ਤਾਨਾਸ਼ਾਹ ਔਰਤ ਦਾ ਭਿਆਨਕ ਅੰਤ

By April 8, 2018 0 Comments


indiraਇੰਦਰਾ ਗਾਂਧੀ ਦੀ ਰਿਹਾਇਸ਼ ਸਫ਼ਦਰ ਗੰਜ ਰੋਡ ਉਪਰ ਸੀ, ਜਿਥੇ ਉਹ ਆਪਣੇ ਵੱਡੇ ਬੇਟੇ ਰਾਜੀਵ ਗਾਂਧੀ, ਉਸ ਦੀ ਪਤਨੀ ਸੋਨੀਆ, ਇਕ ਪੋਤਾ ਰਾਹੁਲ ਅਤੇ ਪੋਤੀ ਪ੍ਰਿਅੰਕਾ ਨਾਲ ਰਹਿੰਦੀ ਸੀ।
ਉਸ ਦਾ ਦਫ਼ਤਰ 1 ਅਕਬਰ ਰੋਡ ਉਪਰ ਸੀ ਜਿਸ ਨੂੰ ਇਕ ਛੋਟੀ ਜਿਹੀ ਕੰਧ ਨੇ ਇਕ ਸਫ਼ਦਰ ਜੰਗ ਰੋਡ ਵਾਲੀ ਰਿਹਾਇਸ਼ ਤੋਂ ਵੱਖ ਕੀਤਾ ਹੋਇਆ ਸੀ। ਛੋਟੀ ਕੰਧ ਦੇ ਵਿਚਕਾਰ ਇਕ ਤਾਕੀ ਨੁਮਾ ਲਾਂਘਾ ਸੀ। ਇਸ ਕੰਧ ਨੂੰ ਬੋਗਨ ਬਿਲੀਆ ਦੀ ਫੁੱਲਾਂ ਦੀ ਵਾੜ ਨੇ ਸ਼ਿੰਗਾਰਿਆਂ ਹੋਇਆ ਸੀ।
ਸਵੇਰ ਵੇਲੇ ਜਦੋਂ ਉਹ ਦਿੱਲੀ ਵਿਚ ਹੁੰਦੀ ਸੀ, ਤਿਆਰ ਹੋ ਕੇ ਇਕ ਅਕਬਰ ਰੋਡ ਆਪਣੇ ਦਫ਼ਤਰ ਜਾ ਕੇ ਸੰਗਤ ਦਰਸ਼ਨ ਦਿੰਦੀ ਸੀ। ਦਰਸ਼ਨ ਕਰਨ ਵਾਲਿਆਂ ਵਿਚ ਸਾਰੇ ਦੇਸ਼ ਵਿਚੋਂ ਆਏ ਗਰੀਬ ਲੋਕ ਮੰਗਤਿਆਂ ਵਾਂਗ ਹੱਥ ਜੋੜ ਕੇ ਲਾਈਨ ਵਿਚ ਖੜ੍ਹੇ ਹੁੰਦੇ ਸੀ। ਖਾਸ ਬੰਦਿਆਂ ਨਾਲ ਅਤੇ ਮੰਤਰੀਆਂ ਨਾਲ ਮੁਲਾਕਾਤ ਦਫ਼ਤਰ ਵਿਚ ਹੁੰਦੀ ਸੀ।
31 ਅਕਤੂਬਰ ਨੂੰ ਉਸ ਨੇ ਸੰਗਤ ਨੂੰ ਦਰਸ਼ਨ ਦੇਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਸੀ। ਉਹ ਇਕ ਘੰਟਾ ਹੋਰ ਵੱਧ ਆਪਣੇ ਪੋਤੇ ਰਾਹੁਲ ਅਤੇ ਪੋਤੀ ਪ੍ਰਿਅੰਕਾ ਨਾਲ ਗੁਜ਼ਾਰਨਾ ਚਾਹੁੰਦੀ ਸੀ ਕਿਉਂਕਿ ਇਕ ਦਿਨ ਪਹਿਲਾਂ ਜਦੋਂ ਉਹ ਸਕੂਲੋਂ ਆ ਰਹੇ ਸੀ ਤਾਂ ਉਹਨਾਂ ਦੀ ਕਾਰ ਨਾਲ ਇਕ ਵੈਨ ਟਕਰਾ ਗਈ ਸੀ ਜਿਸ ਕਰਕੇ ਬੱਚੇ ਡਰ ਗਏ ਸੀ। ਭਾਵੇਂ ਇਹ ਇਕ ਸਧਾਰਨ ਐਕਸੀਡੈਂਟ ਸੀ, ਫਿਰ ਵੀ ਉਸ ਦੀ ਵਹਿਮੀ ਸੋਚ ਇਸ ਨੂੰ ਸਿੱਖਾਂ ਵੱਲੋਂ ਹਮਲਾ ਸਮਝ ਰਹੀ ਸੀ।
ਉਸ ਦਿਨ ਹੀ ਇਕ ਵਿਦੇਸ਼ੀ ਟੀ.ਵੀ. ਰਿਪੋਰਟਰ ਪੀਟਰ ਉਸਤੀਨੋਵ ਨੇ ਉਸ ਨਾਲ ਬੀ.ਬੀ.ਸੀ. ਲਈ ਸਿੱਧੇ ਪ੍ਰਸਾਰਨ ਦੀ ਇੰਟਰਵਿਊ ਦਾ ਪ੍ਰਬੰਧ ਕੀਤਾ ਹੋਇਆ ਸੀ। ਇੰਦਰਾ ਦੀ ਇੰਟਰਵਿਊ 9 ਵਜੇ ਸ਼ੁਰੂ ਹੋਣੀ ਸੀ। ਪੀਟਰ ਇਕ ਨਾਟਕ ਲੇਖਕ ਅਤੇ ਹਾਸ ਵਿਅੰਗ ਦਾ ਐਕਟਰ ਹੈ।
ਠੀਕ ਨੌਂ ਵਜੇ ਉਸ ਨੂੰ ਸੁਨੇਹਾ ਮਿਲ ਗਿਆ ਕਿ ਟੀ.ਵੀ. ਇੰਟਰਵਿਊ ਦਾ ਅਮਲਾ ਤਿਆਰ ਹੈ, ਜਿਹੜਾ ਕਿ ਇਕ ਅਕਬਰ ਰੋਡ ਉਪਰ ਸੀ। ਉਸ ਨੇ ਆਪਣੇ ਮੇਕਅਪਮੈਨ ਧਰਮਵੀਰ ਨੰਦਾ ਤੋਂ ਮੇਕਅਪ ਕਰਾ ਲਈ ਸੀ ਅਤੇ ਸੰਤਰੀ ਸਾੜੀ ਪਹਿਨੀ ਹੋਈ ਸੀ। ਉਸ ਨੇ ਨੌਕਰਾਂ ਨੂੰ ਮੇਕਅਪਮੈਨ ਧਰਮਵੀਰ ਨੰਦੇ ਲਈ ਅਤੇ ਨਿੱਜੀ ਡਾਕਟਰ ਕੇ.ਪੀ. ਮਾਥੁਰ ਲਈ ਚਾਹ ਦਾ ਹੁਕਮ ਦਿੱਤਾ ਅਤੇ ਆਪ ਇਕ ਅਕਬਰ ਰੋਡ ਵੱਲ ਤੁਰ ਪਈ। ਉਸ ਦੇ ਖੱਬੇ ਪਾਸੇ ਉਸ ਦਾ ਖਾਸ ਅਸਿਸਟੈਂਟ ਆਰ. ਕੇ. ਧਵਨ ਸੀ ਅਤੇ ਸਕਿਓਰਟੀ ਬਰਾਂਚ ਦਾ ਐਸ. ਸੀ. ਨਰਾਇਣ ਸੱਜੇ ਪਾਸੇ ਸੀ। ਉਸ ਦਾ ਨਿੱਜੀ ਨੌਕਰ ਨੱਥੂ ਰਾਮ ਛਤਰੀ ਲੈ ਕੇ ਉਸ ਦੇ ਮਗਰ ਤੁਰ ਰਿਹਾ ਸੀ। ਇਕ ਹੋਰ ਏ. ਐਸ. ਆਈ. ਰਮੇਸ਼ਵਰ ਦਿਆਲ ਵੀ ਨਾਲ ਸੀ।
ਜਿਉਂ ਹੀ ਉਸ ਨੇ ਵਿਚਕਾਰਲੀ ਕੰਧ ਵਿਚਲੀ ਛੋਟੀ ਤਾਕੀ ਪਾਰ ਕੀਤੀ, ਅੱਗੇ ਬੇਅੰਤ ਖੜ੍ਹਾ ਸੀ। ਉਸ ਨੇ ਉਸ ਨੂੰ ਨਮਸਤੇ ਕੀਤੀ, ਇੰਦਰਾ ਨੇ ਵੀ ਨਮਸਤੇ ਦਾ ਜਵਾਬ ਨਮਸਤੇ ਵਿਚ ਦਿੱਤਾ। ਇਸ ਤੋਂ ਪਹਿਲਾਂ ਕਿ ਇੰਦਰਾ ਗਾਂਧੀ ਹੋਰ ਅੱਗੇ ਵਧਦੀ, ਬੇਅੰਤ ਸਿੰਘ ਨੇ ਆਪਣਾ ਸਰਕਾਰੀ ਰਿਵਾਲਵਰ ਕੱਢ ਕੇ ਬਿਲਕੁਲ ਨੇੜੇ ਤੋਂ ਅੰਨ੍ਹੇਵਾਹ ਗੋਲੀਆਂ ਮਾਰ ਦਿੱਤੀਆਂ, ਉਹ ਥਾਂ ਹੀ ਮੂਧੇ ਮੂੰਹ ਡਿੱਗ ਪਈ। ਏਨੇ ਨੂੰ ਸਤਵੰਤ ਸਿੰਘ ਨੇ ਬੋਗਨ ਬਿਲੀਏ ਦੀ ਵਾੜ ਦੇ ਮਗਰੋਂ ਨਿਕਲ ਕੇ ਆ ਕੇ ਉਸ ਦੇ ਮੂਧੀ ਪਈ ਤੇ ਆਪਣੀ ਸਟੇਨਗੰਨ ਦਾ ਮੈਗਜ਼ੀਨ ਖਾਲੀ ਕਰ ਦਿੱਤਾ। ਇਸ ਤੋਂ ਮਗਰੋਂ ਬੇਅੰਤ ਸਿੰਘ ਨੇ ਦੋ ਹੋਰ ਗੋਲੀਆਂ ਮਾਰ ਕੇ ਤਸੱਲੀ ਕਰ ਲਈ ਕਿ ਉਸ ਦਾ ਕੰਮ ਤਮਾਮ ਹੋ ਗਿਆ ਹੈ।
ਪੀਟਰ ਉਸਤੋਨੋਵ ਦੀ ਘੜੀ ਤੇ ਉਸ ਵੇਲੇ ਸਵੇਰ ਦੇ 9 ਵੱਜ ਕੇ 8 ਮਿੰਟ ਅਤੇ 27 ਸੈਕਿੰਡ ਹੋਏ ਸੀ। ਬੇਅੰਤ ਸਿੰਘ ਦੀਆਂ ਪਹਿਲੀਆਂ ਗੋਲੀਆਂ ਦੀ ਅਵਾਜ਼ ਮਗਰੋਂ ਤਾਂ ਇਹ ਸਮਝਿਆ ਗਿਆ ਸੀ ਕਿ ਸ਼ਾਇਦ ਪਟਾਕੇ ਚੱਲੇ ਹੋਣਗੇ, ਪਰ ਜਦੋਂ ਮਗਰੋਂ ਨਾਲ ਲੱਗਦੇ ਹੀ ਸਤਵੰਤ ਸਿੰਘ ਨੇ ਸਟੇਨਗੰਨ ਦਾ ਪੂਰਾ ਮੈਗਜ਼ੀਨ ਖਾਲੀ ਕਰ ਦਿੱਤਾ ਤਾਂ ਸ਼ੱਕ ਹੋਇਆ ਕਿ ਗੋਲੀ ਚੱਲ ਗਈ ਹੈ। ਉਸ ਤੋਂ ਮਗਰੋਂ ਬੇਅੰਤ ਸਿੰਘ ਦੇ ਰਿਵਾਲਵਰ ਦੀਆਂ ਦੋ ਗੋਲੀਆਂ ਦੀ ਅਵਾਜ਼ ਨੇ ਕੋਈ ਸ਼ੱਕ ਹੀ ਨਹੀਂ ਸੀ ਰਹਿਣ ਦਿੱਤਾ।
ਇੰਦਰਾ ਗਾਂਧੀ ਸੀਮਿੰਟ ਦੇ ਫੁਟਪਾਥ ਤੇ ਆਪਣੇ ਹੀ ਖੂਨ ਦੇ ਛੱਪੜ ਵਿਚ ਪਈ ਸੀ। ਉਸ ਦੀ ਦੇਹ ਵਿਚੋਂ ਹਰ ਪਾਸੇ ਤੋਂ ਖੂਨ ਦੇ ਫੁਹਾਰੇ ਚੱਲ ਰਹੇ ਸੀ।
ਪੀਟਰ ਉਸਤੀਨੋਵ ਦੀ ਇੰਟਰਵਿਊ ਤਾਂ ਰਹਿ ਗਈ ਸੀ, ਪਰ ਉਸ ਦੇ ਖੂਨ ਦੇ ਛੱਪੜ ਵਿਚ ਪਈ ਇੰਦਰਾ ਗਾਂਧੀ ਦੀਆਂ ਕੁਝ ਤਸਵੀਰਾਂ ਲੈ ਲਈਆਂ ਸੀ।
ਗੋਲੀਆਂ ਦੀ ਅਵਾਜ਼ ਸੁਣ ਕੇ ਸੋਨੀਆ ਗਾਂਧੀ ਦੌੜ ਕੇ ਆਈ। ਉਸ ਨੇ ਵੇਖਿਆ ਕਿ ਉਸ ਦੀ ਸੱਸ ਖੂਨ ਦੇ ਛੱਪੜ ਵਿਚ ਪਈ ਹੈ। ਅੰਗ ਰੱਖਿਅਕ ਪਥਰਾਏ ਖੜ੍ਹੇ ਹਨ। ਰਮੇਸ਼ਵਰ ਦਿਆਲ ਦੇ ਖੂਨ ਵਗ ਰਿਹਾ ਸੀ, ਉਸ ਦੇ ਪੱਟ ਵਿਚ ਦੋ ਗੋਲੀਆਂ ਲੱਗੀਆਂ ਸੀ। ਹੋ ਸਕਦਾ ਹੈ ਇਹ ਕਰੌਸ ਫਾਇਰਿੰਗ ਵਿਚ ਲੱਗ ਗਈਆਂ ਹੋਣ।
ਅਸਕੌਰਟ ਐਚ. ਸੀ. ਨਰਾਇਣ ਨੇ ਡਾਕਟਰ ਲਈ ਰੌਲਾ ਪਾਇਆ। ਆਮ ਤੌਰ ‘ਤੇ ਇਕ ਡਾਕਟਰ ਹਰ ਵੇਲੇ ਪ੍ਰਧਾਨ ਮੰਤਰੀ ਦੇ ਨਾਲ ਤਿਆਰ ਰਹਿੰਦਾ ਹੈ। ਉਸ ਵੇਲੇ ਡਾ. ਓਫ਼ ਡਿਊਟੀ ਉਪਰ ਸੀ। ਉਸ ਨੇ ਪ੍ਰਧਾਨ ਮੰਤਰੀ ਨੂੰ ਮੂੰਹ ਨਾਲ ਮੂੰਹ ਜੋੜ ਕੇ ਸਾਹ ਦੇਣ ਦਾ ਯਤਨ ਕੀਤਾ, ਪਰ ਉਸ ਨੂੰ ਪਤਾ ਲੱਗ ਗਿਆ ਕਿ ਨਬਜ਼ ਬੰਦ ਹੋ ਗਈ ਸੀ ਅਤੇ ਬਲੱਡ ਪ੍ਰੈਸ਼ਰ ਖਤਮ ਹੋ ਗਿਆ ਸੀ।
ਉਸ ਵੇਲੇ ਪ੍ਰਧਾਨ ਮੰਤਰੀ ਦਾ ਸਾਰਾ ਅਮਲਾ ਫੈਲਾ ਏਨਾ ਘਬਰਾ ਗਿਆ ਸੀ ਕਿ ਉਹਨਾਂ ਨੂੰ ਇਹ ਵੀ ਯਾਦ ਨਾ ਰਿਹਾ ਕਿ ਇਥੇ ਇਕ ਐਂਬੂਲੈਂਸ ਤਿਆਰ ਖੜ੍ਹੀ ਹੈ ਜਿਸ ਵਿਚ ਆਕਸੀਜਨ ਆਦਿ ਪੂਰਾ ਸਮਾਨ ਫਿੱਟ ਸੀ। ਨਾਲ ਹੀ ਇਕ ਬਹੁਤ ਹੀ ਵਧੀਆ ਵਾਇਰਲੈਸ ਸੈਟ ਹਰ ਵੇਲੇ ਤਿਆਰ ਰੱਖਿਆ ਜਾਂਦਾ ਸੀ ਜਿਸ ਰਾਹੀਂ ਮੈਡੀਕਲ ਇੰਸਟੀਚੂਟ ਨੂੰ ਐਮਰਜੈਂਸੀ ਵੇਲੇ ਤਿਆਰ ਰਹਿਣ ਲਈ ਸੁਨੇਹਾ ਦਿੱਤਾ ਜਾ ਸਕਦਾ ਸੀ। ਇਹ ਸਭ ਕੁਝ ਘਬਰਾਹਟ ਵਿਚ ਭੁੱਲ ਹੀ ਗਿਆ। ਜਲਦੀ ਨਾਲ ਅਸਕੌਰਟ ਦੀ ਇਕ ਕਾਰ ਵਿਚ ਜ਼ਖਮੀ ਪ੍ਰਧਾਨ ਮੰਤਰੀ ਨੂੰ ਪਾ ਕੇ ਏਮਜ਼ (ਆਲ ਇੰਡੀਆ ਮੈਡੀਕਲ ਸਾਇੰਸ ਇੰਸਟੀਚੂਟ) ਵੱਲ ਭੱਜ ਤੁਰੇ।
ਇਕ ਟੈਲੀਫੋਨ ਰਾਮ ਮਨੋਹਰ ਲੋਹੀਆ ਹਸਪਤਾਲ ਨੂੰ ਵੀ ਐਂਬੂਲੈਂਸ ਭੇਜਣ ਅਤੇ ਐਮਰਜੈਂਸੀ ਲਈ ਤਿਆਰ ਰਹਿਣ ਮਗਰੋਂ ਐਮਰਜੈਂਸੀ ਕੈਂਸਲ ਕਰ ਦਿੱਤੀ।
ਅਸਕੌਰਟ ਕਾਰ ਦੀ ਪਿਛਲੀ ਸੀਟ ਤੇ ਸੋਨੀਆ ਆਪਣੀ ਜ਼ਖਮੀ ਸੱਸ ਦਾ ਸਰੀਰ ਆਪਣੇ ਪੱਟਾਂ ‘ਤੇ ਰੱਖ ਕੇ ਬੈਠੀ ਸੀ ਜਿਸ ਵਿਚੋਂ ਖੂਨ ਦੇ ਫੁਹਾਰੇ ਚੱਲ ਰਹੇ ਸੀ। ਇਕ ਹੋਰ ਚਿੱਟੀ ਅੰਬੈਸਡਰ ਕਾਰ ਵਿਚ ਐਮ. ਐਲ. ਫਤੇਦਾਰ, ਡਾ. ਓਫ, ਦਨੇਸ਼ ਭੱਟ ਅਤੇ ਧਵਨ ਬੈਠ ਕੇ ਏਮਜ਼ ਵੱਲ ਅਸਕੌਰਟ ਕਾਰ ਦੇ ਨਾਲ ਜਾ ਰਹੇ ਸਨ। ਜਦੋਂ ਜ਼ਖਮੀ ਪ੍ਰਧਾਨ ਮੰਤਰੀ ਏਮਜ਼ ਪਹੁੰਚੀ, ਉਸ ਵੇਲੇ ਉਥੇ ਸਿਰਫ਼ ਚਾਰ ਯੂਨੀਅਨ ਡਾਕਟਰ ਹੀ ਡਿਊਟੀ ‘ਤੇ ਸਨ।
ਇੰਦਰਾ ਦੀ ਜ਼ਖਮੀ ਦੇਹ ਨੂੰ ਇਕ ਸਟਰੇਚਰ ਉਪਰ ਦੁਰਘਟਨਾ ਦੇ ਵਾਰਡ ਵਿਚ ਲਿਜਾਇਆ ਗਿਆ, ਜਿਸ ਨੂੰ ਵੇਖਦੇ ਸਾਰ ਸਰਕਾਰੀ ਕੰਮਕਾਜ ਦਾ ਚੱਕਰ ਬੁਰੀ ਤਰ੍ਹਾਂ ਭੰਗ ਹੋ ਗਿਆ। ਇੰਦਰਾ ਨੂੰ ਵੇਖਦੇ ਸਾਰ ਇਕ ਔਰਤ ਇਹ ਰੌਲਾ ਪਾਉਂਦੀ ਦੌੜੀ ਕਿ ‘ਮੈਡਮ ਨੂੰ ਉਹਨਾਂ ਨੇ ਮਾਰ ਦਿੱਤਾ’। ਇਸ ਮੈਡਮ ਸ਼ਬਦ ਦੀ ਡਾਕਟਰਾਂ ਨੂੰ ਕੁਝ ਸਮੇਂ ਮਗਰੋਂ ਸਮਝ ਲੱਗੀ ਕਿ ਮੈਡਮ ਪ੍ਰਧਾਨ ਮੰਤਰੀ ਹੈ। ਡਾ. ਕੁਮਾਰ ਨੇ ਸਭ ਤੋਂ ਪਹਿਲਾਂ ਉਸ ਨੂੰ ਵੇਖਣਾ ਸ਼ੁਰੂ ਕੀਤਾ। ਉਸ ਨੇ ਉਸ ਦੀ ਨਬਜ਼ ਵੇਖੀ ਜਿਹੜੀ ਬੰਦ ਸੀ। ਇਸ ਲਈ ਉਸ ਨੇ ਦਿਲ ਦੀ ਮਾਲਸ਼ ਕਰਨੀ ਸ਼ੁਰੂ ਕਰ ਦਿੱਤੀ। ਉਹ ਹਾਲੀ ਵੀ ਸਟਰੇਚਰ ਉਪਰ ਹੀ ਪਈ ਸੀ ਜਦੋਂ ਕਿ ਉਸ ਨੂੰ ਸਖ਼ਤ ਫੱਟੇ ਤੇ ਪਾਉਣ ਦੀ ਲੋੜ ਸੀ, ਪਰ ਡਾਕਟਰ ਉਸ ਨੂੰ ਬਚਾਉਣ ਦਾ ਇਕ ਸੈਕਿੰਡ ਵੀ ਗੁਆਉਣਾ ਨਹੀਂ ਸੀ ਚਾਹੁੰਦਾ। ਉਸ ਨੇ ਉਸ ਦੀ ਖੱਬੀ ਬਾਂਹ ਨੂੰ ਸਹਾਰਾ ਦੇ ਕੇ ਉਤਾਂਹ ਚੁੱਕਿਆ ਅਤੇ ਉਸ ਦੇ ਦਿਲ ਦੀ ਮਾਲਸ਼ ਸ਼ੁਰੂ ਕਰ ਦਿੱਤੀ ਤਾਂ ਕਿ ਦਿਲ ਦੀ ਧੜਕਣ ਮੁੜ ਸ਼ੁਰੂ ਹੋ ਜਾਵੇ। ਨਾਲ ਦੀ ਨਾਲ ਹੀ ਉਸ ਨੇ ਇਕ ਰਬੜ ਦੀ ਨਾਲੀ ਮੂੰਹ ਥਾਣੀਂ ਸਾਹ ਨਾਲੀ ਵਿਚ ਪਾ ਕੇ ਆਕਸੀਜਨ ਦੇਣੀ ਸ਼ੁਰੂ ਕਰ ਦਿੱਤੀ, ਤਾਂ ਕਿ ਫੇਫੜੇ ਚਾਲੂ ਹੋ ਜਾਣ ਅਤੇ ਦਿਮਾਗ ਕੰਮ ਕਰਨ ਲੱਗ ਪਵੇ। ਖੂਨ ਦੇਣ ਵਾਲੀ ਮਸ਼ੀਨ ਵੀ ਫਿੱਟ ਕਰ ਲਈ ਗਈ ਜਦੋਂ ਕਿ ਆਪਰੇਸ਼ਨ ਥੀਏਟਰ ਵਿਚ ਆਪਰੇਸ਼ਨ ਦੀ ਤਿਆਰੀ ਸ਼ੁਰੂ ਹੋ ਗਈ।
ਭਾਵੇਂ ਕਿ ਬਚਣ ਦੀ ਬਹੁਤ ਥੋੜ੍ਹੀ ਆਸ ਸੀ, ਫਿਰ ਵੀ ਪ੍ਰਧਾਨ ਮੰਤਰੀ ਨੂੰ ਅਠਵੀਂ ਮੰਜ਼ਿਲ ਦੇ ਆਪਰੇਸ਼ਨ ਥੀਏਟਰ ਨੰਬਰ ਦੋ ਵਿਚ ਪਹੁੰਚਾ ਦਿੱਤਾ ਗਿਆ, ਜਿੱਥੇ ਉਸ ਦੇ ਜ਼ਖਮੀ ਹੋਣ ਤੋਂ ਇਕ ਘੰਟੇ ਦੇ ਅੰਦਰ-ਅੰਦਰ ਦਿਲ ਅਤੇ ਫੇਫੜਿਆਂ ਨੂੰ ਚਾਲੂ ਕਰਨ ਵਾਲੀ ਮਸ਼ੀਨ ਲਾ ਦਿੱਤੀ ਗਈ ਸੀ। ਇਸ ਤੋਂ ਮਗਰੋਂ ਬਾਕੀ ਇਲਾਜ ਸ਼ੁਰੂ ਕੀਤਾ ਗਿਆ।
ਚਾਰ ਡਾਕਟਰ ਦਿਲ ਦੇ ਮਾਹਿਰ ਸਨ ਜਿਨ੍ਹਾਂ ਵਿਚ ਡਾ. ਪੀ.ਵੀਨੂ ਗੋਪਾਲ, ਡਾ. ਕੇ.ਐਸ.ਲਈਰ, ਡਾ. ਬਾਬਾ ਦਾਸ ਅਤੇ ਡਾ. ਆਈ.ਐਮ. ਰਾਓ ਤੋਂ ਬਿਨਾਂ ਤਿੰਨ ਆਮ ਸਰਜਨ ਸਨ, ਜਿਨ੍ਹਾਂ ਦੇ ਨਾਂ ਹਨ ਡਾ. ਐਮ. ਐਮ. ਕਪੂਰ, ਡਾ. ਐਨ. ਐਸ. ਸ਼ੁਕਲਾ ਅਤੇ ਡਾ. ਆਈ. ਕੇ. ਧਵਨ। ਚਾਰ ਡਾਕਟਰ ਦਰਦ ਰੋਕਣ ਦੇ ਮਾਹਿਰ ਕੰਮ ਕਰ ਰਹੇ ਸੀ, ਜਿਨ੍ਹਾਂ ਦੇ ਨਾਂ ਸਨ ਡਾ. ਜੀ.ਆਰ.ਮੋਡ, ਡਾ. ਐਸ.ਐਸ. ਸੈਣੀ, ਡਾ. ਜੈਇਆ ਲਕਸ਼ਮੀ ਅਤੇ ਡਾ. ਨਿੱਕਾ ਸਕਸੈਨਾ। ਬਾਕੀ ਮਾਹਿਰਾਂ ਵਿਚ ਹੈਡ ਨਰਸ ਕੈਥਰਿਨ ਥੋਮਸ ਦੀ ਨਿਗਰਾਨੀ ਹੇਠ ਸਨ, ਨਰਸ ਬੀ. ਕੇ. ਸਕਸੈਨਾ, ਸਟੈਨਲੇ ਜੇ.ਪਾਲ, ਐਨ ਜੋਸ਼ੀ ਅਤੇ ਨਰਸ ਕੁਲਵੰਤ ਕੌਰ ਸੈਣੀ, ਹਸੀਨਾ ਰਾਣੀ ਬਾਦਿਆ ਅਤੇ ਕਿਰਨ ਭਾਟੀਆ। ਇਹ ਸ਼ਾਇਦ ਦੁਨੀਆਂ ਦੇ ਡਾਕਟਰੀ ਇਤਿਹਾਸ ਵਿਚ ਪਹਿਲਾ ਕੇਸ ਸੀ ਜਿਸ ਵਿਚ ਇਕ ਜ਼ਖਮੀ ਨੂੰ ਬਚਾਉਣ ਲਈ ਇਕੋ ਵੇਲੇ ਏਨੇ ਡਾਕਟਰ ਅਤੇ ਨਰਸਾਂ ਜੂਝ ਰਹੇ ਸੀ। ਸ਼ਾਇਦ ਉਸ ਦੇ ਦੁਆਲੇ ਖੜ੍ਹਨ ਜੋਗੀ ਵੀ ਥਾਂ ਨਹੀਂ ਸੀ।
ਚਾਰ ਸਰਜਨਾਂ ਨੇ ਛਾਤੀ ਦੇ ਹਿੱਸੇ ਦੀ ਸਰਜਰੀ ਸ਼ੁਰੂ ਕੀਤੀ ਜਦੋਂ ਕਿ ਦੂਸਰੇ ਚਾਰਾਂ ਨੇ ਪੇਟ ਵਿਚੋਂ ਗੋਲੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜ਼ਖਮ ਜਾਂ ਘਾਤ ਬਹੁਤ ਵੱਡਾ ਸੀ। ਡਾਕਟਰਾਂ ਨੇ ਵੇਖਿਆ ਕਿ ਲਿਵਰ ਦਾ ਇਕ ਹਿੱਸਾ ਫੇਫੜਾ ਅਤੇ ਆਂਤੜੀਆਂ ਕਈ ਥਾਵਾਂ ਤੋਂ ਜ਼ਖਮੀ ਹੋ ਗਈਆਂ ਸੀ। ਢਿੱਡ ਦੀਆਂ ਨਾੜਾਂ ਵੀ ਨਸ਼ਟ ਹੋ ਗਈਆਂ ਸੀ। ਦੋ ਗੋਲੀਆਂ ਨੇ ਸੱਜਾ ਮੋਢਾ ਅਤੇ ਛਾਤੀ ਦਾ ਸੱਜਾ ਪਾਸਾ ਜ਼ਖਮੀ ਕਰ ਦਿੱਤਾ ਸੀ, ਜਦੋਂ ਕਿ ਦੋ ਗੋਲੀਆਂ ਵਿਚੋਂ ਇਕ ਨੇ ਖੱਬੇ ਪਾਸੇ ਦੀ ਬਾਂਹ ਦਾ ਇਕ ਹਿੱਸਾ ਅਤੇ ਦੂਸਰੀ ਨੇ ਖੱਬਾ ਮੋਢਾ ਜ਼ਖਮੀ ਕਰ ਦਿੱਤਾ ਸੀ। ਇਕ ਹੋਰ ਗੋਲੀ ਸੱਜੀ ਕੱਛ ਨੂੰ ਜ਼ਖਮੀ ਕਰ ਗਈ ਸੀ। ਤਿੰਨ ਗੋਲੀਆਂ ਸੱਜੀ ਲੱਤ ਅਤੇ ਪੱਟ ਵਿਚ ਲੱਗੀਆਂ ਸੀ। ਇਕ ਗੋਲੀ ਖੱਬੀ ਲੱਤ ਵਿਚ ਲੱਗੀ ਸੀ, ਇਕ ਹੋਰ ਗੋਲੀ ਖੱਬੇ ਪੱਟ ਨੂੰ ਜ਼ਖਮੀ ਕਰ ਗਈ ਸੀ। ਜਦੋਂ ਕਿ ਇਕ ਹੋਰ ਗੋਲੀ ਖੱਬੇ ਪੱਟ ਦੇ ਅੰਦਰਲੇ ਪਾਸੇ ਨੂੰ ਪਾੜਦੀ ਹੋਈ ਗਲਤ ਰਾਹ (ਭਰਿਸ਼ਟ ਰਾਹ) ਵਾਲਾ ਪਾਸਾ ਜ਼ਖਮੀ ਕਰ ਗਈ ਸੀ। ਉਸ ਦੇ ਮੂਧੀ ਪਈ ਦੇ ਲੱਗੀਆਂ ਸੱਤਾਂ ਗੋਲੀਆਂ ਨੇ ਉਸ ਦੀ ਪਿੱਠ ਛਲਣੀ ਕਰ ਦਿੱਤੀ ਸੀ ਅਤੇ ਢਿੱਡ ਵਿਚ ਬਹੁਤ ਸਾਰੀਆਂ ਗੋਲੀਆਂ ਦੇ ਛੇਕ ਹੋ ਗਏ ਸੀ। ਐਕਸਰੇ ਦੱਸ ਰਹੇ ਸੀ ਕਿ ਬਾਹਾਂ ਦਿਆਂ ਮੋਢਿਆਂ ਦੀਆਂ ਕੰਗਰੋਡ ਦੇ ਮਣਕਿਆਂ ਦੀਆਂ ਚਾਰ ਹੱਡੀਆਂ ਟੁੱਟ ਗਈਆਂ ਸਨ। ਰੀੜ੍ਹ ਦੀ ਹੱਡੀ ਵੀ ਟੁੱਟ ਗਈ ਸੀ।
ਐਨੀਆਂ ਗੋਲੀਆਂ ਲੱਗਣ ਤੋਂ ਮਗਰੋਂ ਭਾਵੇਂ ਕਿ ਡਾਕਟਰੀ ਤੌਰ ‘ਤੇ ਉਹ ਪਹਿਲਾਂ ਹੀ ਖਤਮ ਹੋ ਗਈ ਸੀ, ਪਰ ਫਿਰ ਵੀ ਡਾਕਟਰਾਂ ਨੇ ਉਸ ਨੂੰ ਬਚਾਉਣ ਦਾ ਯਤਨ ਜਾਰੀ ਰੱਖਿਆ ਅਤੇ ਉਸ ਦੇ ਅੰਦਰ ਅਠਾਸੀ (88) ਬੋਤਲਾਂ ਖੂਨ ਸੁੱਟ ਦਿੱਤਾ ਜਿਹੜਾ ਕਿ ਇਕ ਆਮ ਤੰਦਰੁਸਤ ਸਰੀਰ ਦੇ ਖੂਨ ਤੋਂ ਚਾਰ ਗੁਣਾ ਵੱਧ ਸੀ। ਡਾ. ਸ਼ੁਕਲੇ ਦੇ ਦੱਸਣ ਅਨੁਸਾਰ ਇਹ ਜ਼ਰੂਰੀ ਸੀ ਕਿਉਂਕਿ ਉਸ ਦੇ ਸਰੀਰ ਦੇ ਹਰ ਹਿੱਸੇ ਵਿਚੋਂ ਖੂਨ ਦੀਆਂ ਧਾਰਾਂ ਵਗ ਰਹੀਆਂ ਸੀ। ਵੀਹਾਂ ਤੋਂ ਵੀ ਵੱਧ ਗੋਲੀਆਂ ਨੇ ਇੰਦਰਾ ਗਾਂਧੀ ਦਾ ਸਰੀਰ ਛਲਣੀ ਕਰ ਦਿੱਤਾ ਸੀ। ਡਾਕਟਰਾਂ ਨੇ ਉਸ ਦੇ ਸਰੀਰ ਵਿਚੋਂ ਸੱਤ ਗੋਲੀਆਂ ਕੱਢ ਕੇ ਖੂਨ ਵਗਣੋਂ ਰੋਕਣ ਦਾ ਆਪਣਾ ਪਹਿਲਾ ਕੰਮ ਖਤਮ ਕਰ ਲਿਆ ਸੀ। ਨੇੜੇ ਤੋਂ ਮਾਰੀਆਂ ਜਾਣ ਕਰ ਕੇ ਬਹੁਤੀਆਂ ਗੋਲੀਆਂ ਸਰੀਰ ਵਿਚੋਂ ਆਰ-ਪਾਰ ਹੋ ਗਈਆਂ ਸੀ, ਜਿਨ੍ਹਾਂ ਵਿਚੋਂ ਕੁਝ ਗੋਲੀਆਂ ਉਸ ਦੇ ਕੱਪੜਿਆਂ ਵਿਚੋਂ ਵੀ ਲੱਭੀਆਂ ਸਨ। ਜਦੋਂ ਇੰਦਰਾ ਗਾਂਧੀ ਨੂੰ ਬਚਾਉਣ ਦੇ ਸਾਰੇ ਯਤਨ ਅਸਫਲ ਹੋ ਗਏ ਤਾਂ ਏਮਜ਼ ਦੇ ਮੈਡੀਕਲ ਸੁਪਰੀਡੈਂਟ ਡਾ. ਏ. ਐਲ. ਸਾਫਾਈਆ ਨੇ 2.30 ਬਾਅਦ ਦੁਪਹਿਰ ਇੰਦਰਾ ਨੂੰ ਮੁਰਦਾ ਕਰਾਰ ਦੇ ਦਿੱਤਾ। ਇਹ ਉਹ ਵੇਲਾ ਸੀ ਜਦੋਂ ਉਸ ਨੂੰ ਬਚਾਉਣ ਲਈ ਲਾਏ ਗਏ ਸਾਰੇ ਉਪਕਰਨ (ਯੰਤਰ) ਉਤਾਰ ਦਿੱਤੇ ਗਏ। ਇਹ ਇਕ ਅੜੀਅਲ, ਭਿਆਨਕ ਅਤੇ ਤਾਨਾਸ਼ਾਹ ਔਰਤ ਦਾ ਭਿਆਨਕ ਅੰਤ ਸੀ।
ਇੰਦਰਾ ਗਾਂਧੀ ਦੀ ਰਿਹਾਇਸ਼ ਉਤੇ ਉਸ ਨੂੰ ਕਤਲ ਕਰਨ ਵਾਲਿਆਂ ਨੇ ਕਤਲ ਕਰਨ ਦੇ ਯਤਨ ਦੇ ਬਾਅਦ (ਅਸਲ ਵਿਚ ਕਤਲ ਹੋ ਗਿਆ ਸੀ) ਆਪਣੇ ਆਪ ਨੂੰ ਆਤਮ ਸਮਰਪਣ ਕਰ ਦਿੱਤਾ। ਬੇਅੰਤ ਸਿੰਘ ਨੇ ਆਪਣਾ ਰਿਵਾਲਵਰ ਹੇਠਾਂ ਰੱਖਦੇ ਹੋਏ ਨੇ ਲਲਕਾਰਾ ਮਾਰ ਕੇ ਕਿਹਾ ‘ਅਸੀਂ ਜੋ ਕਰਨਾ ਸੀ ਕਰ ਲਿਆ, ਹੁਣ ਤੁਸੀਂ ਜੋ ਕਰਨਾ ਹੈ ਕਰ ਲਵੋ’।
– ਅਜੀਤ ਰਾਹੀ

Posted in: ਸਾਹਿਤ