Breaking News
Home / ਸਾਹਿਤ / ਸਾਕਾ ਨੀਲਾ ਤਾਰਾ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਖਿਲਾਫ਼ ਕੋਈ ਮੁਕੱਦਮਾ ਵੀ ਨਹੀਂ ਸੀ

ਸਾਕਾ ਨੀਲਾ ਤਾਰਾ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਖਿਲਾਫ਼ ਕੋਈ ਮੁਕੱਦਮਾ ਵੀ ਨਹੀਂ ਸੀ

1977 ਤੋਂ 1997 ਤੱਕ ਬਤੌਰ ਪੁਲਿਸ ਅਧਿਕਾਰੀ ਸ੍ਰੀ ਅੰਮਿ੍ਤਸਰ ਵਿਖੇ ਤਾਇਨਾਤ ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਉੱਘੇ ਸਿੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ;

ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ ਢੀਂਡਸਾ)- ਸਾਕਾ ਨੀਲਾ ਤਾਰਾ (ਜੂਨ 1984) ਦੇ 36 ਸਾਲ ਪੂਰੇ ਹੋ ਚੁੱਕੇ ਹਨ | ਸਾਬਕਾ ਆਈ.ਪੀ.ਐਸ. ਅਧਿਕਾਰੀ ਤੇ ਉੱਘੇ ਸਿੱਖ ਵਿਦਵਾਨ ਇਕਬਾਲ ਸਿੰਘ ਲਾਲਪੁਰਾ ਨਾਲ ਤੀਜੇ ਘੱਲੂਘਾਰੇ ਸਬੰਧੀ ‘ਅਜੀਤ’ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ | ਲਾਲਪੁਰਾ ਨੇ 1977 ਤੋਂ 1997 ਤੱਕ ਬਤੌਰ ਪੁਲਿਸ ਅਧਿਕਾਰੀ ਸ੍ਰੀ ਅੰਮਿ੍ਤਸਰ ਵਿਖੇ ਸੇਵਾ ਨਿਭਾਈ ਹੈ | ਉਹ ਕਾਫ਼ੀ ਅਰਸੇ ਤੱਕ ਅੰਮਿ੍ਤਸਰ ਦੇ ਐਸ.ਐਸ.ਪੀ. ਵੀ ਰਹੇ ਹਨ | ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਇਸ ਦੁਖਾਂਤ ਨੂੰ ਟਾਲਿਆ ਜਾ ਸਕਦਾ ਸੀ ਪਰ ਤਤਕਾਲੀ ਸਰਕਾਰ ਅਜਿਹਾ ਕਰਨ ਲਈ ਤਿਆਰ ਨਹੀਂ ਸੀ | ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਿਖ਼ਲਾਫ਼ ਕੋਈ ਮੁਕੱਦਮਾ ਵੀ ਨਹੀਂ ਸੀ |

1982 ‘ਚ ਸ਼ੁਰੂ ਹੋਇਆ ਸੀ ਮੋਰਚਾ
ਇਕਬਾਲ ਸਿੰਘ ਲਾਲਪੁਰਾ ਨੇ 1984 ਦੇ ਦੁਖਾਂਤ ਦੇ ਆਗਾਜ਼ ਸਬੰਧੀ ਅਤੀਤ ਦੇ ਵਰਕੇ ਫਰੋਲਦਿਆਂ ਦੱਸਿਆ ਕਿ 19 ਜੁਲਾਈ 1982 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਦੇ ਵਿਰੋਧ ਵਿਚ ਉਨ੍ਹਾਂ ਦੀ ਬਿਨਾਂ ਸ਼ਰਤ ਰਿਹਾਈ ਲਈ ਡੀ.ਸੀ. ਅੰਮਿ੍ਤਸਰ ਦੀ ਕੋਠੀ ਮੂਹਰੇ ਧਰਨਾ ਲਾ ਕੇ ਮੋਰਚੇ ਦਾ ਆਰੰਭ ਕੀਤਾ ਗਿਆ ਸੀ | ਹਰ ਰੋਜ਼ 51 ਮੈਂਬਰੀ ਜਥਾ ਗਿ੍ਫ਼ਤਾਰੀ ਲਈ ਜਾਂਦਾ ਸੀ, ਜਿਨ੍ਹਾਂ ਨੂੰ ਕੋਤਵਾਲੀ ਨੇੜਿਉਂ ਗਿ੍ਫ਼ਤਾਰ ਕਰਕੇ ਜੇਲ੍ਹ ਵਿਚ ਭੇਜ ਦਿੱਤਾ ਸੀ | ਅਕਾਲੀ ਦਲ ਵਲੋਂ ਕਪੂਰੀ ਵਿਖੇ ਸਤਲੁਜ-ਯਮੁਨਾ ਲਿੰਕ ਨਹਿਰ ਦੀ ਖ਼ੁਦਾਈ ਵਿਰੁੱਧ ਅਪ੍ਰੈਲ 1982 ਤੋਂ ਲਗਾਏ ਮੋਰਚੇ ਨੂੰ ਵੀ ਤਬਦੀਲ ਕਰਕੇ ਸ੍ਰੀ ਅੰਮਿ੍ਤਸਰ 4 ਅਗਸਤ 1982 ਨੂੰ ਹੋਰਨਾਂ ਮੁੱਦਿਆਂ ਨਾਲ ਇਸ ਮੋਰਚੇ ਵਿਚ ਸ਼ਾਮਿਲ ਕਰ ਲਿਆ ਗਿਆ | ਇਸ ਪ੍ਰਕਾਰ ਇਹ ਧਰਮ ਯੁੱਧ ਮੋਰਚੇ ਸ਼ੁਰੂ ਹੋਇਆ | ਉਨ੍ਹਾਂ ਦੱਸਿਆ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸੁਖਜਿੰਦਰ ਸਿੰਘ, ਜੋ ਸ਼੍ਰੋਮਣੀ ਅਕਾਲੀ ਦਲ ਲੌਾਗੋਵਾਲ ਤੋਂ ਵੱਖ ਹੋ ਚੁੱਕੇ ਸਨ, ਉਹ ਵੀ ਇਸ ਧਰਮ ਯੁੱਧ ਵਿਚ ਸ਼ਾਮਿਲ ਹੋ ਗਏ | ਸੰਤ ਹਰਚੰਦ ਸਿੰਘ ਲੌਾਗੋਵਾਲ ਵਲੋਂ ਇਸ ਮੋਰਚੇ ਦੀ ਅਗਵਾਈ ਕੀਤੀ ਗਈ | 19 ਜੁਲਾਈ 1982 ਤੋਂ 1 ਜੂਨ 1984 ਤੱਕ ਕਰੀਬ 1 ਸਾਲ 10 ਮਹੀਨੇ 12 ਦਿਨ ਚੱਲੇ ਇਸ ਮੋਰਚੇ ਨੇ ਕਈ ਰੂਪ ਬਦਲੇ, ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ | ਗੱਲਬਾਤ ਦੀ ਪ੍ਰਕਿਰਿਆ ਸਿਰੇ ਨਾ ਚੜ੍ਹੀ | ਪਹਿਲੀ ਜੂਨ 1984 ਨੂੰ ਕੇਂਦਰ ਸਰਕਾਰ ਦੀ ਨੀਤੀ ਤਹਿਤ ਸੀ.ਆਰ.ਪੀ. ਤੇ ਬੀ.ਐਸ.ਐਫ. ਦੇ ਜਵਾਨਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵੱਲ, ਦਿਨੇ ਕਰੀਬ 12.40 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸ਼ਾਮ ਤੱਕ 8 ਲੋਕ ਅੰਦਰ ਮਾਰੇ ਗਏ | ਜਵਾਬੀ ਗੋਲੀਬਾਰੀ ਅੰਦਰੋਂ ਵੀ ਹੋਈ, ਜਿਸ ਨਾਲ 1984 ਦਾ ਤੀਜਾ ਘੱਲੂਘਾਰਾ ਸ਼ੁਰੂ ਹੋ ਗਿਆ |

ਜਥੇ: ਟੌਹੜਾ ਵੀ ਸੰਤਾਂ ਨੂੰ ਨਹੀਂ ਮਿਲ ਸਕੇ
ਇਕਬਾਲ ਸਿੰਘ ਲਾਲਪੁਰਾ ਨੇ ਦੱਸਿਆ ਕਿ ਐਤਵਾਰ 3 ਜੂਨ 1984 ਨੂੰ ਸਾਰਾ ਪੰਜਾਬ ਫ਼ੌਜ ਹਵਾਲੇ ਕਰਕੇ ਮੁਕੰਮਲ ਕਰਫ਼ਿਊ ਲਗਾ ਦਿੱਤਾ ਗਿਆ | ਸ੍ਰੀ ਦਰਬਾਰ ਸਾਹਿਬ ਆਉਣ ਜਾਣ ਵਾਲਿਆਂ ਦੀ ਗਿਣਤੀ ਨਾ-ਬਰਾਬਰ ਸੀ | ਸ਼ਹਿਰ ਵਿਚ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਬੰਦ ਸੀ | ਟੈਲੀਫੋਨ ਸਰਵਿਸ ਵੀ ਬੰਦ ਕਰ ਦਿੱਤੀ ਗਈ | ਵਿਦੇਸ਼ੀ ਪੱਤਰਕਾਰਾਂ ਨੂੰ ਪੰਜਾਬ ਛੱਡ ਦੇਣ ਦਾ ਹੁਕਮ ਚਾੜ੍ਹ ਦਿੱਤਾ ਗਿਆ ਸੀ | ਦਰਬਾਰ ਸਾਹਿਬ ਦੇ ਬਾਹਰੋਂ ਲੋਕ ਸੰਪਰਕ ਵਿਭਾਗ ਵਲੋਂ ਅੰਦਰ ਦੀ ਸੰਗਤ ਨੂੰ ਆਤਮ ਸਮਰਪਣ ਕਰਨ ਲਈ ਆਖਿਆ ਜਾ ਰਿਹਾ ਸੀ | ਲਾਊਡ ਸਪੀਕਰ ਦੀ ਆਵਾਜ਼ ਬਹੁਤ ਘੱਟ ਅੰਦਰ ਜਾ ਰਹੀ ਸੀ | ਇਸੇ ਕਰਕੇ ਬਹੁਤੀ ਸੰਗਤ ਬਾਹਰ ਨਹੀਂ ਆਈ | ਉਨ੍ਹਾਂ ਦੱਸਿਆ ਕਿ ਗੁਰਦਿਆਲ ਸਿੰਘ ਪੰਧੇਰ, ਉਸ ਸਮੇਂ ਦੇ ਡੀ.ਆਈ.ਜੀ. ਬੀ.ਐਸ.ਐਫ. ਅੰਮਿ੍ਤਸਰ ਵਲੋਂ ਜਨਰਲ ਕੇ.ਐਸ. ਬਰਾੜ ਦੇ ਹੁਕਮਾਂ ਨੂੰ ਵਿਚਾਰਨ ਦੀ ਗੱਲ ਕਹਿਣ ‘ਤੇ ਹੀ ਕਾਰਵਾਈ ਕਰ ਦਿੱਤੀ ਗਈ | ਲਾਲਪੁਰਾ ਅਨੁਸਾਰ ਅਪਾਰ ਸਿੰਘ ਬਾਜਵਾ ਡੀ.ਐਸ.ਪੀ. ਸਿਟੀ ਅੰਮਿ੍ਤਸਰ ਨੂੰ ਦਰਬਾਰ ਸਾਹਿਬ ਅੰਦਰ ਸੰਤ ਭਿੰਡਰਾਂਵਾਲਿਆਂ ਨੂੰ ਮਨਾਉਣ ਲਈ ਭੇਜਿਆ ਗਿਆ ਪਰ ਉਹ ਅਕਾਲੀ ਦਲ ਦੇ ਦਫ਼ਤਰ ਤੋਂ ਅੱਗੇ ਨਾ ਜਾ ਸਕਿਆ | ਕੇਂਦਰੀ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਵੀ ਟੈਲੀਫੋਨ ਬੰਦ ਹੋਣ ਕਰਕੇ ਸੰਤ ਭਿੰਡਰਾਂਵਾਲਿਆਂ ਨਾਲ ਸੰਪਰਕ ਨਹੀਂ ਕਰ ਸਕੇ | ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸੰਤ ਜਰਨੈਲ ਸਿੰਘ ਤੱਕ ਪਹੁੰਚ ਨਹੀਂ ਸਨ ਕਰ ਸਕੇ | ਮਨਜੀਤ ਸਿੰਘ ਤਰਨਤਾਰਨੀ ਜੋ ਸੰਤ ਹਰਚੰਦ ਸਿੰਘ ਲੌਾਗੋਵਾਲ ਦੇ ਕਰੀਬੀਆਂ ਵਿਚੋਂ ਸਨ, ਦਰਬਾਰ ਸਾਹਿਬ ਅੰਦਰ ਸਨ ਤੇ ਟੈਲੀਫੋਨ ਸੁਣਨ ਦੀ ਜ਼ਿੰਮੇਵਾਰੀ ਤੇ ਤਾਲਮੇਲ ਦੇ ਕੰਮ ਵਿਚ ਸਹਿਯੋਗ ਕਰਦੇ ਸਨ |

ਤੀਜਾ ਘੱਲੂਘਾਰਾ
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ 1747 ਦਾ ਕਾਹਨੂਵਾਨ ਦਾ ਪਹਿਲਾ ਘੱਲੂਘਾਰਾ ਯਾਹੀਆ ਖ਼ਾਨ ਤੇ 1762 ਦਾ ਦੂਜਾ ਤੇ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ‘ਤੇ ਮੁਗ਼ਲ ਰਾਜ ਵੇਲੇ ਵਾਪਰਿਆ ਸੀ, ਜਦਕਿ 1984 ਦਾ ਤੀਜਾ ਘੱਲੂਘਾਰਾ ਇਕ ਲੋਕਰਾਜੀ ਅਤੇ ਆਜ਼ਾਦ ਦੇਸ਼ ਵਿਚ ਦੀ ਦੇਣ ਹੈ | ਹੁਕਮ ਦੇਣ ਵਾਲੇ ਲੋਕਾਂ ਦੇ ਚੁਣੇ ਪ੍ਰਤੀਨਿਧ ਸਨ | ਫ਼ੌਜ ਦਾ ਸੁਪਰੀਮ ਕਮਾਂਡਰ ਵੀ ਇਕ ਸਿੱਖ ਸੀ, ਜਿਸ ਨੂੰ ਟਾਲਿਆ ਜਾ ਸਕਦਾ ਸੀ, ਕਿਉਂਕਿ ਉਸ ਵਕਤ ਸਿੱਖਾਂ ਦੀਆਂ ਧਾਰਮਿਕ ਤੇ ਰਾਜਨੀਤਕ ਨਾਮਾਤਰ ਮੰਗਾਂ ਸਨ, ਜਿਨ੍ਹਾਂ ਵਿਚ ਸ੍ਰੀ ਅੰਮਿ੍ਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਤੇ ਦਰਬਾਰ ਸਾਹਿਬ ‘ਚੋਂ ਰੇਡੀਉ ਕੇਂਦਰ ਰਾਹੀਂ ਗੁਰਬਾਣੀ ਦਾ ਪ੍ਰਸਾਰਨ ਕਰਨਾ ਆਦਿ ਸਾਧਾਰਨ ਮੰਗਾਂ ਸਨ, ਜਿਸ ਨੂੰ ਤਤਕਾਲੀ ਸਰਕਾਰਾਂ ਨੇ ਅਣਗੌਲਿਆ ਕਰਕੇ ਸਿੱਖਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਉਹ ਇਸ ਦੇਸ਼ ਦੇ ਨਾਗਰਿਕ ਨਹੀਂ ਹਨ | ਉਨ੍ਹਾਂ ਕਿਹਾ ਕਿ ਮੋਰਚੇ ਦੌਰਾਨ ਕਦੇ ਵੀ ਵੱਖਰੇ ਸਿੱਖ ਰਾਜ ਦੀ ਮੰਗ ਨਹੀਂ ਕੀਤੀ ਗਈ ਸੀ | 99.5 ਫ਼ੀਸਦੀ ਜੁਰਮ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਹੋਏ ਸਨ | ਸਿੱਖ ਕੌਮ ਨੂੰ ਉਸ ਵੇਲੇ ਸਰੀਰਕ ਤੇ ਮਾਨਸਿਕ ਜ਼ਖ਼ਮ ਦਿੱਤੇ ਗਏ, ਜਿਸ ‘ਤੇ ਕਿਸੇ ਨੇ ਵੀ ਮੱਲ੍ਹਮ ਲਗਾਉਣ ਦਾ ਕੰਮ ਨਹੀਂ ਕੀਤਾ |

ਪੰਜਾਬ ਜਿਊਾਦਾ ਗੁਰਾਂ ਦੇ ਨਾਂਅ ‘ਤੇ
ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਪੰਜਾਬ ਮੁੱਢ ਕਦੀਮ ਤੋਂ ਹੀ ਆਪਸੀ ਭਾਈਚਾਰਕ ਸਾਂਝ ਦਾ ਮੁੱਦਈ ਰਿਹਾ ਹੈ | ਇਥੋਂ ਦੀ ਜ਼ਰਖ਼ੇਜ਼ ਧਰਤੀ ‘ਤੇ ਵੱਖ-ਵੱਖ ਫ਼ਿਰਕਿਆਂ ਦੇ ਲੋਕ ਇਕੱਠੇ ਰਹਿੰਦੇ ਰਹੇ ਹਨ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਨਾ ਹਿੰਦੂ, ਨਾ ਮੁਸਲਮਾਨ, ਪੰਜਾਬ ਜਿਊਾਦਾ ਗੁਰਾਂ ਦੇ ਨਾਂਅ ‘ਤੇ | ਉਨ੍ਹਾਂ ਕਿਹਾ ਕਿ ਵਲੰੂਧਰੇਂ ਹਿਰਦਿਆਂ ਨੂੰ ਠੰਢੇ ਕਰਨ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੰਬੇ ਸਮੇਂ ਤੋਂ ਜੇਲ੍ਹਾਂ ‘ਚ ਬੰਦ ਸਿੰਘਾਂ ਦੀ ਰਿਹਾਈ ਕਰੇ ਤੇ ਝੂਠੇ ਮੁਕਾਬਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਏ |

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: