Breaking News
Home / ਸਾਹਿਤ / ਕੈਨੇਡਾ ਦੇ ਮੂਲ ਵਾਸੀਆਂ ਦਾ ਅਮੁੱਕ ਸੰਘਰਸ਼

ਕੈਨੇਡਾ ਦੇ ਮੂਲ ਵਾਸੀਆਂ ਦਾ ਅਮੁੱਕ ਸੰਘਰਸ਼

ਕੈਨੇਡਾ ਪੁੱਜੇ ਅਤੇ ਕੈਨੇਡਾ ‘ਚ ਦਿਲਚਸਪੀ ਰੱਖਦੇ ਪੰਜਾਬ ਰਹਿੰਦੇ ਬਹੁਤੇ ਪੰਜਾਬੀ ਕੈਨੇਡਾ ‘ਚ ਮੂਲ ਨਿਵਾਸੀਆਂ ਨਾਲ ਹੋਏ ਬੇਹੱਦ ਜ਼ੁਲਮਾਂ ਤੋਂ ਵਾਕਫ਼ ਨਹੀਂ।

ਧਰਤੀ ਦੇ ਇਨ੍ਹਾਂ ਅਸਲ ਮਾਲਕਾਂ ਨਾਲ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਨੇ ਬੀਤੇ ‘ਚ ਅਣਮਨੁੱਖੀ ਜ਼ੁਲਮ ਕੀਤੇ। ਇਨ੍ਹਾਂ ਦੀ ਬੋਲੀ ਤੇ ਸੱਭਿਆਚਾਰ ਹੀ ਖਤਮ ਨਹੀਂ ਕੀਤਾ ਬਲਕਿ ਇਨ੍ਹਾਂ ਦੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਦਾ ਕਤਲੇਆਮ ਕਰਕੇ ਨਵੀਂ ਨਸਲ ਨੂੰ ਨਸ਼ਿਆਂ ‘ਤੇ ਲਾ ਦਿੱਤਾ।

ਬੇਸ਼ੱਕ “ਸਚਾਈ ਅਤੇ ਪੁਨਰ ਵਸੇਬਾ ਕਮਿਸ਼ਨ” ਦੀਆਂ ਲੱਭਤਾਂ ਮਗਰੋਂ ਟਰੂਡੋ ਸਰਕਾਰ ਨੇ ਮਾਫ਼ੀ ਵੀ ਮੰਗੀ ਅਤੇ ਇਨ੍ਹਾਂ ਦੀ ਹਾਲਤ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਜੋ ਜ਼ੁਲਮ ਇਨ੍ਹਾਂ ਝੱਲਿਆ, ਉਸ ਅੱਗੇ ਇਹ ਨਾਕਾਫੀ ਹੈ।

ਜਦ ਅਸੀਂ ਇਸ ਵਕਤ ਪੰਜਾਬ ‘ਚ ਅਜਿਹੇ ਹੀ ਜ਼ੁਲਮ ਅਤੇ ਸਾਜ਼ਿਸ਼ਾਂ ਨਾਲ ਜੂਝ ਰਹੇ ਹਾਂ ਤਾਂ ਇਨ੍ਹਾਂ ਦੀ ਹੋਣੀ ਬਾਰੇ ਜਾਨਣਾ ਹੋਰ ਵੀ ਜ਼ਰੂਰੀ ਜੋ ਜਾਂਦਾ ਤਾਂ ਕਿ ਸਾਨੂੰ ਆਪਣੇ ‘ਤੇ ਹੋ ਰਹੇ ਅਣਦਿਸਦੇ ਹਮਲੇ ਦਿਸਣ ਲੱਗ ਪੈਣ, ਸਮਝ ਲੱਗ ਸਕੇ ਕਿ ਸਾਡੀ ਬੋਲੀ ਕਿਓਂ ਖਤਮ ਕੀਤੀ ਜਾ ਰਹੀ ਤੇ ਸਾਨੂੰ ਨਸ਼ਿਆਂ ‘ਤੇ ਕਿਓਂ ਲਾਇਆ ਜਾ ਰਿਹਾ।

ਇਸ ਤੋਂ ਪਹਿਲਾਂ ਕਿ ਸਾਡਾ ਪੰਜਾਬੀਆਂ ਦਾ ਹਾਲ ਵੀ ਕੈਨੇਡਾ ਦੇ ਮੂਲ ਵਾਸੀਆਂ ਵਾਲਾ ਹੋ ਜਾਵੇ, ਇਸ ਸ਼ੈਤਾਨੀ ਖੇਡ ਨੂੰ ਅਸੀਂ ਸਮਝ ਸਕੀਏ।

ਇਹ ਲੇਖ ਜ਼ਰੂਰ ਪੜ੍ਹੋ ਤਾਂ ਕਿ ਤੁਹਾਨੂੰ ਕੁਝ ਹੱਦ ਤੱਕ ਇਨ੍ਹਾਂ ਮੂਲ ਨਿਵਾਸੀਆਂ ਬਾਰੇ ਪਤਾ ਲੱਗ ਸਕੇ।

– ਗੁਰਪ੍ਰੀਤ ਸਿੰਘ ਸਹੋਤਾ

 

ਨਾਹਰ ਔਜਲਾ

ਛੋਟੇ ਹੁੰਦਿਆਂ ਇਕ ਕਹਾਵਤ ਸੁਣਦੇ ਹੁੰਦੇ ਸੀ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਇਹ ਗੱਲ ਮੈਨੂੰ ਕੈਨੇਡਾ ਦੇ ਮੂਲ ਵਾਸੀਆਂ ’ਤੇ ਵੀ ਪੂਰੀ ਢੁਕਦੀ ਜਾਪਦੀ ਹੈ, ਜਿਹੜੇ ਕਈ ਸਦੀਆਂ ਤੋਂ ਇਕ ਵੱਡੀ ਹਕੂਮਤ ਨਾਲ ਲੜਦੇ-ਮਰਦੇ ਆਪਣੀ ਹੋਂਦ ਨੂੰ ਬਚਾਉਣ ਲਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਟਰਾਂਸ ਮਾਊਂਟੇਨ ਪਾਈਪ ਲਾਈਨ ਨੂੰ ਕੱਢੇ ਜਾਣ ਤੋਂ ਰੋਕਣ ਲਈ ਉਨ੍ਹਾਂ ਨੇ ਆਪਣਾ ਸੰਘਰਸ਼ ਵਿੱਢਿਆ ਹੋਇਆ ਹੈ। ਸਰਕਾਰ ਨੇ ਕਈ ਵਾਰ ਨੇਟਿਵਾਂ ਨੂੰ ਗ੍ਰਿਫ਼ਤਾਰ ਕਰ ਕੇ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ। ਇਸ ਵਾਰ ‘ਵੈਟ ਸੋਹੈਟ-ਇਨ’ ਨੇਟਿਵਾਂ ਦੇ ਇਸ ਕਬੀਲੇ (ਬੈਂਡ) ਦੀ ਮੰਗ ਹੈ ਕਿ ਉਨ੍ਹਾਂ ਦੇ ਖੇਤਰ ਵਿਚ ਕੋਈ ਵੀ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਲਈ ਜਾਣੀ ਜ਼ਰੂਰੀ ਹੈ। ਨਮੂਲ ਵਾਸੀ ਲੀਡਰਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਇਕ ਵੱਖਰੇੇ ਦੇਸ਼ ਦੀ ਤਰ੍ਹਾਂ ਗੱਲਬਾਤ ਚਲਾ ਕੇ ਸਮਝੌਤਾ ਕੀਤਾ ਜਾਵੇ। ਇਸ ਖੇਤਰ ਬਾਰੇ ਮੂਲ ਵਾਸੀਆਂ ਨੇ ਕਦੀ ਵੀ ਕਰਾਊਨ ਜਾਂ ਕੈਨੇਡੀਅਨ ਸਰਕਾਰ ਨਾਲ ਕੋਈ ਸੰਧੀ ਨਹੀਂ ਕੀਤੀ ਅਤੇ ਨਾ ਹੀ ਕਦੇ ਇਸ ਖੇਤਰ ਲਈ ਸਰਕਾਰ ਅੱਗੇ ਆਤਮ ਸਮਰਪਣ ਕੀਤਾ ਸੀ।

ਇਤਿਹਾਸਕਾਰਾਂ ਮੁਤਾਬਕ ਪਹਿਲਾਂ ਇਹ ਮੂਲ ਵਾਸੀ ਸਾਈਬੇਰੀਆ ਦੇ ਰਸਤੇ ਤੋਂ ਹੁੰਦੇ ਹੋਏ ਅਲਾਸਕਾ ਰਾਹੀਂ ਇਸ ਧਰਤੀ ’ਤੇ ਪਹੁੰਚੇ ਸਨ। ਮੂਲ ਵਾਸੀ ਕਬੀਲਿਆਂ ਦੇ ਲੋਕਾਂ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ, ਜਿਵੇਂ ਐਬਉਰਿਜਨਲ, ਫਸਟ ਨੇਸ਼ਨਜ਼, ਇਨਡਿਜੀਨਸ, ਇੰਡੀਅਨਜ਼ ਅਤੇ ਪਹਿਲਾਂ ਪਹਿਲ ਐਸਕੀਮੋ ਵੀ ਕਿਹਾ ਜਾਂਦਾ ਸੀ। ਮੂਲ ਵਾਸੀਆਂ ਦੇ ਪੰਜ ਦੇ ਕਰੀਬ ਮੁੱਖ ਕਬੀਲੇ ਹਨ ਜਿਹੜੇ ਅੱਗੇ ਛੋਟੇ ਛੋਟੇ ਬੈਂਡਾਂ (ਗਰੁੱਪਾਂ) ’ਚ ਵੰਡੇ ਜਾਣ ਨਾਲ ਇਨ੍ਹਾਂ ਦੀ ਗਿਣਤੀ ਕੋਈ 600 ਦੇ ਕਰੀਬ ਹੈ। ਇਨ੍ਹਾਂ ਦੀਆਂ ਗਿਆਰਾਂ ਭਾਸ਼ਾਵਾਂ ਉਹ ਹਨ ਜੋ ਸਿਰਫ਼ ਬੋਲੀਆਂ ਜਾਂਦੀਆਂ ਹਨ ਅਤੇ 65 ਦੇ ਕਰੀਬ ਉਪ-ਬੋਲੀਆਂ ਹਨ, ਪਰ ਅੱਜਕੱਲ੍ਹ ਇਹ ਮੁੱਖ ਤੌਰ ’ਤੇ ਫਰੈਂਚ ਅਤੇ ਅੰਗਰੇਜ਼ੀ ਹੀ ਬੋਲਦੇ ਹਨ। ਕਈ ਬੋਲੀਆਂ ਨੂੰ ਲਿੱਪੀ ਨਾਲ ਜੋੜਨ ਦੇ ਉਪਰਾਲੇ ਵੀ ਹੋ ਰਹੇ ਹਨ। ਕੁਝ ਸੰਸਥਾਵਾਂ ਵੱਲੋਂ ਇਨ੍ਹਾਂ ਦੀਆਂ ਕਈ ਭਾਸ਼ਾਵਾਂ ਨੂੰ ਸਰਕਾਰੀ ਮਾਨਤਾ ਦਿਵਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ।

1492 ’ਚ ਕੋਲੰਬਸ ਅਮਰੀਕਾ ਦੀ ਧਰਤੀ ’ਤੇ ਪਹੁੰਚਿਆ ਤੇ ਯੂਰੋਪੀਅਨਾਂ ਲਈ ਇਕ ਨਵਾਂ ਰਸਤਾ ਖੁੱਲ੍ਹ ਗਿਆ। ਸਦੀ ਦੇ ਅੰਤ ’ਤੇ ਕੁਝ ਫਰੈਂਚ ਮਿਸ਼ਨਰੀ ਆਪਣੇ ਮਿਸ਼ਨ ਲਈ ਕੈਨੇਡਾ ਦੀ ਧਰਤੀ ’ਤੇ ਵੀ ਪਹੁੰਚ ਗਏ। ਭੋਲੇ ਭਾਲੇ ਮੂਲ ਵਾਸੀਆਂ ਲਈ ਇਹ ਬਰਬਾਦੀ ਦੀ ਸ਼ੁਰੂਆਤ ਸੀ। ਯੂਰੋਪੀਅਨਾਂ ਨੇ ਆਪਣੇ ਆਖਰੀ ਪੜਾਅ ਦਾ ਆਰੰਭ ਲੋਕਾਂ ਨੂੰ ਕਾਰੋਬਾਰੀ ਧੰਦਿਆਂ ’ਚ ਪਾਉਣ ਨਾਲ ਕੀਤਾ। ਉਨ੍ਹਾਂ ਨੇ ਮੂਲ ਵਾਸੀਆਂ ਵੱਲੋਂ ਵਰਤੀ ਜਾਂਦੀ ਫਰ ਖ਼ਰੀਦਣੀ ਅਤੇ ਮੂਲ ਵਾਸੀਆਂ ਨੂੰ ਲੋਹਾ ਢਾਲ ਕੇ ਬਣਾਏ ਤਿੱਖੇ ਔਜ਼ਾਰ ਵੇਚਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਲੋਹੇ ਦੇ ਔਜ਼ਾਰਾਂ ਨਾਲ ਮੂਲ ਵਾਸੀਆਂ ਨੂੰ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ ਸੌਖਾ ਲੱਗਿਆ। ਸਮਾਂ ਪਾ ਕੇ ਯੂਰੋਪੀਅਨਾਂ ਨੇ ਆਪਣੇ ਬਿਜ਼ਨਸ ਇੱਥੇ ਹੀ ਲਾਉਣੇ ਸ਼ੁਰੂ ਕਰ ਦਿੱਤੇ। ਲੇਬਰ ਲੱਭਣ ਲਈ ਉਨ੍ਹਾਂ ਨੇ ਹਰ ਮੱਕਾਰੀ ਭਰਿਆ ਕੰਮ ਕੀਤਾ। ਫਰੈਂਚ ਲੋਕਾਂ ਨੇ ਮੂਲ ਵਾਸੀਆਂ ਲੋਕਾਂ ਦੀਆਂ ਔਰਤਾਂ ਨੂੰ ਭਰਮਾ ਕੇ, ਲਾਲਚ ਦੇ ਕੇ, ਝੂਠ ਫਰੇਬ ਜਾਂ ਜ਼ਬਰਦਸਤੀ ਉਨ੍ਹਾਂ ਨਾਲ ਵਿਆਹ ਕਰਵਾ ਲੈਣਾ, ਲੇਬਰ ਦਾ ਕੰਮ ਵੀ ਲੈਣਾ ਤੇ ਫੇਰ ਬੱਚੇ ਪੈਦਾ ਹੋਣ ’ਤੇ ਉਨ੍ਹਾਂ ਨੂੰ ਛੱਡ ਕੇ ਤੁਰ ਜਾਣਾ। ਇਨ੍ਹਾਂ ਹੀ ਪਰਿਵਾਰਾਂ ਨੂੰ ਅੱਗੇ ਜਾ ਕੇ ਮੇਟੀ ਕਮਿਊਨਿਟੀ ਦਾ ਨਾਂ ਦਿੱਤਾ ਗਿਆ। ਲੱਖਾਂ ਦੀ ਗਿਣਤੀ ’ਚ ਮੇਟੀ ਲੋਕ ਹੁਣ ਫਰੈਂਚ, ਅੰਗਰੇਜ਼ੀ ਤੇ ਥੋੜ੍ਹੀ ਬਹੁਤੀ ਆਪਣੇ ਬੈਂਡ ਦੀ ਭਾਸ਼ਾ ‘ਮੀਚਿਫ’ ਬੋਲਦੇ ਹਨ।

ਆਪਣੇ ਬਿਜ਼ਨਸ ਸੈੱਟ ਹੋ ਜਾਣ ਤੋਂ ਬਾਅਦ ਯੂਰੋਪੀਅਨਾਂ ਨੇ ਮੂਲ ਵਾਸੀਆਂ ਦੀ ਫਰ ਖ਼ਰੀਦਣੀ ਬੰਦ ਕਰ ਦਿੱਤੀ। ਨੇਟਿਵਾਂ ’ਚ ਬੇਰੁਜ਼ਗਾਰੀ ਵਧ ਗਈ। ਫਿਰ ਲੋਕਾਂ ਤੋਂ ਜ਼ਮੀਨਾਂ ਖੋਹਣ ਲਈ ਉਨ੍ਹਾਂ ਨਾਲ ਬੇ-ਮੇਚੇ ਸਮਝੌਤੇ ਕਰਨ ਲੱਗ ਪਏ। ਕਹਿਣ ਕਹਾਉਣ ’ਚ ਤਾਂ ਇਹ ਹੀ ਹੁੰਦਾ ਕਿ ਤੁਸੀਂ ਆਪਣੇ ਕਾਨੂੰਨ ਅਨੁਸਾਰ ਕੰਮ ਚਲਾਓ ਤੇ ਅਸੀਂ ਆਪਣੇ ਖੇਤਰ ’ਚ ਆਪਣੇ ਕਾਨੂੰਨ ਮੁਤਾਬਕ, ਪਰ ਹੁੰਦਾ ਸਭ ਧੱਕਾ ਹੀ ਸੀ।

ਕੈਨੇਡਾ ਦੀ ਧਰਤੀ ’ਤੇ ਮੂਲ ਵਾਸੀਆਂ ਦਾ ਮੁੱਖ ਕਿੱਤਾ ਮੱਛੀਆਂ ਫੜਨਾ ਸੀ। ਮੂਲ ਵਾਸੀਆਂ ਦੀ ਆਤਮ ਨਿਰਭਰਤਾ ਤੋੜਨ ਲਈ ਇਹ ਕੰਮ ਵੀ ਯੂਰੋਪੀਅਨ ਲੋਕ ਵੱਡੀਆਂ ਬੋਟਾਂ ਨਾਲ ਕਰਨ ਲੱਗ ਪਏ। ਮੂਲ ਵਾਸੀਆਂ ਦੇ ਮੱਛੀਆਂ ਫੜਨ ਵਾਲੇ ਖੇਤਰ ਸੀਮਿਤ ਕਰ ਦਿੱਤੇ ਗਏ। ਉਨ੍ਹਾਂ ਨੂੰ ਆਪਣੇ ਗੁਜ਼ਾਰੇ ਜੋਗੀਆਂ ਮੱਛੀਆਂ ਫੜਨ ਦੀ ਇਜਾਜ਼ਤ ਹੀ ਦਿੱਤੀ ਗਈ। ਕਾਨੂੰਨ ਤੋੜਨ ਦੇ ਬਹਾਨੇ ਹੇਠ ਨਮੂਲ ਵਾਸੀਆਂ ਨੂੰ ਜੇਲ੍ਹਾਂ ’ਚ ਸੁੱਟਿਆ ਜਾਂਦਾ।

ਬੇਰੁਜ਼ਗਾਰੀ ਨੇ ਮੂਲ ਵਾਸੀਆਂ ਦਾ ਲੱਕ ਤੋੜ ਦਿੱਤਾ। ਇਸ ਔਖੇ ਸਮੇਂ ’ਤੇ ਲੋਕਾਂ ਨੂੰ ਨਸ਼ੇ ਉਪਲੱਬਧ ਕਰਾਉਣੇ ਸ਼ੁਰੂ ਕਰ ਦਿੱਤੇ। ਲੋਕਾਂ ਦੇ ਤਣਾਅ ’ਚ ਆਉਣ ਕਾਰਨ ਉਨ੍ਹਾਂ ਦੇ ਘਰਾਂ ’ਚ ਹਿੰਸਾ ਵਧ ਗਈ। ਔਰਤਾਂ ਨਾਲ ਕੁੱਟਮਾਰ ਦੀਆਂ ਵਾਰਦਾਤਾਂ ਆਮ ਹੋਣ ਲੱਗ ਪਈਆਂ। ਬੱਚੇ ਅਣਗੌਲੇ ਹੋ ਗਏ।

ਹੁਣ ਮੂਲ ਵਾਸੀਆਂ ਦਾ ਮਾਣ-ਸਨਮਾਨ, ਸੱਭਿਆਚਾਰ ਅਤੇ ਬੋਲੀ ਖ਼ਤਮ ਕਰ ਕੇ ਉਨ੍ਹਾਂ ਦਾ ਨਸਲਘਾਤ ਕਰਨ ਲਈ ਸਰਕਾਰੀ ਕਾਨੂੰਨ ਪਾਸ ਕਰ ਕੇ ਆਖਰੀ ਹੱਲਾ ਬੋਲ ਦਿੱਤਾ। ਮਿਸ਼ਨਰੀਆਂ ਦੀ ਮਦਦ ਨਾਲ ਵੱਡੇ ਕਸਬਿਆਂ ’ਚ 130 ਦੇ ਕਰੀਬ ਰੈਜੀਡੈਂਸੀਅਲ ਬੋਰਡਿੰਗ ਸਕੂਲ ਖੋਲ੍ਹ ਦਿੱਤੇ ਗਏ। ਸੁਹਿਰਦ ਲੋਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਗਰੁੱਪਾਂ ਵੱਲੋਂ ਦੁਨੀਆਂ ਭਰ ’ਚ ਇਸ ਧੱਕੇ ਖਿਲਾਫ਼ ਹਾਹਾਕਾਰ ਮਚਾਉਣ ਤੇ ਫਿਰ ਸਰਕਾਰ ਨੇ 1969 ਤੋਂ 1990 ਦੇ ਦਹਾਕੇ ਤਕ ਜਾ ਕੇ ਇਹ ਸਾਰੇ ਰੈਜੀਡੈਂਸੀਅਲ ਸਕੂਲ ਬੰਦ ਕਰ ਦਿੱਤੇ। ਤਕਰੀਬਨ ਡੇਢ ਲੱਖ ਬੱਚਿਆਂ ਨੂੰ ਇਨ੍ਹਾਂ ਸਕੂਲਾਂ ’ਚ ਫ਼ੌਜੀ ਅਨੁਸ਼ਾਸਨ ਅਧੀਨ ਕੈਦੀਆਂ ਦੀ ਤਰ੍ਹਾਂ ਰੱਖਿਆ ਗਿਆ।

ਇਨ੍ਹਾਂ ਬੱਚਿਆਂ ਨੂੰ ਸਰੀਰਿਕ, ਮਾਨਸਿਕ ਤਸੀਹਿਆਂ ਦੇ ਨਾਲ ਨਾਲ ਘਟੀਆ ਖਾਣਾ ਦੇ ਕੇ ਦਿਮਾਗ਼ੀ ਤੌਰ ’ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਉਨ੍ਹਾਂ ਦੀ ਆਪਣੀ ਬੋਲੀ ਬੋਲਣ ’ਤੇ ਸਰੀਰਿਕ ਤਸੀਹੇ ਦਿੱਤੇ ਜਾਂਦੇ। ਅਣਗਿਣਤ ਬੱਚਿਆਂ ਨੇ ਇਨ੍ਹਾਂ ਤਸੀਹਿਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਰੈਜੀਡੈਂਸੀਅਲ ਸਕੂਲਾਂ ’ਚ ਪੜ੍ਹਦੇ ਬੱਚੇ ਆਪਣੇ ਘਰਾਂ ਤੋਂ ਸੈਂਕੜੇ ਮੀਲ ਦੂਰ ਹੋਣ ਕਰ ਕੇ ਦਹਾਕਿਆਂ ਬੱਧੀ ਆਪਣੇ ਮਾਪਿਆਂ ਨੂੰ ਮਿਲਣ ਤੋਂ ਵਾਂਝੇ ਰਹਿੰਦੇ ਰਹੇ। ਸਰਕਾਰ ਦਾ ਕਹਿਣਾ ਸੀ ਕਿ ਅਸੀਂ ਇਨ੍ਹਾਂ ਬੱਚਿਆਂ ਨੂੰ ਜਾਂਗਲੀਪੁਣੇ ’ਚੋਂ ਕੱਢ ਕੇ ਸਹੀ ਸੱਭਿਅਕ ਅਤੇ ਚੰਗੇ ਕੈਨੇਡੀਅਨ ਸ਼ਹਿਰੀ ਬਣਾ ਰਹੇ ਹਾਂ, ਪਰ ਅਸਲ ਯੋਜਨਾ ਤਾਂ ਉਨ੍ਹਾਂ ਦਾ ਸਭ ਕੁਝ ਖ਼ਤਮ ਕਰ ਕੇ ਉਨ੍ਹਾਂ ਨੂੰ ਯੂਰੋਪੀਅਨ ਕਲਚਰ ’ਚ ਮਿਕਸ ਕਰਨਾ ਸੀ। ਯੂਰੋਪੀਅਨਾਂ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਦੀ ਅਾਬਾਦੀ 11 ਮਿਲੀਅਨ ਦੇ ਕਰੀਬ ਸੀ, ਜਿਹੜੀ ਹੁਣ ਘਟ ਕੇ 1.4 ਮਿਲੀਅਨ ਦੇ ਕਰੀਬ ਹੀ ਰਹਿ ਗਈ ਹੈ।

ਕੈਨੇਡਾ ਸਰਕਾਰ ਨੇ 1949 ’ਚ ਯੂਨਾਈਟਿਡ ਨੇਸ਼ਨਜ਼ ਵੱਲੋਂ ਨਸਲਕੁਸ਼ੀ ਸਬੰਧੀ ਪਾਸ ਕੀਤੇ ਮਤੇ ਦੀ ਉਲੰਘਣਾ ਕੀਤੀ ਸੀ। ਜੂਨ 2008 ’ਚ ਇਕ ਟਰੁੱਥ ਐਂਡ ਰੀਕੰਸੀਲੀਏਸ਼ਨ ਕਮਿਸ਼ਨ ਬਣਾਇਆ ਗਿਆ ਜਿਸਨੇ ਪੂਰੀ ਖੋਜ ਪੜਤਾਲ ਕਰ ਕੇ ਇਕ ਵੱਡੀ ਰਿਪੋਰਟ ਤਿਆਰ ਕੀਤੀ ਅਤੇ ਸੌ ਦੇ ਕਰੀਬ ਹਦਾਇਤਾਂ ਵੀ ਦਿੱਤੀਆਂ, ਜਿਨ੍ਹਾਂ ਨਾਲ ਇਸ ਕਮਿਊਨਟੀ ਦੇ ਜ਼ਖ਼ਮਾਂ ’ਤੇ ਕੁਝ ਮੱਲ੍ਹਮ ਲਾਉਣ ਦਾ ਕੰਮ ਕੀਤਾ ਜਾ ਸਕੇ। ਫਸਟ ਨੇਸ਼ਨਜ਼ ਦੇ ਮੁੱਖੀ ਵੱਲੋਂ 2006 ’ਚ ਸਰਕਾਰ ’ਤੇ ਹਰਜਾਨੇ ਦਾ ਕੇਸ ਚਲਾਇਆ ਗਿਆ। ਕੈਨੇਡੀਅਨ ਸਰਕਾਰ ਨੇ 2008 ’ਚ ਇਸ ਦੀ ਜਨਤਕ ਤੌਰ ’ਤੇ ਮੁਆਫ਼ੀ ਮੰਗੀ ਅਤੇ ਬਿਲੀਅਨ ਡਾਲਰਾਂ ਦਾ ਮੁਆਵਜ਼ਾ ਦੇਣਾ ਵੀ ਮੰਨਿਆ।

ਅੱਜ ਵੀ ਮੂਲ ਵਾਸੀਆਂ ਦੇ ਰਹਿਣ ਵਾਲੀਆਂ ਥਾਵਾਂ ’ਤੇ ਸਰੀਰਾਂ ਨੂੰ ਫਰੀਜ਼ ਕਰ ਦੇਣ ਵਾਲੀ ਠੰਢ ਸਮੇਂ ਵੀ ਹੀਟ ਦਾ ਯੋਗ ਪ੍ਰਬੰਧ ਨਹੀਂ ਹੈ। ਪੜ੍ਹਾਈ ਲਈ ਅਜੇ ਵੀ ਬੱਚਿਆਂ ਨੂੰ ਦੂਰ ਦੁਰਾਡੇ ਦੇ ਸ਼ਹਿਰਾਂ ’ਚ ਜਾਣਾ ਪੈਂਦਾ ਹੈ। ਮੂਲ ਵਾਸੀ ਸਮੁਦਾਏ ਦੇ ਉੱਚੀ ਵਿਦਿਆ ਪ੍ਰਾਪਤ ਬੱਚਿਆਂ ਦੀ ਗਿਣਤੀ ਉਨ੍ਹਾਂ ਦੀ ਕੁੱਲ ਅਾਬਾਦੀ ਦਾ 10% ਤੋਂ ਵੀ ਘੱਟ ਬਣਦੀ ਹੈ। ਵਿਦਿਆਰਥੀਆਂ ਨੂੰ ਵੱਡੇ ਸ਼ਹਿਰਾਂ ’ਚ ਅਜੇ ਵੀ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਣੀ, ਪੀਣ ਦੇ ਯੋਗ ਨਹੀਂ ਹੈ। ਉਨ੍ਹਾਂ ਦੇ ਖੇਤਰ ’ਚ ਅਜੇ ਵੀ ਰੁਜ਼ਗਾਰ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਹੈ। ਜਿਹੜੇ ਬੱਚੇ ਅਸਲੀ ਮਾਂ ਪਿਉ ਤੋਂ ਪਰੇ ਹੋਰ ਘਰਾਂ ’ਚ ਸੰਭਾਲੇ ਜਾਂਦੇ ਹਨ, ਉਨ੍ਹਾਂ ਨੂੰ ਫਾਸਟਰ ਪੇਰੈਂਟਸ ਕਿਹਾ ਜਾਂਦਾ ਹੈ। ਜਿੰਨੇ ਬੱਚੇ ਇਨ੍ਹਾਂ ਘਰਾਂ ’ਚ ਪਲਦੇ ਹਨ, ਉਨ੍ਹਾਂ ’ਚੋਂ 50% ਬੱਚੇ ਮੂਲ ਵਾਸੀਆਂ ਦੇ ਹਨ। ਬਹੁਤ ਸਾਰੇ ਬੱਚੇ ਜੋ ਰੇਜੀਡੈਂਸੀਅਲ ਸਕੂਲਾਂ ਵਿਚੋਂ ਨਿਕਲੇ ਸਨ, ਉਹ ਆਪਣੇ ਮਾਪਿਆਂ ਨਾਲ ਉਨ੍ਹਾਂ ਦੀ ਬੋਲੀ ’ਚ ਗੱਲ ਨਾ ਕਰ ਸਕਣ ਕਾਰਨ ਮਜਬੂਰੀ ਵੱਸ ਸ਼ਹਿਰਾਂ ਵੱਲ ਚਲੇ ਗਏ, ਜਿਨ੍ਹਾਂ ਵਿਚੋਂ ਬਹੁਤ ਸਾਰੇ ਮਾਨਸਿਕ ਪਰੇਸ਼ਾਨੀਆਂ ਕਾਰਨ ਥੋੜ੍ਹੇ ਜਿਹੇ ਵੈਲਫੇਅਰ ਦੇ ਮਿਲਦੇ ਪੈਸਿਆਂ ’ਤੇ ਹੀ ਗੁਜ਼ਾਰਾ ਕਰਦੇ ਰਹੇ। ਜ਼ਿੰਦਗੀ ਦਾ ਕੋਈ ਮਨੋਰਥ ਨਜ਼ਰ ਨਾ ਆਉਂਦਾ ਦੇਖ, ਨਸ਼ਿਆਂ ’ਚ ਗੁੱਟ ਰਹਿਣ ਲੱਗੇ।

ਸਦੀਆਂ ਤੋਂ ਇੰਨੇ ਜ਼ਬਰ ਝੱਲਣ ਵਾਲੇ ਬਹੁਤ ਸਾਰੇ ਮੂਲ ਵਾਸੀ ਏਨੀਆਂ ਭੈੜੀਆਂ ਹਾਲਤਾਂ ’ਚ ਰਹਿੰਦੇ ਹੋਏ ਅੱਜ ਵੀ ਆਪਣੇ ਹੱਕਾਂ ਲਈ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਹਰ ਉਹ ਪ੍ਰੋਜੈਕਟ ਜੋ ਉਨ੍ਹਾਂ ਦੀ ਧਰਤੀ ਨਾਲ ਸਬੰਧਿਤ ਹੈ, ਉਹ ਉਨ੍ਹਾਂ ਦੀ ਸਹਿਮਤੀ ਨਾਲ ਹੀ ਨੇਪਰੇ ਚਾੜ੍ਹਿਆ ਜਾਵੇ। ਜ਼ਬਰਦਸਤੀ ਆਰਸੀਐੱਮਪੀ ਜਾਂ ਫ਼ੌਜ ਦੀ ਮਦਦ ਲੈ ਕੇ ਕੀਤੀ ਜਾਂਦੀ ਧੱਕੇਸ਼ਾਹੀ ਨੂੰ ਉਹ ਆਪਣੀ ਕਮਿਊਨਿਟੀ ’ਤੇ ਕੀਤਾ ਫ਼ੌਜੀ ਹਮਲਾ ਸਮਝਦੇ ਹਨ।

ਵਾਤਾਵਰਣ ਦੀ ਗੱਲ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮੂਲ ਵਾਸੀਆਂ ਦੇ ਖੇਤਰ ਵਿਚੋਂ ਤੇਲ ਪਾਈਪ ਲਾਈਨ ਕੱਢਣ ’ਤੇ ਕੋਈ ਦਸ ਬਿਲੀਅਨ ਡਾਲਰ ਦਾ ਖ਼ਰਚਾ ਕੀਤਾ ਜਾ ਰਿਹਾ ਹੈ। ਇਹ ਟਾਰ ਸੈਂਡ ਤੇਲ ਕੱਢਣਾ, ਫੌਸਲ ਫਿਊਲ ਤੋਂ ਮਹਿੰਗਾ ਪੈਂਦਾ ਹੈ, ਫਿਰ ਤੇਲ ਸਾਫ਼ ਕਰਨ ਵਾਲੀਆਂ ਰਿਫਾਇਨਰੀਆਂ ਵੀ ਅਮਰੀਕਾ ’ਚ ਹਨ। ਜਦੋਂ ਕਦੀ ਓਪੈਕ, ਭਾਵ ਤੇਲ ਸਪਲਾਈ ਕਰਨ ਵਾਲੇ ਮੁਲਕਾਂ ’ਚ ਕੰਪੀਟੀਸ਼ਨ ਕਰ ਕੇ ਤੇਲ ਦੇ ਭਾਅ ਡਿੱਗ ਜਾਂਦੇ ਹਨ ਤਾਂ ਕੈਨੇਡਾ ਦੀਆਂ ਤੇਲ ਕੰਪਨੀਆਂ ਬਿਲੀਅਨਜ਼ ਡਾਲਰਾਂ ਦੇ ਘਾਟੇ ’ਚ ਚਲੀਆਂ ਜਾਂਦੀਆਂ ਹਨ ਜਿਸ ਕਾਰਨ ਅਲਬਰਟਾ ਪ੍ਰਾਂਤ ਪਿਛਲੇ ਲੰਮੇ ਸਮੇਂ ਤੋਂ ਮੰਦੀ ’ਚੋਂ ਨਹੀਂ ਨਿਕਲ ਸਕਿਆ। ਹੁਣ ਕਰੋਨਾ ਮਹਾਂਮਾਰੀ ਦਾ ਫਾਇਦਾ ਲੈਂਦਿਆਂ ਸਰਕਾਰ ਨੇ ਪਾਈਪ ਲਾਈਨ ਫੇਰ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਲੋਕ ਇਸ ਵਕਤ ਘਰਾਂ ’ਚ ਬੰਦ ਹਨ।

ਕੈਨੇਡਾ ਦੇ ਮੂਲ ਵਾਸੀਆਂ ਦੀ ਕਹਾਣੀ ਵੀ ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਆਸਟਰੇਲੀਆ, ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਮੂਲ ਵਾਸੀਆਂ ਨਾਲ ਮਿਲਦੀ ਜੁਲਦੀ ਹੀ ਹੈ। ਹਰ ਮੁਲਕ ਦੀਆਂ ਸਰਕਾਰਾਂ ਇਨ੍ਹਾਂ ਦੀ ਨਸਲਕੁਸ਼ੀ ਕਰ ਕੇ ਇਨ੍ਹਾਂ ਦੇ ਖੇਤਰਾਂ ’ਚੋਂ ਖਣਿਜ ਪਦਾਰਥਾਂ ਦੀ ਲੁੱਟ ਖਸੁੱਟ ਅਤੇ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਇਨ੍ਹਾਂ ਦੀ ਬੋਲੀ, ਸੱਭਿਆਚਾਰ, ਪੜ੍ਹਾਈ ਅਤੇ ਰੁਜ਼ਗਾਰ, ਸਰਮਾਏਦਾਰੀ ਸਰਕਾਰਾਂ ਲਈ ਕੋਈ ਮੁੱਦਾ ਨਹੀਂ ਹੈ। ਪਰ ਇਤਿਹਾਸਕ ਗੱਲ ਇਹ ਹੈ ਕਿ ਮੂਲ ਵਾਸੀ ਆਪਣੀ ਨਿਗੂਣੀ ਜਿਹੀ ਤਾਕਤ ਨਾਲ ਆਪਣੀ ਲੜਾਈ ਨੂੰ ਅੰਤ ਤਕ ਲੜਨ ਦਾ ਹੌਸਲਾ ਰੱਖ ਰਹੇ ਹਨ।
ਸੰਪਰਕ : 416-728-5686

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: