ਜ਼ਿੰਦਾਦਿਲ ਔਰਤ ਮਹਾਰਾਣੀ ਜਿੰਦਾਂ

By March 8, 2018 0 Comments


maharani jindaਕਰਨਾਲ ਤੋਂ ਕੰਧਾਰ ਤੱਕ ਫ਼ੈਲੇ-ਵਸੇ ਵਿਸ਼ਾਲ ਸਮੁੱਚੇ ਪੰਜਾਬ ਰਾਜ ‘ਤੇ ਰਾਜ ਕਰਨ ਵਾਲੇ ਇਕੋ ਇਕ ਸ਼ਕਤੀਸ਼ਾਲੀ, ਦਾਨਵੀਰ ਅਤੇ ਬਹਾਦੁਰ ਜੰਗਜੂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਬਾਅਦ ਸੱਤਾ ‘ਤੇ ਕਾਬਜ਼ ਹੋਈ ਸਿੱਖ ਰਾਜ ਦੀ ਅਖ਼ੀਰਲੀ ਮਹਾਰਾਣੀ ਰਾਜਮਾਤਾ ਰਾਜਿੰਦਰ ਕੌਰ ਜਿੰਦਾਂ ਉਰਫ਼ ਮਹਾਰਾਣੀ ਜਿੰਦਾਂ ਸਿੱਖ ਇਤਿਹਾਸ ਅਤੇ ਰਾਜ ਦੀ ਇਕ ਅਜਿਹੀ ਵੀਰਾਂਗਣਾ ਰਹੀ ਹੈ ਜਿਸ ਦੀ ਅਕਲ, ਹੁਸਨ ਅਤੇ ਬਹਾਦਰੀ ਦਾ ਪਵਿੱਤਰ ਸੰਗਮ ਉਸਦੀ ਪਹਿਚਾਣ ਵੀ ਹੈ ਅਤੇ ਉਸਦਾ ਗੁਣ ਵੀ। ਅੱਜ ਤੋਂ 190 ਸਾਲ ਪਹਿਲਾਂ ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਦੇ ਇਕ ਛੋਟੇ ਜਿਹੇ ਪਿੰਡ ਚਾਹੜਾਂ ਖੁਰਦ ਵਿਚ 22 ਅਗਸਤ 1817 ਈਸਵੀ ਨੂੰ ਜੰਮਣ ਵਾਲੀ ਮਹਾਰਾਣੀ ਜਿੰਦਾਂ ਦਾ ਬਚਪਨ ਬੜੀ ਤੰਗੀ-ਤੁਰਸ਼ੀ ਵਿਚ ਗੁਜ਼ਰਿਆ। ਪਰ ਪੀੜਾ, ਗਰੀਬੀ ਅਤੇ ਤਣਾਓ ਭਰੇ ਮਾਹੌਲ ਦੇ ਬਾਵਜੂਦ ਜਿੰਦਾਂ ਇਕ ਬੇਪ੍ਰਵਾਹ ਲੜਕੀ ਸੀ। ਉਸ ਨੇ ਕਦੇ ਵੀ ਚਿੰਤਾ ਜਾਂ ਫ਼ਿਕਰ ਵਿਚ ਬਚਪਨ ਜਾਂ ਜਵਾਨੀ ਗਾਲਣ ਦੀ ਥਾਂ ਨੱਚਣਾ-ਕੁੱਦਣਾ ਮਨ ਕਾ ਚਾਓ’ਦੇ ਪਵਿੱਤਰ ਮਹਾਂਵਾਕ ਅਨੁਸਾਰ ਖੂਬ ਮਸਤੀ ਕੀਤੀ। ਭਾਵੇਂ ਉਸ ਦੇ ਮਾਂ-ਬਾਪ ਗਰੀਬ ਸਨ, ਪਰ ਕੁੜੀ ਨੂੰ ਖਾਣ-ਪੀਣ ਦੀ ਖੁੱਲ੍ਹ ਸੀ। ਕੱਟੜ ਸਿੱਖ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਜਿੰਦਾਂ ਨੂੰ ਮਾਸ-ਮੱਛੀ ਖਾਣ ਤੋਂ ਮਨਾਹੀ ਨਹੀਂ ਸੀ। ਉਸ ਨੇ ਪਿੰਡ ਦੇ ਗੁਰਦੁਆਰੇ ਵਿਚੋਂ ਚਹੁੰ ਜਮਾਤਾਂ ਪਾਸ ਕੀਤੀਆਂ ਅਤੇ ਪਾਠ ਕਰਨਾ ਵੀ ਸਿੱਖਿਆ। ਉਸਨੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦਾ ਗਿਆਨ ਵੀ ਹਾਸਲ ਕੀਤਾ।
ਜਵਾਨੀ ਤਾਂ ਹਰੇਕ ‘ਤੇ ਚੜ੍ਹਦੀ ਹੈ, ਪਰ ਸਾਲ 16ਵੇਂ ਜੋ ਹੁਸਨ ਅਤੇ ਜਵਾਨੀ ਇਸ ਸੁਨੱਖੀ ਮੁਟਿਆਰ ‘ਤੇ ਚੜ੍ਹੀ, ਉਸਨੇ ਉਸਨੂੰ ਚਰਚਾ ਅਤੇ ਨਜ਼ਰਾਂ ਦਾ ਕੇਂਦਰ ਬਣਾ ਦਿੱਤਾ। ਉਸ ਦੀਆਂ ਹਿਰਨ ਜਿਹੀਆਂ ਅੱਖ਼ੀਆਂ, ਸਰੂ ਜਿਹਾ ਕੱਦ, ਨਾਗ ਜਿਹੀ ਗੁੱਤਣੀ ਅਤੇ ਹੀਰ ਜਿਹਾ ਨਖ਼ਰਾ ਉਸਦੇ ਮਨਮੋਹਕ ਅੰਦਾਜ਼ ਦਾ ਪ੍ਰਤੀਕ ਸੀ। ਉਹ ਜਿਥੋਂ ਲੰਘਦੀ, ਲੋਕ ਤੱਕਦੇ ਰਹਿ ਜਾਂਦੇ। ਲੋਕ ਆਖਦੇ, ਜਾਪਦੈ ਇਕ ਬੇਲਗਾਮ ਹਥਣੀ ਜ਼ਰੂਰ ਮਹਿਲਾਂ ਦੀ ਸ਼ਾਨ ਅਤੇ ਰੌਣਕ ਬਣੇਗੀ। ਸ਼ਾਇਦ ਜਿੰਦਾਂ ਦੇ ਦਿਲ ਦੇ ਇਕ ਕੋਨੇ ਵਿਚ ਵੀ ਇਹ ਸੱਧਰ ਉਸਲਵੱਟੇ ਲੈ ਰਹੀ ਹੋਵੇ! ਗੱਲ 1835 ਦੀ ਹੈ। ਲਾਹੌਰ ਵਿਖੇ ਮਹਾਰਾਜੇ ਦਾ ਸੰਗਤ ਦਰਸ਼ਨ ਦਰਬਾਰ ਸੀ। ਜਿੰਦਾਂ ਦਾ ਪਿਓ ਲਾਭ ਸਿੰਘ ਪਿੰਡ ਦੇ ਨੰਬਰਦਾਰ ਵੱਲੋਂ ਉਸਦੀ ਥੋੜ੍ਹੀ ਜਿਹੀ ਜ਼ਮੀਨ ‘ਤੇ ਕਬਜ਼ੇ ਦੀ ਸ਼ਿਕਾਇਤ ਲੈ ਕੇ ਪੁੱਜਾ ਹੋਇਆ ਸੀ। ਜ਼ਮੀਨ ਦੇ ਕਾਗਜ਼ ਪੱਤਰ ਅਤੇ ਲਿਖੀ ਇਬਾਰਤ ਪੜ੍ਹਾਉਣ ਲਈ ਉਹ ਆਪਣੀ ਧੀ ਰਾਜਿੰਦਰ ਕੌਰ ਨੂੰ ਵੀ ਨਾਲ ਲਿਆਇਆ ਸੀ। ਐਨੇ ਲੋਕਾਂ ਵਿਚ ਜਾਣ ਕਰਕੇ ਜਿੰਦਾਂ ਅੱਜ ਕੁਝ ਖਾਸ ਸਜ-ਸੰਵਰ ਕੇ ਆਈ ਸੀ। ਉਸਨੇ ਆਪਣੇ ਵਾਲ ਖੁਲ੍ਹੇ ਛੱਡ ਕੇ ਮੂਹਰੇ ਮੀਢੀਆਂ ਕੁਝ ਇਸ ਢੰਗ ਨਾਲ ਕੀਤੀਆਂ ਸਨ, ਕਿ ਮਹਰਾਜੇ ਦੀ ਬਾਜ਼ ਅੱਖ ਤੋਂ ਉਸਦਾ ਅੱਲ੍ਹੜ ਹੁਸਨ ਲੁਕ ਨਾ ਸਕਿਆ। ਮਹਾਰਾਜੇ ਨੇ ਲਾਭ ਸਿੰਘ ਦੀ ਸ਼ਿਕਾਇਤ ਦਾ ਨਿਵਾਰਨ ਕਰਨ ਦੇ ਨਾਲ ਨਾਲ ਉਸਦੀ ਧੀ ਦਾ ਹੱਥ ਵੀ ਮੰਗ ਲਿਆ ਅਤੇ ਨਾਲ ਹੀ 60 ਏਕੜ ਜ਼ਮੀਨ ਦੇਣ ਦਾ ਪ੍ਰਸਤਾਵ ਵੀ ਉਸ ਅੱਗੇ ਰੱਖ ਦਿੱਤਾ।
ਅੰਨ੍ਹਾਂ ਕੀ ਭਾਲੇ ਦੋ ਅੱਖਾਂ! ਆਪਣੀ ਜਵਾਨ ਧੀ ਲਈ ਮਹਾਰਾਜੇ ਤੋਂ ਵਧੀਆ ਵਰ ਜਾਂ ਕਦਰਦਾਨ ਤਾਂ ਉਹ ਸੱਤ ਜਨਮਾਂ ਵਿਚ ਸੱਤੇ ਕੂਟਾਂ ਭਾਲ ਕੇ ਵੀ ਨਹੀਂ ਸੀ ਲੱਭ ਸਕਦਾ। ਜਦੋਂ ਉਸਦੇ ਮਨ ਵਿਚ ਆਇਆ ਕਿ ਉਸਦੇ ਜਵਾਈ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਹੈ ਤਾਂ ਉਹ ਹੱਕਾ-ਬੱਕਾ ਰਹਿ ਗਿਆ। ਬਾਕੀ ਐਨੀ ਜ਼ਮੀਨ ਨਾਲ ਤਾਂ ਉਸ ਦੀਆਂ ਸੱਤੇ ਪੁਸ਼ਤਾਂ ਸੁਧਰਦੀਆਂ ਸਨ। ਆਰਥਿਕ ਬੋਝ ਤਾਂ ਝੱਟ ਹੀ ਛੂ-ਮੰਤਰ ਹੋ ਗਿਆ ਅਤੇ ਮਹਿਲਾਂ ਦਾ ਸ਼ਿੰਗਾਰ ਮਹਾਰਾਣੀ ਮਹਾਰਾਜੇ ਦੀਆਂ ਸਭ ਰਾਣੀਆਂ ਵਿਚੋਂ ਸਭ ਤੋਂ ਖ਼ੂਬਸੂਰਤ, ਜ਼ਹੀਨ ਅਤੇ ਅਕਲਮੰਦ ਹੋਣ ਕਰਕੇ ਮਹਾਰਾਜੇ ਨੇ ਉਸਨੂੰ ਮਹਾਰਾਣੀ ਦੀ ਪਦਵੀ ਦਿੱਤੀ ਅਤੇ ਉਹ ਮਹਾਰਾਣੀ ਜਿੰਦਾਂ ਵਜੋਂ ਜਾਣੀ ਜਾਣ ਲੱਗੀ। ਵਿਆਹ ਦੇ ਤਿੰਨ ਸਾਲ ਬਾਅਦ ਚਾਰ ਸਤੰਬਰ 1838 ਨੂੰ ਉਸਨੇ ਇਕ ਚੰਨ ਵਰਗੇ ਸੋਹਣੇ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਮ ਕੁੰਵਰ ਦਲੀਪ ਸਿੰਘ ਰੱਖਿਆ ਗਿਆ। ਪੁੱਤ ਦੇ ਜਨਮ ਦੇ ਇਕ ਸਾਲ ਬਾਅਦ ਹੀ 1839 ਵਿਚ ਅਧਰੰਗ ਦੇ ਦੌਰੇ ਕਾਰਨ ਸਿੱਖ ਕੌਮ ਦੇ ਮਹਾਨ ਉਸਰੱਈਏ ਅਤੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਣ ਕਰਕੇ ਮਹਿਲ ਸੁੰਨ ਹੋ ਗਿਆ। ਮਹਾਰਾਣੀ ਦਾ ਸੁਹਾਗ ਉਜੜ ਗਿਆ। ਸੁਹਾਗ ਦੇ ਚਿੰਨ ਅਤੇ ਬਾਹਾਂ ਦੇ ਚੂੜੇ ਭੱਜ ਗਏ, ਜਿਸਮ ਦਾ ਰੰਗ ਫਿੱਕਾ ਪੈ ਗਿਆ ਅਤੇ ਉਸਦੇ ਚਾਅ ਅਧੂਰੇ ਰਹਿ ਗਏ। ਉਸਦੇ ਚਿਹਰੇ ‘ਤੇ ਉਦਾਸੀ ਦਾ ਆਲਮ ਛਾ ਗਿਆ। ਇਹ ਮਹਾਰਾਣੀ ਲਈ ਇਕ ਪਰਖ਼ ਦੀ ਘੜੀ ਸੀ।
ਮਹਾਰਾਣੀ ਆਪਣੇ ਚਹੁੰ ਸਾਲਾਂ ਦੇ ਬਲੂੰਗੜੇ ਪੁੱਤਰ ਦਲੀਪ ਨੂੰ ਆਪਣੀ ਹਿੱਕ ਨਾਲ ਲਾ ਕੇ ਮਹਿਲ ਦੇ ਇਕ ਕੋਨੇ ਬਹਿ ਕੇ ਲਹੂ ਦੇ ਹੰਝੂ ਕੇਰਨ ਲੱਗੀ। ਲਾਹੌਰ ਦਰਬਾਰ ਦੀ ਬੁਰਛਾਗਰਦੀ ਵਿਚ ਮਹਾਰਾਜਿਆਂ, ਰਾਜਿਆਂ ਅਤੇ ਮੰਡੀ ਸਰਦਾਰਾਂ ਦੇ ਖ਼ੂਨ ਦੀ ਹੋਲੀ ਖੇਡੀ ਗਈ। ਜੋ ਗੱਦੀ ‘ਤੇ ਬਹਿੰਦਾ, ਉਸਨੂੰ ਮਾਰ ਮੁਕਾਉਂਦੇ। ਮਹਾਰਾਜੇ ਦੀ ਮੌਤ ਦਾ ਉਸਦੇ ਰਾਜਸੀ ਵਿਰੋਧੀਆਂ ਨੇ ਭਰਪੂਰ ਫਾਇਦਾ ਉਠਾਇਆ।
ਹੁਸੀਨ ਮਹਾਰਾਣੀ ਜਿੰਦਾਂ ਨੇ ਜ਼ੁਅਰਤ ਕੀਤੀ ਅਤੇ ਫੌਜੀ ਜਰਨੈਲਾਂ ਦੀ ਅਗਵਾਈ ਹੇਠ ਰਣਨੀਤੀ ਤਿਆਰ ਕਰਕੇ 15 ਸਤੰਬਰ, 1843 ਨੂੰ ਆਪਣੇ ਪੰਜ ਸਾਲਾ ਪੁੱਤਰ ਸ਼ਹਿਜ਼ਾਦਾ ਦਲੀਪ ਸਿੰਘ ਦੀ ਤਾਜਪੋਸ਼ੀ ਕਰ ਦਿੱਤੀ। ਦੂਜੇ ਪਾਸੇ ਮਹਾਰਾਣੀ ਖੁਦ ਸਰਪ੍ਰਸਤ ਬਣ ਕੇ ਉਸਦੀ ਰਸਮੀ ਸਲਾਹਕਾਰ ਬਣੀ।
ਇਸ ਢੰਗ ਨਾਲ ਮਹਾਰਾਣੀ ਨੇ ਖ਼ਾਲਸਾ ਰਾਜ ਦੀਆਂ ਕੰਧਾਂ ਨੂੰ ਮਜ਼ਬੂਤ ਬਣਾਉਣ ਦਾ ਯਤਨ ਕੀਤਾ, ਪਰ ਮੁੜ ਸੱਤ੍ਹਾ ਸੰਭਾਲਣ ਦੀ ਲਾਲਸਾ, ਈਰਖ਼ਾ ਅਤੇ ਆਪਸੀ ਖਿਚੋਤਾਣ ਦਾ ਖ਼ੋਰਾ ਲੱਗੀਆਂ ਕੰਧਾਂ ਐਨੀਆਂ ਖੋਖਲੀਆਂ ਹੋ ਚੁੱਕੀਆਂ ਸਨ ਕਿ ਰਾਜਸੱਤਾ ਰੇਤ ਦੀ ਮੁੱਠ ਬਣ ਕੇ ਉਸਦੇ ਹੱਥਾਂ ‘ਚੋਂ ਕਿਰਦੀ ਰਹੀ। ਇਤਫ਼ਾਕ ਕਹੋ ਜਾਂ ਸੰਯੋਗ ਕਿ ਜਿਥੇ ਵੀਰਾਂਗਣਾ ਜਿੰਦਾਂ ਨੇ ਲੋਹੇ ਦੇ ਹੱਥਾਂ ਨਾਲ ਤਾਜ ਪੁੱਤਰ ਦੇ ਸਿਰ ਬੰਨਿਆ, ਉਥੇ ਮਹਾਰਾਣੀ ਦਾ ਭਰਾ ਜਵਾਹਰ ਸਿੰਘ ਅਤਿ ਦਰਜੇ ਦਾ ਡਰਪੋਕ, ਬੁਜ਼ਦਿਲ ਅਤੇ ਅੱਯਾਸ਼ ਸੀ। ਇਤਿਹਾਸਕਾਰ ਗੰਡਾ ਸਿੰਘ (ਡਾ.) ਦੀ ਖੋਜ ਅਨੁਸਾਰ ਸ਼ਹਿਜ਼ਾਦੇ ਦੀ ਤਾਜਪੋਸ਼ੀ ਤੋਂ ਅਗਲੇ ਹੀ ਦਿਨ ਸੰਧਾਵਾਲੀਆ ਸਰਦਾਰਾਂ ਨੂੰ ਮਾਰ ਕੇ ਧਿਆਨ ਸਿੰਘ ਡੋਗਰੇ ਦਾ ਪੁੱਤ ਹੀਰਾ ਸਿੰਘ ਮੁੱਖ ਵਜ਼ੀਰ ਬਣ ਗਿਆ। ਉਸ ਨੇ ਜਵਾਹਰ ਸਿੰਘ ਨੂੰ ਕੈਦ ਕਰਵਾ ਦਿੱਤਾ। ਇਸੇ ਦੌਰਾਨ ਮਹਾਰਾਣੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਅਸਫ਼ਲ ਕੋਸ਼ਿਸ਼ ਵੀ ਹੋਈ। ਪਰ ਬਹਾਦਰ ਵੀਰਾਂਗਣਾ ਨੇ ਚਤੁਰਤਾ, ਦੂਰਦਰਸ਼ੀ ਅਤੇ ਰਣਨੀਤੀ ਅਪਣਾ ਕੇ ਸਿੱਖ ਫੌਜਾਂ ਨੂੰ ਲਲਕਾਰ ਕੇ ਸਵੈ-ਰੱਖਿਆ ਹੀ ਨਹੀਂ ਕੀਤੀ, ਸਗੋਂ ਹੀਰਾ ਸਿੰਘ ਅਤੇ ਉਸ ਦੇ ਧੋਖੇਬਾਜ਼ ਗੱਦਾਰ ਸਲਾਹਕਾਰ ਜੱਲ੍ਹੇ ਦਾ ਕਤਲ ਵੀ ਕਰਵਾਇਆ। ਹੀਰਾ ਸਿੰਘ ਦੇ ਸਿਪੇ ਸੱਲਾਰ ਨੇ ਕੁਤਾਹੀ ਨਾਲ ਜਵਾਹਰ ਸਿੰਘ ਨੂੰ ਮੁੱਖ ਵਜ਼ੀਰ ਬਣਾ ਕੇ ਪਹਿਲਾਂ ਮਹਾਰਾਣੀ ਦੇ ਸੱਜੇ ਹੱਥ ਕੁੰਵਰ ਪਿਸ਼ੌਰਾ ਸਿੰਘ ਅਤੇ ਫਿਰ 21 ਸਤੰਬਰ 1845 ਨੂੰ ਜਵਾਹਰ ਸਿੰਘ ਦਾ ਕਤਲ ਕਰਵਾ ਦਿੱਤਾ। ਮਹਾਰਾਣੀ ਇਕ ਵਾਰ ਫਿਰ ਇਕੱਲੀ ਰਹਿ ਗਈ।
ਸਿੱਖ ਰਾਜ ਖੇਰੂੰ-ਖੇਰੂੰ ਹੋ ਚੁੱਕਾ ਸੀ ਅਤੇ ਰਾਜਨੀਤਕ ਸ਼ਤਰੰਜ ਦੀ ਬਿਸਾਤ ‘ਤੇ ਸਿੱਖ ਵਿਰੋਧੀ ਤਾਕਤਾਂ ਦੀ ਨਜ਼ਰ ਸੀ। ਸਿੱਖ ਅੱਡੋਫਾਟੀ, ਈਰਖ਼ਾ ਅਤੇ ਸਵਾਰਥ ਦਾ ਸ਼ਿਕਾਰ ਹੋਣ ਕਰਕੇ ਇੱਕਜੁੱਟਤਾ ਦੀ ਕਮੀ ਸੀ। ਆਪਾਧਾਪੀ ਮੱਚੀ ਹੋਈ ਸੀ। ਸਾਜ਼ਿਸ਼ਾਂ, ਚਾਲਾਂ ਅਤੇ ਕੂਟਨੀਤੀ ਦੇ ਆਲਮ ਵਿਚ ਅੰਗਰੇਜ਼ ਤਾਕ ਲਗਾਈ ਬੈਠੇ ਸਭ ਕੁਝ ਵੇਖ ਰਹੇ ਸਨ। ਦੋ ਬਿੱਲੀਆਂ ਦੀ ਲੜਾਈ ਵਿਚ ਬਾਂਦਰ ਅੰਗਰੇਜ਼ ਫਾਇਦਾ ਲੈਣ ਦੀ ਤਾਕ ਵਿਚ ਸੀ। ਮੁੱਦਕੀ ਅਤੇ ਸਭਰਾਵਾਂ ਦੀਆਂ ਜੰਗਾਂ ਦੇ ਨਤੀਜੇ ਇਸੇ ਰੰਜਸ਼, ਸਾਜ਼ਿਸ਼ ਅਤੇ ਚਾਲਬਾਜ਼ੀ ਦਾ ਨਤੀਜਾ ਸਨ। ਸਿੱਖ ਵਿਰੋਧੀ ਤਾਕਤਾਂ, ਗੱਦਾਰ ਅਤੇ ਅੰਗਰੇਜ਼ ਸਫ਼ਲ ਹੁੰਦੇ ਰਹੇ, ਚੋਟੀ ਦੇ ਸਿੱਖ ਆਗੂ, ਜਰਨੈਲ ਅਤੇ ਯੋਧੇ ਇਕ ਇਕ ਕਰਕੇ ਵੀਰਗਤੀ ਪ੍ਰਾਪਤ ਕਰਦੇ ਗਏ। 1845 ਵਿਚ ਮੁੱਦਕੀ ਅਤੇ 1846 ਵਿੱਚ ਸਭਰਾਵਾਂ ਦੀ ਜੰਗ ਵਿਚ ਹਾਰ ਦੌਰਾਨ ਸਿੱਖ ਕੌਮ ਨੇ ਸ਼ਾਮ ਸਿੰਘ ਅਟਾਰੀ, ਪ੍ਰਤਾਪ ਸਿੰਘ ਬਿਗਲ ਅਤੇ ਮੌਲਦ ਸਿੰਘ ਜੰਗਜੂ ਵਰਗੇ ਯੋਧਿਆਂ ਤੋਂ ਹੱਥ ਧੋਣੇ ਪਏ। ਭੈਰੋਵਾਲ ਦੀ ਸੰਧੀ ਕਰਕੇ ਮਹਾਰਾਣੀ ਦੇ ਪਰ ਕੱਟ ਕੇ ਉਸਨੂੰ ਪੂਰੀ ਤਰ੍ਹਾਂ ਲਾਚਾਰ ਅਤੇ ਬੇਵੱਸ ਬਣਾ ਦਿੱਤਾ ਗਿਆ। ਮਾਂ-ਪੁੱਤ ਨੂੰ ਨਿਖੇੜ ਦਿੱਤਾ ਗਿਆ। 29 ਮਾਰਚ, 1849 ਨੂੰ ਮਹਾਰਾਜਾ ਦਲੀਪ ਸਿੰਘ ਦੇ ਰਾਜ ਦਾ ਅੰਤ ਹੋ ਗਿਆ। ਉਸਨੂੰ ਈਸਾਈ ਬਣਾ ਕੇ ਇੰਗਲੈਂਡ ਭੇਜ ਦਿੱਤਾ ਗਿਆ। 6 ਅਪ੍ਰੈਲ 1849 ਨੂੰ ਮਹਾਰਾਣੀ ਨੂੰ ਚੁਨਾਰ ਦੇ ਵੀਰਾਨ ਕਿਲ੍ਹੇ ਦੀ ਕੈਦਣ ਬਣਾ ਦਿੱਤਾ ਗਿਆ।
18 ਅਪ੍ਰੈਲ 1849 ਨੂੰ ਉਹ ਇਕ ਫਕੀਰਨੀ ਦੇ ਭੇਸ ਵਿਚ ਉਥੋਂ ਨਿਕਲ ਕੇ ਨਿਪਾਲ ਚਲੀ ਗਈ ਅਤੇ ਰਾਣਾ ਜੰਗ ਬਹਾਦੁਰ ਦੀ ਸ਼ਰਨ ਲਈ, ਜਿਥੇ ਉਸਨੇ ਜ਼ਿੰਦਗੀ ਦੇ 12 ਸਾਲ ਗੁਜ਼ਾਰੇ। ਪੁੱਤਰ ਦੇ ਵਿਯੋਗ ਵਿਚ ਮਾਂ ਦੇ ਕਲੇਜੇ ਨੂੰ ਧੂਹ ਪੈ ਰਹੀ ਸੀ। ਉਹ ਅੰਨ੍ਹੀ ਹੋ ਚੁੱਕੀ ਸੀ, ਜਦੋਂ 14 ਸਾਲ ਬਾਅਦ ਉਸਦਾ ਪੁੱਤਰ ਦਲੀਪ ਸਿੰਘ ਉਸਨੂੰ ਮਿਲਣ ਲਈ ਆਇਆ। ਪਰ ਜਦੋਂ ਉਸਨੇ ਆਪਣੇ ਪੁੱਤ ਨੂੰ ਆਸ਼ੀਰਵਾਦ ਦੇਣ ਲਈ ਹੱਥ ਉਸਦੇ ਸਿਰ ‘ਤੇ ਰੱਖਿਆ ਤਾਂ ਉਸਦੇ ਕੱਟੇ ਵਾਲ ਮਹਿਸੂਸ ਕਰਕੇ ਉਸਨੂੰ ਇਕ ਦਮ ਝਟਕਾ ਲੱਗਾ, ”ਤੂੰ ਰੋਡਾ ਹੋ ਗਿਆ, ਦਲੀਪ। ਅੱਜ ਤੂੰ ਮੈਨੂੰ ਮਿਲ ਕੇ ਵਿਛੜ ਗਿਆ ਏਂ।” ਪਰ ਪੁੱਤਰ ਨੇ ਧਰਵਾਸ ਦਿੱਤਾ ਕਿ ਉਸ ਦੀ ਮਜਬੂਰੀ ਸੀ, ਪਰ ਹੁਣ ਉਹ ਸਿੱਖ ਬਣ ਜਾਵੇਗਾ। ਉਸਨੇ ਮਾਫ਼ੀ ਮੰਗੀ, ਭਾਵੇਂ ਕਿ ਉਹ ਇਸਾਈ ਬਣ ਚੁੱਕਾ ਸੀ। ਮਾਂ ਨੇ ਮੁੜ ਉਸਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਅਤੇ ਰੱਜ ਕੇ ਪਿਆਰ ਦਿੱਤਾ। ਬਾਅਦ ਵਿਚ ਦਲੀਪ ਸਿੰਘ ਨੇ ਸ਼ਾਦੀ ਇਕ ਅੰਗਰੇਜ਼ੀ ਮੇਮ ਈਵਾ ਨਾਲ ਕਰਵਾਈ ਸੀ, ਜਿਸਦੇ ਵਾਲ ਮੋਢਿਆਂ ਤੱਕ ਕੱਟੇ ਹੋਏ ਸਨ। ਦਲੀਪ ਸਿੰਘ ਦੀਆਂ ਧੀਆਂ ਸੋਫ਼ੀਆ ਅਤੇ ਕੈਥਰੀਨਾ ਦੀਆਂ ਤਸਵੀਰਾਂ ਵੀ ਮਿਲਦੀਆਂ ਹਨ, ਜਿਨ੍ਹਾਂ ਵਿਚ ਦੋਹਾਂ ਕੁੜੀਆਂ ਦੇ ਪੱਛਮੀ ਲਿਬਾਸ ਪਹਿਨਿਆ ਹੋਇਆ ਹੈ ਅਤੇ ਪਟੇ ਕਰਵਾਏ ਹੋਏ ਹਨ। ਕਹਿਣ ਤੋਂ ਭਾਵ ਇਹ ਕਿ ਦਲੀਪ ਨੇ ਸਿਰਫ਼ ਭਰੋਸਾ ਦਿੱਤਾ ਸੀ ਅਤੇ ਉਸ ‘ਤੇ ਅਮਲ ਨਹੀਂ ਕੀਤਾ ਸੀ।
ਸ਼ਹਿਜ਼ਾਦਾ ਆਪਣੀ ਚਿਰਾਂ ਤੋਂ ਵਿਛੜੀ ਮਾਂ ਨੂੰ ਆਪਣੇ ਨਾਲ ਸਮੁੰਦਰੋਂ ਪਾਰ ਲੈ ਗਿਆ, ਪਰ ਬੇਵੱਸੀ ਅਤੇ ਬਦਕਿਸਮਤੀ ਨੇ ਉਥੇ ਵੀ ਉਨ੍ਹਾਂ ਦਾ ਸਾਥ ਨਾ ਛੱਡਿਆ। ਫਿਰੰਗੀ ਨੂੰ ਦੋਹਾਂ ਦਾ ਮਿਲਣ ਮਨਜ਼ੂਰ ਨਹੀਂ ਸੀ ਅਤੇ ਨਾ ਹੀ ਸ਼ਾਇਦ ਕਿਸਮਤ ਨੂੰ। ਮਾਂ-ਪੁੱਤ ਨੂੰ ਨਿਖੇੜ ਕੇ ਦਲੀਪ ਸਿੰਘ ਨੂੰ ਮੂਲਗਰੇਵ ਕੈਸਲ ਅਤੇ ਮਹਾਰਾਣੀ ਨੂੰ ਐਬਿੰਗਟਨ ਹਾਊਸ ਭੇਜ ਦਿੱਤਾ ਗਿਆ, ਪਰ ਚਿਰਾਂ ਬਾਅਦ ਮਿਲੇ ਪੁੱਤ ਤੋਂ ਦੂਜੀ ਵਾਰ ਵਿਛੜਨਾ ਅੰਨ੍ਹੀ ਮਾਂ ਦੇ ਅੰਨ੍ਹੇ ਪਿਆਰ ਲਈ ਅਸਹਿ ਸੀ। ਕੁਝ ਦਿਨ ਕੋਮਾ ਵਿਚ ਰਹਿਣ ਬਾਅਦ ਉਹ ਇਕ ਅਗਸਤ 1863 ਦੇ ਦਿਨ ਇਸ ਫਾਨੀ ਜਹਾਂ ਨੂੰ ਸਦਾ ਲਈ ਅਲਵਿਦਾ ਕਹਿ ਕੇ ਕਿਸੇ ਰੂਹਾਨੀ ਸੰਸਾਰ ਵੱਲ ਕੂਚ ਕਰ ਗਈ। ਉਸ ਨੇ ਆਪਣੀ ਮੌਤ ਤੋਂ ਬਾਅਦ ਮਹਾਰਾਣੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਕੋਲ ਸਸਕਾਰ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ, ਜੋ ਪੂਰੀ ਨਾ ਹੋਈ। ਪਰ ਕੁਝ ਮਹੀਨੇ ਬਾਅਦ ਉਸਦੇ ਸ਼ਹਿਜ਼ਾਦੇ ਨੇ ਉਸਦੀ ਇਹ ਇੱਛਾ ਪੂਰੀ ਕੀਤੀ। ਅੱਜ ਨਰਬਦਾ ਨਦੀ ਕੰਢੇ ਬਣੀ ਮਹਾਰਾਣੀ ਜਿੰਦਾਂ ਦੀ ਸਮਾਧ’ ਸਿੱਖ ਰਾਜ ਦੀ ਇਸ ਹੁਸੀਨ ਵੀਰਾਂਗਣਾ ਦੀ ਅੰਤਿਮ ਇੱਛਾ ਵੱਲ ਇਸ਼ਾਰਾ ਕਰਦੀ ਹੈ।
ਐਚ. ਐਸ. ਡਿੰਪਲ
9888569669

Posted in: ਸਾਹਿਤ