

By March 10, 2018 0 Comments


lalkilaਸਿੱਖ ਕੌਮ ਵਿਸ਼ਵ ਦੀ ਇਕ ਅਜਿਹੀ ਕੌਮ ਹੈ, ਜਿਸ ਨੇ ਬੜਾ ਹੀ ਨਿਵੇਕਲਾ ਇਤਿਹਾਸ ਸਿਰਜਿਆ ਹੈ, ਲੇਕਿਨ ਇਸ ਮਾਣਮੱਤੇ ਇਤਿਹਾਸ ਨੂੰ ਸਾਂਭ ਕੇ ਆਪਣੀਆਂ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਿੱਖ ਕੌਮ ਦੇ ਹਿੱਸੇ ਨਹੀਂ ਆਇਆ, ਜਿਸ ਕਾਰਨ ਸਿੱਖ ਕੌਮ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦਾਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਤੋਂ ਲੈ ਕੇ ਵਡੇਰੀ ਉਮਰ ਦੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਵਰਗੇ ਮਰਜੀਵੜਿਆਂ ਦੀਆਂ ਇਨਸਾਨੀਅਤ, ਮਜ਼ਲੂਮਾਂ ‘ਤੇ ਹੋ ਰਹੇ ਜ਼ੁਲਮਾਂ ਤੇ ਧਾਰਮਿਕ ਅਸਥਾਨਾਂ ਦੀ ਬੇਰੁਹਮਤੀ ਰੋਕਣ ਖਾਤਰ ਕੀਤੀਆਂ ਕੁਰਬਾਨੀਆਂ ਸਮੇਤ ਹੋਰ ਵੀ ਵੱਡੇ ਤੇ ਇਤਿਹਾਸਕ ਸਾਕਿਆਂ ਤੋਂ ਕੌਮ ਅਨਜਾਣ ਹੀ ਰਹੀ ਹੈ। ਇਤਿਹਾਸਕ ਸਾਕੇ ਵੀ ਉਹ ਜਿਨ੍ਹਾਂ ਵਰਗੀ ਉਦਾਹਰਨ ਸਮੁੱਚੇ ਸੰਸਾਰ ਵਿਚ ਮਿਲਣੀ ਨਾਮੁਮਕਿਨ ਹੈ। ਇਸ ਨੂੰ ਸਿੱਖਾਂ ਦੇ ਪ੍ਰਚਾਰਕਾਂ ਜਾਂ ਆਗੂਆਂ ਦੀ ਨਲਾਇਕੀ ਹੀ ਕਿਹਾ ਜਾ ਸਕਦਾ ਹੈ। ਹਿੰਦੁਸਤਾਨ ਦੀ ਸਰਜ਼ਮੀਨ ‘ਤੇ ਮੁਗਲ ਸਾਮਰਾਜ ਦੌਰਾਨ ਸੰਨ 1783 ਨੂੰ ਸਿੱਖਾਂ ਵੱਲੋਂ ਤਿੰਨ ਬਹਾਦਰ ਜਰਨੈਲਾਂ ਦੀ ਅਗਵਾਈ ਹੇਠ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਸਿੱਖਾਂ ਉੱਪਰ ਜ਼ੁਲਮ ਢਾਹੁਣ ਵਾਲੇ ਹਾਕਮਾਂ ਨੂੰ ਵੰਗਾਰਨਾ ਵੀ ਇਕ ਵੱਡੀ ਇਤਿਹਾਸਕ ਘਟਨਾ ਹੈ, ਜੋ ਲੰਮਾ ਸਮਾਂ ਅਣਗੌਲਿਆ ਹੀ ਰਹੀ। ਪਿਛਲੇ ਸਾਲ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਦਿੱਲੀ ਫਤਹਿ ਦਿਵਸ ਨੂੰ ਵੱਡੀ ਪੱਧਰ ‘ਤੇ ਮਨਾਉਣਾ ਇਕ ਸ਼ਲਾਘਾਯੋਗ ਕਦਮ ਹੈ।
ਜੇਕਰ ਇਤਿਹਾਸ ਨੂੰ ਫਰੋਲੀਏ ਤਾਂ ਸਿੱਖ ਕੌਮ ਦੇ ਬਹਾਦਰ ਜਰਨੈਲ ਜਥੇਦਾਰ ਬਘੇਲ ਸਿੰਘ ਦੁਆਰਾ ਪਾਈਆਂ ਅਜਿਹੀਆਂ ਨਿਵੇਕਲੀਆਂ ਪੈੜਾਂ ਸਬੰਧੀ ਜਾਣਕਾਰੀ ਮਿਲਦੀ ਹੈ। ਸੰਨ 1730 ਨੂੰ ਬਘੇਲ ਸਿੰਘ ਦਾ ਜਨਮ ਇਤਿਹਾਸਕ ਕਸਬੇ ਝਬਾਲ (ਅੰਮ੍ਰਿਤਸਰ) ਵਿਚ ਹੋਇਆ। ਪਰ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਬਘੇਲ ਸਿੰਘ ਧਾਲੀਵਾਲ ਦਾ ਅਸਲ ਪਿੰਡ ਮੋਗਾ ਜ਼ਿਲ੍ਹੇ ਵਿਚ ਰਾਊਕੇ ਕਲਾਂ ਹੈ। ਇਤਿਹਾਸਕ ਕਸਬਾ ਝਬਾਲ ਵਿਚ ਆਪ ਦੇ ਨਾਨਕੇ ਵੀ ਹੋ ਸਕਦੇ ਹਨ। ਇਸ ਸਬੰਧੀ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਦਲ ਖਾਲਸਾ ਦੇ ਉਭਾਰ ਮੌਕੇ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ ਵਿਚ ਵਿਰਕ ਗੋਤ ਨਾਲ ਸਬੰਧਤ ਕਰੋੜਾ ਸਿੰਘ ਹੋਇਆ, ਜੋ ਪਿੱਛੋਂ ਜਾ ਕੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਇਤਿਹਾਸ ਦੱਸਦਾ ਹੈ ਕਿ ਬੇਹੱਦ ਜ਼ਾਲਮ ਮੁਗਲ ਬਾਦਸ਼ਾਹ ਜ਼ਕਰੀਆ ਖਾਨ ਨੇ 20 ਕੁ ਸਾਲ ਦੀ ਉਮਰ ਵਿਚ ਕਰੋੜਾ ਸਿੰਘ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ, ਪਰ ਆਪ ਬੜੀ ਜਲਦੀ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜ ਗਏ। ਕਰੋੜਾ ਸਿੰਘ ਦੇ ਆਪਣੇ ਕੋਈ ਪੁੱਤਰ ਨਹੀਂ ਸੀ। ਉਸ ਨੇ ਆਪਣੇ ਘਰੇਲੂ ਨੌਕਰ ਬਘੇਲ ਸਿੰਘ ਨੂੰ ਗੋਦ ਲਿਆ ਹੋਇਆ ਸੀ। ਇਕ ਜੰਗ ਦੌਰਾਨ ਕਰੋੜਾ ਸਿੰਘ ਦਾ ਦਿਹਾਂਤ ਹੋ ਜਾਣ ‘ਤੇ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦੀ ਵਾਗਡੋਰ ਸੰਭਾਲੀ।
ਬਘੇਲ ਸਿੰਘ ਦੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਨ ਮੌਕੇ ਦਿੱਲੀ ਦੇ ਤਖ਼ਤ ‘ਤੇ ਮੁਗਲ ਹਾਕਮ ਸ਼ਾਹ ਆਲਮ ਦੂਜਾ ਰਾਜ ਕਰ ਰਿਹਾ ਸੀ। ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ ‘ਤੇ ਕਬਜ਼ਾ ਕਰਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹੁਸ਼ਿਆਰਪੁਰ ਲਾਗੇ ਹਰਿਆਣਾ ਨੂੰ ਆਪਣੀ ਰਾਜਧਾਨੀ ਬਣਾ ਕੇ ਇਸ ਦਾ ਸਮੁੱਚਾ ਰਾਜ ਪ੍ਰਬੰਧ ਆਪਣੀ ਪਹਿਲੀ ਪਤਨੀ ਰੂਪ ਕੰਵਲ ਨੂੰ ਸੌਂਪਿਆ। ਰਾਜ ਹਰਿਆਣਾ ਵਿਚ ਕਰਨਾਲ ਤੋਂ 30 ਕਿਲੋਮੀਟਰ ਅੱਗੇ ਛਲੌਦੀ ਨੂੰ ਆਪਣੇ ਕਬਜ਼ੇ ‘ਚ ਕਰਕੇ ਇਸ ਦੀ ਦੇਖ-ਰੇਖ ਦੂਜੀ ਪਤਨੀ ਰਾਜ ਕੰਵਲ ਨੂੰ ਸੰਭਾਲ ਦਿੱਤੀ। ਤੀਜੀ ਪਤਨੀ ਰਤਨ ਕੌਰ ਨੂੰ ਕਲਾਵਰ ਦਾ ਪ੍ਰਬੰਧ ਸੌਂਪ ਦਿੱਤਾ। ਸੰਨ 1775 ਨੂੰ ਸਰਦਾਰ ਹਰੀ ਸਿੰਘ ਭੰਗੀ ਨੂੰ ਹਰਾ ਕੇ ਉਸ ਦੇ ਕਬਜ਼ੇ ਵਾਲੇ ਤਿੰਨ ਪਰਗਨੇ ਤਰਨ ਤਾਰਨ, ਸਭਰਾਓਂ ਅਤੇ ਸਰਹਾਲੀ ਨੂੰ ਆਪਣੇ ਕਬਜ਼ੇ ਵਿਚ ਕਰਕੇ ਫਿਰ ਸਰਹਿੰਦ ਨੂੰ ਜਿੱਤਿਆ। ਇਸ ਤੋਂ ਬਾਅਦ ਨਵਾਬ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਵਾਲੀਆਂ ਸੰਗਠਿਤ ਫੌਜਾਂ ਨੇ 20 ਫਰਵਰੀ 1764 ਨੂੰ ਸਹਾਰਨਪੁਰ, ਮੁਜ਼ੱਫਰਨਗਰ ਅਤੇ ਮੇਰਠ ਜਿੱਤ ਕੇ ਨਜੀਬਾਵਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ ‘ਤੇ ਜਿੱਤ ਹਾਸਲ ਕੀਤੀ। 22 ਅਪ੍ਰੈਲ 1775 ਨੂੰ ਜਮਨਾ ਨਦੀ ਪਾਰ ਕਰਕੇ 15 ਜੁਲਾਈ 1775 ਨੂੰ ਦਿੱਲੀ ਦੇ ਹੀ ਪਹਾੜਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ।
ਇਸ ਤੋਂ ਬਾਅਦ 50,000 ਦੀ ਗਿਣਤੀ ਵਾਲੇ ਦਲ ਖਾਲਸਾ ਨੇ ਦਿੱਲੀ ਵੱਲ ਕੂਚ ਕੀਤਾ। ਫਰਵਰੀ 1783 ਨੂੰ ਗਾਜ਼ੀਆਬਾਦ, ਸ਼ਿਕੋਹਾਬਾਦ, ਅਲੀਗੜ੍ਹ ਅਤੇ ਬੁਲੰਦ ਸ਼ਹਿਰ ਨੂੰ ਆਪਣੇ ਕਬਜ਼ੇ ‘ਚ ਕੀਤਾ। ਦਿੱਲੀ ਵਿਚ ਦਾਖਲੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਨੇ ਆਪਣੀ 50,000 ਦੇ ਕਰੀਬ ਸੈਨਾ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਬਘੇਲ ਸਿੰਘ ਨੇ ਆਪਣੀ 30,000 ਫੌਜ ਨੂੰ ਤੀਸ ਹਜ਼ਾਰੀ ਵਾਲੇ ਸਥਾਨ ‘ਤੇ ਰੱਖਿਆ। 8 ਮਾਰਚ 1783 ਨੂੰ ਮਲਕਾ ਗੰਜ, ਸਬਜ਼ੀ ਮੰਡੀ, ਮੁਗਲਪੁਰਾ ਅਤੇ ਅਜਮੇਰੀ ਦਰਵਾਜ਼ੇ ਅਤੇ ਹੌਜ ਕਾਜੀ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰਕੇ ਸਿੱਖ ਫੌਜਾਂ ਅੱਗੇ ਵਧਣ ਲੱਗੀਆਂ। ਉਧਰ ਮੁਗਲ ਹਾਕਮ ਦੁਆਰਾ ਮੇਰਠ ਤੋਂ ਬੇਗਮ ਸਮਰੂ ਨੂੰ ਮਦਦ ਲਈ ਬੁਲਾਇਆ। ਇਸ ਦੌਰਾਨ ਸਿੰਘਾਂ ਦਾ ਦਿੱਲੀ ਦੇ ਵੱਖ-ਵੱਖ ਖੇਤਰਾਂ ‘ਤੇ ਜਿੱਤਾਂ ਹਾਸਲ ਕਰਨ ਦਾ ਸਿਲਸਿਲਾ ਜਾਰੀ ਰਿਹਾ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਂ ਦਿੱਲੀ ਪੁੱਜਾ। 11 ਮਾਰਚ, 1783 ਨੂੰ ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਦੁਨੀਆ ਦੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ। ਦਿੱਲੀ ਦੇ ਤਖ਼ਤ ‘ਤੇ ਬੈਠਣ ਲਈ ਜੱਸਾ ਸਿੰਘ ਰਾਮਗੜ੍ਹੀਆ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਸੈਨਿਕਾਂ ਨੇ ਆਪੋ ਵਿਚ ਇਕ-ਦੂਜੇ ਖਿਲਾਫ ਤਲਵਾਰਾਂ ਵੀ ਸੂਤ ਲਈਆਂ ਸਨ, ਲੇਕਿਨ ਪ੍ਰਮੁੱਖ ਜਰਨੈਲਾਂ ਦੀ ਸਿਆਣਪ ਨਾਲ ਮਾਮਲਾ ਠੰਢਾ ਪੈ ਗਿਆ। ਸਾਰੀ ਸਿੱਖ ਫੌਜ ਦਾ ਟਿਕਾਣਾ ਸਬਜ਼ੀ ਮੰਡੀ ਵਿਚ ਕੀਤਾ ਗਿਆ।
ਬੇਗਮ ਸਮਰੁ ਨੇ ਦਿੱਲੀ ਦੇ ਜੇਤੂ ਜਰਨੈਲ ਜਥੇਦਾਰ ਬਘੇਲ ਸਿੰਘ ਦਾ ਮੁਗਲ ਹਾਕਮਾਂ ਨਾਲ ਕੁਝ ਸ਼ਰਤਾਂ ਤਹਿਤ ਸਮਝੌਤਾ ਕਰਵਾ ਦਿੱਤਾ। ਸ਼ਰਤਾਂ ਇਹ ਸਨ :
1) ਦਲ ਖਾਲਸਾ ਬੜੀ ਜਲਦੀ ਹੀ ਦਿੱਲੀ ਵਿਚੋਂ ਪਿੱਛੇ ਪਰਤ ਜਾਵੇਗਾ।
2) ਬਘੇਲ ਸਿੰਘ ਆਪਣੇ ਕੁਝ ਸਾਥੀਆਂ ਅਤੇ ਫੌਜ ਨਾਲ ਦਿੱਲੀ ਠਹਿਰ ਸਕਦਾ ਹੈ।
3) ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾਵੇਗੀ।
4) ਬਘੇਲ ਸਿੰਘ ਮੁਗਲ ਹਾਕਮਾਂ ਕੋਲੋਂ ਇਕ ਰੁਪਏ ਮਗਰ ਛੇ ਆਨੇ ਟੈਕਸ ਵਜੋਂ ਵਸੂਲੇਗਾ।
5) ਬਘੇਲ ਸਿੰਘ ਨੂੰ ਦਿੱਲੀ ਵਿਚ 7 ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਨ ਦੀ ਖੁੱਲ੍ਹ ਹੋਵੇਗੀ।
6) ਗੁਰਦੁਆਰਿਆਂ ਦਾ ਨਿਰਮਾਣ ਵੱਧ ਤੋਂ ਵੱਧ ਇਕ ਸਾਲ ਦੇ ਅੰਦਰ ਕੀਤਾ ਜਾਵੇ।
ਮੁਗਲ ਹਾਕਮਾਂ ਨਾਲ ਕੀਤੇ ਸਮਝੌਤੇ ਮੁਤਾਬਿਕ ਜ਼ਿਆਦਾਤਰ ਸਿੱਖ ਫੌਜਾਂ ਵਾਪਸ ਪਰਤ ਆਈਆਂ, ਲੇਕਿਨ ਬਘੇਲ ਸਿੰਘ, ਖੁਸ਼ਹਾਲ ਸਿੰਘ ਸਿੰਘਪੁਰੀਆ, ਤਾਰਾ ਸਿੰਘ ਘੇਬਾ, ਕਰਮ ਸਿੰਘ ਨਿਰਮਲਾ, ਭਾਗ ਸਿੰਘ ਥਾਨੇਸਰ ਅਤੇ ਸਾਹਿਬ ਸਿੰਘ 10,000 ਘੋੜ-ਸਵਾਰਾਂ ਨਾਲ ਦਿੱਲੀ ਰਹੇ। ਉਕਤ ਸਿੰਘਾਂ ਨੇ ਆਪਣਾ ਟਿਕਾਣਾ ਤੀਸ ਹਜ਼ਾਰੀ ਇਲਾਕੇ ਵਿਚ ਸਬਜ਼ੀ ਮੰਡੀ ‘ਚ ਕੀਤਾ। ਕਰੀਬ 9-10 ਮਹੀਨੇ ਵਿਚ ਹੀ ਸਿੱਖ ਫੌਜਾਂ ਵੱਲੋਂ ਦਿੱਲੀ ਵਿਚ 7 ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਨ ਤੋਂ ਬਾਅਦ ਦਸੰਬਰ, 1783 ਵਿਚ ਹੀ ਜਥੇਦਾਰ ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਨੂੰ ਛੱਡ ਦਿੱਤਾ। ਜਥੇਦਾਰ ਬਘੇਲ ਸਿੰਘ ਧਾਲੀਵਾਲ ਸੰਨ 1802 ਨੂੰ ਹਰਿਆਣਾ (ਹੁਸ਼ਿਆਰਪੁਰ) ਵਿਖੇ ਚਲਾਣਾ ਕਰ ਗਏ।

ਸ.ਗੁਰਪ੍ਰੀਤ ਸਿੰਘ ਤਲਵੰਡੀ
-ਪਿੰਡ ਤੇ ਡਾਕ: ਤਲਵੰਡੀ ਖੁਰਦ (ਲੁਧਿਆਣਾ)। ਮੋਬਾ: 98144-51414

Posted in: ਸਾਹਿਤ