Breaking News
Home / ਪੰਜਾਬ / ਪੰਜਾਬ ਦਾ ਬੇਸ਼ਕੀਮਤੀ ਜੰਗਲ ਉਜਾੜਨ ਲਈ ਸਰਕਾਰੀ ਫੁਰਮਾਨ ਜਾਰੀ ਹੋਏ

ਪੰਜਾਬ ਦਾ ਬੇਸ਼ਕੀਮਤੀ ਜੰਗਲ ਉਜਾੜਨ ਲਈ ਸਰਕਾਰੀ ਫੁਰਮਾਨ ਜਾਰੀ ਹੋਏ

ਪਹਿਲਾਂ ਹੀ ਵਾਤਾਵਰਨ ਪੱਖੋਂ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿਚ ਸਰਕਾਰ ਨੇ ਹੋਰ ਉਜਾੜੇ ਦਾ ਮੁੱਢ ਬੰਨਦਿਆਂ 4 ਹਜ਼ਾਰ ਏਕੜ ‘ਚ ਫੈਲੇ ਹੋਏ ਮੱਤੇਵਾੜਾ ਜੰਗਲ ਨੂੰ ਉਜਾੜ ਕੇ ਇੱਥੇ ਫੈਕਟਰੀਆਂ ਲਾਉਣ ਦਾ ਫੈਂਸਲਾ ਕੀਤਾ ਹੈ। ਪਿਛਲੇ ਦਿਨੀਂ ਪੰਜਾਬ ਕੈਬਨਿਟ ਦੀ ਬੈਠਕ ਵਿਚ ਫੈਂਸਲਾ ਕੀਤਾ ਗਿਆ ਹੈ ਕਿ ਲੁਧਿਆਣਾ ਨੇੜੇ ਮੱਤੇਵਾੜਾ ਜੰਗਲ ਵਿਚ ਅਤੇ ਰਾਜਪੁਰਾ ਨੇੜੇ ਘੁੱਗ ਵਸਦੇ ਪਿੰਡਾਂ ਦੀਆਂ ਚਲਦੀਆਂ ਜ਼ਮੀਨਾਂ ਵਿਚ ਫੈਕਟਰੀਆਂ ਲਾਉਣ ਲਾਈਆਂ ਜਾਣਗੀਆਂ।

ਦੱਸ ਦਈਏ ਕਿ ਪਿਛਲੇ ਵਰ੍ਹੇ ਦਸੰਬਰ ਮਹੀਨੇ ਹੀ ਸਰਕਾਰ ਨੇ ਇਸ ਉਜਾੜੇ ਦਾ ਮੁੱਢ ਬੰਨ੍ਹ ਲਿਆ ਸੀ ਜਦੋਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ‘ਤੇ ਉਦਯੋਗ ਸਥਾਪਿਤ ਕਰਨ ਲਈ ਰਸਤਾ ਸਾਫ ਕਰਦਿਆਂ ‘ਦਿ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਰੂਲਜ਼, 1964 ਕਾਨੂੰਨ ‘ਚ ਸੋਧਾਂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਸੀ।ਇਸ ਨਾਲ ਸਰਕਾਰ ਹੁਣ ਪਿੰਡਾਂ ਦੀ ਇਸ ਸਾਂਝੀ ਜ਼ਮੀਨ ਨੂੰ ਅਤੇ ਜੰਗਲਾਤ ਦੀ ਜ਼ਮੀਨ ਨੂੰ ਵੱਡੇ ਕਾਰੋਬਾਰੀਆਂ ਨੂੰ ਵੇਚਣ ਜਾ ਰਹੀ ਹੈ।

ਮੱਤੇਵਾੜਾ ਜੰਗਲ ਖਤਮ ਕਰਨਾ ਕਤਲੋਗਾਰਤ ਬਰਾਬਰ
ਮੱਤੇਵਾੜਾ ਜੰਗਲ 4 ਹਜ਼ਾਰ ਏਕੜ ਰਕਬੇ ਵਿਚ ਫੈਲਿਆ ਹੋਇਆ ਹੈ ਅਤੇ ਇਹ ਜੰਗਲ ਸੈਂਕੜੇ ਜੀਵ ਪਰਜਾਤੀਆਂ ਨੂੰ ਸਾਂਭੀ ਬੈਠਾ ਹੈ। ਜੰਗਲ ਵਿਚ ਹਿਰਨ, ਮੋਰ, ਚਿੜੀਆਂ, ਤੋਤੇ, ਹੋਰ ਕਈ ਪੰਛੀ ਰਹਿ ਰਹੇ ਹਨ ਅਤੇ ਜੰਗੀ ਬੈਟੀਆਂ ਤੇ ਦਰਖਤ ਕਈ ਦਹਾਕਿਆਂ, ਸਦੀਆਂ ਤੋਂ ਅਡੋਲ ਖੜ੍ਹੇ ਹਨ।

ਪ੍ਰਦੂਸ਼ਣ ਖਿਲਾਫ ਅਹਿਮੀਅਤ
ਮੱਤੇਵਾੜਾ ਜੰਗਲ ਲੁਧਿਆਣਾ ਦੀ ਸਨਅਤ ਨਾਲ ਫੈਲਦੇ ਬਹੁਤੇ ਪ੍ਰਦੂਸ਼ਣ ਨੂੰ ਸਾਫ ਕਰਨ ਦਾ ਕੰਮ ਵੀ ਕਰ ਰਿਹਾ ਹੈ। ਜੇਕਰ ਮੱਤੇਵਾੜਾ ਦੇ ਜੰਗਲਾਂ ਨੂੰ ਉਜਾੜ ਕੇ ਹੋਰ ਫੈਕਟਰੀਆਂ ਲਾਈਆਂ ਜਾਣਗੀਆਂ ਤਾਂ ਲੁਧਿਆਣਾ ਜ਼ਿਲ੍ਹੇ ਅਤੇ ਹੋਰ ਗੁਆਂਢੀ ਜ਼ਿਲ੍ਹਿਆਂ ਦੇ ਲੋਕ ਸਾਹ, ਦਮਾ, ਚਮੜੀ ਰੋਗ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ।

ਰਾਜਪੁਰਾ ਨੇੜਲੇ ਪਿੰਡਾਂ ਵਿਚੋਂ ਜ਼ਿੰਦਗੀ ਉਜਾੜਾ ਸਕਦਾ ਹੈ ਸਰਕਾਰੀ ਫੁਰਮਾਨ
ਸਰਕਾਰ ਨੇ ਰਾਜਪੁਰਾ ਨੇੜੇ ਪੈਂਦਾ ਪੰਜ ਪਿੰਡਾਂ ਦੀ 1000 ਏਕੜ ਪੰਚਾਇਤ ਜ਼ਮੀਨ ‘ਤੇ ਫੈਕਟਰੀਆਂ ਉਸਾਰਨ ਦਾ ਫੈਂਸਲਾ ਕੀਤਾ ਹੈ ਜਿਸ ਲਈ ਪਿੰਡਾਂ ਸਿਹਰਾ (467 ਏਕੜ), ਸੇਹਰੀ (159 ਏਕੜ). ਆਕੜੀ (168 ਏਕੜ), ਪਾਬੜਾ (159 ਏਕੜ) ਅਤੇ ਤਖਤੂ ਮਾਜਰਾ (47 ਏਕੜ) ਦੀ ਜ਼ਮੀਨ ਨੂੰ ਚੁਣਿਆ ਗਿਆ ਹੈ। ਇਸ ਜ਼ਮੀਨ ‘ਤੇ ਇਹਨਾਂ ਪਿੰਡਾਂ ਦੇ ਕਿਸਾਨ ਖੇਤੀ ਕਰਦੇ ਹਨ ਤੇ ਪੂਰੀ ਫਸਲ ਨਿੱਕਲਦੀ ਹੈ। ਜਿੱਥੇ ਸਰਕਾਰ ਦੇ ਇਹ ਫੈਂਸਲਾ ਲੋਕਾਂ ਦੇ ਕਿਸਾਨੀ ਧੰਦੇ ਨੂੰ ਸੱਟ ਮਾਰੇਗਾ ਉੱਥੇ ਕਿਸਾਨਾਂ ਨੂੰ ਉਦਯੋਗਪਤੀਆਂ ਦੀ ਗੁਲਾਮੀ ਵਿਚ ਸੁੱਟਣ ਦਾ ਕੰਮ ਕਰੇਗਾ। ਇਸ ਜ਼ਮੀਨ ਦੇ ਖੁੱਸ ਜਾਣ ਦੀ ਵੱਡੀ ਸੱਟ ਗਰੀਬ ਕਿਸਾਨੀ ‘ਤੇ ਵੱਜ ਰਹੀ ਹੈ ਜੋ ਇਸ ਜ਼ਮੀਨ ‘ਤੇ ਖੇਤੀ ਕਰਦੇ ਹਨ। ਵਾਤਾਵਰਨ ਪੱਖੋਂ ਵੀ ਘੁੱਗ ਵਸਦੇ ਪਿੰਡਾਂ ਦੇ ਵਿਚਕਾਰ ਖੇਤੀ ਵਾਲੀ ਜ਼ਮੀਨ ‘ਤੇ ਫੈਕਟਰੀਆਂ ਲਾਉਣ ਨਾਲ ਜ਼ਿੰਦਗੀ ਖਤਰੇ ਵਿਚ ਪਾਈ ਜਾ ਰਹੀ ਹੈ।

ਜੰਗਲ ਨੂੰ ਅੱਗ ਲਾਉਣ ਦੀ ਤਿਆਰੀ !

ਪੰਜਾਬ ਦੇ ਦਰਿਆਵਾਂ ਦਾ ਮਾਈਨਿੰਗ ਮਾਫੀਏ ਕੋਲੋਂ ਬੇੜਾ ਗਰਕ ਕਰਾ ਕੇ ਹੁਣ ਬਚੇ ਖੁਚੇ ਜੰਗਲ ਦਾ ਨਾਸ ਮਾਰਨ ਦੀ ਤਿਆਰੀ ।
ਹਾਲੇ 6 ਕੁ ਮਹੀਨੇ ਪਹਿਲਾਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀ ਤੇ ਸੰਤਰੀ ਲੋਕਾਂ ਨੂੰ 550 ਸਾਲ ਪ੍ਰਕਾਸ਼ ਪੁਰਬ ਦੇ ਮੌਕੇ ਲੋਕਾਂ ਨੂੰ ਵਾਤਾਵਰਨ ਸੰਭਾਲਣ ਦੀਆਂ ਨਸੀਹਤਾਂ ਦਿੰਦੇ ਨਹੀਂ ਸਨ ਥੱਕਦੇ।
ਇਹ ਹੁੰਦਾ ਕਥਨੀ ਤੇ ਕਰਨੀ ਦਾ ਫਰਕ।
ਪਤਾ ਨਹੀਂ ਲੁਧਿਆਣੇ ਵਾਲੇ ਕਿੰਨਾ ਕੁ ਬੋਲਣਗੇ । ਲੌਕਡਾਉਨ ਤੋਂ ਬਾਅਦ ਧੌਲਧਾਰ ਦੀਆਂ ਪਹਾੜੀਆਂ ਤੇ ਪੰਛੀਆਂ ਨੂੰ ਵੇਖ ਕੇ ਖੁਸ਼ ਹੋਣ ਦਾ ਦਮ ਭਰਨ ਵਾਲੀ ਸ਼ਹਿਰੀ ਜਮਾਤ ਹੁਣ ਕਿੰਨਾ ਕੁ ਕੁਸਕੇਗੀ , ਕੇ ਸਾਰਾ ਕੁਝ ਨੋਟਾਂ ਨਾਲ ਤੋਲੇਗੀ ?
ਇਹ ਤਾਂ ਪੱਕਾ ਹੈ ਕਿ ਉਹ ਤਾਂ ਇਸ ਤਬਾਹੀ ਦੇ ਹਿੱਸੇਦਾਰ ਬਣਨਗੇ ਜਿੰਨ੍ਹਾ ਪਹਿਲਾਂ ਬੁੱਢੇ ਦਰਿਆ ਤੇ ਸਤਲੁਜ ਨੂੰ ਮਰਨ ਕੰਢੇ ਪਹੁੰਚਾਇਆ।
ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ‘ਚ ਤੇ ਹੋਰ ਨੀਮ ਪਹਾੜੀ ਖੇਤਰ ਚੋਂ ਪੱਥਰ ਕੱਢਣ ਦੇ ਨਾਂ ਤੇ ਕੁਦਰਤ ਦੇ ਕੀਤੇ ਉਜਾੜੇ ਨੇ ਪਹਿਲਾਂ ਹੀ ਬਥੇਰਾ ਨੁਕਸਾਨ ਕੀਤਾ ਹੈ।
ਫਰਕ ਇਹ ਹੈ ਕਿ ਇਹ ਜੰਗਲ ਦਾ ਇਹ ਉਜਾੜਾ ਵਿਕਾਸ ਦੇ ਨਾਂ ਤੇ ਹੋਏਗਾ, ਓਹੀ ਵਿਕਾਸ ਜਿਸਨੇ ਪਿਛਲੇ 25 ਕੁ ਸਾਲ ‘ਚ ਪੰਜਾਬ ਨੂੰ Ecological Disaster ਦੇ ਕੰਢੇ ਤੇ ਲਿਆ ਖੜਾ ਕੀਤਾ ਹੈ।
ਕਰੋਨਾ ਮਹਾਂਮਾਰੀ ਤੋਂ ਵੀ ਕੁਝ ਨਹੀਂ ਸਿੱਖਿਆ।

IP Singh

ਛੇ ਸਾਲ ਪਹਿਲਾਂ ਸਰਕਾਰ ਨੇ ਮੱਤੇਵਾੜਾ ਜੰਗਲ ਨੂੰ ਕੀਤਾ ਸੀ ਕੁਦਰਤ ਮੌਲਣ ਲਈ ਰਾਖਵਾਂ, ਹੁਣ ਲੱਗਣਗੀਆਂ ਫੈਕਟਰੀਆਂ।

ਸੰਨ 2014 ਵਿੱਚ ਪੰਜਾਬ ਸਰਕਾਰ ਨੇ ਮੱਤੇਵਾੜਾ ਦੇ ਜੰਗਲਾਂ ਨੂੰ ਕੁਦਰਤ ਲਈ ਰਾਖਵੇਂ (ਰਿਜ਼ਰਵ) ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਸੀ ਤਾਂ ਕਿ ਲੁਧਿਆਣੇ ਦੇ ਆਸ ਪਾਸ ਕੁਦਰਤੀ ਸਰੋਤਾਂ ਦੀ ਸੰਭਾਲ ਕੀਤੀ ਜਾ ਸਕੇ ਅਤੇ ਸਨਅਤੀ ਸ਼ਹਿਰ ਨੂੰ ਹਰੇ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਸਕੇ।

੬ ਸਾਲਾਂ ਵਿਚ ਉਸ ਯੋਜਨਾ ਦਾ ਕੀ ਬਣਿਆ ਰੱਬ ਜਾਣੇ ਪਰ ਉਦੋਂ ਸਰਕਾਰੀ ਐਲਾਨ ਵਿਚ ਮੱਤੇਵਾੜਾ ਵਾਈਲਡ ਲਾਈਫ ਨੇਚਰ ਰਿਜ਼ਰਵ ਪ੍ਰਾਜੈਕਟ ਦਾ ਉਦੇਸ਼ ਲੋਕਾਂ ਵਿੱਚ ਵਾਤਾਵਰਣ ਦੀ ਸੰਭਾਲ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਕਰਨੀ ਸੀ।


ਮੱਤੇਵਾੜਾ ਦਾ ਜੰਗਲ ਸਤਲੁਜ ਦੇ ਕੰਢੇ ਤੇ ਫੈਲਿਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੀਆਂ ਐਸੀਆਂ ਨਸਲਾਂ ਦੇ ਜੀਅ ਵੱਸਦੇ ਹਨ ਜੋ ਪੰਜਾਬ ਵਿੱਚੋਂ ਲੱਗ-ਭੱਗ ਅਲੋਪ ਚੁੱਕੇ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਸੀ ਕਿ ਇੱਥੇ ਪੰਜ ਸੌ ਦੇ ਕਰੀਬ ਹਿਰਨ ਰਹਿੰਦੇ ਹਨ।

ਜੰਗਲ ਦੇ ਵਿੱਚੋਂ ਦੀ ਲਗਭਗ 8 ਕਿਲੋਮੀਟਰ ਲੰਬਾ ਰਸਤਾ ਹੈ। ਇਸ ਜੰਗਲ ਵਿੱਚ ਬਹੁਤ ਸਾਰੇ ਰੁੱਖ ਅਤੇ ਜੜੀ ਬੂਟੀਆਂ ਮੌਜੂਦ ਹਨ ਜੋ ਪੰਜਾਬ ਦੇ ਵਾਹੀ ਯੋਗ ਇਲਾਕਿਆਂ ਵਿੱਚ ਨਹੀਂ ਮਿਲਦੀਆਂ।

ਜੇ ਪੰਜਾਬ ਦੇ ਲੋਕ ਮੱਤੇਵਾੜਾ ਗੁਆ ਕੇ ਇੱਥੇ ਫੈਕਟਰੀਆਂ ਲਾ ਦਿੰਦੇ ਹਨ ਤਾਂ ਇਹ ਆਪਣੇ ਹੱਥੀਂ ਆਪਣੀ ਮੌਤ ਦਾ ਸੌਦਾ ਹੋਵੇਗਾ।

#ਮੱਤੇਵਾੜਾ_ਬਚਾਉ_ਪੰਜਾਬ_ਬਚਾਉ

Check Also

ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ ‘ਤੇ ਮਿਲੇ ਡਾਲਰਾਂ ਦਾ ਲਿਫਾਫਾ ਵਾਪਿਸ ਕੀਤਾ

ਅਮੀਰੀ: ਮੋੜ ਦਿੱਤਾ ਧਨ ਬੇਗਾਨਾ ਨਿਊਜ਼ੀਲੈਂਡ ਪੜ੍ਹਨ ਆਈਆਂ ਦੋ ਕੁੜੀਆਂ ਨੇ ਸੜਕ ‘ਤੇ ਮਿਲੇ ਡਾਲਰਾਂ …

%d bloggers like this: