Breaking News
Home / ਪੰਥਕ ਖਬਰਾਂ / ਕਤਲ ਹੋਣ ਤੋਂ ਪਹਿਲਾਂ ਹੀ ‘ਕਾਤਲ’ ਨੂੰ ਫੜ੍ਹ ਲੈਣ ਵਾਲਾ UAPA

ਕਤਲ ਹੋਣ ਤੋਂ ਪਹਿਲਾਂ ਹੀ ‘ਕਾਤਲ’ ਨੂੰ ਫੜ੍ਹ ਲੈਣ ਵਾਲਾ UAPA

2002 ਵਿੱਚ ਸਾਇੰਸ ਫਿਕਸ਼ਨ ਫਿਲਮ ਆਈ ਸੀ ‘Minority Report’

ਉਸ ਫਿਲਮ ਵਿੱਚ ਰਚਿਆ ਗਿਆ ਸੀ ਕਿ ਪੁਲਿਸ ਨੇ ਇਕ ਸਿਸਟਮ ਤਿਆਰ ਕੀਤਾ ਏ । ਇਹ ਸਿਸਟਮ ਪੁਲਿਸ ਨੂੰ ਕਿਸੇ ਦੇ ਕਤਲ ਕਰਨ ਤੋਂ ਪਹਿਲਾਂ ਹੀ ਦੱਸ ਦਿੰਦਾ ਕਿ ਫਲਾਣਾ ਬੰਦਾ ਫਲਾਣੇ ਦਿਨ ਕਤਲ ਕਰੂਗਾ। ਇਸ ਤਰ੍ਹਾਂ ਪੁਲਿਸ ਕਤਲ ਹੋਣ ਤੋਂ ਪਹਿਲਾਂ ਹੀ ‘ਕਾਤਲ’ ਨੂੰ ਫੜ੍ਹ ਲੈਂਦੀ ਸੀ ਅਤੇ ਕਤਲ ਹੋਣ ਤੋਂ ਰੋਕ ਲੈਂਦੀ ਸੀ‌।

ਭਾਰਤ ਵਿੱਚ ਪੁਲਿਸ ਕੋਲ ਇਹ ਸਾਇੰਸ ਫਿਕਸ਼ਨ ਸਿਸਟਮ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਹੈ। ਇਸ ਸਿਸਟਮ ਦਾ ਨਾਮ ਹੈ UAPA ।

ਪੁਲਿਸ ਦੇ ਮੁਖ਼ਬਰ ਭਾਵੇਂ ਹਾਲੇ ਇਹ ਸੂਹ ਨਹੀਂ ਕੱਢ ਸਕੇ ਕਿ ਪੰਜਾਬ ਵਿੱਚ ਨਸ਼ਾ ਆਉਂਦਾ ਕਿਧਰੋਂ ਏ ਅਤੇ ਜਾਂਦਾ ਕਿਧਰ ਏ ? ਪਰ ਅਜਿਹੇ ਮੁਖ਼ਬਰ ਪੁਲਿਸ ਨੂੰ ਆ ਕੇ ਦੱਸਦੇ ਨੇ ਕਿ ਫਲਾਣਾ ਬੰਦਾ ਜਾਂ ਬੰਦੇ ਫਲਾਣੇ ਫਲਾਣੇ ਬੰਦੇ ਨੂੰ ਮਾਰਨ ਜਾ ਰਹੇ ਨੇ ਜਾਂ ਫਲਾਣੇ ਸ਼ਹਿਰ ‘ਚ ਬੰਬ ਧਮਾਕਾ ਕਰਨ ਦੀ ਸਕੀਮ ਬਣਾ ਰਹੇ ਨੇ।

ਮੁਖ਼ਬਰਾਂ ਦੀ ਸੂਹ ‘ਤੇ ਪੁਲਿਸ ਜਾਂਦੀ ਐ ਅਤੇ ਬੰਦਿਆਂ ਨੂੰ ਫੜ੍ਹ ਲੈਂਦੀ ਐ। ਤਰੱਕੀਆਂ ਅਤੇ ਮੈਡਲਾਂ ਦਾ ਇੰਤਜ਼ਾਮ ਹੋ ਜਾਂਦਾ ਏ।

ਹੁਣ ਜੇ UAPA ਵਰਗਾ ਸਖ਼ਤ ਕਾਨੂੰਨ ਨਾ ਹੋਵੇ ਤਾਂ ਮੁਖ਼ਬਰਾਂ ਦੀ ਸੂਹ ‘ਤੇ ਫੜੇ ਗਏ ਬੰਦੇ ਤਿੰਨ ਤੋਂ ਛੇ ਮਹੀਨਿਆਂ ਤੱਕ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਕੇ ਆਪਣਾ ਕੇਸ ਲੜ ਲੈਣ। ਜੇ ਕਸੂਰ ਹੋਵੇ ਤਾਂ ਸਜ਼ਾ ਮਿਲਜੇ ਜੇ ਨਾ ਹੋਵੇ ਤਾਂ ਛੁੱਟ ਜਾਣ।

ਪਰ ਪੁਲਿਸ UAPA ਲਾ ਦਿੰਦੀ ਐ ਤੇ ਘੋੜੇ ਵੇਚ ਕੇ ਸੌਂ ਜਾਂਦੀ ਆ। ਕਿਉਂਕਿ UAPA ‘ਚ ਛੇਤੀ ਛੇਤੀ ਜ਼ਮਾਨਤ ਨਹੀਂ ਹੁੰਦੀ। ਜਦੋਂ ਤੱਕ ਬੰਦਾ ਜ਼ਮਾਨਤ ਦੇ ਨੇੜੇ ਪਹੁੰਚਦਾ ਤਾਂ ਪੁਲਿਸ ਧਾਰਾ ਦਾ ਵਾਧਾ ਕਰ ਦਿੰਦੀ ਹੈ ਅਤੇ ਜੱਜ ਹਿਰਾਸਤ ਵਿੱਚ ਵਾਧਾ ਕਰ ਦਿੰਦਾ।

ਪੁਲਿਸ ਨੂੰ UAPA ਦਾ ਐਨਾ ਆਸਰਾ ਹੈ ਕਿ ਕੁੱਝ ਕੇਸਾਂ ਵਿੱਚ ਤਾਂ ਪੁਲਿਸ ਫੜੇ ਗਏ ਬੰਦਿਆਂ ਤੋਂ ਕੋਈ ਹਥਿਆਰ ਜਾਂ ਬੰਬ ਬਰਾਮਦਗੀ ਵੀ ਨਹੀਂ ਦਿਖਾਉਂਦੀ।

ਜੇ ਬਰਾਮਦਗੀ ਦਿਖਾਉਣੀ ਵੀ ਪੈ ਜਾਵੇ ਤਾਂ ਕਿਤਾਬਾਂ ਦੀ ਬਰਾਮਦਗੀ ਵੀ ਦਿਖਾਈ ਜਾ ਸਕਦੀ ਏ। ਨਵਾਂ ਸ਼ਹਿਰ ਵਿੱਚ ਤਾਂ ਕਿਤਾਬਾਂ ਦੀ ਬਰਾਮਦਗੀ ਦੇ ਅਧਾਰ ‘ਤੇ ਸਜ਼ਾ ਵੀ ਹੋ ਚੁੱਕੀ ਐ।

ਵਕੀਲ ਜਸਪਾਲ ਸਿੰਘ ਮੰਝਪੁਰ ਵੀ UAPA ਵਿੱਚ ਡੇਢ ਸਾਲ ਦੀ ਜੇਲ ਕੱਟ ਚੁੱਕੇ ਹਨ। ਉਨ੍ਹਾਂ ਨੇ ਪਿਛਲੇ 13 ਸਾਲਾਂ ਵਿੱਚ UAPA ਹੇਠ ਦਰਜ ਕੀਤੇ 64 ਮੁਕਦਮਿਆਂ ਨੂੰ ਵਾਚਿਆ ਏ। ਅਜਿਹੇ ਮੁਕਦਮਿਆਂ ਵਿੱਚ 235 ਮੁਲਜ਼ਮ ਨਾਮਜ਼ਦ ਕੀਤੇ ਗਏ। ਉਨ੍ਹਾਂ ਵਿਚੋਂ 162 ਬਰੀ ਹੋ ਗਏ। ਸਿਰਫ 3 ਨੂੰ ਹੇਠਲੀ ਅਦਾਲਤ ਤੋਂ ਸਜ਼ਾ ਹੋਈ ਅਤੇ ਉਨ੍ਹਾਂ ਵਿਚੋਂ ਦੋ ਨੂੰ ਉਤਲੀ ਅਦਾਲਤ ਨੇ ਬਰੀ ਕਰਤਾ। ਬਾਕੀ ਰਹਿੰਦੇ ਇਕ ਦੀ ਅਪੀਲ ਲੱਗੀ ਹੋਈ ਐ। ਬਾਕੀਆਂ ਦੇ ਕੇਸ ਚੱਲ ਰਹੇ ਨੇ।

ਪਰ ਬਰੀ ਹੋਣ ਤੋਂ ਪਹਿਲਾਂ ਇਕ ਤੋਂ ਸੱਤ ਸਾਲ ਜੇਲ੍ਹ ਵਿੱਚ ਲੱਗ ਸਕਦੇ ਨੇ।

ਰੂਫਲ ਬਟਾਲੇ ਦਾ ਇਹ ਕ੍ਰਿਸ਼ਚਨ ਮੁੰਡਾ ਏ।‌ ਪਿਛਲੇ ਦੋ ਸਾਲ ਤੋਂ ਜੇਲ ਵਿੱਚ ਏ। ਦੋਸ਼ ਏ ਕਿ ਉਸਦੇ ਸਿੱਖ ਫਾਰ ਜਸਟਿਸ ਨਾਲ ਅਸਿੱਧੇ ਸਬੰਧ ਸਨ। ਸੰਨ 2018 ਵਿੱਚ ਜਦੋਂ ਰੂਫਲ ਫੜਿਆ ਗਿਆ ਸੀ ਉਦੋਂ ਸਿੱਖ ਫਾਰ ਜਸਟਿਸ ਭਾਰਤ ਵਿੱਚ ਬੈਨ ਵੀ ਨਹੀਂ ਸੀ। ਦੋ ਸਾਲ ਬਾਅਦ ਪੁਲਿਸ ਹਾਲੇ ਇਹ ਨਹੀਂ ਦੱਸ ਸਕੀ ਕਿ ਉਸ ਕ੍ਰਿਸਚਨ ਮੁੰਡੇ ਦਾ ਸਿੱਖ ਫਾਰ ਜਸਟਿਸ ਨਾਲ ਕੀ ਸਬੰਧ ਏ। ਉਂਝ ਤਾਂ ਬਾਹਰ ਆਕੇ ਵੀ ਆਵਦਾ ਕੇਸ ਲੜ੍ਹ ਸਕਦਾ ਸੀ। ਪਰ UAPA ਲੱਗਿਆ ਹੋਇਆ ਅਤੇ ਜ਼ਮਾਨਤ ਉਡੀਕ ਰਿਹਾ। ਮਤਲਬ ਪੁਲਿਸ ਨੂੰ ਇਹ ਨਹੀਂ ਪਤਾ ਕਿ ਰੂਫਲ ਨੇ ਜ਼ੁਲਮ ਕੀ ਕੀਤਾ ਪਰ ਜੇਲ੍ਹ ਵਿੱਚ ਹੈ ਕਿਉਂਕਿ UAPA ਲੱਗਿਆ ਹੋਇਆ।

Minority Report ਫਿਲਮ ਵਿੱਚ ਵੀ ਰਚੇ ਗਏ ਸਿਸਟਮ ‘ਤੇ ਸਵਾਲ ਚੁੱਕੇ ਗਏ ਨੇ। ਪਰ ਉਹ ਫਿਲਮ ਸੀ। ਫਿਲਮ ‘ਚ ਰਚੇ ਗਏ ਸਿਸਟਮ ‘ਤੇ ਫਿਲਮ ‘ਚ ਸਵਾਲ ਚੁੱਕੇ ਗਏ ਨੇ। ਅਸਲੀ ਜ਼ਿੰਦਗੀ ਵਿੱਚ UAPA ‘ਤੇ ਸਵਾਲ ਚੁੱਕਣ ‘ਤੇ ਵੀ UAPA ਲੱਗ ਸਕਦਾ।

ਪੱਤਰਕਾਰ #ਕਮਲਦੀਪਸਿੰਘਬਰਾੜ ਦੀ “ਇੰਡੀਅਨ ਐਕਸਪ੍ਰੈਸ” ਵਿੱਚ ਛਪੀ ਰਿਪੋਰਟ: https://indianexpress.com/article/cities/ludhiana/lawyer-once-booked-under-uapa-now-defends-other-such-accused-6494189/

Check Also

ਕੀ ਸਿੱਖ ਲਵ-ਕੁਸ਼ ਦੀ ਔਲਾਦ ਹਨ?

-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ) ਬੀਤੇ ਕੱਲ੍ਹ ਅਯੁੱਧਿਆ ‘ਚ ਰਾਮ ਮੰਦਰ ਦੇ ਭੂਮੀ ਪੂਜਨ ਵਿਚ ਸ਼ਾਮਲ …

%d bloggers like this: