ਚਮਕ ਹੈ ਮਿਹਰ ਕੀ ਐਂ ਚਮਕੌਰ ਤੇਰੇ ਜ਼ਰੋਂ ਮੇਂ

By April 7, 2018 0 Comments


guru_gobind_singh-and_sahibzadeh_chamkaur_sahibਦੁਨੀਆਂ ਦੇ ਇਤਿਹਾਸ ਵਿਚ ਜੇਕਰ ਜੰਗਾਂ ਦਾ ਜ਼ਿਕਰ ਕਰੀਏ ਤਾਂ ਦੋਵੇਂ ਸੰਸਾਰ ਯੁੱਧਾਂ ਸਮੇਤ ਕਿਸੇ ਵੀ ਜੰਗ ਦੀ ਹੋਰ ਅਜਿਹੀ ਉਦਾਹਰਣ ਨਹੀਂ ਮਿਲਦੀ ਜਿਹੜੀ ਕਿ ਚਮਕੌਰ ਸਾਹਿਬ 1704 ਨੂੰ ਲੜੀ ਗਈ। ਇਹ ਜੰਗ ਇੰਨੀ ਅਸਾਵੀਂ ਸੀ ਕਿ ਕੇਵਲ ਅੱਧਾ ਸੈਂਕੜਾ ਸਿੱਖਾਂ ਦਾ ਮੁਕਾਬਲਾ ਕਰਨ ਲਈ ਲੱਖਾਂ ਦੀ ਗਿਣਤੀ ਵਿਚ ਫੌਜ ਤੋਰ ਦਿੱਤੀ। ਇਕ ਪਾਸੇ ਦਿੱਲੀ ਤਖ਼ਤ ‘ਤੇ ਬੈਠਾ ਸਮੇਂ ਦਾ ਹੁਕਮਰਾਨ ਔਰੰਗਜ਼ੇਬ ਆਪਣੇ ਅਧੀਨ ਸਰਹੰਦ ਦੇ ਸੂਬੇ ਵਜ਼ੀਰ ਖਾਂ ਰਾਹੀਂ ਸਿੱਖ ਪੰਥ ਨੂੰ ਸਖ਼ਤੀ ਨਾਲ ਕੁਚਲਣ ਦੇ ਰੌਂਅ ‘ਚ ਸੀ, ਦੂਜੇ ਪਾਸੇ ਸੂਰਮਗਤੀ ਨਾਲ ਕੁੱਟ-ਕੁੱਟ ਭਰੇ ਹੋਏ ਸਿੰਘ ਦੁਸ਼ਮਣ ਦੇ ਹਰ ਵਾਰ ਦਾ ਸਾਹਮਣਾ ਕਰਨ ਲਈ ਤਿਆਰ ਸਨ। ਪਹਾੜੀ ਰਾਜਿਆਂ ਵੱਲੋਂ ਤੋੜੀਆਂ ਕਸਮਾਂ ਅਤੇ ਔਰੰਗਜ਼ੇਬ ਦੀਆਂ ਫੌਜਾਂ ਦਾ ਮੁਕਾਬਲਾ ਕਰਦਿਆਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਿਆ ਤਾਂ ਅੱਗੋਂ ਸਰਸਾ ਨਦੀ ਦੇ ਸਿੱਖ ਪੰਥ ਦੇ ਰਾਹ ਵਿਚ ਅਜਿਹਾ ਰੋੜਾ ਅਟਕਾਇਆ ਕਿ ਇਸ ਹੱਡਚੀਰਵੀਂ ਸਰਦੀ ‘ਤੇ ਮੀਂਹ ਦੇ ਮੌਸਮ ਵਿਚ ਮਾਤਾ ਗੁਜਰ ਕੌਰ ਜੀ ਅਤੇ ਦੋ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਿੰਘਾਂ ਦੇ ਦਲ ਨਾਲੋਂ ਵਿਛੜ ਗਏ। ਇੰਨਾ ਹੀ ਨਹੀਂ ਬਹੁਤ ਸਾਰਾ ਕੀਮਤੀ ਸਾਹਿਤ ਵੀ ਇਸ ਸਰਸਾ ਨਦੀ ਦੀ ਭੇਟ ਚੜ੍ਹ ਗਿਆ।
ਸਰਸਾ ਦਾ ਸਾਹਮਣਾ ਕਰਨ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਲਾ ਨਿਹੰਗ, ਦੁਲਚੀ ਮਾਜਰਾ, ਬੂਰਮਾਜਰਾ, ਦੁੱਗਰੀ, ਕੋਟਲੀ ਹੁੰਦੇ ਹੋਏ ਚਾਲੀ ਸਿੰਘਾਂ ਅਤੇ ਦੋ ਸਾਹਿਬਜ਼ਾਦਿਆਂ ਸਮੇਤ ਸ੍ਰੀ ਚਮਕੌਰ ਸਾਹਿਬ ਦੇ ਬਾਹਰਵਾਰ ਪੁੱਜ ਗਏ। ਇਸ ਜਗ੍ਹਾ ‘ਤੇ ਵਰਤਮਾਨ ਸਮੇਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹੈ। ਜਦੋਂ ਚਮਕੌਰ ਸਾਹਿਬ ਦੇ ਵਸਨੀਕ ਚੌਧਰੀ ਰਾਏ ਰੂਪ ਚੰਦ ਅਤੇ ਚੌਧਰੀ ਜਗਤ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਸਾਹਿਬ ਜੀ ਪੁੱਜਣ ਦੀ ਭਿਣਕ ਕੰਨੀਂ ਪਈ ਤਾਂ ਉਨ੍ਹਾਂ ਨੇ ਆਪਣੀ ਕੱਚੀ ਗੜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕਰਕੇ ਇਸ ਗੜ੍ਹੀ ਨੂੰ ਧੰਨਤਾ ਦਾ ਪਾਤਰ ਬਣਾ ਦਿੱਤਾ। ਉਧਰ ਮੁਗ਼ਲ ਸੈਨਾ ਮਰਦੂਦ ਖਾਂ ਦੀ ਅਗਵਾਈ ਵਿਚ ਚਮਕੌਰ ਸਾਹਿਬ ਪਿੰਡ ਨੇੜੇ ਆ ਢੁੱਕੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਠ-ਅੱਠ ਸਿੰਘਾਂ ਦੇ ਜਥੇ ਬਣਾ ਕੇ ਬਹੁਤ ਹੀ ਵਿਉਂਤਬੱਧ ਤਰੀਕੇ ਨਾਲ ਜੰਗ ਦੀ ਤਿਆਰੀ ਕਰ ਲਈ। ਭਾਈ ਕੋਠਾ ਸਿੰਘ ਅਤੇ ਭਾਈ ਮੈਦਾਨ ਸਿੰਘ ਨੂੰ ਗੜੀ ਦੇ ਪਹਿਰੇਦਾਰ ਨਿਯੁਕਤ ਕਰ ਦਿੱਤਾ ਗਿਆ ਅਤੇ ਬੇਅੰਤ ਭਿਆਨਕ ਯੁੱਧ ਸ਼ੁਰੂ ਹੋ ਗਿਆ। ਕੱਚੀ ਗੜ੍ਹੀ ਵਿਚੋਂ ਇਕ-ਇਕ ਸਿੰਘ ਲੱਖਾਂ ਦੀ ਗਿਣਤੀ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਦੇ ਜਾਮ ਪੀਣ ਲੱਗਿਆ। ਸਿੰਘ ਮੁਗ਼ਲ ਸੈਨਾ ਨਾਲ ਵੀਰਤਾ ਨਾਲ ਲੜਦੇ ਅਤੇ ਸ਼ਹੀਦੀ ਦੇ ਜਾਮ ਪੀ ਜਾਂਦੇ। ਹੌਲੀ-ਹੌਲੀ ਗੜ੍ਹੀ ਦੇ ਅੰਦਰ ਸਿੱਘਾਂ ਦੀ ਗਿਣਤੀ ਘਟਣ ਲੱਗੀ। ਸਿੰਘਾਂ ਦੀ ਗਿਣਤੀ ਲਗਾਤਾਰ ਘਟ ਰਹੀ ਸੀ। ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿਚ ਬਾਬਾ ਅਜੀਤ ਸਿੰਘ ਜੀ ਨੇ ਖੁਦ ਜੰਗ ਵਿਚ ਜਾਣ ਲਈ ਆਪਣੇ ਪਿਤਾ ਜੀ ਕੋਲੋਂ ਆਗਿਆ ਮੰਗੀ। ਆਪਣੇ ਲਾਡਲੇ ਨੂੰ ਜੰਗ ਵਿਚ ਜਾਣ ਦਾ ਚਾਅ ਸੁਣ ਕੇ ਦਸਮੇਸ਼ ਪਿਤਾ ਨੇ ਖੁਦ ਉਨ੍ਹਾਂ ਲਈ ਘੋੜਾ ਸਜਾਇਆ, ਸ਼ਸਤਰ ਪਹਿਨਾ ਕੇ ਜੰਗ ਵਿਚ ਘੱਲ ਦਿੱਤਾ। ਸੰਸਾਰ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਇਕ ਪਿਤਾ ਨੇ ਆਪਣੇ ਜਿਗਰ ਦੇ ਟੋਟੇ ਨੂੰ ਦੁਸ਼ਮਣ ਨਾਲ ਲੜਨ ਲਈ ਹੱਥੀਂ ਤੋਰਿਆ ਹੋਵੇ। ਆਪਣੇ ਵੱਡੇ ਵੀਰ ਨੂੰ ਦੁਸ਼ਮਣਾਂ ‘ਤੇ ਬਿਜਲੀ ਵਾਂਗ ਟੁੱਟ-ਟੁੱਟ ਪੈਂਦਿਆਂ ਦੇਖ ਕੇ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਦੇ ਡੌਲੇ ਫਰਕਣ ਲੱਗੇ। ਉਸ ਨੇ ਵੀ ਵੱਡੇ ਵੀਰ ਵਾਂਗ ਜੰਗ ਵਿਚ ਜਾਣ ਦੀ ਇਜਾਜ਼ਤ ਮੰਗ ਲਈ। ਦਸਮੇਸ਼ ਪਿਤਾ ਨੇ ਬਪਚਨ ਵਿਚ ਆਪਣੇ ਪਿਤਾ ਨੂੰ ਸ਼ਹੀਦੀ ਲਈ ਹੱਥੀਂ ਤੋਰਨ ਬਾਅਦ ਅਜੇ ਕੁਝ ਪਲ ਪਹਿਲਾਂ ਹੀ ਵੱਡੇ ਪੁੱਤਰ ਨੂੰ ਵਿਦਾ ਕੀਤਾ ਸੀ ਪਰ ਦਸਮੇਸ਼ ਪਿਤਾ ਨੇ ਦੂਜੇ ਪੁੱਤਰ ਨੂੰ ਬਹੁਤ ਚਾਅ ਨਾਲ ਜੰਗ ਵਿਚ ਜਾਣ ਲਈ ਤਿਆਰ ਕੀਤਾ ਅਤੇ ਦੁਸ਼ਮਣ ‘ਤੇ ਬੱਬਰ ਸ਼ੇਰਾਂ ਵਾਂਗ ਟੁੱਟ ਪੈਂਦਿਆਂ ਅੱਖੀਂ ਦੇਖਿਆ।
ਜਦੋਂ ਦੋਨੋਂ ਸਾਹਿਬਜ਼ਾਦੇ ਮੈਦਾਨ-ਏ-ਜੰਗ ਵਿਚ ਸ਼ਹੀਦੀ ਜਾਮ ਪੀ ਗਏ ਤਾਂ ਬਾਜਾਂ ਵਾਲੇ ਨੇ ਆਪ ਜੰਗ ਵਿਚ ਜਾਣ ਦੀ ਤਿਆਰੀ ਕਰ ਲਈ। ਗੜ੍ਹੀ ਵਿਚ ਮੌਜੂਦ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਕੱਠੇ ਹੋ ਕੇ ਬੇਨਤੀ ਕੀਤੀ। ਪਾਤਸ਼ਾਹ ਜੀ ਅਜੇ ਸਿੱਖ ਕੌਮ ਨੂੰ ਤੁਹਾਡੀ ਅਗਵਾਈ ਦੀ ਬਹੁਤ ਲੋੜ ਹੈ। ਇਸ ਕਰਕੇ ਤੁਸੀਂ ਜੰਗ ਵਿਚ ਨਾ ਜਾਓ। ਦਸਮੇਸ਼ ਪਿਤਾ ਨੇ ਇਸ ਬੇਨਤੀ ਨੂੰ ਠੁਕਰਾ ਦਿੱਤਾ। ਇਸ ਉਪਰੰਤ ਹਾਜ਼ਰ ਸਿੱਖਾਂ ਨੇ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਮੇਂ ਬਖਸ਼ੀ ਤਸ੍ਰਤ ਦਾ ਇਸਤੇਮਾਲ ਕੀਤਾ ਅਤੇ ਪੰਜਾਂ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਕੌਮ ਦੀ ਅਗਵਾਈ ਦੀ ਲੋੜ ਦਰਸਾ ਕੇ ਕੱਚੀ ਗੜ੍ਹੀ ਛੱਡ ਜਾਣ ਦਾ ਹੁਕਮ ਦੇ ਦਿੱਤਾ। ਖਾਲਸਾ ਪੰਥ ਨੂੰ ਆਪਣੇ ਦੁਆਰਾ ਭੇਟ ਕੀਤੀ ਤਾਕਤ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦੇ ਹੁਕਮ ਨੂੰ ਪਹਿਲ ਦਿੱਤੀ ਅਤੇ ਆਪਣੇ ਹਮਸ਼ਕਲ ਭਾਈ ਸੰਗਤ ਸਿੰਘ ਨੂੰ ਕਲਗੀ ਅਤੇ ਪੁਸ਼ਾਕ ਪਹਿਨਾ ਕੇ ਆਪ ਗੜ੍ਹੀ ਨੂੰ ਛੱਡਣ ਦਾ ਨਿਸ਼ਚਾ ਕੀਤਾ। ਚਮਕੌਰ ਸੀ ਗੜ੍ਹੀ ਨੂੰ ਅਲਵਿਦਾ ਕਹਿਣ ਸਮੇਂ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਚੁੱਪ-ਚੁਪੀਤੇ ਨਹੀਂ ਸਗੋਂ ਤਾੜੀ ਮਾਰ ਕੇ ਚਮਕੌਰ ਸਾਹਿਬ ਵਿਚੋਂ ਨਿਕਲਣਗੇ। ਤਾੜੀ ਮਾਰਨ ਵਾਲੀ ਥਾਂ ‘ਤੇ ਗੁਰਦੁਆਰਾ ਤਾੜੀ ਸਾਹਿਬ ਸੁਸ਼ੋਭਿਤ ਹੈ।
ਜਦੋਂ ਇਸ ਘਟਨਾ ਬਾਰੇ ਚਮਕੌਰ ਸਾਹਿਬ ਦੇ ਨੇੜੇ ਰਹਿੰਦੀ ਬੀਬੀ ਸ਼ਰਨ ਕੌਰ ਨੂੰ ਪਤਾ ਲੱਗਿਆ ਤਾਂ ਉਸ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿਚ ਪੁੱਜ ਕੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਤਰ ਕਰਕੇ ਅੰਗੀਠਾ ਸਜਾਇਆ ਅਤੇ ਸ਼ਹੀਦਾਂ ਦੇ ਸਰੀਰਾਂ ਨੂੰ ਰੁਲਣ ਤੋਂ ਬਚਾਅ ਲਿਆ। ਬੀਬੀ ਸ਼ਰਨ ਕੇਰ ਦੀ ਦਲੇਰਾਨਾ ਕਾਰਵਾਈ ਦੀ ਉਦਾਹਰਣ ਵੀ ਕਿਤੇ ਹੋਰ ਨਹੀਂ ਮਿਲਦੀ। ਜਦੋਂ ਇਕ ਔਰਤ ਨੇ ਇਸ ਭਿਆਨਕ ਦ੍ਰਿਸ਼ ਨੂੰ ਦੇਖ ਕੇ ਹੌਸਲਾ ਨਾ ਹਾਰਿਆ ਹੋਵੇ ਤੇ ਅੰਤਿਮ ਸੰਸਕਾਰ ਦਾ ਪ੍ਰਬੰਧ ਖੁਦ ਕਰ ਲਿਆ ਹੋਵੇ। ਇਸ ਅੰਗੀਠੇ ਵਾਲੀ ਥਾਂ ‘ਤੇ ਅੱਜ-ਕੱਲ੍ਹ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਮੌਜੂਦ ਹੈ।
ਅੱਜ ਜਦੋਂ ਇਸ ਸਾਕੇ ਨੂੰ ਵਾਪਰਿਆਂ ਤਿੰਨ ਸੌ ਸਾਲ ਤੋਂ ਵੀ ਵੱਧ ਹੋ ਗਏ ਹਨ ਤਾਂ ਇਸ ਗੱਲ ‘ਤੇ ਬਹੁਤ ਚਿੰਤਾ ਹੁੰਦੀ ਹੈ ਕਿ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾਸ੍ਰੋਤ ਬਣਿਆ ਇਹ ਸ਼ਹੀਦੀ ਜੋੜ ਮੇਲਾ ਅੱਜ-ਕੱਲ੍ਹ ਹਲਕੇ ਦੀ ਸਿਆਸਤ ਦਾ ਕੇਂਦਰ ਬਿੰਦੂ ਬਣਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਆਪਣੇ-ਆਪਣੇ ਸੋਹਲੇ ਗਾ ਕੇ ਵਿਰੋਧੀਆਂ ਨੂੰ ਭੰਡਣ ਵਿਚ ਮਸ਼ਰੂਫ਼ ਹੋ ਜਾਂਦੀਆਂ ਹਨ। ਸ੍ਰੀ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਜੋ ਕਿ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਸੀ। ਅੱਜ-ਕੱਲ੍ਹ ਸਿਰਫ ਮੇਲਾ ਬਣਦਾ ਜਾ ਰਿਹਾ ਹੈ। ਇਸ ਵਿਚ ਜਿੱਥੇ ਪ੍ਰਚਾਰਕ ਜ਼ਿੰਮੇਵਾਰ ਹਨ, ਉਥੇ ਮਾਪਿਆਂ ਨੂੰ ਵੀ ਦੋਸ਼ ਦਿੱਤਾ ਜਾ ਰਿਹਾ ਹੈ। ਇਲਾਕੇ ਵਿਚ ਭਾਵੇਂ ਸਿੱਖ ਮਿਸ਼ਨਰੀ ਕਾਲਜ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪੰਜਾਬ ਕਲਾ ਮੰਚ, ਚੇਤਨਾ ਕਲਾ ਮੰਚ, ਬੀਬੀ ਸ਼ਰਨ ਕੇਰ ਮਹਿਲਾ ਮੰਡ, ਸ੍ਰੀ ਚਮਕੌਰ ਸਾਹਿਬ ਡਿਵੈਲਪਮੈਂਟ ਫੋਰਸ ਸਮੇਤ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੁਝ ਯੂਥ ਕਲੱਬ ਆਦਿ ਆਪੋ-ਆਪਣੀਆਂ ਸੰਸਥਾਵਾਂ ਜਾਂ ਨਿੱਜੀ ਤੌਰ ‘ਤੇ ਇਸ ਧਰਤੀ ‘ਤੇ ਧਾਰਮਿਕ ਸਰਗਰਮੀਆਂ ਚਲਾ ਰਹੇ ਹਨ ਪਰ ਨੌਜਵਾਨ ਪੀੜ੍ਹੀ ਵਿਚ ਚੱਲ ਰਹੀ ਪਤਿਤਪੁਣੇ ਦੀ ਲਹਿਰ ਨੂੰ ਠੱਲ੍ਹਣ ਵਿਚ ਅਜੇ ਕੋਈ ਕਾਮਯਾਬ ਹੁੰਦਾ ਦਿਖਾਈ ਨਹੀਂ ਦਿੰਦਾ।
ਮਾਪੇ ਆਪਣੇ ਬੱਚਿਆਂ ਨੂੰ ਸ੍ਰੀ ਚਮਕੌਰ ਸਾਹਿਬ ਦੇ ਸਾਕੇ ਦੇ ਮਹੱਤਵ ਅਤੇ ਵਿਲੱਖਣਤਾ ਦੱਸਣ ਪ੍ਰਤੀ ਬੇਹੱਦ ਅਵੇਸਲੇ ਹੁੰਦੇ ਜਾ ਰਹੇ ਹਨ। ਮੈਨੂੰ ਯਾਦ ਹੈ ਕਿ ਜਦੋਂ ਮੈਂ ਚੌਥੀ ਜਮਾਤ ਵਿਚ ਪੜ੍ਹਦਾ ਸੀ ਤਾਂ ਸ੍ਰੀ ਚਮਕੌਰ ਸਾਹਿਬ ਦਾ ਦੁਸਹਿਰਾ ਦੇਖਣ ਲਈ ਮੇਰੀ ਮਾਂ ਅਮਰ ਕੌਰ ਨੇ ਮੈਨੂੰ ਇਕ ਰੁਪਿਆ ਪੱਚੀ ਪੈਸੇ ਦਿੱਤੇ ਸਨ ਅਤੇ ਨਾਲ ਹੀ ਕਿਹਾ ਸੀ ਕਿ ਇਹ ਪੱਚੀ ਪੈਸੇ ਤੇਰੀ ਪੜ੍ਹਾਈ ਤੇ ਘਰਦਿਆਂ ਦਾ ਕਹਿਣਾ ਮੰਨਣ ਕਰਕੇ ਵੱਧ ਦਿੱਤੇ ਹਨ। ਦੁਸਹਿਰੇ ਦੇ ਤਿਉਹਾਰ ਤੋਂ ਕੁਝ ਸਮਾਂ ਬਾਅਦ ਸ੍ਰੀ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਆਉਣਾ ਸੀ। ਮੈਂ ਕੁਝ ਜ਼ਿਆਦਾ ਹੀ ਆਗਿਆਕਾਰ ਬਣਦਾ ਜਾ ਰਿਹਾ ਸੀ ਤਾਂ ਕਿ ਦੁਸਹਿਰੇ ਨਾਲੋਂ ਕੁਝ ਵੱਧ ਪੈਸੇ ਮਿਲ ਸਕਣ। ਪਰ ਮੈਂ ਬਹੁਤ ਹੈਰਾਨ ਹੋਇਆ ਜਦੋਂ ਮਾਂ ਨੇ ਸਿਰਫ ਪੱਚੀ ਪੈਸੇ ਹੀ ਦਿੱਤੇ। ਇਹ ਦੇਖ ਕੇ ਮੈਂ ਬਹੁਤ ਗੁੱਸੇ ਹੋ ਗਿਆ ਤਾਂ ਮਾਂ ਨੇ ਮੈਨੂੰ ਸਮਝਾਇਆ ਕਿ ਪੁੱਤਰ ਇਹ ਪੱਚੀ ਪੈਸੇ ਮੈਂ ਤੈਨੂੰ ਮੇਲਾ ਦੇਖਣ ਲਈ ਨਹੀਂ ਦਿੱਤੇ ਇਹ ਤਾਂ ਮੈਂ ਤੈਨੂੰ ਗੁਰਦੁਆਰੇ ਵਿਚ ਮੱਥਾ ਟੇਕਣ ਲਈ ਦਿੱਤੇ ਹਨ। ਤੂੰ ਏਦਾਂ ਕਰੀਂ ਉਥੇ ਗੁਰਦੁਆਰੇ ਕੋਲ ਲੰਗਰ ਲੱਗਿਆ ਹੋਊ ਉਥੇ ਸਿਰਫ ਦਾਲ ਪ੍ਰਸ਼ਾਦੇ ਦਾ ਹੀ ਲੰਗਰ ਛਕੀਂ, ਜਲੇਬੀਆਂ, ਪਕੌੜਿਆਂ ਨੂੰ ਮੂੰਹ ਨਾ ਕਰੀਂ, ਨਾਲੇ ਪੁੱਤਰ ਨਹਾ ਕੇ ਪੈਦਲ ਜਾਈਦੈ ਗੁਰੂ ਘਰ ਨੂੰ। ਮਾਂ ਦੇ ਇਹ ਬੋਲ ਦਹਾਕਿਆਂ ਬਾਅਦ ਮੈਨੂੰ ਯਾਦ ਨੇ। ਇਹ ਉਸ ਦਾ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਦਾ ਅਨੋਖਾ ਢੰਗ ਸੀ। ਪਰ ਅੱਜ ਉੱਚੀ ਉੱਚੀ ਆਵਾਜ਼ ਵਿਚ ਮਿੱਠੀ ਖੀਰ ਬਦਾਮਾਂ ਵਾਲੀ, ਗੰਨੇ ਦਾ ਰਸ, ਪਕੌੜੇ, ਜਲੇਬੀਆਂ ਦੀਆਂ ਅਨਾਊਂਸਮੈਂਟਾਂ ਸੁਣ ਕੇ ਮਨ ‘ਚ ਚੀਸ ਉਠਦੀ ਹੈ ਕਿ ਕਿਉਂ ਲੋਕ ਇਸ ਸ਼ਹੀਦੀ ਜੋੜ ਮੇਲੇ ਨੂੰ ‘ਮੇਲਾ’ ਸ਼ਬਦ ਨਾਲੋਂ ਵੱਖ ਨਹੀਂ ਕਰਦੇ। ਭਾਈ ਜਿਸ ਨੂੰ ਭੁੱਖ ਲੱਗੀ ਹੋਊਗੀ ਉਹ ਤਾਂ ਆਪਣੇ ਆਪ ਲੰਗਰ ਵਿਚ ਪੁੱਜ ਜਾਂਦੇ ਹਨ।
ਮੈਂ ਸੋਚਦੈਂ ਕਿ ਕਿੰਨੇ ਪ੍ਰਤੀਸ਼ਤ ਲੋਕ ਹਨ ਜੋ ਘਰ ਤੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਗੁਰਦੁਆਰਾ ਸਾਹਿਬ ਪੁੱਜਦੇ ਹਨ। ਇਲਾਕੇ ਦੇ ਨੌਜਵਾਨਾਂ, ਯੂਥ ਕਲੱਬਾਂ, ਮਹਿਲਾ ਮੰਡਲਾਂ, ਪ੍ਰਤੀਨਿਧਾਂ, ਰਾਜਨੀਤਕ ਪਾਰਟੀਆਂ ਅਤੇ ਚੁਣੇ ਨੁਮਾਇੰਦਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਸ਼ਹੀਦੀ ਜੋੜ ਮੇਲੇ ਦੇ ਮਹੱਤਵ ਨੂੰ ਸਮਝਣ ਅਤੇ ਨੌਜਵਾਨਾਂ ਵਿਚ ਚਲੀ ਪਤਿਤਪੁਣੇ ਦੀ ਲਹਿਰ ਨੂੰ ਠੱਲ੍ਹਣ ਵਿਚ ਆਪਣਾ ਯੋਗਦਾਨ ਪਾਉਣ। ਹਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸ਼ਹੀਦੀ ਜੋੜ ਮੇਲੇ ਦੀ ਵਿਲੱਖਣਤਾ ਨੂੰ ਦੇਖਦਿਆਂ ਇੱਥੇ ਚੰਡੋਲ, ਸਰਕਸਾਂ ਅਤੇ ਫਿਲਮੀ ਗਾਣਿਆਂ ‘ਤੇ ਨੱਚਣ ਵਾਲੀਆਂ, ਗ਼ੈਰ-ਸਭਿਅਕ ਤਰੀਕੇ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲਿਆਂ ‘ਤੇ ਰੋਕ ਲਗਾ ਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਪਰ ਇਸ ਸ਼ਹੀਦੀ ਜੋੜ ਮੇਲੇ ਨੂੰ ਹੋਰਨਾਂ ਮੇਲਿਆਂ ਤੋਂ ਵੱਖ ਕਰਨ ਵਿਚ ਸਾਨੂੰ ਸਭ ਨੂੰ ਹੰਭਲਾ ਮਾਰਨਾ ਹੋਵੇਗਾ। ਆਉ ਇਸ ਸ਼ਹੀਦੀ ਜੋੜ ਮੇਲੇ ਦੀ ਮਹੱਤਤਾ ਨੂੰ ਸਮਝਦਿਆਂ ਇਸ ਅਸਥਾਨ ਦੀ ਚੜ੍ਹਦੀ ਕਲਾ ਵਿਚ ਜੁਟ ਜਾਈਏ।

ਜਸਬੀਰ ਸਿੰਘ ਸ਼ਾਂਤਪੁਰੀ
98550-49019

Posted in: ਸਾਹਿਤ