ਖਿਦਰਾਣੇ ਦੀ ਢਾਬ : ਗੁਰਾਂ ਨਾਲ ਪ੍ਰੀਤ ਦੀ ਗੰਢ ਹੋ ਪੱਕੀ

By March 7, 2018 0 Comments


mukatsar
ਖਿਦਰਾਣੇ ਦੀ ਢਾਬ ਵਿਚ ਸਿੱਖਾਂ ਦੇ ਸੀਵੇ ਜਲ ਰਹੇ ਸਨ ਤੇ ਉਸ ਦੇ ਲਾਗੇ ਖੜ੍ਹੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿਲੀਆਂ ਅੱਖਾਂ ਨਾਲ ਆਪਣੀ ਜ਼ਿੰਦਗੀ ਤੋਂ ਮੁਕਤ ਹੋਏ ਸਿੰਘਾਂ ਨੂੰ ਜਾਂਦੇ ਹੋਏ ਨਿਹਾਰ ਰਹੇ ਸਨ। ਇਹ ਉਹ ਘੜੀ ਸੀ ਜਦੋਂ ਬੇਦਾਵਾਂ ਪਾੜ ਗੁਰੂ ਸਾਹਿਬ ਨੇ ਫਿਰ ਟੁੱਟੀ ਗੰਢ ਜੋੜ ਲਈ ਸੀ ਤੇ ਖਿਦਰਾਣੇ ਦੀ ਢਾਬ ਮੁਕਤਸਰ ਬਣ ਗਈ। ਖਿਦਰਾਣੇ ਦੀ ਢਾਬ ਦਾ ਮੁਕਤਸਰ ਬਣ ਜਾਣਾ ਸਿੱਖ ਇਤਿਹਾਸ ਦਾ ਇਕ ਉਹ ਸੁਨਹਿਰੀ ਪੰਨਾ ਹੈ ਜੋ ਆਉਂਦੇ ਯੁੱਗਾਂ ਤੱਕ ਵੀ ਸਿੱਖ ਕੌਮ ਨੂੰ ਇਹ ਸੁਨੇਹਾ ਦਿੰਦਾ ਰਹੇਗਾ ਕਿ ਸਿੱਖ ਆਪਣੇ ਗੁਰੂ ਤੋਂ ਕਦੇ ਬੇਮੁੱਖ ਨਹੀਂ ਹੁੰਦੇ। ਜਦੋਂ ਕਦੇ ਵੀ ਸਿੱਖ ਇਤਿਹਾਸ ਵਿਚ ਖਿਦਰਾਣੇ ਦੀ ਢਾਬ ਦੀ ਗੱਲ ਚੱਲੇਗੀ ਤਾਂ ਮੁਕਤਸਰ ਦੀ ਧਰਤੀ ਉਤੇ ਵਾਪਰਿਆ ਉਹ ਸਾਰਾ ਬਿਰਤਾਂਤ ਮੁੜ ਸੁਰਜੀਤ ਹੋ ਸਾਡੀਆਂ ਅੱਖਾਂ ਸਾਹਮਣੇ ਘੁੰਮ ਜਾਵੇਗਾ। ਇਹ ਉਹ ਟੁੱਟੀ ਹੋਈ ਪ੍ਰੀਤ ਦੀ ਗੰਢ ਨੂੰ ਜੋੜਨ ਦਾ ਬਿਰਤਾਂਤ ਹੈ ਜੋ ਸਿੱਖਾਂ ਨੂੰ ‘ਸਵਾ ਲਾਖ ਸੇ ਏਕ ਲੜਾਉ’ ਵਾਲੇ ਸੁਨੇਹੇ ਦਾ ਧਾਰਨੀ ਬਣਾਉਂਦਾ ਹੈ।
ਇਤਿਹਾਸ ਗਵਾਹ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਦਸਮੇਸ਼ ਪਿਤਾ ਮੁਗਲਾਂ ਦੀ ਫ਼ੌਜ ਨਾਲ ਘਿਰੇ ਹੋਏ ਸਨ। ਘੇਰਾ ਏਨਾ ਤੰਗ ਸੀ ਕਿ ਅਨੰਦਗੜ੍ਹ ਕਿਲੇ ਤੋਂ ਝਾਤੀ ਮਾਰਿਆ ਹਰ ਪਾਸੇ ਮੁਗਲ ਫ਼ੌਜ ਹੀ ਦਿਖਾਈ ਦਿੰਦੀ ਸੀ। ਕਿਲੇ ਅੰਦਰ ਗੁਰੂ ਸਾਹਿਬ ਆਪਣੇ ਸਿੱਖਾਂ ਨਾਲ ਬੜੇ ਹੀ ਹੌਂਸਲੇ ਅਤੇ ਧੀਰਜ ਨਾਲ ਜ਼ਿੰਦਗੀ ਦੇ ਇਨ੍ਹਾਂ ਪਲਾਂ ਦਾ ਅਨੰਦ ਵੀ ਵੱਖਰੇ ਹੀ ਤਰ੍ਹਾਂ ਨਾਲ ਮਾਣ ਰਹੇ ਸਨ। ਸਮਾਂ ਲੰਘਦਾ ਰਿਹਾ ਅਤੇ ਰਸਦ ਪਾਣੀ ਮੁੱਕਦਾ ਗਿਆ। ਗੁਰੂ ਦੇ ਸਿੰਘ ਬਿਨ ਪਾਣੀ, ਬਿਨ ਅੰਨ ਤੋਂ ਰਹਿ ਕੇ ਵੀ ਨਿਡੋਲ ਖੜੇ ਰਹੇ ਤੇ ਵਿਰੋਧੀਆਂ ਦਾ ਜੰਮ ਕੇ ਟਾਕਰਾ ਵੀ ਕਰਦੇ ਰਹੇ। ਜਦੋਂ ਇਹ ਕਿੱਸਾ ਲੰਮਾ ਖਿੱਚਦਾ ਦਿਸਿਆ ਤਾਂ ਕੁਝ ਸਿੱਖ ਹੌਂਸਲਾ ਢਾਹ ਬੈਠੇ। ਉਨ੍ਹਾਂ ਤੋਂ ਦੁਸ਼ਮਣ ਦੇ ਤੀਰਾਂ ਦੇ ਵਾਰ ਤਾਂ ਸਹਾਰ ਹੁੰਦੇ ਸਨ ਪਰ ਭੁੱਖ ਬਰਦਾਸ਼ਤ ਨਹੀਂ ਸੀ ਹੋ ਰਹੀ। ਭਗਤ ਕਬੀਰ ਜੀ ਦੇ ਕਹੇ ਇਹ ਬੋਲ : ਭੁੱਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥ (656) ਦੇ ਦੋਹੇ ਨੂੰ ਸੱਚ ਕਰਦਿਆਂ ਕੁਝ ਸਿੰਘ ਘਰ ਪਰਤਣ ਦੀਆਂ ਤਿਆਰੀਆਂ ਕਰਨ ਲੱਗੇ ਅਤੇ ਉਨ੍ਹਾਂ ਆਪਣੇ ਹਥਿਆਰ ਸੁੱਟ ਦਿੱਤੇ। ਇਕ ਉੱਘੇ ਲੇਖਕ ਨੇ ਲਿਖਿਆ ਹੈ ਕਿ ਭੁੱਖੇ ਪੇਟ ਨਾ ਤਾਂ ਕੁਝ ਸਮਝ ਆਉਂਦਾ ਹੈ ਤੇ ਨਾ ਹੀ ਫ਼ੈਸਲਾ ਕਰਨ ਦੀ ਸ਼ਕਤੀ ਬਚਦੀ ਹੈ। ਇਹ ਲਿਖਤ ਕੁਝ ਉਨ੍ਹਾਂ ਸਿੱਖਾਂ ਉੱੇਤੇ ਭਾਰੂ ਪਈ ਜੋ ਦਸਮੇਸ਼ ਪਿਤਾ ਨੂੰ ਆਖ ਰਹੇ ਸਨ, ‘‘ਸੱਚੇ ਪਾਤਸ਼ਾਹ ਜੀਓ ਅਸੀਂ ਸੂਲੀ ਉਤੇ ਤਾਂ ਚੜ੍ਹ ਸਕਦੇ ਹਾਂ, ਤਲਵਾਰ ਦੀ ਧਾਰ ਉਤੇ ਤਾਂ ਤੁਰ ਸਕਦੇ ਹਾਂ ਪਰ ਭੁੱਖ ਦੀ ਮੌਤ ਨਹੀਂ ਮਰਿਆ ਜਾਂਦਾ।’’
ਚਾਲੀ ਦੇ ਕਰੀਬ ਸਿੱਖਾਂ ਨੇ ਲਿਖਤੀ ਰੂਪ ਵਿਚ ਗੁਰੂ ਸਾਹਿਬ ਨੂੰ ਆਪਣਾ ਸੁਨੇਹਾ ਫੜਾ ਦਿੱਤਾ ਕਿ ਅੱਜ ਤੋਂ ਸਾਡੀ ਤੁਹਾਡੇ ਨਾਲ ਕੋਈ ਸਾਂਝ ਨਹੀਂ ਹੈ। ਉਹ ਆਪਣਾ ਬੇਦਾਵਾ ਦੇ ਕੇ ਆਪਣੇ ਘਰਾਂ ਵੱਲ ਹੋ ਤੁਰੇ।
‘‘ਭੁੱਖੇ ਜੰਗ ਨ ਕੀਜੈ। ਯਹ ਸ਼ਸਤਰ ਅਪਨੇ ਲੀਜੈ।’’
ਇਕ ਪਾਸੇ ਗੁਰੂ ਸਾਹਿਬ ਦੀ ਜੰਗ ਜਾਰੀ ਸੀ ਤੇ ਦੂਜੇ ਪਾਸੇ ਇਹ ਚਾਲੀ ਦੇ ਕਰੀਬ ਸਿੰਘ ਆਪਣੇ ਮਨ ਨਾਲ ਵਿਚਾਰਾਂ ਕਰਦਿਆਂ ਕਿ ਅਸੀਂ ਹੁਣ ਆਪਣੇ ਪਰਿਵਾਰ ਵਿਚ ਰਹਿੰਦਾ ਜੀਵਨ ਖੁਸ਼ੀ ਨਾਲ ਗੁਜ਼ਾਰ ਲਵਾਂਗੇ, ਆਪਣੇ ਘਰਾਂ ਅੱਗੇ ਜਾ ਅਪੜੇ। ਇਨ੍ਹਾਂ ਦੇ ਪਹੁੰਚਣ ਦੀਆਂ ਖ਼ਬਰਾਂ ਸੁਣ ਇਲਾਕਾ ਨਿਵਾਸੀ ਇਹ ਜਾਨਣ ਲਈ ਕਿ ਗੁਰੂ ਸਾਹਿਬ ਦਾ ਕੀ ਹਾਲ ਹੈ, ਇਨ੍ਹਾਂ ਦੇ ਇਰਦ-ਗਿਰਧ ਆਣ ਇਕੱਤਰ ਹੋਏ। ਇਕ ਪਾਸੇ 40 ਸਿੰਘ ਮੌਤ ਵਰਗੀ ਚੁੱਪੀ ਧਾਰੀ ਖੜੇ ਸਨ ਦੂਜੇ ਪਾਸੇ ਸੰਗਤਾਂ ਦੇ ਸਵਾਲਾਂ ਦੀ ਬੁਛਾੜ ਹੋ ਰਹੀ ਸੀ, ‘‘ਕੀ ਜੰਗ ਫਤਹਿ ਹੋ ਗਈ’’, ‘‘ਕਿੰਨਾ ਕੁ ਨੁਕਸਾਨ ਹੋਇਆ’’, ‘‘ਮੁਗਲਾਂ ਦਾ ਖਾਤਮਾ ਹੋ ਗਿਆ’’, ‘‘ਗੁਰੂ ਦੇ ਲਾਲ ਤਾਂ ਠੀਕ ਨੇ’’। ਪਰ ਗੁਰੂ ਸਾਹਿਬ ਨੂੰ ਬੇਦਾਵਾ ਫੜਾ ਆਏ ਸਿੰਘ ਆਖਰ ਜਵਾਬ ਕੀ ਦਿੰਦੇ ਕਿ ਅਸੀਂ ਸ੍ਰੀ ਗੁਰੁ ਗੋਬਿੰਦ ਸਿੰਘ ਤੋਂ ਨਾਤਾ ਤੋੜ ਲਿਆ ਹੈ। ਸਾਡੀ ਹੁਣ ਉਨ੍ਹਾਂ ਨਾਲ ਸਾਂਝ ਨਹੀਂ ਰਹੀ। ਆਖਰ ਕੁਝ ਦੱਸਣਾ ਤਾਂ ਪੈਣਾ ਹੀ ਸੀ। ਉਨ੍ਹਾਂ ਕਿਹਾ ਜੰਗ ਜਾਰੀ ਹੈ ਪਰ ਅਸੀਂ ਭੁੱਖ ਤੇ ਦੁੱਖ ਨਾ ਸਹਾਰਦਿਆਂ ਬੜੇ ਔਖੇ ਮਨਾਂ ਨਾਲ ਗੁਰੂ ਸਾਹਿਬ ਨੂੰ ਫਤਹਿ ਬੁਲਾ ਆ ਗਏ ਹਾਂ। ਉਨ੍ਹਾਂ ਪਰਿਵਾਰਕ ਰਿਸ਼ਤਿਆਂ ਦਾ ਵਾਸਤਾ ਪਾਉਂਦਿਆਂ ਕਿਹਾ ਕਿ ਸਾਨੂੰ ਆਪਣੇ ਬਾਲ ਬੱਚਿਆਂ ਅਤੇ ਭੈਣ-ਭਰਾਵਾਂ ਦਾ ਵੀ ਫ਼ਿਕਰ ਸੀ। ਇਸ ਲਈ ਅਸੀਂ ਗੁਰੂ ਸਾਹਿਬ ਨੂੰ ਲਿਖਤੀ ਰੂਪ ਵਿਚ ਬੇਦਾਵਾ ਦੇ ਆਏ ਹਾਂ ਕਿ ਅੱਜ ਤੋਂ ਸਾਡੀ ਕੋਈ ਸਾਂਝ ਨਹੀਂ। ਨਾ ਤੂੰ ਸਾਡਾ ਗੁਰੂ ਤੇ ਨਾ ਅਸੀਂ ਤੇਰੇ ਸਿੱਖ! ਇਹ ਗੱਲ ਆਖਣ ਦੀ ਹੀ ਦੇਰ ਸੀ ਕਿ ਉਥੇ ਇਕੱਤਰ ਭੀੜ ਉਨ੍ਹਾਂ ਨੂੰ ਨੋਚ ਖਾਣ ਲਈ ਤਿਆਰ ਹੋ ਗਈ। ਲਾਹਨਤਾਂ ਅਤੇ ਫਟਕਾਰਾਂ ਮੀਂਹ ਵਾਂਗ ਬਰਸ ਰਹੀਆਂ ਸਨ। ਬਿਰਧ ਮਾਵਾਂ ਦੇ ਬੋਲ ਸਨ, ‘‘ਹੇ ਰੱਬਾ ਇਸ ਔਲਾਦ ਨਾਲੋਂ ਤਾਂ ਮੈਂ ਬਾਂਝ ਹੀ ਚੰਗੀ ਸੀ’’। ਬਜ਼ੁਰਗਾਂ ਨੇ ਆਪਣੀਆਂ ਦਸਤਾਰਾਂ ਨੂੰ ਹੱਥਾਂ ’ਚ ਫੜ ਉਨ੍ਹਾਂ ਨੂੰ ਫਟਕਾਰਦਿਆਂ ਕਿਹਾ, ‘‘ਤੁਸੀਂ ਤਾਂ ਇਸ ਦਸਤਾਰ ਨੂੰ ਮਿੱਟੀ ’ਚ ਰੋਲ ਆਏ ਹੋ। ਘਰ ਪਰਤਣ ਦੀ ਕੀ ਜ਼ਰੂਰਤ ਸੀ? ਰਸਤੇ ਵਿਚ ਹੀ ਕਿਧਰੇ ਡੁੱਬ ਮਰਦੇ।’’
ਇਸ ਘੜੀ ਮਾਈ ਭਾਗੋ ਨੇ ਵੀ ਇਨ੍ਹਾਂ ਦੀ ਖੂਬ ਖਬਰ ਲਈ, ਜਿਸ ਦਾ ਇਹ ਅਸਰ ਹੋਇਆ ਕਿ ਇਨ੍ਹਾਂ ਸਿੰਘਾਂ ਨੇ ਵਾਪਸ ਮੁੜਨ ਦਾ ਫ਼ੈਸਲਾ ਕਰ ਲਿਆ। ਮਰਦਾਵੇਂ ਬਸਤਰ ਪਾ ਮਾਈ ਭਾਗੋ ਘੋੜੇ ਉਤੇ ਸਵਾਰ ਇਨ੍ਹਾਂ ਸਿੰਘਾਂ ਦੀ ਅਗਵਾਈ ਕਰਦੀ ਹੋਈ ਇਨ੍ਹਾਂ ਨੂੰ ਆਨੰਦਪੁਰ ਸਾਹਿਬ ਵੱਲ ਲੈ ਤੁਰੀ। ਜਥੇ ਦੀ ਕਮਾਨ ਸੰਭਾਲ ਜਥੇਦਾਰ ਮਹਾਂ ਸਿੰਘ ਮੁਝੈਲ ਵੀ ਅਗਾਹ ਲੱਗ ਹੋ ਤੁਰਿਆ। ਆਨੰਦਪੁਰ ਸਾਹਿਬ ਵੱਲ ਵਧਦਿਆਂ ਨੂੰ ਖਬਰ ਮਿਲੀ ਕਿ ਦਸਮ ਪਿਤਾ ਨੇ ਆਪਣੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਹੈ। ਫਿਰ ਚਮਕੌਰ ਦੀ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਛੋਟੇ ਸਾਹਿਬਜ਼ਾਦਿਆਂ ਦਾ ਦੀਵਾਰਾਂ ‘ਚ ਚਿਣੇ ਜਾਣਾ, ਇਹ ਖ਼ਬਰਾਂ ਇਨ੍ਹਾਂ ਸਿੰਘਾਂ ਨੂੰ ਮਿਲਦੀਆਂ ਰਹੀਆਂ ਅਤੇ ਇਨ੍ਹਾਂ ਦਾ ਜੋਸ਼ ਹੋਰ ਦੂਣਾ ਤੀਣਾ ਹੁੰਦਾ ਗਿਆ। ਬੇਦਾਵਾ ਦੇ ਆਏ ਸਿੰਘ ਹੁਣ ਉਸ ਪੈੜ ਚਾਲ ਵੱਲ ਵਧਣ ਲੱਗੇ ਜਿਸ ਰਸਤਿਓਂ ਗੁਰੂ ਸਾਹਿਬ ਲੰਘ ਰਹੇ ਸਨ। ਗੁਰਾਂ ਦੀ ਖਬਰਸਾਰ ਪਤਾ ਕਰਦਿਆਂ ਇਨ੍ਹਾਂ ਉਨ੍ਹਾਂ ਦੇ ਪਿਛਾਂਹ ਪਿਛਾਂਹ ਉਨ੍ਹਾਂ ਤੱਕ ਪਹੁੰਚਣ ਲਈ ਆਪਣਾ ਸਫ਼ਰ ਤੈਅ ਕਰ ਰਹੇ ਸਨ ਕਿ ਗੁਰੂ ਸਾਹਿਬ ਨੂੰ ਖਿਦਰਾਣੇ ਦੀ ਢਾਬ ਵਿਚ ਮੁਗਲ ਫੌਜਾਂ ਦੇ ਪਿੱਛੋਂ ਆਉਣ ਦੀ ਖਬਰ ਲੱਗ ਗਈ ਸੀ। ਦਸਮੇਸ਼ ਪਿਤਾ ਨੇ ਇਸ ਢਾਬ ਨੂੰ ਜੰਗ ਲਈ ਸਹੀ ਥਾਂ ਮੰਨਦਿਆਂ ਇਸ ਥਾਂ ਨੂੰ ਆਪਣੀ ਛਾਉਣੀ ਵਿਚ ਤਬਦੀਲ ਕਰ ਦਿੱਤਾ।
ਮਾਝੇ ਦੇ ਸਿੰਘਾਂ ਦਾ ਜਥਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਕਰਦਿਆਂ ਖਦਰਾਣੇ ਦੀ ਢਾਬ ਕੋਲ ਪੁੱਜਾ ਤਾਂ ਉਨ੍ਹਾਂ ਨੂੰ ਵੀ ਬਜੀਦ ਖਾਂ ਦੀ ਫੌਜ ਦੇ ਪਹੁੰਚਣ ਦੀਆਂ ਖ਼ਬਰਾਂ ਮਿਲ ਗਈਆਂ। ਇਨ੍ਹਾਂ ਸਿੰਘਾਂ ਨੇ ਢਾਬ ਵਿਚ ਖੜੇ ਬੇਰੀਆਂ ਦੇ ਦਰੱਖਤਾਂ ਉਤੇ ਹੀ ਚਾਦਰੇ ਇਸ ਢੰਗ ਨਾਲ ਪਾ ਦਿੱਤੇ ਕਿ ਜੋ ਦੂਰੋਂ ਦੇਖਣ ਵਾਲੇ ਨੂੰ ਫੌਜ ਦੇ ਲੱਗੇ ਹੋਏ ਤੰਬੂ ਲੱਗਣ ਤੇ ਆਪ ਮੋਰਚਾ ਸਾਂਭ ਲਿਆ। ਆਖਰ ਮੁਗਲ ਫੌਜ ਉਸ ਥਾਂ ‘ਤੇ ਆਣ ਹੀ ਪਹੁੰਚੀ। ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਮਝੈਲ ਨੇ ਜਦੋਂ ਮੁਗਲ ਫੌਜ ਇਸ ਵੱਲ ਮੁੜੀ ਤਾਂ ਇਕਦਮ ਹਮਲਾ ਬੋਲ ਦਿੱਤਾ। ਅਚਾਨਕ ਚੱਲੀਆਂ ਬੰਦੂਕਾਂ ਤੇ ਗਿਰ ਰਹੇ ਮੁਗਲ ਸੈਨਿਕ ਦੇਖ ਵਜੀਰ ਖਾਂ ਨੇ ਸਮਝਿਆ ਕਿ ਗੁਰੂ ਸਾਹਿਬ ਇਥੇ ਹੀ ਹਨ ਤੇ ਫੌਜਾਂ ਨੂੰ ਪਿਛਾਂਹ ਮੋੜ ਲਿਆ। ਨੀਵੇਂ ਬੈਠੇ ਸਿੰਘ ਮੁਗਲਾਂ ਨੂੰ ਦਿੱਖ ਨਹੀਂ ਰਹੇ ਸਨ ਤੇ ਫੌਜ ’ਤੇ ਤੀਰਾਂ ਅਤੇ ਗੋਲੀਆਂ ਦੀ ਹੋ ਰਹੀ ਵਰਖਾ ਉਨ੍ਹਾਂ ਨੂੰ ਭੱਜਣ ਲਈ ਮਜ਼ਬੂਰ ਕਰ ਰਹੀ ਸੀ।
ਕਲਗੀਧਰ ਦਸਮੇਸ਼ ਪਿਤਾ ਦੇ ਕੰਨੀਂ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਪਈ ਤਾਂ ਉਨ੍ਹਾਂ ਪਤਾ ਕਰਨ ਲਈ ਆਪਣਾ ਇਕ ਸਿੰਘ ਘੱਲਿਆ ਜਿਸ ਨੇ ਆ ਕੇ ਦੱਸਿਆ ਕਿ ਮਾਝੇ ਦੇ ਸਿੰਘ ਮੁਗਲ ਫੌਜਾਂ ਨਾਲ ਜੰਗ ਲੜ ਰਹੇ ਹਨ। ਇਹ ਪਤਾ ਚਲਦਿਆਂ ਹੀ ਸੱਚੇ ਪਾਤਸ਼ਾਹ ਆਪ ਵੀ ਇਕ ਢਿੱਬੇ ਉਤੇ ਆ ਖਲੋਤੇ ਤੇ ਆਪਣੇ ਤੀਰਾਂ ਦਾ ਮੂੰਹ ਮੁਗਲ ਫੌਜਾਂ ਵੱਲ ਕਰ ਦਿੱਤਾ। ਦੁਸ਼ਮਣ ਦੇ ਜਰਨੈਲ ਗੁਰਾਂ ਦੇ ਤੀਰਾਂ ਦੀ ਤਾਬ ਨਾ ਝਲਦਿਆਂ ਮਿੱਟੀ ’ਚ ਜਾ ਰੁਲੇ। ਬਹਾਦਰ ਸਿੰਘ ਨੰਗੀਆਂ ਤਲਵਾਰਾਂ ਤੇ ਨੰਗੇ ਪੈਰੀਂ ਦਹਾੜਦੇ ਹੋਏ ਮੁਗਲ ਫੌਜਾਂ ਉਤੇ ਟੁੱਟ ਪਏ। ਗੁਰੂ ਨਾਲੋਂ ਨਾਤਾ ਤੋੜ ਆਏ ਸਿੰਘ ਹੁਣ ਕੋਈ ਕਸਰ ਬਾਕੀ ਨਹੀਂ ਸੀ ਛੱਡਣਾ ਚਾਹੁੰਦੇ। ਡਰ, ਭੈਅ ਬਹੁਤ ਪਿਛਾਂਹ ਛੱਡ ਉਹ ਅੱਗੇ ਵਧਦੇ ਰਹੇ ਤੇ ਆਪਣੇ ਉਤੇ ਹੁੰਦੇ ਵਾਰਾਂ ਦੀ ਪ੍ਰਵਾਹ ਨਾ ਕਰਦਿਆਂ ਵਾਰ ਉਤੇ ਵਾਰ ਕਰਦੇ ਰਹੇ। ਮੁਗਲ ਫੌਜਾਂ ਨੇ ਲਾਸ਼ਾਂ ਤਾਂ ਕੀ ਸਾਂਭਣੀਆਂ ਸਨ, ਉਹ ਜ਼ਖ਼ਮੀਆਂ ਨੂੰ ਵੀ ਛੱਡ ਕੇ ਭੱਜ ਰਹੇ ਸਨ। ਜਦੋਂ ਦੁਸ਼ਮਣ ਦੀ ਫੌਜ ਮੈਦਾਨ ਛੱਡ ਭੱਜ ਗਈ ਤਦ ਗੁਰੂ ਸਾਹਿਬ ਨੇ ਮੈਦਾਨੇ ਜੰਗ ’ਚ ਵੇਖਿਆ ਕਿ ਮਾਤਾ ਭਾਗ ਕੌਰ ਆਪਣੇ ਜ਼ਖ਼ਮਾਂ ਨੂੰ ਪਾਣੀ ਨਾਲ ਧੋ ਰਹੀ ਸੀ। ਗੁਰੂ ਸਾਹਿਬ ਨੇ ਉਸ ਨੂੰ ਦੇਖਦਿਆਂ ਹੀ ਸੂਰਬੀਰ ਯੋਧੇ ਦੇ ਨਾਂ ਨਾਲ ਪੁਕਾਰਿਆ ਤੇ ਮਾਤਾ ਭਾਗੋ ਨੇ ਗੁਰੂ ਸਾਹਿਬ ਨੂੰ ਮਾਝੇ ਦੇ ਸਿੰਘਾਂ ਦੀ ਸਾਰੀ ਕਥਾ ਸੁਣਾ ਦਿੱਤੀ। ਇਸ ਬਹਾਦਰੀ ਦੀ ਕਹਾਣੀ ਸੁਣ ਗੁਰੂ ਸਾਹਿਬ ਦੀਆਂ ਅੱਖਾਂ ਵਿਚ ਵੀ ਅੱਥਰੂ ਆ ਗਏ। ਦਸਮੇਸ਼ ਪਿਤਾ ਇਨ੍ਹਾਂ ਸਿਦਕੀ ਸਿੱਖਾਂ ਨੂੰ ਗਲ ਨਾਲ ਲਾਉਣ ਲਈ ਉਨ੍ਹਾਂ ਵੱਲ ਇਕ ਤਰ੍ਹਾਂ ਨਾਲ ਨੱਸ ਪਏ। ਮੈਦਾਨੇ ਜੰਗ ਵਿਚ ਗੰਭੀਰ ਜ਼ਖ਼ਮੀ ਪਏ ਮਹਾਂ ਸਿੰਘ ਮਝੈਲ ਨੂੰ ਆਪਣੇ ਕਲਾਵੇ ਵਿਚ ਲੈਂਦਿਆਂ ਗੁਰੂ ਸਾਹਿਬ ਨੇ ਉਸ ਦਾ ਸਿਰ ਆਪਣੀ ਗੋਦ ਵਿਚ ਰੱਖ ਲਿਆ। ਉਸ ਦੇ ਜ਼ਖ਼ਮਾਂ ਨੂੰ ਧੁਆ ਉਸ ਦਾ ਮੂੰਹ ਪੂਝਿਆ ਤੇ ਜਦੋਂ ਉਸ ਨੇ ਅੱਖਾਂ ਖੋਲੀਆਂ ਤਾਂ ਮਨ ਵਿਚ ਵਸੀ ਮੂਰਤ ਉਸਦੇ ਸਾਹਮਣੇ ਸੀ। ਕਲਗੀਧਰ ਪਾਤਸ਼ਾਹ ਨੇ ਮਹਾਂ ਸਿੰਘ ਨੂੰ ਕਿਹਾ, ‘‘ਮੇਰੇ ਪਿਆਰੇ ਸਿੰਘ ਧਰਮ ਲਈ ਜਿੰਦ ਵਾਰਨ ਵਾਲੇ ਮਝੈਲ ਸਿੰਘ ਕੁਝ ਮੰਗ ਲੈ’’।
ਭਰੇ ਗਲੇ ਤੇ ਸਿਲੀਆਂ ਅੱਖਾਂ ਨਾਲ ਮਹਾ ਸਿੰਘ ਨੇ ਕਿਹਾ, ‘‘ਮੇਰੇ ਉੱਤਮ ਭਾਗ ਹਨ ਜੋ ਤੁਸਾਂ ਦੇ ਦਰਸ਼ਨ ਹੋ ਗਏ। ਸਭ ਇੱਛਾ ਪੂਰੀਆਂ ਹੋ ਗਈਆਂ ਹਨ ਬੱਸ ਇਕ ਕਿਰਪਾ ਹੋਰ ਕਰ ਦਿਓ ਜਿਹੜੀ ਲਿਖਤ ਮਾਝੇ ਦੇ ਸਿੱਖ ਬੇਦਾਵੇ ਦੇ ਰੂਪ ਵਿਚ ਲਿਖ ਕੇ ਦੇ ਆਏ ਸਨ, ਉਸ ਨੂੰ ਫਾੜ ਦਿਓ। ਗੁਰੂ ਸਾਹਿਬ ਅੱਜ ਟੁੱਟੀ ਗੰਢ ਫਿਰ ਜੋੜ ਦਿਓ।’’
ਦਸਮੇਸ਼ ਪਿਤਾ ਨੇ ਜਥੇਦਾਰ ਮਹਾਂ ਸਿੰਘ ਦੇ ਮਨ ਦੇ ਭਾਵ ਪੜਦਿਆਂ ਤੇ ਸਮਝਦਿਆਂ ਉਸ ਨੂੰ ਆਪਣੀਆਂ ਬਖਸ਼ਿਸ਼ਾਂ ਦਿੰਦਿਆਂ ਕਮਰਕੱਸੇ ਵਿਚੋਂ ਬੇਦਾਵੇ ਦਾ ਕਾਗਜ਼ ਕੱਢ ਦੇ ਪਾੜ ਦਿੱਤਾ।
ਜਿਵੇਂ ਹੀ ਗੁਰੂ ਸਾਹਿਬ ਨੇ ਸਿੰਘਾਂ ਨੂੰ ਇਸ ਦਾਗ ਤੋਂ ਮੁਕਤ ਕੀਤਾ, ਉਵੇਂ ਹੀ ਮਹਾਂ ਸਿੰਘ ਨੇ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਇਸ ਖਿਦਰਾਣੇ ਦੀ ਢਾਬ ਉਤੇ ਗੁਰੁ ਸਾਹਿਬ ਨੇ ਖੁਦ ਅੰਤਿਮ ਸੰਸਕਾਰ ਕੀਤਾ ਤੇ ਇਸ ਪ੍ਰਕਾਰ ਗੁਰਾਂ ਨਾਲ ਪਈ ਇਨ੍ਹਾਂ ਸਿੰਘਾਂ ਦੀ ਸਾਂਝ ਨੇ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਸਾਹਿਬ ਬਣਾ ਦਿੱਤਾ। ਉਸ ਦਿਨ ਤੋਂ ਲੈ ਕੇ ਹਰ ਵਰ੍ਹੇ ਮਾਘੀ ਮੌਕੇ ਇਸ ਪਵਿੱਤਰ ਥਾਂ ’ਤੇ ਭਰਵਾਂ ਮੇਲਾ ਲੱਗਦਾ ਹੈ। ਲੱਖਾਂ ਦੀ ਤਾਦਾਦ ਵਿਚ ਪਹੁੰਚੀ ਸੰਗਤ ਗੁਰੂ ਸਾਹਿਬ ਅੱਗੇ ਇਹੋ ਅਰਦਾਸ ਕਰਦੀ ਹੈ ਕਿ ਸਾਡੇ ਨਾਲ ਆਪਣੀ ਸਾਂਝ ਪਾਈ ਰੱਖਣਾ।
ਦੀਪਕ ਸ਼ਰਮਾ ਚਨਾਰਥਲ

Posted in: ਸਾਹਿਤ