Breaking News
Home / ਸਾਹਿਤ / ਕੀ ਸੱਚ -ਮੁਚ ਤਿਬੱਤ ਦੇ ਪਾਣੀਆਂ ਚ ਹੈ ਦੁਨੀਆਂ ਦੀ ਅੱਧੀ ਅਬਾਦੀ ਦੀ ਸੰਘੀ ਘੁਟਣ ਦੀ ਸਮਰੱਥਾ ?

ਕੀ ਸੱਚ -ਮੁਚ ਤਿਬੱਤ ਦੇ ਪਾਣੀਆਂ ਚ ਹੈ ਦੁਨੀਆਂ ਦੀ ਅੱਧੀ ਅਬਾਦੀ ਦੀ ਸੰਘੀ ਘੁਟਣ ਦੀ ਸਮਰੱਥਾ ?

ਪਿਛਲੇ ਕੁੱਛ ਦਿਨਾਂ ਤੋਂ ਭਾਰਤ ਅਤੇ ਨੇਪਾਲ ਵਿਚਲਾ ਮਸਲਾ ਮੀਡੀਆ ਵਿੱਚ ਕਾਫ਼ੀ ਵਿਕਿਆ ਏ। ਪਰ ਅਸਲ ਖਿਡਾਰੀ ਬਾਰੇ ਭਾਰਤੀ ਸਿਆਸੀ ਜਮਾਤ ਅਤੇ ਮੀਡੀਆ ਨੇ ਚੁੱਪ ਜਹੀ ਧਾਰੀ ਹੋਈ ਹੈ । ਆਮ ਤੌਰ ‘ਤੇ ਭਾਰਤੀ ਮੀਡੀਆ ਦਾ ਰੁਖ ਪਾਕਿਸਤਾਨ ਪ੍ਰਤੀ ਕਾਫ਼ੀ ਸਖ਼ਤ ਅਤੇ ਤਲਖ਼ੀ ਭਰਿਆ ਹੁੰਦਾ ਹੈ। ਚੀਨ ਨਾਲ ਲਗਦੀ ਸਰਹੱਦ ਤੇ ਹੋ ਰਹੀ ਖਿਚੋਤਾਣ ਵੀ ਵੱਡਾ ਮੁੱਦਾ ਨਹੀਂ ਬਣ ਰਹੀ। ਹਾਲਾਂਕਿ ਭੋਇੰ-ਸਿਆਸਤ ਦੇ ਮਾਹਿਰਾਂ ਦਾ ਮੰਨਣਾ ਇਹ ਵੇ ਕਿ ਨੇਪਾਲ ਚੀਨ ਦੀ ਸ਼ਹਿ ਤੇ ਅਪਣੀ ਛਾਤੀ ਫੁਲਾ ਹਿੰਦੁਸਤਾਨ ਨੂੰ ਖੰਗੁਰੇ ਮਾਰ ਰਿਹਾ ਏ।

ਭਾਰਤ ਅਤੇ ਚੀਨ ਦੋਵੇਂ ਮੁਲਕਾਂ ਦੇ ਵਿੱਚ ਖਿਚੋਤਾਣ ਦਾ ਅਸਲ ਮਸਲਾ ਕੀ ਹੈ ? ਤੇ ਇਸ ਦੇ ਤਾਰ ਤਿੱਬਤ ਦੇ ਨਾਲ ਕਿਵੇਂ ਜੁੜੇ ਹੋਏ ਹਣ? ਇਸ ਮਸਲੇ ਨੂੰ ਜਾਨਣਾ ਬੇਹੱਦ ਜ਼ਰੂਰੀ ਏ।

ਚੀਨ ਨੇ ਅਪਣੀ ਵਧਦੀ ਅਬਾਦੀ ਅਤੇ ਬਾਲਣ ਦੀਆਂ ਜ਼ਰੂਰਤਾਂ ਨੂੰ ਭਾਂਪਦੇ ਹੋਏ, ਪਿਛਲੇ 7 ਦਹਾਕਿਆਂ ਚ 23 ਮਿਲੀਅਨ ਲੋਕਾਂ ਨੂੰ ਉਜਾੜ 87000 ਡੈਮ ਬਣਾਏ ਹਣ ਜੋ ਤਕਰੀਬਨ 322 ਗੀਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਣ। ਜੋਕਿ ਬ੍ਰਾਜੀਲ, ਅਮਰੀਕਾ ਅਤੇ ਕਨੇਡਾ ਸਾਂਝੀ ਸਮਰੱਥਾ ਤੋਂ ਵੀ ਜਿਆਦਾ ਹੈ। ਪਿਛਲੇ ਕੁੱਛ ਸਮੇ ਦੋਰਾਨ ਚੀਨ ਵਿੱਚ ਸ਼ਹਿਰੀਕਰਨ ਬਹੁਤ ਤੇਜ਼ੀ ਨਾਲ ਹੋਇਆ ਏ। ਜਿਹੜੀ ਸ਼ਹਿਰੀ ਵੱਸੋਂ 1978 ਵਿੱਚ ਕੁਲ ਅਬਾਦੀ 18% ਸੀ ਹੁਣ ਉਹ ਵੱਧਕੇ 58 ਫੀਸਦ ਹੋ ਗਈ ਏ ਅਤੇ 2050 ਤਕ ਇਸਦੇ 100 ਕਰੋੜ ਹੋ ਜਾਣ ਦੀ ਆਸ ਏ। ਉਸ ਸੂਰਤ ਏ ਹਾਲ ‘ਚ ਸ਼ਹਿਰੀ ਅਬਾਦੀ ਲਈ ਪਾਣੀ ਅਤੇ ਬਾਲਣ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦਿਆਂ ਸਰਕਾਰੀ ਮਲਕੀਅਤ ਵਾਲ਼ੀਆਂ ਕੰਪਨੀਆਂ ਨੇ ਸਰਕਾਰ ਤੇ ਤਿੱਬਤ ਦੇ ਪਾਣੀਆਂ ਦੀ ਵਰਤੋਂ ਵਾਸਤੇ ਦਬਾਅ ਪਾਉਣਾ ਸ਼ੁਰੂ ਕੀਤਾ ਹੋਇਆ ਏ। ਇਹ ਗੱਲ ਦੱਸਣ ਵਾਲੀ ਏ ਕਿ ਚੀਨ ਹੁਣ ਤੱਕ ਤਿੱਬਤ ਦੇ ਕੁਲ ਪਾਣੀਆਂ ਚੋਂ ਸਿਰਫ ਇਕ ਫੀਸਦ ਹੀ ਵਰਤ ਰਿਹਾ ਏ। ਭਾਵੇਂ ਚੀਨ ਦੀ ਪਾਣੀਆਂ ਤੇ ਸਰਦਾਰੀ ਦੀ ਤਮੰਨਾ ਚਿਰੋਕਣੀ ਹੈ ਪਰ ਹੁਣ ਬਦਲੇ ਹਲਾਤਾਂ ਨੇ ਉਹਨੂੰ ਹਲਾਸ਼ੇਰੀ ਦਿੱਤੀ ਹੈ। ਜਿਵੇਂ ਹੀ ਚੀਨ ਦੇ ਆਰਥਿਕ ਅਤੇ ਸਿਆਸੀ ਹਲਾਤ ਬਦਲੇ ਤਾਂ ਉਹ ਦੁਨੀਆ ਸਾਹਮਣੇ ਇਕ ਮਹਾਸ਼ਕਤੀ ਵਜੋਂ ਉਭਰਿਆ ਅਤੇ ਫਿਰ ਚੀਨੀ ਨੀਤੀ ਘਾੜਿਆਂ ਨੇ ਤਿੱਬਤ ਦੇ ਪਾਣੀ ਨੂੰ ਭੋਇੰ-ਰਾਜਨੀਤੀ ਵਿੱਚ ਸਿਆਸੀ ਸੰਦ ਵਜੋਂ ਵਰਤਨ ਦਾ ਮਨ ਬਣਾ ਲਿਆਏ।

ਜਿਵੇਂਕਿ ਤਿੱਬਤੀ ਪੋਠੋਹਾਰ ( plateau) ਦਰਜਨ ਤੋਂ ਵੱਧ ਦਰਿਆਵਾਂ ਦਾ ਸੋਮਾਂ ਏ ਅਤੇ ਇਹ ਦਰਿਆ ਦੁਨੀਆ ਦੀ ਤਕਰੀਬਨ ਅੱਧੀ ਅਬਾਦੀ ਨੂੰ ਜਾਨ ਬਖਸ਼ਦੇ ਨੇ। ਇਸ ਲਈ ਤਿੱਬਤ ਤੋਂ ਨਿਵਾਣ ਵਾਲੇ ਪਾਸੇ ਪਈਂਦੇ ਮੁਲਕਾਂ ਲਈ ਤਿੱਬਤ ਦੇ ਪਾਣੀ ਤੇ ਚੀਨੀ ਦਸਤਕ ਕੋਈ ਸੁਖਾਵਾਂ ਸੁਨੇਹਾਂ ਨਹੀਂ ਦੇਂਦੀ। ਜੇਕਰ ਚੀਨ ਤਿੱਬਤ ਦੇ ਪਾਣੀ ਨੂੰ ਕਾਬੂ ਕਰ ਲੈਂਦਾ ਹੈ ਤਾਂ ਦੁਨੀਆਂ ਦੇ 3 ਅਰਬ ਲੋਕਾਂ ਨੂੰ ਸਿੱਧੇ ਤੋਰ ਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਉਸ ਕੋਲ ਹੋਵੇਗੀ। ਨੇਪਾਲ ਅਤੇ ਪਾਕਿਸਤਾਨ ਵਰਗੇ ਮੁਲਕਾਂ ਦਾ ਚੀਨ ਪ੍ਰਤੀ ਝੁਕਾਅ ਵੀ ਇਸੇ ਕੜੀ ਵਜੋਂ ਵੇਖਿਆਂ ਜਾ ਸਕਦੈ। ਦੱਖਣ ਅਤੇ ਦੱਖਣ ਪੂਰਬ ਏਸ਼ੀਆ ਦੇ ਮੁਲਕ ਹਲਾਤਾਂ ਦੀ ਲਈ ਇਸ ਕਰਵਟ ਨੂੰ ਕਿਵੇਂ ਨਜਿੱਠਦੇ ਹਨ ਇਹ ਤਾਂ ਅਓੁਣ ਵਾਲਾ ਸਮਾਂ ਹੀ ਦੱਸੇਗਾ। ਪਰ ਹਾਲ ਦੀ ਘੜੀ ਚੀਨੀ ਡਰੈਗਨ ਅਪਣੀ ਬਾਜ਼ੀ ਖੇਡਣ ਲਈ ਤਿਆਰ ਏ।
ਹੁਣ ਤੱਕ ਮਕਿੰਦਰ ਦੀ ਹਰਟਲੈੰਡ ਅਤੇ ਸਪਾਈਕਮੈਨ ਦੀ ਰਿਮਲੈੰਡ ਵਰਗੀਆਂ ਥਿਉਰੀਆਂ ਤੇ ਵਰਲਡ ਆਰਡਰ ਬਣੇ ਅਤੇ ਵਿਗੜੇ ।ਪਰ ਹੁਣ ਤੁਹਾਨੂੰ ਕੀ ਲਗਦੈ ਹੈ ਕਿ ਤਿੱਬਤ ਦੇ ਗਲੇਸ਼ੀਅਰਾਂ ਚ ਵੀ ਨਵਾਂ ਵਰਲਡ ਆਰਡਰ ਬਣਾਉਣ ਜਾਂ ਵਿਗਾੜਣ ਦਾ ਮਾਦਾ ਹੈ ?

#ਮਹਿਕਮਾ_ਪੰਜਾਬੀ

Check Also

ਕੈਨੇਡਾ ਦੇ ਮੂਲ ਵਾਸੀਆਂ ਦਾ ਅਮੁੱਕ ਸੰਘਰਸ਼

ਕੈਨੇਡਾ ਪੁੱਜੇ ਅਤੇ ਕੈਨੇਡਾ ‘ਚ ਦਿਲਚਸਪੀ ਰੱਖਦੇ ਪੰਜਾਬ ਰਹਿੰਦੇ ਬਹੁਤੇ ਪੰਜਾਬੀ ਕੈਨੇਡਾ ‘ਚ ਮੂਲ ਨਿਵਾਸੀਆਂ …

%d bloggers like this: