ਸੂਰਬੀਰ ਸਿੰਘਣੀ ਬੀਬੀ ਦੀਪ ਕੌਰ ਦੀ ਬਹਾਦਰੀ : ਇਕ ਦਾਸਤਾਨ

By March 9, 2018 0 Comments


bibi-deep kaurਦੁਨੀਆਂ ਦੇ ਇਤਿਹਾਸ ਨੂੰ ਗਹੁ ਨਾਲ ਫਰੋਲਣ ਅਤੇ ਪੜਚੋਲਣ ‘ਤੇ ਸਾਡੇ ਸਾਹਮਣੇ ਆਉਂਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਪਹਿਲੇ ਮਹਾਂਪੁਰਖ ਹਨ ਜਿਨ੍ਹਾਂ ਨੇ ਇਸਤਰੀ ਦੇ ਹੱਕ ਵਿਚ ਸਭ ਤੋਂ ਪਹਿਲਾਂ ਨਾਹਰਾ ਮਾਰਿਆ। ਉਸ ਵੇਲੇ ਮਾਦੀ ਭੇਦਾਂ ਉਤੇ ਜ਼ੋਰ ਦੇਣ ਵਾਲੇ ਇਸਤਰੀ ਨੂੰ ਅਪਵਿੱਤਰ ਮੰਨਦੇ ਸਨ ਅਤੇ ਮਰਦ ਨਾਲੋਂ ਨੀਵਾਂ ਦਰਜਾ ਦਿੰਦੇ ਸਨ। ਗੁਰੂ ਜੀ ਨੇ ਅਵਾਜ਼ ਬੁਲੰਦ ਕਰ ਕੇ ਦੁਨੀਆਂ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਜਿਸ ਇਸਤਰੀ ਨੂੰ ਤੁਸੀਂ ਨੀਵੀਂ ਕਹਿ ਕੇ ਭੰਡਦੇ ਹੋ ਉਸ ਉਤੇ ਸਾਡੀ ਜ਼ਿੰਦਗੀ, ਸਾਡਾ ਵੱਸਣਾ-ਰੱਸਣਾ ਤੇ ਸਾਡੇ ਸਮਾਜ ਦੀ ਕਾਇਮੀ ਨਿਰਭਰ ਹੈ। ਭਲਾ ਫਿਰ ਉਹ ਇਸਤਰੀ ਕਿਵੇਂ ਨੀਵੀਂ ਹੋ ਸਕਦੀ ਹੈ ਜਿਸ ਤੋਂ ਵੱਡੇ-ਵੱਡੇ ਪੀਰ-ਪੈਗੰਬਰ, ਅਵਤਾਰ, ਰਾਜੇ ਆਦਿ ਜਨਮਦੇ ਰਹੇ ਹਨ। ਗੁਰੂ ਸਾਹਿਬ ਦੁਆਰਾ ਆਸਾ ਕੀ ਵਾਰ ਵਿਚ ਅੰਕਿਤ ਫਰਮਾਨ ਹੈ :
ਮ: 1£ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ£
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ£
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ£
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ£
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ£
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ£
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ£
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ£ 2£
(ਪੰਨਾ 473)
ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਰਦ ਅਤੇ ਔਰਤਾਂ ਵਿਚਕਾਰ ਅੰਮ੍ਰਿਤ ਛਕਣ ਵਿਚ ਕੋਈ ਭੇਦ-ਭਾਵ ਨਹੀਂ ਰੱਖਿਆ। ਉਹਨਾਂ ਨੇ ਉਤਸ਼ਾਹ ਦੇ ਕੇ ਖਾਲਸਾ ਪੰਥ ਵਿਚ ਉਹ ਸਪਿਰਟ ਭਰ ਦਿੱਤੀ ਜਿਸ ਨੇ ਦੁਨੀਆਂ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਖਾਲਸੇ ਨੂੰ ਗੁਰੂ ਜੀ ਦੇ ਦੱਸੇ ਆਦਰਸ਼ਾਂ ‘ਤੇ ਚੱਲਣ ਦਾ ਸਮਾਂ ਮਿਲਿਆ ਅਤੇ ਉਸ ਨੇ ਅਜਿਹੇ ਕਾਰਨਾਮੇ ਕੀਤੇ ਜਿਨ੍ਹਾਂ ਦਾ ਕਿਸੇ ਨੂੰ ਚਿਤ-ਚਤੇ ਵੀ ਨਹੀਂ ਸੀ। ਸਿੱਖ ਇਤਿਹਾਸ ਵਿਚ ਅਨੇਕਾਂ ਇਸਤਰੀਆਂ ਨੇ ਦਲੇਰੀ ਨਿਰਭੈਤਾ ਅਤੇ ਸੂਰਮਗਤੀ ਵਾਲੇ ਉਹ ਜੌਹਰ ਵਿਖਾਏ ਹਨ ਜਿਹੜੇ ਮਰਦਾਂ ਦੇ ਕਾਰਨਾਮਿਆਂ ਨੂੰ ਵੀ ਕਈ ਵਾਰ ਮਾਤ ਪਾ ਜਾਂਦੇ ਰਹੇ ਹਨ। ਅਸਲ ਵਿਚ ਇਹ ਤਬਦੀਲੀ ਸ੍ਰੀ ਦਸਮੇਸ਼ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਪ੍ਰਤੱਖ ਜ਼ਾਹਰ ਵੀ ਹੋਣ ਲੱਗ ਪਈ ਸੀ। ਇਸ ਦੀ ਇਕ ਮਿਸਾਲ ਬੀਬੀ ਦੀਪ ਕੌਰ ਦੀ ਹੈ ਜੋ ਅਸੀਂ ਇੱਥੇ ਵਰਣਨ ਕਰ ਰਹੇ ਹਾਂ:
”ਮਾਝੇ (ਲਾਹੌਰ ਅਤੇ ਸ੍ਰੀ ਅੰਮ੍ਰਿਤਸਰ ਦਾ ਇਲਾਕਾ) ਦੀ ਸੰਗਤ ਇਕ ਜਥੇ ਦੇ ਰੂਪ ਵਿਚ ਜਿਸ ਵਿਚ ਮਰਦ ਵੀ ਸਨ ਅਤੇ ਔਰਤਾਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਅਨੰਦਪੁਰ ਸਾਹਿਬ ਜਾਣ ਲਈ ਤਿਆਰ ਹੋਈ ਤਾਂ ਜੋ ਗੁਰੂ ਸਾਹਿਬ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਆਤਮਿਕ ਲਾਹਾ ਪ੍ਰਾਪਤ ਹੋ ਸਕੇ। ਫਿਰ ਜੇਕਰ ਸਮੇਂ ‘ਤੇ ਭੀੜ ਵੀ ਪੈ ਜਾਵੇ ਤਾਂ ਗੁਰੂ ਜੀ ਦੇ ਹੁਕਮ ਨਾਲ ਆਪਣਾ ਤਨ, ਮਨ ਤੇ ਧਨ ਵਾਹਿਗੁਰੂ ਦੇ ਨਾਂ ‘ਤੇ ਲੇਖੇ ਲਾਇਆ ਜਾ ਸਕੇ। ਇਸ ਸੰਗਤ ਵਿਚ ਇਕ ਨੌਜਵਾਨ ਬੀਬੀ ਦੀਪ ਕੌਰ ਵੀ ਸੀ ਜਿਸ ਦੀ ਉਮਰ ਮਸਾਂ ਵੀਹਾਂ ਕੁ ਵਰ੍ਹਿਆਂ ਦੀ ਹੋਵੇਗੀ। ਇਸ ਦੇ ਸੱਸ ਤੇ ਸਹੁਰਾ ਸਵਰਗਵਾਸ ਹੋ ਚੁੱਕੇ ਸਨ। ਇਸ ਦਾ ਪਤੀ ਇਸ ਦੇ ਨਾਲ ਨਹੀਂ ਸੀ ਆ ਸਕਿਆ ਕਿਉਂਕਿ ਉਸ ਦਾ ਛੋਟਾ ਜਿਹਾ ਆਪਣਾ ਕੰਮ-ਕਾਰ ਸੀ, ਜਿਸ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਸੀ। ਬੀਬੀ ਦੀਪ ਕੌਰ ਦੀ ਸੁੰਦਰਤਾ ਅਤੇ ਜਵਾਨੀ ਅਕਥਨੀਯ ਸੀ। ਭਜਨ-ਬੰਦਗੀ ਦੇ ਪ੍ਰਤਾਪ ਦਾ ਸਦਕਾ ਉਸ ਦੇ ਚਿਹਰੇ ‘ਤੇ ਅਜਿਹਾ ਜਲਾਲ ਸੀ ਕਿ ਉਸ ਵੱਲ ਨਜ਼ਰ ਭਰ ਕੇ ਤੱਕਣਾ ਕਠਿਨ ਸੀ।
ਇਹ ਮਾਝੇ ਦਾ ਜਥਾ ਰਾਹ ਵਿਚ ਸ਼ਬਦ ਕੀਰਤਨ, ਕਥਾ ਅਤੇ ਵਖਿਆਨ ਦੁਆਰਾ ਸਿੱਖ ਧਰਮ ਦਾ ਪ੍ਰਚਾਰ ਕਰਦਾ ਲੋਕਾਂ ਨੂੰ ਗੁਰੂ ਜੀ ਦੇ ਆਦਰਸ਼ਾਂ ਬਾਰੇ ਸ਼ੁਭ ਸਿੱਖਿਆ ਦਿੰਦਾ ਅਗਾਂਹ ਕੂਚ ਕਰਦਾ ਜਾਂਦਾ ਸੀ। ਕਈ ਲੋਕ ਦਿਲ ਵਿਚ ਚਾਅ ਪੈਦਾ ਹੋਣ ‘ਤੇ ਨਾਲ ਜਾਣ ਲਈ ਤਿਆਰ ਹੋ ਜਾਂਦੇ। ਇਸ ਪ੍ਰਕਾਰ ਜਥੇ ਦੇ ਇਕੱਠ ਵਿਚ ਗਿਣਤੀ ਦਾ ਵਾਧਾ ਹੁੰਦਾ ਜਾਂਦਾ, ਜਿੱਥੇ ਵੀ ਇਹ ਜਥਾ ਠਹਿਰਾਉ ਕਰਦਾ ਉਥੋਂ ਦੇ ਆਲੇ-ਦੁਆਲੇ ਦੇ ਵਸਨੀਕ ਪ੍ਰਵਾਨਿਆਂ ਵਾਂਗ ਸੰਗਤਾਂ ਦੇ ਦਰਸ਼ਨਾਂ ਲਈ ਪੁੱਜਦੇ ਅਤੇ ਆਤਮਿਕ ਲਾਹਾ ਉਠਾਉਂਦੇ ਹੋਏ ਚੜ੍ਹਦੀਆਂ ਕਲਾਂ ਵਿਚ ਰਹਿੰਦੇ ਹੋਏ ਗੁਰੂ ਸਾਹਿਬ ਦੇ ਦਰਸਾਏ ਆਦਰਸ਼ਾਂ ਦੇ ਆਧਾਰ ‘ਤੇ ਨਵੇਂ ਜੀਵਨ ਬਾਰੇ ਚਿਣਗ ਲੈ ਕੇ ਵਾਪਸ ਮੁੜ ਜਾਂਦੇ।
ਇਕ ਦਿਨ ਇਹ ਜਥਾ ਤੁਰਦਾ-ਤੁਰਦਾ ‘ਤਲੱਬਣ’ ਨਾਮੀ ਇਕ ਛੋਟੇ ਜਿਹੇ ਪਿੰਡ ਕੋਲ ਪਹੁੰਚ ਗਿਆ। ਉਦੋਂ ਇੱਥੇ ਸਿੱਖਾਂ ਦੀ ਵੱਸੋਂ ਨਹੀਂ ਸੀ ਕਿਉਂ ਜੋ ਇਹ ਪਿੰਡ ਰਾਜਪੂਤਾਂ ਦਾ ਹੁੰਦਾ ਸੀ ਜੋ ਇਸਲਾਮ ਧਰਮ ਦਾ ਪ੍ਰਭਾਵ ਕਬੂਲਦੇ ਹੋਏ ਮੁਸਲਮਾਨ (ਰੰਗੜ) ਬਣ ਗਏ ਸਨ। ਇਸ ਪਿੰਡ ਦੇ ਲੋਕਾਂ ਨੇ ਵੀ ਸਿੱਖਾਂ ਦੇ ਜਥੇ ਦੇ ਆਗਮਨ ਬਾਰੇ ਸੁਣਿਆ ਪਰ ਮੁਸਲਮਾਨ ਹਾਕਮਾਂ ਦੇ ਡਰ ਅਤੇ ਖੌਫ ਕਾਰਨ ਭੈਭੀਤ ਹੋਏ ਲੋਕ ਇਸ ਸੰਗਤ ਦੀ ਸੇਵਾ ਲਈ ਅਸਮਰੱਥਾ ਕਾਰਨ ਮਜ਼ਬੂਰ ਰਹੇ।
ਪਿੰਡ ਦੇ ਨਜ਼ਦੀਕ ਪਹੁੰਚ ਕੇ ਸੰਗਤ ਵਿਚ ਸਾਰੀ ਵਹੀਰ ਇਕ ਖੂਹ ਪਾਸ ਜਲ-ਪਾਣੀ ਛਕਣ ਲਈ ਬੈਠ ਗਈ। ਨਾਲ ਹੀ ਦੂਰ ਤੋਂ ਸਫਰ ਕਰਦੇ ਹੋਣ ਕਾਰਨ ਥਕਾਵਟ ਦੂਰ ਕਰਨ ਲਈ ਸੰਗਤ ਅਰਾਮ ਕਰਨ ਲੱਗ ਪਈ। ਬੀਬੀ ਦੀਪ ਕੌਰ ਨੂੰ ਪਿਆਸ ਨਹੀਂ ਸੀ ਲੱਗੀ ਹੋਈ ਇਸ ਲਈ ਉਹ ਬਿਨਾਂ ਪਾਣੀ ਪੀਤਿਆਂ ਅਤੇ ਬਿਨਾਂ ਅਰਾਮ ਕੀਤਿਆਂ ਇਕੱਲੀ ਹੀ ਆਪਣੀ ਮਸਤੀ ਵਿਚ ਅਗਾਂਹ ਤੁਰਦੀ ਗਈ। ਤੁਰਦੀ-ਤੁਰਦੀ ਉਹ ਦੂਰ ਜੰਗਲ ਵਿਚ ਨਿਕਲ ਗਈ, ਉਸ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਆ ਰਹੀ ਸੰਗਤ ਪਾਣੀ ਪੀ ਕੇ ਆਪਣੀ ਥਕਾਵਟ ਉਤਾਰਨ ਲਈ ਠਹਿਰ ਗਈ ਹੋਵੇਗੀ। ਇਸੇ ਕਾਰਨ ਬੀਬੀ ਅਤੇ ਸੰਗਤ ਵਿਚਕਾਰ ਕਾਫੀ ਫਾਸਲਾ ਪੈ ਗਿਆ, ਉਸ ਦਾ ਧਿਆਨ ਉਦੋਂ ਉਖੜਿਆ ਜਦੋਂ ਉਸ ਨੂੰ ਘੋੜਿਆਂ ਦੀਆਂ ਟਾਪਾਂ ਦੀ ਅਵਾਜ਼ ਸੁਣਾਈ ਦਿੱਤੀ। ਇਹ ਮੁਗਲ ਸਿਪਾਹੀਆਂ ਦੇ ਘੋੜੇ ਸਨ, ਜੋ ਗਸ਼ਤ ਕਰਦੇ-ਕਰਦੇ ਉਸ ਜੰਗਲ ਵਿਚੋਂ ਦੀ ਲੰਘ ਰਹੇ ਸਨ। ਉਹਨਾਂ ਨੇ ਨੌਜੁਆਨ ਕੁੜੀ ਨੂੰ ਇਕੱਲਿਆਂ ਵੇਖ ਕੇ ਘੇਰ ਲਿਆ। ਫਿਰ ਉਨ੍ਹਾਂ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਕੁੜੀ ਸਿੰਘਾਂ ਦੀ ਹੈ।
ਇਹ ਬੀਬੀ ਬੜੇ ਬਹਾਦਰ ਹਿਰਦੇ ਦੀ ਮਾਲਕ ਸੀ। ਉਸ ਦੀਆਂ ਰਗਾਂ ਵਿਚ ਸੂਰਬੀਰ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਦੀਆਂ ਬੂੰਦਾਂ ਮੌਜੂਦ ਸਨ। ਇਨ੍ਹਾਂ ਮੁਗਲਾਂ ਨੂੰ ਆਪਣੇ ਸਾਹਮਣੇ ਖੜ੍ਹਾ ਵੇਖ ਕੇ ਉਸ ਨੇ ਸਾਹਸ ਨਹੀਂ ਗੁਆਇਆ ਅਤੇ ਨਾ ਹੀ ਘਬਰਾਈ। ਬੜੀ ਨਿਡਰਤਾ ਨਾਲ ਉਸ ਨੇ ਮੁਗਲ ਘੋੜ-ਸਵਾਰਾਂ ਨੂੰ ਆਪਣਾ ਰਾਹ ਖਾਲੀ ਕਰ ਦੇਣ ਲਈ ਕਿਹਾ। ਪਰ ਉਹ ਮੁਗਲ ਤਾਂ ਵਿਸ਼ੇ ਦੀ ਅਗਨੀ ਵਿਚ ਭਸਮ ਹੋ ਚੁੱਕੇ ਸਨ। ਕਾਮ-ਵਾਸਨਾ ਨੇ ਉਨ੍ਹਾਂ ਨੂੰ ਅੰਨ੍ਹਿਆਂ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਬੀਬੀ ਦੀ ਗੱਲ ਵੱਲ ਉੱਕਾ ਹੀ ਕੋਈ ਧਿਆਨ ਨਾ ਦਿੱਤਾ ਸਗੋਂ ਉਲਟਾ ਉਸ ਨੂੰ ਆਪਣੇ ਨਾਲ ਚੱਲਣ ਲਈ ਸਮਝਾਉਣ ਲੱਗੇ। ਉਹਨਾਂ ਮੁਗਲ ਸਿਪਾਹੀਆਂ ਵੱਲੋਂ ਬੀਬੀ ਨੂੰ ਕਈ ਪ੍ਰਕਾਰ ਦੇ ਲਾਲਚ ਦਿੱਤੇ ਗਏ। ਇੱਥੋਂ ਤੱਕ ਕਿ ਇਕ ਸਵਾਰ ਅੱਗੇ ਹੋ ਕੇ ਉਸ ਦੀ ਬਾਂਹ ਫੜਨ ਲੱਗਾ। ਨੌਜੁਆਨ ਖਾਲਸਾ ਬੀਰ ਪੁੱਤਰੀ ਦੀਆਂ ਅੱਖਾਂ ਲਾਲ ਸੂਹੀਆਂ ਹੋ ਗਹੀਆਂ। ਉਸ ਦਾ ਹੱਥ ਲੱਕ ਨਾਲ ਲਟਕਦੀ ਕਿਰਪਾਨ ਦੇ ਦਸਤੇ ‘ਤੇ ਜਾ ਪਿਆ ਤੇ ਗਰਜ ਕੇ ਬੋਲੀ ”ਖਬਰਦਾਰ ਅਪਰਾਧੀਓ! ਹੁਣ ਇਹ ਬੱਚੀ ਹਿੰਦ ਦੀ ਬੇਵਸ ਤੇ ਮਜ਼ਲੂਮ ਅਬਲਾ ਨਹੀਂ ਜਿਸ ਦੀਆਂ ਲੱਖਾਂ ਭੈਣਾਂ ਨੂੰ ਇਕ ਲੰਮੇ ਸਮੇਂ ਤੱਕ ਗਜ਼ਨੀ ਤੇ ਕੰਧਾਰ ਦੀਆਂ ਮੰਡੀਆਂ ਵਿਚ ਲਿਜਾ ਕੇ ਨਿਲਾਮ ਕੀਤਾ ਜਾਂਦਾ ਰਿਹਾ ਹੈ। ਉਹਨਾਂ ਵਰਗੀ ਮੇਰੀ ਡਰੀ ਤੇ ਸਹਿਮੀ ਜ਼ਿੰਦਗੀ ਨੇ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੀਰਤਾ ਭਰਿਆ ਅੰਮ੍ਰਿਤ ਛਕ ਲਿਆ ਹੈ। ਹੁਣ ਮੇਰੇ ਸੀਨੇ ਵਿਚ ਪਹਿਲਾਂ ਵਾਲਾ ਡਰ ਨਾਲ ਧੜਕਣ ਵਾਲਾ ਦਿਲ ਨਹੀਂ ਸਗੋਂ ਮੇਰੇ ਵਿਚ ਅਪਰਾਧੀਆਂ ਤੇ ਹਤਿਆਰਿਆਂ ਨਾਲ ਟਕਰਾ ਜਾਣ ਦੀ ਸ਼ਕਤੀ ਹੈ। ਮੇਰੇ ਲੱਕ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਸ਼ਮਸ਼ੀਰ ਹੈ। ਇਸ ਲਈ ਯਾਦ ਰੱਖੋ, ਜੇ ਕਿਸੇ ਨੇ ਅੱਗੇ ਹੱਥ ਵਧਾਇਆ ਤਾਂ ਮੈਂ ਉਹਦੇ ਟੋਟੇ-ਟੋਟੇ ਕਰ ਦਿਆਂਗੀ।”
ਮੁਗਲ ਸਿਪਾਹੀਆਂ ਨੇ ਬੀਬੀ ਦੀਆਂ ਗੱਲਾਂ ਐਵੇਂ ਫੋਕੀਆਂ ਝੂਠੀ ਧਮਕੀ ਵਾਲੀਆਂ ਸਮਝੀਆਂ। ਉਨ੍ਹਾਂ ਮੁਗਲਾਂ ਵਿਚੋਂ ਇਕ ਸਿਪਾਹੀ ਬੀਬੀ ਵੱਲ ਵਧਿਆ। ਸਿਪਾਹੀ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਸ ਨੇ ਹੌਂਸਲਾ ਨਹੀਂ ਹਾਰਿਆ ਅਤੇ ਨਾ ਹੀ ਉਹ ਬੇਚੈਨ ਹੋਈ। ਉਸ ਬੀਬੀ ਨੇ ਕਿਰਪਾਨ ਨਾਲ ਅਜਿਹਾ ਭਰਵਾਂ ਵਾਰ ਕੀਤਾ ਕਿ ਉਸ ਦਾ ਸਿਰ ਇਕਦਮ ਧੜ ਤੋਂ ਵੱਖਰਾ ਹੋ ਕੇ ਹਦਵਾਣੇ ਵਾਂਗ ਪਰ੍ਹਾਂ ਜਾ ਡਿੱਗਾ। ਫਿਰ ਉਸ ਨੇ ਝੱਟ ਬਿਨਾਂ ਮੌਕਾ ਦਿੱਤਿਆਂ ਯਕਦਮ ਦੂਜੇ ਖਲੋਤੇ ਮੁਗਲਾਂ ‘ਤੇ ਹੱਲਾ ਬੋਲ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਮੁਗਲ ਆਪਣੀਆਂ ਤਲਵਾਰਾਂ ਮਿਆਨਾਂ ਵਿਚੋਂ ਬਾਹਰ ਕੱਢਦੇ, ਦੋਵੇਂ ਮੁਗਲ ਸਿਪਾਹੀ ਬੀਬੀ ਨੇ ਝਟਕਾ ਦਿੱਤੇ। ਚੌਥੇ ਨੂੰ ਧੱਕਾ ਦਿੱਤਾ, ਉਹ ਥੱਲੇ ਡਿੱਗ ਪਿਆ। ਬੀਬੀ ਸ਼ੇਰਨੀ ਵਾਂਗ ਉਸ ਦੀ ਛਾਤੀ ‘ਤੇ ਚੜ੍ਹ ਗਈ। ਉਸ ਦੀ ਧੌਣ ‘ਤੇ ਕਿਰਪਾਨ ਦੀ ਨੋਕ ਰੱਖ ਕੇ ਗਰਜੀ, ‘ਗਿੱਦੜ ਦੀ ਸੰਤਾਨ! ਤੂੰ ਕਦੀ ਸ਼ੇਰਨੀ ਨਹੀਂ ਵੇਖੀ?’ ਅਤੇ ਕ੍ਰਿਪਾਨ ਨੂੰ ਪੂਰੇ ਜ਼ੋਰ ਨਾਲ ਉਸ ਦੀ ਗਰਦਨ ਵਿਚ ਖੋਭ ਦਿੱਤਾ।
ਇੰਨੇ ਚਿਰ ਨੂੰ ਜਥੇ ਵਾਲੇ ਵੀ ਆਣ ਪੁੱਜੇ। ਉਨ੍ਹਾਂ ਬੀਬੀ ਦੀਪ ਕੌਰ ਦੀ ਇਸ ਅਨੋਖੀ ਹਾਲਤ ਨੂੰ ਵੇਖਿਆ। ਦੌੜ ਕੇ ਉਸ ਕੋਲ ਪੁੱਜੇ। ਸਾਰੀ ਗੱਲ ਸੁਣੀ। ਮੁਗਲ ਸਿਪਾਹੀ ਦੀ ਲਾਸ਼ ਨੂੰ ਪਰ੍ਹੇ ਸੁੱਟਿਆ ਅਤੇ ਬੀਬੀ ਦੀਪ ਕੌਰ ਦੇ ਖੂਨ ਨਾਲ ਲਿੱਬੜੇ ਹੋਏ ਕੱਪੜੇ ਬਦਲਵਾਏ ਅਤੇ ਅਗਾਂਹ ਆਪਣਾ ਰਾਹ ਬਦਲ ਕੇ ਖੁਰਦਰੇ ਅਤੇ ਖਰ੍ਹਵੇ, ਟੇਢੇ-ਮੇਢੇ ਰਾਹਾਂ ਨੂੰ ਹੋ ਤੁਰੇ। ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਗੱਲ ਬੀਬੀ ਦੀਪ ਕੌਰ ਬਾਰੇ ਸੰਗਤ ਨੇ ਸੁਣਾਈ। ਗੁਰੂ ਜੀ ਨੇ ਬੀਬੀ ਦੀਪ ਕੌਰ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਮੁੱਖੋਂ ਉਸ ਦੇ ਸਾਹਸ ਦੀ ਪ੍ਰਸੰਸਾ ਕੀਤੀ। ਫਿਰ ਉਸ ਦੇ ਕੋਲੋਂ ਸਾਰੀ ਵਾਪਰੀ ਘਟਨਾ ਬਾਰੇ ਵੇਰਵਾ ਲਿਆ। ਫਿਰ ਗੁਰੂ ਜੀ ਸਾਰੀ ਸੰਗਤ ਵਿਸ਼ੇਸ਼ ਕਰਕੇ ਇਸਤਰੀਆਂ ਨੂੰ ਸੰਬੋਧਿਤ ਕਰ ਕੇ ਬੋਲੇ, ”ਤੁਸਾਂ ਸਭ ਨੂੰ ਇਸੇ ਤਰ੍ਹਾਂ ਬੀਬੀ ਦੀਪ ਕੌਰ ਵਾਂਗ ਸਾਹਸੀ ਤੇ ਬਹਾਦਰ ਬਣਨਾ ਚਾਹੀਦਾ ਹੈ। ਹਰੇਕ ਨੂੰ ਆਪਣੀ ਰੱਖਿਆ ਖੁਦ ਕਰਨ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਯਾਦ ਰੱਖੋ ਜਿਹੜਾ ਅਜਿਹੇ ਸ਼ੁਭ ਕਰਮ ਕਰੇਗਾ ਵਾਹਿਗੁਰੂ ਵੀ ਉਸੇ ਦੀ ਮਦਦ ਕਰੇਗਾ। ਸਭ ਨੇ ਆਪਣੇ ਅੰਦਰ ਆਤਮ-ਬਲ ਪੈਦਾ ਕਰਕੇ ਆਪਣਾ ਜੀਵਨ ਪਵਿੱਤਰ ਬਣਾਉਣਾ ਹੈ।”
ਇਸ ਘਟਨਾ ਬਾਰੇ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ। ਗੁਰੂ ਜੀ ਨੇ ਬੀਬੀ ਨੂੰ ਸ਼ਾਬਾਸ ਪ੍ਰਦਾਨ ਕੀਤੀ ਤੇ ਉਸ ਦੇ ਕਾਰਨਾਮੇ ਦੀ ਭਰਪੂਰ ਪ੍ਰਸੰਸਾ ਕੀਤੀ। ਕੁਝ ਚਿਰ ਬਾਅਦ ਉਸ ਸੰਗਤ ਵਿਚੋਂ ਕੁਝ ਸਿੱਖਾਂ ਨੇ ਗੁਰੂ ਜੀ ਨੂੰ ਉਠੇ ਸ਼ੰਕੇ ਬਾਰੇ ਦੱਸਿਆ ਕਿ ”ਹੁਣ ਕਈ ਸਾਡੇ ਸਾਥੀ ਭਰਮ ਕਰਦੇ ਹਨ ਕਿ ਇਸ ਬੀਬੀ ਨੇ ਹੱਤਿਆ ਕੀਤੀ ਹੈ ਤੇ ਬੀਬੀ ਤੁਰਕ ਨਾਲ ਛੂਹ ਕੇ ਭਿੱਟੀ ਗਈ ਹੈ। ਸਤਿਗੁਰਾਂ ਨੇ ਹੱਸ ਕੇ ਕਿਹਾ, ”ਇਸ ਨੇ ਤਾਂ ਆਪਣੇ ਧਰਮ ਅਤੇ ਆਪਣੀ ਜਾਨ ਦੀ ਰੱਖਿਆ ਕੀਤੀ ਹੈ। ਬੀਬੀ ਸੂਰਬੀਰ ਸਿੰਘਣੀ ਪੰਥ ਦੀ ਪੁੱਤਰੀ ਹੈ, ਇਹ ਨਹੀਂ ਭਿੱਟੀ। ਇਸ ਦਾ ਨਾਮ ਬੀਰਾਂ ਦੀ ਸ਼੍ਰੇਣੀ ਵਿਚ ਰਹੇਗਾ ਤੇ ਇਹ ਪਵਿੱਤਰ ਪਾਵਨ ਸਦਾਏਗੀ। ਸੰਗਤ ਵਾਲੇ ਸਿੱਖ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ ਉਹ ਅੰਮ੍ਰਿਤ ਛਕ ਲੈਣ ਤਾਂ ਜੋ ਭਰਮ ਤੇ ਭੈ ਦੂਰ ਹੋ ਜਾਵੇ ਅਤੇ ਸ਼ੇਰ ਪੁੱਤਰ ਬਣ ਸਕਣ।”
ਭਾਈ ਕਰਤਾਰ ਸਿੰਘ ਜੀ ਗਯਾਨੀ ਕਲਾਸਵਾਲੀਏ ਨੇ ਵੀ ਇਸ ਬੀਬੀ ਬਾਰੇ ਘਟਨਾ ਦੀ ਪੁਸ਼ਟੀ ਕੀਤੀ ਹੈ :
ਭਾਵੇਂ ਉਨ੍ਹਾਂ ਦੇ ਪਾਸ ਭੀ ਸੀ ਤੇਗਾਂ, ਦੀਪ ਕੌਰ ਨੇ ਰੱਖ ਦਿਖਾਈ ਹੈਸੀ।
ਦੋ ਉਨ੍ਹਾਂ ਵਿਚੋਂ ਝਟਕਾ ਕੱਢੇ, ਵਾਂਗ ਸ਼ੇਰਨੀ ਰੋਹ ਵਿਚ ਆਈ ਹੈਸੀ।
ਏਨੇ ਚਿਰ ਨੂੰ ਅਸੀਂ ਭੀ ਪੁੱਜ ਗਏ, ਛਾਤੀ ਚੌਥੇ ਦੀ ਤੇਗ ਧਸਾਈ ਹੈਸੀ।
ਅਸੀਂ ਗੁਰੂ ਜੀ ਵੇਖ ਹੈਰਾਨ ਹੋਏ, ਏਸ ਬੀਬੀ ਦੀ ਧੰਨ ਕਮਾਈ ਹੈਸੀ।
ਏਹ ਸੁਣ ਪ੍ਰਸੰਗ ‘ਕਰਤਾਰ ਸਿੰਘਾ’ ਖੁਸ਼ੀ ਸਤਿਗੁਰਾਂ ਬਹੁਤ ਮਨਾਈ ਹੈਸੀ। ਇਹ ਕੇਡੀ ਵੱਡੀ ਗੱਲ ਹੈ, ਇਸ ਦਾ ਇੱਥੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਸੈਂਕੜੇ ਵਰ੍ਹਿਆਂ ਮਗਰੋਂ ਵੀ ਅੱਜ ਸਾਡੀ ਕੌਮ ਆਪਣੀਆਂ ਮਾਵਾਂ, ਧੀਆਂ-ਭੈਣਾਂ ਵਿਚ ਕੋਈ ਅਜਿਹੀ ਜੀਵਨ-ਚੰਗਿਆੜੀ ਨਹੀਂ ਭਖਾ ਸਕੀ, ਜਿਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਮਦਦ ਨਾਲ ਉਹ ਕਰਾਮਾਤ ਪੈਦਾ ਕਰ ਕੇ ਸ਼ੁਅਲੇ ਕਢਵਾ ਦਿੱਤੇ ਸਨ। ਇਹ ਉਪਰੋਕਤ ਵਾਲਾ ਨਾ ਕੋਈ ਅਫਸਾਨਾ ਹੈ ਤੇ ਨਾ ਹੀ ਕਹਾਣੀ ਹੈ ਸਗੋਂ ਇਹ ਇਕ ਇਤਿਹਾਸਕ ਘਟਨਾ ਹੈ, ਜਿਸ ਦਾ ਜ਼ਿਕਰ ਬਹੁਤ ਸਾਰੇ ਹਿੰਦੂ ਮੁਸਲਮਾਨ ਇਤਿਹਾਸਕਾਰਾਂ ਨੇ ਵੀ ਕੀਤਾ ਹੈ।
– ਮਨਜੀਤ ਸਿੰਘ ਪਸਰੀਚਾ

Posted in: ਸਾਹਿਤ