ਪੰਜਾਬ ਦਾ ਲੋਕ ਨਾਇਕ ਦੁੱਲਾ ਭੱਟੀ

By January 19, 2018 0 Comments


dulha bhattiਕਿਸਾਨਾਂ ਦੀ ਖੱਟੀ,
ਸ਼ਹੀਦ ਦੁੱਲਾ ਭੱਟੀ।
ਸਿਆਣਿਆਂ ਦਾ ਅਖਾਣ ਹੈ, ‘ਜਿਨ੍ਹਾਂ ਘੜੀ ਨਾ ਵੇਖੀ ਦੁੱਖ ਦੀ, ਉਨ੍ਹਾਂ ਨੂੰ ਕਦਰ ਕੀ ਸੁੱਖ ਦੀ।’ ਇਕ ਹੋਰ ਅਖਾਣ ਇਹ ਵੀ ਹੈ, ‘ਜਿਨ੍ਹਾਂ ਨੇ ਸੁੱਖਾਂ ਨੂੰ ਪਿੱਛੇ ਸੁੱਟਿਆ, ਉਨ੍ਹਾਂ ਨੂੰ ਦੁੱਖਾਂ ਨੇ ਆ ਕੇ ਲੁੱਟਿਆ।’
ਇਹ ਦੋ ਚੋਣਾਂ ਨੇ ਸਾਡੇ ਪੰਜਾਬ ਦੀਆਂ, ਜਿਨ੍ਹਾਂ ਦਾ ਮਤਲਬ ਬਹੁਤ ਡੂੰਘਾ ਤੇ ਲੰਮਾ-ਚੌੜਾ ਹੈ। ਇਸ ‘ਚ ਦੁੱਖ ਤੇ ਸੁੱਖ ਦੀ ਸਾਂਝ ਤੇ ਦੁੱਖ-ਸੁੱਖ ਦਾ ਵੇਰਵਾ ਬੜੇ ਸੋਹਣੇ ਤੇ ਅਨੋਖੇ ਤਰੀਕੇ ਨਾਲਕੀਤਾ ਗਿਆ ਹੈ। ਦੁੱਖ ਤੇ ਸੁੱਖ ਦੀ ਇਕੋ ਦੁਨੀਆ ਹੈ। ਇਹ ਦੋਵੇਂ ਨਾਲ-ਨਾਲ ਰਹਿੰਦੇ ਹਨ ਪਰ ਲੱਜਤਾਂ ਵੱਖੋ ਵੱਖ ਹਨ। ਪੰਜਾਬ ਦੀ ਧਰਤੀ ਸਦੀਆਂ ਤੋਂ ਦੁੱਖਾਂ ਨਾਲ ਲੜ ਰਹੀ ਹੈ। ਪੰਜਾਬ ਦੀ ਧਰਤੀ ਨੇ ਬੜੇ ਵੱਡੇ-ਵੱਡੇ ਦੁੱਖ ਦੇਖੇ ਪਰ ਹਿੰਮਤ ਨਹੀਂ ਹਾਰੀ। ਇੰਨੇ ਦੁੱਖ ਸਹਿ ਕੇ ਵੀ ਪੰਜਾਬ ਦੀ ਧਰਤੀ ਨੇ ਆਪਣੀ ਅਣਖ ਤੇ ਗ਼ੈਰਤ ਦਾ ਸੌਦਾ ਨਹੀਂ ਕੀਤਾ।
ਏਡੀ ਸਬਰ ਤੇ ਸ਼ੁਕਰ ਕਰਨ ਵਾਲੀ ਧਰਤੀ ਨੇ ਆਪਣੀ ਕੁੱਖ ‘ਚੋਂ ਗੁਰੂਆਂ, ਪੀਰਾਂ, ਭਗਤਾਂ ਤੇ ਸੂਫ਼ੀਆਂ ਨੂੰ ਜਨਮ ਦਿੱਤਾ। ਇਸੇ ਲਈ ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਭਗਤਾਂ ਤੇ ਸੂਫੀਆਂ ਦੀ ਧਰਤੀ ਆਖਦੇ ਹਨ। ਧਰਤੀ ਮਾਂ ਹੁੰਦੀ ਹੈ, ਜਦੋਂ ਮਾਂ ਦੁੱਖਾਂ ਨਾਲ ਲੜ ਰਹੀ ਹੋਵੇ ਤਾਂ ਔਲਾਦ ਕੋਲੋਂ ਨਹੀਂ ਵੇਖਿਆ ਜਾਂਦਾ। ਫਿਰ ਪੰਜਾਬ ਦੇ ਅਣਖੀ ਤੇ ਗ਼ੈਰਤਮੰਦ ਲੱਜਪਾਲ ਪੁੱਤਰ ਇਹ ਕਿਵੇਂ ਵੇਖ ਸਕਦੇ ਸਨ। ਉਨ੍ਹਾਂ ਆਪਣੀ ਮਾਂ ਤੋਂ ਜਾਨਾਂ ਵਾਰ ਦਿੱਤੀਆਂ ਤੇ ਸਦਾ ਲਈ ਇਤਿਹਾਸ ‘ਚ ਅਮਰ ਹੋ ਗਏ।
ਇਨ੍ਹਾਂ ਲੱਜਪਾਲ ਪੁੱਤਰਾਂ ‘ਚੋਂ ਇਕ ਨਾਂਅ ਹੈ, ਦੁੱਲਾ ਭੱਟੀ। ਦੁੱਲੇ ਭੱਟੀ ਦੀ ਧਰਤੀ ‘ਤੇ ਘਰ-ਬਾਰ ਦੇ ਵੇਰਵੇ ਸਾਂਝੇ ਕਰਨੇ ਬੜੇ ਜ਼ਰੂਰੀ ਹਨ। ਦੁੱਲੇ ਦਾ ਪਿੰਡ ਪਿੰਡੀ ਭੱਟੀਆਂ ਮੌਜੂਦਾ ਪਿੰਡੀ ਭੱਟੀਆਂ ਦੇ ਨਾਲ ਹੀ ਹੈ। ਪਿੰਡੀ ਭੱਟੀਆਂ ਜ਼ਿਲ੍ਹਾ ਹਾਫਿਜ਼ਾਬਾਦ, ਪੰਜਾਬ (ਪਾਕਿਸਤਾਨ) ਦਾ ਤਹਿਸੀਲ ਹੈੱਡ-ਕੁਆਟਰ ਹੈ। ਦੁੱਲੇ ਦੇ ਸਾਰੇ ਪਿੰਡ ਦੀ ਜੂਹ ‘ਚ ਇਕ ਗੱਲ ਬੜੀ ਮਸ਼ਹੂਰ ਸੀ ਬਲਕਿ ਮੇਰੀ ਵੇਖੀ ਪਰਖੀ ਹੋਈ ਵੀ ਹੈ ਕਿ ਇਸ ਧਰਤੀ ਦੇ ਜਿਹੜੇ ਭੱਟੀ ਰਾਜਪੂਤ ਸਨ, ਉਹ ਕੱਦ-ਕਾਠ ਦੇ ਲੰਮੇ, ਖ਼ੂਬਸੂਰਤ ਲੰਮੀਆਂ ਅੱਖਾਂ, ਲੰਮੀਆਂ ਧੌਣਾਂ, ਉੱਚੇ ਨੱਕ ਤੇ ਖ਼ੂਬਸੂਰਤ ਜੁੱਸਿਆਂ ਦੇ ਮਾਲਕ ਸਨ। ਇਹ ਜਰਖੇਜ਼ ਧਰਤੀ ਬੜੀ ਭਾਗਾਂ ਵਾਲੀ ਹੈ। ਇਸ ਧਰਤੀ ਬਾਰੇ ਮੈ ਇਕ ਗੱਲ ਦੱਸਣੀ ਹੋਰ ਜ਼ਰੂਰੀ ਸਮਝਦਾ ਹਾਂ ਕਿ ਇਸ ਖਿੱਤੇ ‘ਚ ਜੰਗਲੀ ਖ਼ਰਗੋਸ਼, ਜਿਸ ਨੂੰ ਅਸੀਂ ਪੰਜਾਬੀ ‘ਚ ਸਹਿਆ ਵੀ ਆਖਦੇ ਹਾਂ, ਬਹੁਤ ਜ਼ਿਆਦਾ ਪਾਏ ਜਾਂਦੇ ਸਨ। ਇਹ ਖ਼ਰਗੋਸ਼ ਇੰਨੇ ਫੁਰਤੀਲੇ, ਤਾਕਤਵਰ ਤੇ ਤੇਜ਼ ਦੌੜਾਕ ਸਨ ਕਿ ਜੇ ਸੌ ਕੁੱਤਾ ਇਕ ਖ਼ਰਗੋਸ਼ ਮਗਰ ਛੱਡਿਆ ਜਾਂਦਾ ਤਾਂ ਇਕ-ਅੱਧਾ ਕੁੱਤਾ ਹੀ ਉਸ ਨੂੰ ਫੜਨ ‘ਚ ਕਾਮਯਾਬ ਹੁੰਦਾ, ਬਾਕੀ ਦੇ ਸਾਰੇ ਫਾਰਗ ਹੋ ਜਾਂਦੇ ਸਨ। ਇੱਥੇ ਇਹ ਗੱਲ ਕਰਨ ਦਾ ਮਤਲਬ ਇਹ ਹੈ ਕਿ ਜੇ ਇਸ ਧਰਤੀ ਦੇ ਜੰਗਲੀ ਜਾਨਵਰਾਂ ਤੇ ਇੱਥੋਂ ਦੀਆਂ ਫਸਲਾਂ ‘ਚ ਇਨੀ ਤਾਕਤ ਹੈ ਤਾਂ ਇੱਥੋਂ ਦੇ ਵਸਨੀਕ ਕਿੰਨੇ ਕੁ ਤਾਕਤਵਰ ਤੇ ਦਲੇਰ ਹੋਣਗੇ।
ਪੰਜਾਬ ਦੀ ਗ਼ੈਰਤ ਦੀ ਨਿਸ਼ਾਨੀ
ਪੰਜਾਬ ਦੀਆਂ ਲੋਕ-ਗਥਾਵਾਂ ‘ਚ ਇਸ਼ਕ-ਮੁਹੱਬਤ ਦਾ ਜ਼ਿਕਰ ਬਹੁਤ ਜ਼ਿਆਦਾ ਹੈ ਪਰ ਦੁੱਲੇ ਭੱਟੀ ਦੀ ਕਹਾਣੀ ‘ਚ ਦੁੱਲੇ ਦਾ ਸੋਹਣਾ, ਸਾਫ ਤੇ ਅਣਖੀ ਕਿਰਦਾਰ ਉੱਭਰ ਕੇ ਸਾਹਮਣੇ ਆਉਂਦਾ ਹੈ। ਸੱਚੇ ਤੇ ਸੁੱਚੇ ਕਿਰਦਾਰ ਦੇ ਨਾਲ-ਨਾਲ ਉਸ ਦੀ ਸ਼ਖਸੀਅਤ ਵਿਚਲੇ ਬਹਾਦਰੀ, ਦਲੇਰੀ ਤੇ ਮਰਦਾਨਗੀ ਦੇ ਗੁਣਾਂ ਕਾਰਨ ਦੁੱਲਾ ਪੰਜਾਬੀਆਂ ਦਾ ਇਕ ਗ਼ੈਰਤਮੰਦ ਨਾਇਕ ਸਾਬਿਤ ਹੁੰਦਾ ਹੈ। ਦੁੱਲੇ ਭੱਟੀ ਦੀ ਕਹਾਣੀ ਨੂੰ ਪੰਜਾਬ ਦੀਆਂ ਦੂਸਰੀਆਂ ਕਹਾਣੀਆਂ ਨਾਲੋਂ ਵੱਖਰਾ ਤੇ ਉੱਚਾ ਮੁਕਾਮ ਮਿਲਿਆ ਹੈ। ਉਹ ਪੰਜਾਬੀ ਨਫਸਿਆਤ ਨੂੰ ਬੜੇ ਵਧੀਆ ਤਰੀਕੇ ਨਾਲ ਸਮਝਦਾ ਸੀ, ਇਕ ਇਹੋ ਜਿਹਾ ਗੱਭਰੂ ਜਿਹੜਾ ਮੌਤ ਤੋਂ ਨਹੀਂ ਡਰਦਾ ਸੀ ਬਲਕਿ ਜ਼ਾਲਮਾਂ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਪੰਜਾਬੀਆਂ ਦਾ ਮਾਣ ਵਧਾਉਂਦਾ ਸੀ।
ਦੁੱਲੇ ਭੱਟੀ ਦਾ ਜੰਮ-ਪਲ
ਦੁੱਲਾ ਭੱਟੀ 1557 ਈ: ਨੂੰ ਪੰਜਾਬ ਦੇ ਮੁਸਲਮਾਨ ਰਾਜਪੂਤ ਘਰਾਣੇ ‘ਚ ਪਿੰਡੀ ਭੱਟੀਆਂ, ਜ਼ਿਲ੍ਹਾ ਹਾਫਿਜ਼ਾਬਾਦ ‘ਚ ਪੈਦਾ ਹੋਇਆ। ਉਸ ਸਮੇਂ ਦੁੱਲੇ ਭੱਟੀ ਦੇ ਬਾਪ ਨੂੰ ਪੂਰੇ ਹੋਇਆਂ ਚਾਰ ਮਹੀਨੇ ਹੋ ਗਏ ਸਨ। ਦੁੱਲੇ ਭੱਟੀ ਦਾ ਅਸਲ ਨਾਂਅ ਅਬਦੁੱਲਾ ਭੱਟੀ ਸੀ। ਸਾਡੇ ਸਾਂਦਲ ਬਾਰ ਦੇ ਵਸੇਬ ‘ਚ ਕੁਝ ਲਾਡ-ਪਿਆਰ ਚੋਖਾ ਹੈ ਤਾਂ ਹੀ ਲੋਕੀਂ ਆਪਣੇ ਬਾਲਾਂ ਦੇ ਨਾਂਅ ਕੁਝ ਵਿਗਾੜ ਕੇ ਲੈਂਦੇ ਹਨ। ਅਬਦੁੱਲਾ ਭੱਟੀ ਨੂੰ ਲਾਡ-ਪਿਆਰ ਨਾਲ ਦੁੱਲਾ ਭੱਟੀ ਦੇ ਨਾਂਅ ਨਾਲ ਬੁਲਾਇਆ ਜਾਂਦਾ ਸੀ ਤੇ ਅੱਜ ਵੀ ਆਧੁਨਿਕ ਕੰਪਿਊਟਰ ਦੇ ਜ਼ਮਾਨੇ ‘ਚ ਵੀ ਲੋਕੀਂ ਦੁੱਲਾ ਭੱਟੀ ਹੀ ਆਖਦੇ ਹਨ। ਸਾਡੇ ਪੰਜਾਬ ‘ਚ ਜਦ ਵੀ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਸਭ ਤੋਂ ਪਹਿਲਾ ਕੰਮ ਉਸ ਨੂੰ ਗੁੜ੍ਹਤੀ ਦੇਣਾ ਹੁੰਦਾ ਹੈ। ਗੁੜ੍ਹਤੀ ਸ਼ਹਿਦ ਜਾਂ ਗੁੜ ਨਾਲ ਦਿੱਤੀ ਜਾਂਦੀ ਹੈ ਪਰ ਦੁੱਲੇ ਦੀ ਗੁੜਤੀ ਦਾ ਢੰਗ ਕੁਝ ਵੱਖਰਾ ਸੀ। ਦੁੱਲੇ ਦੀ ਮਾਂ ਲੱਧੀ ਨੇ ਆਪਣੇ ਪੁੱਤਰ ਦੀ ਸ਼ਕਲ ਤੇ ਹੱਡ-ਪੈਰ ਵੇਖ ਕੇ ਪਾਨ ਚੜ੍ਹੀ ਤਲਵਾਰ ਨੂੰ ਪਾਣੀ ਨਾਲ ਧੋ ਕੇ ਦੁੱਲੇ ਨੂੰ ਗੁੜ੍ਹਤੀ ਦਿੱਤੀ ਸੀ। ਪੰਜਾਬ ਦੀ ਇਕ ਕਹਾਵਤ ਹੈ, ‘ਜੰਮਦੀਆਂ ਸੂਲ਼ਾਂ ਦੇ ਮੂੰਹ ਤਿੱਖੇ।’ ਦੁੱਲਾ ਮੁਗ਼ਲਾਂ ਲਈ ਤਾਂ ਸੂਲ਼ ਸੀ ਪਰ ਪੰਜਾਬੀਆਂ ਲਈ ਇੱਜ਼ਤ ਤੇ ਗ਼ੈਰਤ ਦਾ ਰਖਵਾਲਾ ਸਾਬਿਤ ਹੋਇਆ। ਦੁੱਲੇ ਦੇ ਪਿਉ ਦਾ ਨਾਂਅ ਫਰੀਦ ਖਾਂ ਭੱਟੀ ਸੀ। ਉਸ ਦਾ ਕੱਦ ਸਾਢੇ ਛੇ ਫੁੱਟ ਸੀ। ਦੁੱਲੇ ਦੇ ਦਾਦੇ ਦਾ ਨਾਂਅ ਬਿਜਲੀ ਖਾਂ ਉਰਫ ਸਾਂਦਲ ਸੀ ਤੇ ਉਸ ਦਾ ਕੱਦ ਵੀ ਲਗਭਗ ਸਾਡੇ ਛੇ ਫੁੱਟ ਹੀ ਸੀ। ਦੁੱਲਾ ਭੱਟੀ ਵੀ ਬਹੁਤ ਖੂਬਸੂਰਤ ਤੇ ਜਵਾਨ ਸੀ। ਉਹ ਸਿਰ ਤੇ ਪੱਗੜੀ, ਗਲ ਖੁੱਲ੍ਹਾ ਕੁੜਤਾ ਤੇ ਤੇੜ ਲੂੰਗੀ ਬੰਨ੍ਹਦਾ ਸੀ। ਦੁੱਲੇ ਬਾਰੇ ਇਕ ਗੱਲ ਬੜੀ ਮਸ਼ਹੂਰ ਹੈ ਕਿ ਪਿੰਡੀ ਭੱਟੀਆਂ ਦੇ ਇਲਾਕੇ ਨੇ ਉਸ ਤੋਂ ਬਾਅਦ ਇਹੋ ਜਿਹਾ ਸੋਹਣਾ ਤੇ ਜਵਾਨ ਬੰਦਾ ਨਹੀਂ ਵੇਖਿਆ। ਦੁੱਲੇ ਦੇ ਯਾਰ-ਬੇਲੀ ਜਿਨ੍ਹਾਂ ਨਾਲ ਉਸ ਦਾ ਉੱਠਣਾ-ਬੈਠਣਾ ਸੀ, ਉਨ੍ਹਾਂ ‘ਚ ਮੇਹਰੂ ਪੋਸਤੀ, ਪਿਰਥਾ ਜੱਟ, ਦਾਦੂ ਖਾਂ ਡੋਗਰ, ਜਮਾਲ ਖਾਂ, ਕਮਾਲ ਖਾਂ, ਸਰਮਚੂ, ਕਲਾਬਰਵਾਲਾ, ਤੁੱਲਾ ਮਰਾਸੀ, ਦਉਲਾ ਕੌਲਾ ਤੇ ਖਬਾਨਾਂ ਵਜ਼ੀਰ ਸਨ। ਇਨ੍ਹਾਂ ਦੀ ਅਕਸਰ ਬੈਠਕ ਹੁੰਦੀ ਰਹਿੰਦੀ ਸੀ। ਇਨ੍ਹਾਂ ਦੀਆਂ ਗੱਲਾਂ ‘ਚ ਜ਼ਿਆਦਾ ਚਰਚਾ ਲੜਾਈ ਤੇ ਜੰਗੀ ਚਾਲਾਂ ‘ਤੇ ਹੀ ਹੁੰਦੀ ਸੀ। ਦੁੱਲੇ ਦਾ ਭਤੀਜਾ ਮਸਤੀ ਖਾਂ ਵੀ ਬੜਾ ਜੰਗਜੂ ਸੀ। ਉਹ ਦਲੇਰੀ ਤੇ ਮਰਦਾਨਗੀ ‘ਚ ਆਪਣੀ ਮਿਸਾਲ ਆਪ ਸੀ। ਦੁੱਲੇ ਦੀ ਬੱਕੀ , ਜਿਸ ‘ਤੇ ਉਹ ਸਵਾਰੀ ਕਰਦਾ ਸੀ, ਬਾਰੇ ਵੀ ਬੜੀਆਂ ਗੱਲਾਂ ਮਸ਼ਹੂਰ ਸਨ।

Posted in: ਸਾਹਿਤ