Breaking News
Home / ਸਾਹਿਤ / ਅੰਮਿ੍ਤਸਰ ‘ਚੋਂ ਹੋ ਕੇ ਲੰਘਦੀ ਸੀ ਲੰਡਨ ਤੋਂ ਕੋਲਕਾਤਾ ਜਾਣ ਵਾਲੀ ਬੱਸ

ਅੰਮਿ੍ਤਸਰ ‘ਚੋਂ ਹੋ ਕੇ ਲੰਘਦੀ ਸੀ ਲੰਡਨ ਤੋਂ ਕੋਲਕਾਤਾ ਜਾਣ ਵਾਲੀ ਬੱਸ

ਸੁਰਿੰਦਰ ਕੋਛੜ
Ajit Jalandhar

ਲਗਾਤਾਰ ਤਿੰਨ ਦਹਾਕਿਆਂ ਤੱਕ ਵਿਸ਼ਵ ਦੀ ਸਭ ਤੋਂ ਲੰਮੀ ਯਾਤਰਾ ਕਰਵਾਉਣ ਵਾਲੀ ਬੱਸ ਅੰਮਿ੍ਤਸਰ ‘ਚੋਂ ਹੋ ਕੇ ਲੰਘਦੀ ਸੀ | ਲੰਡਨ ਤੋਂ ਕੋਲਕਾਤਾ ਤੱਕ ਲਗਪਗ 7900 ਕਿੱਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਸ ਬੱਸ ‘ਚ ਅੰਮਿ੍ਤਸਰ ਸਮੇਤ ਰਸਤੇ ‘ਚ ਆਉਂਦੇ ਸ਼ਹਿਰਾਂ ਦੇ ਲੋਕਾਂ ਨੂੰ ਸਫ਼ਰ ਕਰਨ ਦਾ ਮੌਕਾ ਤਾਂ ਭਾਵੇਂ ਨਸੀਬ ਨਹੀਂ ਹੋ ਸਕਿਆ ਪਰ ਉਸ ਵੇਲੇ ਦੇ ਕਈ ਲੋਕਾਂ ਨੂੰ ਇਸ ਬੱਸ ਦੀ ਬਨਾਵਟ ਅਤੇ ਇਸ ਦੇ ਸਫ਼ਰ ਖ਼ਰਚ ਬਾਰੇ ਮੁਕੰਮਲ ਜਾਣਕਾਰੀ ਹੈ | ਦੱਸਿਆ ਜਾ ਰਿਹਾ ਹੈ ਕਿ ਆਮ ਬੱਸਾਂ ਵਾਂਗੂ ਵਿਖਾਈ ਦੇਣ ਵਾਲੀ ‘ਲੰਡਨ-ਕਲਕੱਤਾ-ਲੰਡਨ’ ਬੱਸ ਦੀ ਸ਼ੁਰੂਆਤ 15 ਅਪ੍ਰੈਲ, 1957 ਨੂੰ ਹੋਈ | ਇਹ ਬੱਸ ਵਿਕਟੋਰੀਆ ਕੋਚ ਸਟੇਸ਼ਨ ਲੰਡਨ ਤੋਂ ਚੱਲ ਕੇ ਬੈਲਜੀਅਮ, ਪੱਛਮੀ ਜਰਮਨੀ, ਆਸਟਰੀਆ, ਯੁਗੋਸਲਾਵੀਆ, ਬੁਲਗਾਰੀਆ, ਤੁਰਕੀ, ਈਰਾਨ, ਹੈਰਾਤ, ਕੰਧਾਰ, ਕਾਬਲ, ਪਿਸ਼ਾਵਰ, ਰਾਵਲਪਿੰਡੀ, ਲਾਹੌਰ, ਵਾਹਗਾ, ਅੰਮਿ੍ਤਸਰ, ਨਵੀਂ ਦਿੱਲੀ, ਆਗਰਾ, ਇਲਾਹਾਬਾਦ, ਬਨਾਰਸ ਤੋਂ ਹੁੰਦੀ ਹੋਈ ਕੋਲਕਾਤਾ ਪਹੁੰਚਦੀ ਸੀ |

ਸ਼ੁਰੂਆਤ ‘ਚ ਇਸ ਦਾ ਕਿਰਾਇਆ 85 ਪੌਾਡ ਸੀ | ਕੁਝ ਵਰਿ੍ਹਆਂ ਬਾਅਦ ਇਸ ਬੱਸ ਦੀ ਹਾਲਤ ਖਸਤਾ ਹੋ ਜਾਣ ‘ਤੇ ਸਿਡਨੀ ਦੀ ਅਲਬਰਟ ਟੂਰ ਅਤੇ ਟਰੈਵਲਜ਼ ਕੰਪਨੀ ਨੇ ਇਸ ਨੂੰ ਖ਼ਰੀਦ ਲਿਆ | ਉਸ ਨੇ ‘ਲੰਡਨ-ਕਲਕੱਤਾ-ਲੰਡਨ’ ਬੱਸ ਨੂੰ ਡਬਲ ਡੈਕਰ ਬੱਸ ਦਾ ਰੂਪ ਦੇ ਕੇ ਇਸ ਦਾ ਨਾਂਅ ‘ਅਲਬਰਟ’ ਰੱਖ ਦਿੱਤਾ ਅਤੇ ਨਾਲ ਹੀ ਇਸ ਦਾ ਕਿਰਾਇਆ ਵਧਾ ਕੇ 145 ਪੌਾਡ ਕਰ ਦਿੱਤਾ ਗਿਆ | ਇਹ ਬੱਸ ਸੇਵਾ ਲਗਪਗ ਸੰਨ 1973 ਤੱਕ ਜਾਰੀ ਰਹੀ ਅਤੇ ਉਸ ਵੇਲੇ ਇਸ ਦਾ ਕਿਰਾਇਆ 305 ਪੌਾਡ ਸੀ | ਬੱਸ ਦੇ ਕਿਰਾਏ ‘ਚ ਖਾਣਾ, ਸਨੈਕਸ ਅਤੇ ਰਹਿਣ ਦੀ ਸਹੂਲਤ ਵੀ ਸ਼ਾਮਿਲ ਸੀ ਅਤੇ ਟਿਕਟ ‘ਤੇ ਕਿਰਾਏ ਦੇ ਨਾਲ-ਨਾਲ ਸਫ਼ਰ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਰਸਤੇ ‘ਚ ਆਉਣ ਵਾਲੇ ਮੁੱਖ ਸ਼ਹਿਰਾਂ ਦਾ ਵੀ ਵੇਰਵਾ ਦਰਜ ਸੀ | ਬੱਸ ਦੀ ਟਿਕਟ ‘ਚ ਇਹ ਵੀ ਲਿਖਿਆ ਗਿਆ ਸੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਯਾਤਰੂਆਂ ਨੂੰ ਪਾਕਿਸਤਾਨ ਉਪਰੋਂ ਹਵਾਈ ਜਹਾਜ਼ ਰਾਹੀਂ ਲਿਜਾਇਆ ਜਾਵੇਗਾ |


ਦੱਸਿਆ ਜਾਂਦਾ ਹੈ ਕਿ ਲੰਡਨ ਤੋਂ ਕੋਲਕਾਤਾ ਵਿਚਾਲੇ ਚੱਲਣ ਵਾਲੀ ਇਸ ਯਾਤਰਾ ਦੀ ਯੋਜਨਾ ਇਸ ਤਰੀਕੇ ਨਾਲ ਬਣਾਈ ਗਈ ਸੀ ਕਿ ਇਸ ‘ਚ 45 ਦਿਨ ਲੱਗਦੇ ਸਨ ਅਤੇ ਅਲਬਰਟ ਟੂਰ ਅਤੇ ਟ੍ਰੈਵਲਜ਼ ਕੰਪਨੀ ਵਲੋਂ ਇਸ ਯਾਤਰਾ ਨੂੰ ਆਰਾਮਦਾਇਕ ਅਤੇ ਯਾਦਗਾਰੀ ਬਣਾਉਣ ਹਿਤ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਸਨ | ਸਫ਼ਰ ਦੌਰਾਨ ਰਸਤੇ ‘ਚ ਬੱਸ ਕੰਪਨੀ ਵਲੋਂ ਯਾਤਰੂਆਂ ਨੂੰ ਹੋਟਲ ‘ਚ ਠਹਿਰਾਇਆ ਜਾਂਦਾ ਸੀ ਅਤੇ ਯਾਤਰੂਆਂ ਨੂੰ ਰਸਤੇ ‘ਚ ਆਉਂਦੇ ਸਮਾਰਕਾਂ ਦੀ ਸੈਰ ਵੀ ਕਰਵਾਈ ਜਾਂਦੀ ਸੀ | ਹੋਰਨਾਂ ਸਹੂਲਤਾਂ ਦੇ ਇਲਾਵਾ ਬੱਸ ‘ਚ ਰੇਡੀਓ ਸੁਣਨ, ਪੱਖਾ/ਹੀਟਰ, ਸੈਲੂਨ, ਕਿਤਾਬਾਂ ਪੜ੍ਹਨ ਦੀ ਜਗ੍ਹਾ ਅਤੇ ਬਾਹਰ ਦਾ ਨਜ਼ਾਰਾ ਵੇਖਣ ਲਈ ਇਕ ਵਿਸ਼ੇਸ਼ ਬਾਲਕੋਨੀ ਵੀ ਸੀ ਅਤੇ ਬੱਸ ‘ਚ ਸਫ਼ਰ ਦੌਰਾਨ ਯਾਤਰੂਆਂ ਦੇ ਸੌਣ ਲਈ ਵੀ ਪ੍ਰਬੰਧ ਕੀਤੇ ਗਏ ਸਨ | ਇਸ ਡਬਲ-ਡੈਕਰ ਬੱਸ ਨੇ ਲੰਡਨ ਤੋਂ ਕੋਲਕਾਤਾ ਵਿਚਾਲੇ 15 ਯਾਤਰਾਵਾਂ ਕੀਤੀਆਂ | ਲਗਾਤਾਰ ਕਈ ਵਰਿ੍ਹਆਂ ਤੱਕ ਸੇਵਾਵਾਂ ਦੇਣ ਤੋਂ ਬਾਅਦ ਇਹ ਬੱਸ ਇਕ ਬਿ੍ਟਿਸ਼ ਯਾਤਰੀ ਐਾਡੀ ਸਟੀਵਰਟ ਨੇ ਖ਼ਰੀਦ ਕੇ ਇਸ ਨੂੰ ਮੋਬਾਈਲ-ਘਰ ਦਾ ਨਾਂਅ ਦਿੱਤਾ ਅਤੇ ਇਸ ਨੂੰ ਭਾਰਤ ਦੇ ਰਸਤੇ ਸਿਡਨੀ ਤੋਂ ਲੰਡਨ ਲਈ ਨਵੇਂ ਰੂਟ ‘ਤੇ ਸ਼ੁਰੂ ਕੀਤਾ ਗਿਆ |

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: