ਬਕਾਰੋ ਦੇ ਸਿੱਖ ਕਤਲੇਆਮ ਦਾ ਢੰਗ ਤਰੀਕਾ

By March 10, 2018 0 Comments


sikh genocide 1984ਸਿੱਖ ਕਤਲੇਆਮ, ਲੁੱਟਮਾਰ ਅਤੇ ਸਾੜ ਫੂਕ ਦਾ ਸਾਰੇ ਦੇਸ਼ ਵਿਚ ਇਕੋ ਹੀ ਤਰੀਕ ਸੀ। ਇਹ ਪਰ ਦੇਸ਼ ਵਿਚ ਜਿਸ ਸ਼ਹਿਰ ਵਿਚ ਵੀ ਹੋਇਆ ਹਰ ਥਾਂ ਇਕੋ ਹੀ ਤਰੀਕ (ਪਹਿਲੀ ਨਵੰਬਰ 1984) ਇਕੋ ਹੀ ਸਮੇਂ ਸਵੇਰ ਦੇ 9-10 ਵਜੇ ਅਤੇ ਇਕੋ ਜਿਹੇ ਹਥਿਆਰਾਂ ਨਾਲ ਕੀਤਾ ਗਿਆ।ਬਕਾਰੋ ਵਿਚ ਵੀ ਕਾਂਗਰਸੀ ਗੁੰਡੇ ਕਾਤਲਾਂ ਨੇ ਦਿੱਲੀ ਅਤੇ ਕਾਨਪੁਰ ਵਾਂਗ ਪਹਿਲਾਂ 31 ਅਕਤੂਬਰ ਅਤੇ 1 ਨਵੰਬਰ ਦੀ ਰਾਤ ਨੂੰ ਮੀਟਿੰਗਾਂ ਕੀਤੀਆਂ ਪੂਰੀ ਯੋਜਨਾ ਤਿਆਰ ਕੀਤੀ। (ਨੋਟ : ਪੂਰੇ ਦੇਸ਼ ਵਿਚ ਇਕ ਹੀ ਯੋਜਨਾ ਲਾਗੂ ਕੀਤੀ ਗਈ ਸੀ) ਸਿਰਫ਼ ਕਤਲ ਹੋਏ ਸਿੱਖਾਂ ਅਤੇ ਕਾਤਲ ਕਾਂਗਰਸ ਆਈ ਦੇ ਗੁੰਡੇ ਵੱਖਰੇ-ਵੱਖਰੇ ਸਨ। ਬਕਾਰੋ ਵਿਚ ਵੀ ਇਹ 1 ਨਵੰਬਰ ਦੀ ਸਵੇਰ ਨੂੰ 9-10 ਵਜੇ ਸ਼ੁਰੂ ਕੀਤਾ ਗਿਆ। ਦਿੱਲੀ ਅਤੇ ਕਾਨਪੁਰ ਵਾਂਗ ਇਥੇ ਵੀ ਕਾਤਲਾਂ ਦੇ ਹੱਥਾਂ ਵਿਚ ਲੋਹੇ ਦੀਆਂ ਰਾਡਾਂ, ਲਾਠੀਆਂ, ਕੁਹਾੜੀਆਂ ਆਦਿ ਸਨ। ਪਹਿਲਾਂ ਹਰ ਸਿੱਖ ਨੂੰ ਮਾਰਿਆ ਜਾਂਦਾ ਜਦੋਂ ਉਹ ਡਿੱਗ ਪੈਂਦਾ ਜਾਂ ਬੇਹੋਸ਼ ਹੋ ਜਾਂਦਾ ਜਾਂ ਮਰ ਜਾਂਦਾ ਉਸ ਮਗਰੋਂ ਉਸ ਉਪਰ ਮਿੱਟੀ ਦਾ ਤੇਲ ਜਾਂ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਜਾਂਦੀ। ਇਸ ਤੋਂ ਮਗਰੋਂ ਅੱਧ ਸੜੀ ਲਾਸ਼ ਨੇੜੇ ਦੇ ਕਿਸੇ ਨਾਲੇ ਵਿਚ ਇੱਲ੍ਹਾਂ, ਕੁੱਤਿਆਂ ਦੇ ਖਾਣ ਲਈ ਸੁੱਟ ਦਿੱਤੀ ਜਾਂਦੀ।ਬਕਾਰੋ ਵਿਚ ਬਾਕੀ ਦੇਸ਼ ਦੇ ਸ਼ਹਿਰਾਂ ਨਾਲੋਂ ਦੋ ਹਥਿਆਰ ਵਾਧੂ ਸਨ। ਇਹ ਹਨ ਦੇਸ਼ੀ ਬੰਬ ਜੋ ਪਿੰਡਾਂ ਵਿਚ ਤਿਆਰ ਕੀਤੇ ਗਏ ਸੀ ਅਤੇ ਬੰਦੂਕਾਂ ਅਤੇ ਪਿਸਤੌਲ ਆਦਿ ਜਿਨ੍ਹਾਂ ਦੀ ਬਿਨਾਂ ਡਰ ਬਿਨਾਂ ਰੋਕ-ਟੋਕ ਖੁੱਲ੍ਹ ਕੇ ਆਮ ਵਰਤੋਂ ਕੀਤੀ ਗਈ ਸੀ। ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਤੋੜਨ ਲਈ ਇੱਟਾਂ, ਪੱਥਰਾਂ ਦਾ ਪ੍ਰਯੋਗ ਬੜੀ ਬੇਫਿਕਰੀ ਨਾਲ ਅਤੇ ਪੂਰੀ ਅਜ਼ਾਦੀ ਨਾਲ ਕੀਤਾ ਗਿਆ। ਸਿੱਖਾਂ ਦੇ ਇਕ ਖਾਸ ਮਜ਼ਬੂਤ ਘਰ ਨੂੰ ਉਡਾਉਣ ਲਈ ਪਲਾਸਟਿਕ ਦੇ ਡਾਇਨ ਮਾਈਟ ਵੀ ਵਰਤੇ ਗਏ ਸੀ ਅਤੇ ਹਾਈਡਰੌਲਿਕ ਡੰਮਪਰ ਨਾਲ ਟੱਕਰਾਂ ਮਾਰ ਕੇ ਘਰ ਦੀ ਇਕ ਮਜ਼ਬੂਤ ਕੰਧ ਢਾਈ ਗਈ ਸੀ। ਜਿਸ ਨਾਲ ਮਗਰੋਂ ਇਹ ਘਰ ਸਿਰਫ਼ ਮਲਵੇ ਦਾ ਇਕ ਢੇਰ ਹੀ ਰਹਿ ਗਿਆ ਸੀ। ਇਹ ਸਾਰੀ ਭਿਆਨਕ ਤਬਾਹੀ ਕਾਂਗਰਸ ਆਈ ਦੇ ਗੁੰਡਿਆਂ ਨੇ ਪੁਲੀਸ ਦੇ ਇਕ ਏ. ਐਸ. ਆਈ. ਦੀ ਹਾਜ਼ਰੀ ਵਿਚ ਕੀਤੀ ਸੀ। ਜਿਸ ਨੇ ਹਾਲਤ ਨੂੰ ਕਾਬੂ ਕਰਨ ਲਈ ਕੁਝ ਨਹੀਂ ਕੀਤਾ। ਇਸ ਭਿਆਨਕ ਤਬਾਹੀ ਤੋਂ ਬਚ ਗਏ ਸਿੱਖ ਪਰਿਵਾਰਾਂ ਦੇ ਇਕ ਮੈਂਬਰ ਨੇ ਅਪਰਾਧੀਆਂ ਦੇ ਨਾਵਾਂ ਦੀ ਲਿਸਟ ਵੀ ਦਿੱਤੀ ਜਿਨ੍ਹਾਂ ਕਾਂਗਰਸੀ ਗੁੰਡਿਆਂ ਨੇ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਮਾਂ-ਬਾਪ, ਪਤਨੀ ਅਤੇ ਭੈਣ ਨੂੰ ਕਤਲ ਕੀਤਾ ਸੀ। ਪਰ ਕਿਸੇ ਵੀ ਅਪਰਾਧੀ ਵਿਰੁੱਧ ਕੋਈ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।ਤੁਸੀਂ ਆਪ ਹੀ ਅਨੁਮਾਨ ਲਾ ਸਕਦੇ ਹੋ ਕਿ ਕਤਲੇਆਮ ਦੀ ਭਿਆਨਕਤਾ ਤੋਂ ਬਚ ਗਏ ਇਨ੍ਹਾਂ ਬਦਕਿਸਮਤ ਸਿੱਖਾਂ ਦੀ ਕਿਤਨੀ ਡਰਾਉਣੀ ਹਾਲਤ ਹੋਵੇਗੀ?
ਕਈ ਬਹੁਤ ਹੀ ਇੱਜ਼ਤਦਾਰ ਸਿੱਖਾਂ ਨੇ ਜਿਹੜੇ ਇਸ ਭਿਆਨਕ ਕਤਲੇਆਮ ਤੋਂ ਆਪਣਾ ਸਭ ਕੁਝ ਲੁਟਾ ਕੇ ਜਾਨਾਂ ਬਚਾਉਣ ਵਿਚ ਸਫ਼ਲ ਹੋ ਗਏ ਸਨ ਸਾਨੂੰ ਦੱਸਿਆ ਕਿ ਸਾਡੀ ਇਸ ਸਾਰੀ ਕਤਲੇਆਮ, ਸਾੜ ਫੂਕ ਅਤੇ ਲੁੱਟਮਾਰ ਲਈ ਪੁਲਿਸ ਦੀ ਲਾਪ੍ਰਵਾਹੀ ਅਤੇ ਉਸ ਦੀ ਕਾਤਲ ਕਾਂਗਰਸ (ਆਈ) ਲੀਡਰਾਂ ਨਾਲ ਮਿਲੀਭੁਗਤ ਦਾ ਹੀ ਨਤੀਜਾ ਹੈ। ਦਿੱਲੀ ਵਾਂਗ ਹੀ ਇਥੇ ਵੀ ਪੁਲਿਸ ਨੇ ਸਿੱਖਾਂ ਪਾਸੋਂ ਪਹਿਲਾਂ ਉਹਨਾਂ ਦੀਆਂ ਕਿਰਪਾਨਾਂ ਇਹ ਕਹਿ ਕੇ ਲੈ ਲਈਆਂ ਕਿ ਤੁਹਾਡੀ ਰੱਖਿਆ ਦੀ ਜ਼ਿੰਮੇਵਾਰੀ ਪੁਲੀਸ ਦੀ ਹੈ। ਜਦੋਂ ਸਿੱਖਾਂ ਨੂੰ ਨਿਹੱਥੇ ਕਰ ਦਿੱਤਾ ਮਗਰੋਂ ਕਾਂਗਰਸ (ਆਈ) ਦੇ ਗੁੰਡਿਆਂ ਨਾਲ ਮਿਲ ਕੇ ਆਪ ਹੀ ਸਿੱਖਾਂ ਉਪਰ ਹਮਲੇ ਕਰ ਦਿੱਤੇ ਪੁਲੀਸ ਨੇ ਨਿਹੱਥੇ ਸਿੱਖਾਂ ਨੂੰ ਪੂਰੀ ਤਰ੍ਹਾਂ ਬੇਵੱਸ ਕਰਕੇ ਕਾਂਗਰਸੀ ਕਾਤਲ ਗੁੰਡਿਆਂ ਦੀਆਂ ਧਾੜਾਂ ਦੇ ਹਵਾਲੇ ਕਰ ਦਿੱਤਾ।ਬਕਾਰੋ ਵਿਚ ਦੇਸ਼ ਦੇ ਦੂਸਰੇ ਸਿੱਖ ਕਤਲੇਆਮ ਵਾਲੇ ਸ਼ਹਿਰਾਂ ਨਾਲੋਂ ਇਕ ਵਖਰੇਵਾਂ ਇਹ ਸੀ ਕਿ ਜਿਥੇ ਦਿੱਲੀ ਅਤੇ ਕਾਨਪੁਰ ਵਰੇ ਸ਼ਹਿਰਾਂ ਵਿਚ 2 ਨਵੰਬਰ 1984 ਨੂੰ ਵੀ ਸਿੱਖ ਕਤਲੇਆਮ ਪੂਰੀ ਸਿਖਰ ਵੱਲ ਵਧ ਰਿਹਾ ਸੀ ਉਥੇ ਬਕਾਰੋ ਵਿਚਲੇ ਕਾਂਗਰਸ (ਆਈ) ਦੇ ਗੁੰਡਿਆਂ ਨੇ ਇਹ ਕੰਮ ਬਿਨਾਂ ਸਮਾਂ ਖਰਾਬ ਕੀਤੇ ਬੜੀ ਹੀ ਫੁਰਤੀ ਨਾਲ ਸਿੱਖ ਕਤਲੇਆਮ, ਲੁੱਟਮਾਰ ਅਤੇ ਸਾੜ ਫੂਕ ਦਾ ਕਾਰਜ ਪਹਿਲੀ ਨਵੰਬਰ 1984 ਦੀ ਸਵੇਰ ਨੂੰ 9-10 ਵਜੇ ਸ਼ੁਰੂ ਕਰ ਲਿਆ। ਬਕਾਰੋ ਵਿਚ ਸਿੱਖਾਂ ਦੀ ਸੰਖਿਆ ਘੱਟ ਹੋਣ ਕਾਰਨ ਕਾਂਗਰਸ (ਆਈ) ਦੇ ਲੀਡਰਾਂ ਨੇ ਆਪਣਾ ”ਕੌਮੀ ਕੋਟਾ” (ਸਿੱਖਾਂ ਨੂੰ ਕਤਲ ਕਰਨ ਦਾ) ਪੂਰਾ ਕਰਨ ਲਈ ਔਰਤਾਂ ਵੀ ਕਤਲ ਕਰ ਦਿੱਤੀਆਂ ਸੀ ਅਤੇ ਛੋਟੇ-ਛੋਟੇ ਬੱਚਿਆਂ ਨੂੰ ਮਕਾਨਾਂ ਦੀਆਂ ਤੀਸਰੀਆਂ ਜਾਂ ਚੌਥੀਆਂ ਮੰਜ਼ਿਲਾਂ ਤੋਂ ਸੁੱਟ ਕੇ ਦੇਹਾਂ ਖਖੜੀਆਂ ਕਰ ਦਿੱਤੀਆਂ ਸੀ। ”ਧਨ ਹਨ ਅਹਿੰਸਾ ਦੇ ਪੁਜਾਰੀ ਗਾਂਧੀ ਦੇ ਇਹ ਮਹਾਨ ਵਾਰਿਸ।” ਮੱਧ ਵਰਗੀ ਇਲਾਕਿਆਂ ਨਾਲੋਂ ਪੱਛੜੇ ਅਤੇ ਗਰੀਬ ਲੋਕਾਂ ਦੇ ਮੁੜ ਵਸੇਬੇ ਵਾਲੇ ਇਲਾਕਿਆਂ ਵਿਚ ਸਿੱਖਾਂ ਦਾ ਬਹੁਤ ਜ਼ਿਆਦਾ ਕਤਲੇਆਮ ਹੋਇਆ ਸੀ ਭਾਵੇਂ ਕਿ ਲੋਕਾਂ ਨੂੰ 31 ਅਕਤੂਬਰ 1984 ਨੂੰ ਹੀ ਇੰਦਰਾ ਗਾਂਧੀ ਦੇ ਦੋ ਸਿੱਖ ਬਾਡੀਗਾਰਡਾਂ ਵੱਲੋਂ ਉਸਨੂੰ ਕਤਲ ਕਰਨ ਦਾ ਪਤਾ ਲੱਗ ਗਿਆ ਸੀ ਪਰ ਸਿੱਖ ਕਤਲੇਆਮ ਅਗਲੇ ਦਿਨ ਭਾਵ ਇਕ ਨਵੰਬਰ 1984 ਦੀ ਸਵੇਰ ਨੂੰ 9-10 ਵਜੇ ਕਾਂਗਰਸ (ਆਈ) ਦੇ ਲੋਕਲ ਲੀਡਰਾਂ ਵਲੋਂ ਆਪਣੇ ਸਮਰਥਾਂ ਦੀਆਂ ਪਿਛਲੀ ਰਾਤ ਨੂੰ ਸੱਦੀਆਂ ਮੀਟਿੰਗਾਂ ਦੇ ਫੈਸਲੇ ਅਨੁਸਾਰ ਹੀ ਸ਼ੁਰੂ ਕੀਤਾ ਗਿਆ ਸੀ। ਜਿਨ੍ਹਾਂ ਮੀਟਿੰਗਾਂ ਵਿਚ ਭੜਕਾਊ ਭਾਸ਼ਣ ਦਿੱਤੇ ਗਏ ਸੀ। ਇਹ ਸਾਰਾ ਕੁਝ ਪੂਰੇ ਦੇਸ਼ ਵਿਚ ਇਕੋ ਜਿਹੇ ਹੀ ਤਰੀਕੇ ਨਾਲ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਸੀ।
ਅਜੀਤ ਸਿੰਘ ਰਾਹੀ
Tags:
Posted in: ਸਾਹਿਤ