Breaking News
Home / ਸਾਹਿਤ / ਜਦੋਂ ਖੁਸ਼ਵੰਤ ਸਿੰਘ ਨੂੰ ਭੇਜੇ ਗਏ ਗੁਪਤ ਅੰਗਾਂ ਦੇ ਵਾਲ: ਟਵਿੱਟਰ ਆਉਣ ਤੋਂ ਪਹਿਲਾਂ ਦੀ ਭਾਰਤੀ ਟਰੌਲਿੰਗ

ਜਦੋਂ ਖੁਸ਼ਵੰਤ ਸਿੰਘ ਨੂੰ ਭੇਜੇ ਗਏ ਗੁਪਤ ਅੰਗਾਂ ਦੇ ਵਾਲ: ਟਵਿੱਟਰ ਆਉਣ ਤੋਂ ਪਹਿਲਾਂ ਦੀ ਭਾਰਤੀ ਟਰੌਲਿੰਗ

8 ਜੂਨ 1984 ਖੁਸ਼ਵੰਤ ਸਿੰਘ ਨੇ ‘ਸਾਕਾ ਨੀਲਾ ਤਾਰਾ’ ਦੇ ਰੋਸ ਵੱਜੋਂ 10 ਸਾਲ ਪਹਿਲਾਂ ਮਿਲੇ ਹਿੰਦ ਸਰਕਾਰ ਦੇ ਵੱਡੇ ਵਕਾਰੀ ਸਨਮਾਨ “ਪਦਮ ਭੂਸ਼ਨ” ਨੂੰ ਵਾਪਸ ਕਰਦਿਆਂ ਸਰਕਾਰੀ ਕਾਰਵਾਈ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ।

ਇਸਦੇ ਪ੍ਰਤੀਕਰਮ ‘ਚ ਜੋ ਕੁਝ ਵਾਪਰਿਆ ਉਸ ਬਾਰੇ ਖ਼ੁਦ ਖੁਸ਼ਵੰਤ ਸਿੰਘ ਲਿਖਦਾ ਹੈ,

“ਅਗਲੀ ਸਵੇਰ ਮੇਰੇ ਵਿਰੁੱਧ ਤੂਫ਼ਾਨ ਉਠ ਖੜਾ ਹੋਇਆ। ਮੈਨੂੰ ਤਾਰਾਂ ਤੇ ਪੱਤਰਾਂ ਦਾ ਤਾਂਤਾ ਬੱਝ ਗਿਆ। ਇਹ ਸਭ ਤਾਰਾਂ ਭਾਰਤ ਦੇ ਵੱਖ ਵੱਖ ਭਾਗਾਂ ਵਿੱਚ ਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਸਨ ਜਿਨ੍ਹਾਂ ਵਿੱਚ ਮੇਰੇ ਇਸ ਕਰਮ (ਪਦਮ ਭੂਸ਼ਨ ਵਾਪਸ ਕਰਨ) ਨੂੰ ਸਲਾਹਿਆ ਗਿਆ ਸੀ। ਚਿੱਠੀਆਂ ਬਹੁਤੀਆਂ ਹਿੰਦੂਆਂ ਵੱਲੋਂ ਆਈਆਂ ਸਨ ਜਿਨ੍ਹਾਂ ਨੇ ਮੈਨੂੰ ਭਿੰਡਰਾਂਵਾਲੇ ਦਾ ਪ੍ਰਤੀਨਿਧੀ ਤੇ ਗ਼ਦਾਰ ਆਖਿਆ ਸੀ। ਡਾਕ ਵਿੱਚ ਮੈਨੂੰ ਅਜਿਹੇ ਲਿਫ਼ਾਫ਼ੇ ਵੀ ਮਿਲੇ ਜਿਨ੍ਹਾਂ ਵਿਚ ਕੁਥਾਂ(ਗੁਪਤ ਅੰਗਾਂ) ਦੇ ਵਾਲ ਸਨ- ਭਾਰਤ ਵਿੱਚ ਨਿਰਾਦਰੀ ਦੀ ਆਖਰੀ ਸ਼ਕਲ। ਟੈਲੀਫੋਨ ਤੇ ਗਾਲਾਂ ਦੀ ਬੁਛਾੜ ਹੁੰਦੀ ਰਹੀ। ਇਸ ਤਰ੍ਹਾਂ ਦੀ ਘਿਣਾਉਣੀ ਅਵਸਥਾ ਮਹੀਨਾ ਭਰ ਜਾਰੀ ਰਹੀ। ਇੱਕ ਵੀ ਸਿੱਖ ਨੇ ਆਪਣੇ ਪੱਤਰ ਵਿੱਚ ਇਹ ਨਹੀਂ ਲਿਖਿਆ ਕਿ ਮੈਂ ਗ਼ਲਤ ਗੱਲ ਕੀਤੀ ਹੈ।

ਮੈਨੂੰ ਹਿੰਦੂਆਂ ਵੱਲੋਂ ਭਰਿਆ ਗਿਆ ਹੁੰਗਾਰਾ ਵਧੇਰੇ ਨਿਰਾਸਤਾ ਭਰਿਆ ਲੱਗਿਆ, ਕਿਉਂ ਜੋ ਜਿੱਥੇ ਮੈਂ ਸਿੱਖਾਂ ਨੂੰ (ਤੇ ਮੁਸਲਮਾਨਾਂ ਨੂੰ) ਕੱਟੜਤਾ ਵੱਲ ਉਨਮੁਖ (ਉਲਾਰ) ਸਮਝਦਾ ਸਾਂ, ਉਥੇ ਹੀ ਹਿੰਦੂਆਂ ਨੂੰ ਧਰਮ ਦੇ ਮਾਮਲਿਆਂ ਵਿੱਚ ਵਧੇਰੇ ਵਿਸ਼ਾਲ ਚਿੱਤ, ਰਵਾਦਾਰ ਤੇ ਸਹਿਣਸ਼ੀਲ ਸਮਝਦਾ ਸਾਂ। ਇਹ ਮੇਰਾ ਇੱਕ ਭਰਮ ਸਿੱਧ ਹੋਇਆ। ਉਹਨਾਂ ਨੇ ਵੀ ਜਿਨ੍ਹਾਂ ਨੂੰ ਮੈਂ ਉਦਾਰਵਾਦੀ (ਲਿਬਰਲ) ਸਮਝਦਾ ਸਾਂ, ਮੈਨੂੰ ਸਿੱਖ ਫ਼ਿਰਕਾਪ੍ਰਸਤ ਆਖ ਕੇ ਭੰਡਿਆ ਤੇ ਇਸ ਤਰ੍ਹਾਂ ਖ਼ੁਦ ਆਪਣੇ ਸਿੱਖ ਵਿਰੋਧੀ ਤੁਅੱਸਬਾਂ ਨੂੰ ਨੰਗਾ ਕੀਤਾ। ਇਹਨਾਂ ਵਿੱਚ ਗਿਰੀ ਲਾਲ ਜੈਨ (ਐਡੀਟਰ ਦਿ ਟਾਈਮਜ਼ ਆਫ਼ ਇੰਡੀਆ), ਐਮ ਕੈ ਕਾਮਥ ਜਿਹੜਾ ਮੇਰੇ ਮਗਰੋਂ ਦਿ ਇਲਸਟਰੇਟਿਡ ਵੀਕਲੀ ਆਫ਼ ਇੰਡੀਆ ਦਾ ਐਡੀਟਰ ਬਣਿਆ, ਐਨ ਸੀ ਮੈਨਨ ਜਿਹੜਾ ਮੇਰੇ ਪਿੱਛੋਂ ਦਿ ਹਿੰਦੁਸਤਾਨ ਟਾਈਮਜ਼ ਦਾ ਐਡੀਟਰ ਬਣਿਆ, ਅਤੇ ਵਿਨੋਦ ਮਹਿਤਾ, ਬੰਬਈ ਦੇ ਸੰਡੇ ਆਬਜ਼ਰਵਰ ਦਾ ਐਡੀਟਰ, ਵਰਗੇ ਉੱਘੇ ਮਨੁੱਖ ਸ਼ਾਮਲ ਸਨ। ਇਹਨਾਂ ਨੇ ਮੇਰੇ ਖਿਲਾਫ਼ ਸੰਪਾਦਕੀ ਲਿਖੇ, ਮਹਿਤਾ ਨੇ ਇਥੋਂ ਤੱਕ ਲਿਖ ਦਿੱਤਾ ਕਿ ਮੈਂ ਸਿੱਖ ਤੇ ਇੰਡੀਅਨ ਦੋਵੇਂ ਨਹੀਂ ਹੋ ਸਕਦਾ। ਰੋਸ ਵਜੋਂ ਮੈਂ ਉਹਦੇ ਅਖ਼ਬਾਰ ਲਈ ਆਪਣਾ ਕਾਲਮ ਵਾਪਸ ਲੈ ਲਿਆ।

ਪਹਿਲੀ ਵਾਰ ਇਹਨਾਂ ਭੱਦਰਪੁਰਸ਼ਾਂ ਨੇ ਮੈਨੂੰ ਇਹ ਮਹਿਸੂਸ ਕਰਵਾਇਆ ਕਿ ਮੈਂ ਸੈਕੂਲਰ ਇੰਡੀਆ ਵਿੱਚ ਨਹੀਂ ਸਗੋਂ ਇੱਕ ਹਿੰਦੂ ਇੰਡੀਆ ਵਿੱਚ ਰਹਿ ਰਿਹਾ ਹਾਂ।”

– ਬਲਦੀਪ ਸਿੰਘ ਰਾਮੂੰਵਾਲੀਆ

Check Also

#ਜੂਨ_1984 ‘ਚ ਸ਼ਹੀਦ ਹੋਣ ਵਾਲੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦੀਆਂ ਵਡਿਆਈਆਂ।

ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਅੰਮ੍ਰਿਤ ਸਰੋਵਰ ਵਿੱਚ ਦਰਬਾਰ ਸਾਹਿਬ ਦੀ …

%d bloggers like this: