Breaking News
Home / ਸਾਹਿਤ / ਦੁਨੀਆ ਦਾ ਅੰ ਤ (End of a World)

ਦੁਨੀਆ ਦਾ ਅੰ ਤ (End of a World)

ਉਹ ਵੀ ਬਿਲਕੁਲ ਆਮ ਹੀ ਘਰੇ ਪੈਦਾ ਹੋਇਆ। ਛੋਟੇ ਹੁੰਦੇ ਆਵਦੇ ਬਾਬੇ ਦੀ ਉਂਗਲ ਫੜ੍ਹ ਗੁਰਦੁਆਰੇ ਚਲਾ ਜਾਂਦਾ। ਗੁਰੂਆਂ ਇਤਿਹਾਸ ਸੁਣਦਾ। ਕਿਵੇਂ ਚਮਕੌਰ ਦੀ ਗੜ੍ਹੀ ਚ 40 ਨੂੰ ਲੱਖਾਂ ਦਾ ਘੇਰਾ ਪਿਆ। ਕਿਵੇਂ ਗੁਰੂ ਨੇ ਸੀਸ ਮੰਗੇ। ਮਸਤੇ ਹਾਥੀ ਦੇ ਮੱਥੇ ਚ ਕਿਵੇਂ ਬਚਿੱਤਰ ਸਿੰਘ ਨੇ ਨਾਗਣੀ ਮਾਰੀ। ਅਰਦਾਸ ਚ ਖੜ੍ਹਾ ਹੁੰਦਾ ਤੇ ਬੋਲ ਉਠਦੇ ਪ੍ਰਿਥਮ ਭਗੌਤੀ ਸਿਮਰ ਕੇ … ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ,ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ…ਉਹਨਾਂ ਦੀ ਕਮਾਈ ਦਾ ਧਿਆਨ ਕਰ ਕੇ ਬੋਲੋ ਜੀ ਵਾਹਿਗੁਰੂ। ਉਹਨੂੰ ਇਹ ਸਭ ਬਹੁਤ ਚੰਗਾ ਲਗਦਾ। ਇਕ ਸੰਗੀਤ ਉਠ ਰਿਹਾ ਹੁੰਦਾ ਗੁਰਬਾਣੀ ਸ਼ਬਦ ਪੜ੍ਹੇ ਜਾ ਰਹੇ ਹੁੰਦੇ।ਫਿਰ ਦੇਸੀ ਘਿਉ ਵਾਲਾ ਪ੍ਰਸਾਦ ਮਿਲਦਾ। ਦਾਦੀ ਨੂੰ ਪਾਠ ਕਰਦੇ ਘਰੇ ਦੇਖਦਾ। ਉਸਨੂੰ ਆਪ ਵੀ ਜਪੁਜੀ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਯਾਦ ਹੋ ਗਈਆਂ ਸਨ। ਰੌਜ਼ ਪੜ੍ਹਦਾ …ਸਤਿਨਾਮ ਕਰਤਾ ਪੁਰਖ ਅਕਾਲ ਪੁਰਖ ਨਿਰਭਉ ਨਿਰਵੈਰ…ਪਰਿਵਾਰ ਦੀ ਇਕ ਛੋਟੀ ਜਿਹੀ ਵੈਲਡਿੰਗ ਦੀ ਦੁਕਾਨ ਸੀ। ਉਹਨੂੰ ਸਕੂਲੇ ਪਾ ਦਿੱਤਾ ਗਿਆ। ਸਕੂਲ ਚ ਉਹਨੂੰ ਕਈ ਮੋਨੇ ਮੁੰਡੇ ਗਿਆਨੀ ਗਿਆਨੀ ਕਹਿ ਕੇ ਛੇੜਦੇ। ਸਵੇਰੇ ਗਰਾਉਂਡ ਚ ਮਾਸਟਰ ਸਾਰਿਆਂ ਜਵਾਕਾਂ ਨੂੰ ਕੱਠੇ ਕਰਦੇ ਤੇ ਰੋਜ਼ ਹੀ ਕੋਈਂ ਨਾ ਕੋਈਂ ਸ਼ਬਦ ਰਪੀਟ ਕਰਵਾਉਂਦੇ “ਸਾਰੇ ਜਹਾਂ ਸਾ ਅੱਛਾ ਹਿੰਦੁਸਤਾਨ ਹਮਾਰਾ” “ਜਨ ਗਨ ਮਨ ਅਧਿਨਾਇਕ ਜਾਇਆ ਹੈ ਬਾਰਤ ਬਾਗੀਆ ਵਿਧਾਤਾ, ਪੰਜਾਬ ਸਿੰਧ ਗੁਜਰਾਤ ਮਰਾਠਾ …ਜਯਾ ਹੈ ਜਯਾ ਹੈ। 26 ਜਨਵਰੀ ਤੇ 15 ਅਗਸਤ ਤੇ ਪ੍ਰੋਗਰਾਮ ਹੁੰਦੇ। ਵੱਡੇ ਵੱਡੇ ਅਫਸਰ ਤੇ ਲੀਡਰ ਚੀਫ ਗੈਸਟ ਹੁੰਦੇ। ਵੱਡੇ ਵੱਡੇ ਆਜ਼ਾਦੀ ਬਾਰੇ ਬੋਰਿੰਗ ਜਿਹੇ ਭਾਸ਼ਣ ਹੁੰਦੇ। ਕਿਵੇਂ ਗਾਂਧੀ ਜੀ ਤੇ ਨਹਿਰੂ ਜੀ ਨੇ ਆਜ਼ਾਦੀ ਲੈ ਕੇ ਦਿੱਤੀ। ਹੁਣ ਦੇਸ਼ ਆਜ਼ਾਦ ਹੈ। ਪਹਿਲਾਂ ਅਸੀਂ ਗੁਲਾਮ ਸਾਂ। ਬੋਲਣ ਦੀ ਤੇ ਆਵਾਜ਼ ਚੱਕਣ ਦੀ ਪੂਰੀ ਆਜ਼ਾਦੀ ਨਹੀਂ ਸੀ ਅੰਗਰੇਜ਼ਾਂ ਵੇਲੇ। ਗੀਤ ਚੱਲਦੇ ਈਸਟ ਓਰ ਵੈਸਟ ਇੰਡੀਆ ਇਸ ਦ ਬੈਸਟ। ਸਕੂਲ ਦੀਆਂ ਕਿਤਾਬਾਂ ਚ ਵੀ ਚਾਚਾ ਨਹਿਰੂ, ਬਾਪੂ ਗਾਂਧੀ, ਪਟੇਲ ਜੀ, ਲਾਲਾ ਲਾਜਪਤ ਰਾਏ ਹੀ ਭਰੇ ਪਏ ਹੁੰਦੇ।
ਪਰ ਘਰੇ ਤਸਵੀਰਾਂ ਲੱਗੀਆਂ ਦੇਖਦਾ ਜਲਾਦ ਨਾਲ ਬੈਠੇ ਭਾਈ ਮਨੀ ਸਿੰਘ ਦੀਆਂ, ਭਾਈ ਮਨੀ ਸਿੰਘ ਦੀਆਂ, 10 ਗੁਰੂ ਸਾਹਿਬਾਨ ਦੀਆਂ। ਉਹਨਾਂ ਦੇ ਘਰ ਲੱਗੀ ਗੁਰੂ ਤੇਗ ਬਹਾਦਰ ਦੀ ਫੋਟੋ ਉਹਨੂੰ ਬਹੁਤ ਖਿੱਚਦੀ। ਥੱਲੇ ਲਿਖਿਆ ਹੋਇਆ ਸੀ –
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।

ਵੋਟਾਂ ਆਉਂਦੀਆਂ ਤਾਂ ਉਹਨਾਂ ਦਾ ਸਾਰਾ ਪਰਿਵਾਰ ਤੱਕੜੀ ਨੂੰ ਵੋਟ ਪਾ ਕੇ ਆਉਂਦਾ। 97 ਦੀਆਂ ਵੋਟਾਂ ਦੀ ਓਹਨੂੰ ਧੁੰਦਲੀ ਜਿਹੀ ਯਾਦ ਹੈ ਜਦ ਘਰੇ ਗੱਲ ਚਲਦੀ ਸੀ ਕਿ ਬਾਦਲ ਸਾਹਿਬ ਨੇ ਕਿਹਾ ਕਿ ਐਤਕੀ ਜੇ ਸਰਕਾਰ ਬਣੀ ਤਾਂ ਕਮਿਸ਼ਨ ਬਠਾਵਾਂਗੇ ਹੋਏ ਤੇ ਬਿਅੰਤੇ ਦੀ ਸਰਕਾਰ ਚ ਹੋਏ ਧੱਕੇ ਦਾ ਹਿਸਾਬ ਕਰਾਂਗੇ। ਓਹਨੂੰ ਇਹ ਵੀ ਯਾਦ ਹੈ ਕਿ ਜਿਸ ਦਿਨ ਬੇਅੰਤ ਸਿੰਘ ਦੇ ਮਾਰੇ ਜਾਣ ਦੀ ਖਬਰ ਆਈ ਸੀ ਉਹ ਖੁਸ਼ ਹੋ ਗਿਆ ਸੀ ਸ਼ਾਇਦ ਇਸ ਕਰਕੇ ਕਿ ਕਾਂਗਰਸੀ ਸਰਕਾਰ ਤੇ ਮੁਖਮੰਤਰੀ ਦੇ ਖਿਲਾਫ ਘਰੇ ਗੱਲ ਕਈ ਵਾਰ ਹੋਈ ਸੀ ਤੇ ਉਹਨੂੰ ਅੰਦਰ ਹੀ ਅੰਦਰ ਕਾਂਗਰਸੀ ਬੁਰੇ ਲੱਗਣ ਲੱਗ ਪਏ ਸੀ। ਓਦਾਂ 97 ਦੀਆਂ ਵੋਟਾਂ ਬਾਅਦ ਓਹਦਾ ਬਾਪੂ ਅਕਾਲੀਆਂ ਦੀ ਵੀ ਗੱਲ ਘੱਟ ਹੀ ਕਰਦਾ ਜਿਵੇਂ ਪਹਿਲਾਂ ਕਰਦਾ ਹੁੰਦਾ ਸੀ।ਖੈਰ ਓਹਦੀ ਆਪਣੀ ਜ਼ਿੰਦਗੀ ਚਲ ਰਹੀ ਸੀ। ਓਹ ਹੁਣ ਆਪਣੇ ਮੁਹੱਲੇ ਦੇ ਮੁੰਡਿਆਂ ਨਾਲ ਰਲ ਕੇ ਖਾਸ ਦਿਨਾਂ ਤੇ ਮਿੱਠੇ ਜਲ ਦੀ ਸ਼ਬੀਲ ਵੀ ਲਾਉਂਦੇ। ਗੁਰਦੁਆਰੇ ਜਾ ਕੇ ਵੀ ਸੇਵਾ ਕਰਦਾ। ਘਰਦਿਆਂ ਨਾਲ ਦਰਬਾਰ ਸਾਹਿਬ, ਅਨੰਦਪੁਰ ਸਾਹਿਬ , ਦਮ ਦਮਾ ਸਾਹਿਬ , ਚਮਕੌਰ ਸਾਹਿਬ ਵੀ ਜਾ ਆਇਆ ਸੀ। ਅਕਾਲ ਤਖਤ ਦੇ ਮੂਹਰੇ ਢਾਢੀ ਵਾਰਾਂ ਵੀ ਸੁਣ ਕੇ ਬਹੁਤ ਅਨੰਦ ਆਇਆ ਸੀ। ਅੰਬਰਸਰ ਹੀ ਇਕ ਦੁਕਾਨ ਤੋਂ ਉਹਨੇ ਨੇੜਿਓਂ ਦੇਖੇ ਸੰਤ ਭਿੰਡਰਾਂਵਾਲੇ ਕਿਤਾਬ ਵੀ ਖਰੀਦੀ। ਸਕੂਲ ਦੀ ਪੜ੍ਹਾਈ ਲਿਖਾਈ ਚ ਓਹਦਾ ਘੱਟ ਜੀ ਲਗਦਾ। ਓਦਾਂ ਚਾਰੇ ਪਾਸੇ ਗੀਤਾਂ ਤੇ ਫ਼ਿਲਮਾਂ ਦਾ ਜ਼ੋਰ ਪੂਰਾ ਸੀ। ਬੱਬੂ ਮਾਨ ਛਾਇਆ ਹੋਇਆ ਸੀ। ਰਾਤੀਂ ਮਿਲਣ ਨਾ ਆਈਂ ਵੀ ਪਿੰਡ ਪਹਿਰਾ ਲਗਦੈ ਗੀਤ ਬਹੁਤ ਚੱਲਿਆ ਸੀ। ਉਹਦੇ ਕਈ ਦੋਸਤ ਮੋਨੇ ਹੋ ਗਏ ਸਨ।
ਖੈਰ ਉਹ ਥੋੜ੍ਹੇ ਜਿਹੇ ਨੰਬਰਾਂ ਨਾਲ ਪਾਸ ਹੋ ਗਿਆ। ਫਿਰ ਓਹਨੇ ਸਰਕਾਰੀ ਕਾਲਜ ਚ ba ਦਾ ਦਾਖਲਾ ਵੀ ਭਰ ਦਿੱਤਾ। ਓਦਾਂ ਦੁਕਾਨ ਤੇ ਵੀ ਹੱਥ ਵਟਾਉਂਦਾ। ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵਾਲਿਆਂ ਦੇ ਕੈੰਪ ਚ ਜਾ ਆਇਆ ਸੀ। ਸਿੱਖ ਸ਼ਹਾਦਤ ਮੈਗਜ਼ੀਨ ਪੜ੍ਹਨ ਲੱਗ ਗਿਆ ਸੀ। ਫਿਰ ਇੱਕੋ ਦਮ ਮੈਗਜ਼ੀਨ ਬੰਦ ਹੋ ਗਿਆ। 84 ਦੇ ਦੌਰ ਬਾਰੇ ਪੜ੍ਹਦਿਆਂ , ਨਿਹੰਗ ਅਵਤਾਰ ਸਿੰਘ ਬ੍ਰਹਮੇ, ਜੁਗਰਾਜ ਸਿੰਘ ਤੂਫ਼ਾਨ, ਗੁਰਬਚਨ ਸਿੰਘ ਮਾਨੋਚਾਹਲ ਬਾਰੇ ਵੀ ਪੜ੍ਹਿਆ। ਜਸਵੰਤ ਸਿੰਘ ਖਾਲੜਾ ਬਾਰੇ ਵੀ ਉਹਨੂੰ ਮੈਗਜ਼ੀਨਾਂ ਚੋਂ ਹੀ ਪਤਾ ਚੱਲਿਆ। ਪੁਲਿਸ ਓਹਨੂੰ ਚੰਗੀ ਲੱਗਣੋਂ ਹੱਟ ਗਈ।ਫਿਰ ਰਾਜੋਆਣੇ ਦੀ ਫਾਂਸੀ ਵੇਲੇ ਰੌਲਾ ਪਿਆ। ਓਹਨੇ ਵੀ ਮੁੰਡਿਆਂ ਨਾਲ ਮਾਰਚ ਕੱਢੇ। ਚੌੜ ਸਿੱਧਵੇਂ ਦੇ ਜਸਪਾਲ ਸਿੰਘ ਦੇ ਕਤਲ ਦੀ ਖਬਰ ਨੇ ਉਹਨੂੰ ਬਹੁਤ ਦੁਖੀ ਕੀਤਾ।ਪੜ੍ਹਾਈ ਛੱਡ ਕੇ ਓਹ ਦੁਕਾਨ ਤੇ ਹੀ ਪੱਕਾ ਆ ਗਿਆ ਸੀ। ਘਰਦਿਆਂ ਨੇ ਵਿਆਹ ਕਰਤਾ। ਜਿੱਮੇਵਾਰੀ ਪੈ ਗਈ। ਬਾਪੂ ਜਹਾਨੋਂ ਤੁਰ ਗਿਆ। ਵਿਆਹ ਤੋਂ ਦੂਜੇ ਸਾਲ ਕੁੜੀ ਦਾ ਪਿਓ ਵੀ ਬਣ ਗਿਆ। ਕਬੀਲਦਾਰੀ ਭਾਰੀ ਹੁੰਦੀ ਗਈ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ। ਉਹਨੂੰ ਰੋਹ ਚੜ੍ਹ ਗਿਆ। ਉਹ ਵੀ ਧਰਨਿਆਂ ਤੇ ਗਿਆ। ਜਦੋਂ ਬਹਿਬਲਕਲਾਂ ਗੋਲੀ ਚੱਲੀ ਉਹ ਉਸਦਿਨ ਵੀ ਓਥੇ ਸੀ। ਓਹਨੂੰ ਬਾਦ ਚ ਪਤਾ ਚੱਲਿਆ ਕਿ ਓਥੇ ਚੱਲੀ ਗੋਲੀ ਨਾਲ ਦੋ ਸਿੰਘ ਸ਼ਹੀਦ ਹੋ ਗਏ ਨੇ। ਕਿਸੇ ਨੂੰ ਕੋਈਂ ਸਜ਼ਾ ਨਹੀਂ ਹੋਈ ਕੋਈਂ ਦੋਸ਼ੀ ਨਹੀਂ ਪਾਇਆ ਗਿਆ।

ਓਹਨੇ ਵੀ ਸਮਾਰਟ ਫੋਨ ਲੈ ਲਿਆ ਸੀ। ਫੇਸਬੁੱਕ ਤੇ ਵੀ ਪ੍ਰੋਫ਼ਾਈਲ ਬਣਾ ਲਈ ਸੀ। ਥੋੜੀ ਬਹੁਤ ਕੰਮ ਤੋਂ ਵਿਹਲ ਮਿਲੇ ਤੇ ਉਹ ਦੇਖ ਲੈਂਦਾ ਸੀ। ਦਿੱਲੀ ਚ ਸਿੱਖ ਆਟੋ ਵਾਲੇ ਦੀ ਕੁੱਟਮਾਰ ਦੀ ਵੀਡੀਓ ਵੀ ਦੇਖੀ। ਢੱਡਰੀਆਂਵਾਲਾ ਬਾਬਾ ਸਰਕਾਰੀ ਸਕਿਊਰਿਟੀ ਚ ਬੈਠ ਕੇ ਰੋਜ਼ ਕੋਈਂ ਪੁਠੀ ਗੱਲ ਕਰਕੇ ਖੂਨ ਸਾੜਦਾ ਰਹਿੰਦਾ ਸੀ।ਓਦਾਂ ਕਬੀਲਦਾਰੀ ਵੱਡੀ ਹੋ ਗਈ ਸੀ। ਮਕਾਨ ਦੀ ਮੁਰਮੰਤ ਲਈ ਬੈਂਕ ਤੋਂ ਕਰਜ਼ਾ ਲਿਆ ਸੀ। ਮੋਟਰਸਾਈਕਲ ਵੀ ਕਿਸ਼ਤਾਂ ਤੇ ਸੀ। ਇੱਕ ਬੱਚਾ ਹੋਰ ਆ ਗਿਆ ਸੀ। ਬੁੱਢੀ ਮਾਤਾ ਬਿਮਾਰ ਰਹਿੰਦੀ ਸੀ। ਕੰਮ ਕਾਰ ਵੀ ਮੰਦਾ ਸੀ। ਉਹ ਢਹਿੰਦੀਆਂ ਕਲਾਂ ਚ ਜਾ ਰਿਹਾ ਸੀ।ਫਿਰ ਕਰੋਨਾ ਦਾ ਰੌਲਾ ਪੈ ਗਿਆ। ਕੰਮ ਕਾਰ ਬੰਦ ਹੋ ਗਏ। ਸਾਰੇ ਲੋਕ ਘਰਾਂ ਚ ਬੰਦ ਹੋ ਗਏ। ਓਹ ਵੀ ਘਰ ਚ ਬੈਠਾ ਬੱਚਿਆਂ ਨਾਲ ਪਰਿਵਾਰ ਨਾਲ ਬੈਠਾ ਰਹਿੰਦਾ ਯਾ ਫੇਸਬੁੱਕ ਚਲਾ ਲੈਂਦਾ। ਫਿਰ ਓਹਨੇ ਵੇਖਿਆ ਕਿ ਕਿਵੇਂ ਨਹਿੰਗਾਂ ਦੀ ਪੁਲਿਸ ਨਾਲ ਝੜਪ ਹੋ ਗਈ ਪਟਿਆਲੇ। ਤੇ ਉਸ ਝੜਪ ਚ ਪੁਲਿਸ ਵਾਲੇ ਦਾ ਹੱਥ ਵੱਢਿਆ ਗਿਆ। ਉਹਨੂੰ ਇਸ ਘਟਨਾ ਰਾਹੀਂ ਆਪਣੇ ਅੰਦਰ ਪਏ ਗੁੱਸੇ ਨੂੰ ਕੱਢਣ ਦਾ ਰਾਹ ਮਿਲਿਆ। ਸਟੇਟ ਤੇ ਪੁਲਿਸ ਬਾਰੇ ਅੰਦਰ ਪਏ ਰੋਹ ਨੇ ਨਹਿੰਗਾਂ ਦੇ ਹੱਕ ਚ ਪੋਸਟ ਪਵਾ ਦਿੱਤੀ। ਪਰ ਫੇਸਬੁੱਕ ਤੇ ਤਾਂ ਕਾਂਗਰਸੀ,ਕਾਮਰੇਡ,ਅਕਾਲੀ,ਅਪਗ੍ਰੇਡ,ਸਿੱਖ ਸੰਸਥਾਵਾਂ,ਨਿਹੰਗ ਜਥੇਬੰਦੀਆਂ, ਸੈਕੂਲਰ, ਲਿਬਰਲ ਸਭ ਨਿਹੰਗਾਂ ਦੀ ਖਿਲਾਫ ਤੇ ਪੁਲਿਸ ਦੇ ਹੱਕ ਚ ਖੜ੍ਹੇ ਸਨ।ਦੋ ਘੰਟਿਆਂ ਬਾਅਦ ਹੀ ਗਲੀ ਚ ਹੂਟਰ ਵੱਜ ਗਏ। ਪੁਲਿਸ ਪਾਰਟੀ ਓਹਨੂੰ ਫੜ੍ਹਨ ਆ ਗਈ। ਘਰ ਚ ਤੂਫ਼ਾਨ ਆ ਗਿਆ। ਇੱਕ ਤੂਫ਼ਾਨ ਓਹਦੇ ਅੰਦਰ ਚੱਲ ਪਿਆ ਜਦ ਓਹਨੇ ਰੋਂਦੀਆਂ ਕੁਰਲਾਉਂਦੀਆਂ ਆਪਣੀਆਂ ਪਤਨੀ, ਧੀਆਂ ਤੇ ਮਾਂ ਨੂੰ ਵੇਖਿਆ। ਉਹੀ ਕੱਲ੍ਹਾ ਸਹਾਰਾ ਸੀ ਉਹਨਾਂ ਦਾ। ਥਾਣੇ ਤੱਕ ਜਾਂਦੇ ਜਾਂਦੇ ਵਿਚਾਰਾਂ ਸੋਚਾਂ ਭਾਵਾਂ ਦੇ ਘੜਮੱਸ ਨੇ ਸਿਰ ਪਾਟਣ ਵਰਗਾ ਕਰ ਦਿੱਤਾ। ਵੱਡੇ ਅਫਸਰ ਅੱਗੇ ਬਿਠਾਇਆ ਗਿਆ। ਇੰਟਰਰੋਗੇਸ਼ਨ ਸ਼ੁਰੂ ਹੋ ਗਈ।

“ਤੂੰ ਕੀ ਸੋਚ ਕੇ ਲਿਖਿਆ”

ਉਹ ਟੁੱਟ ਗਿਆ। ਓਹਨੇ ਸਿਸਟਮ ਦੇ ਜ਼ੋਰ ਤੇ ਤਰਕ ਅੱਗੇ ਹਾਰ ਮੰਨ ਲਈ। ਉਹ ਮਾਫੀਆਂ ਮੰਗਣ ਲੱਗਾ। ਨਹਿੰਗਾਂ ਨੂੰ ਬੁਰਾ ਕਹਿਣ ਲੱਗਾ। ਉਹ ਆਪਣੇ ਬਾਗ਼ੀਪਨ ਨੂੰ ਆਪਣੇ ਅੰਦਰ ਪਏ ਗੁੱਸੇ ਨੂੰ ਗਾਲਾਂ ਕੱਢ ਰਿਹਾ ਸੀ। ਉਹ ਆਪਣੀ ਦੇਹੀ ਚ ਰਚੇ ਤੰਤਰ ਤੇ ਸੰਸਾਰ ਤੋਂ ਭੱਜ ਜਾਣਾ ਚਾਹੁੰਦਾ ਸੀ। ਇਸ ਸਫਲਤਾ ਲਈ ਸਾਰਾ ਸਿਸਟਮ, ਸੰਸਥਾਵਾਂ, ਮੀਡੀਆ , ਮਾਨਤਾ ਪ੍ਰਾਪਤ ਸੋਚ ਪ੍ਰਬੰਧ ਉਸਦਾ ਬਾਹਾਂ ਖੋਲ੍ਹ ਕੇ ਸਵਾਗਤ ਕਰ ਰਿਹਾ ਸੀ। ਸ਼ਾਇਦ ਓਹਦੇ ਲਈ ਫੂਕੋਯਮਾ ਦੀ ਘੋਸ਼ਣਾ “end of the world” ਅੱਜ ਸੱਚੀ ਹੋਈ ਸੀ।ਅਫਸਰ ਸਾਹਿਬਾਨ ਦੇ ਪਿੱਛੇ ਗੁਰੂ ਤੇਗ ਬਹਾਦੁਰ ਜੀ ਦੀ ਤਸਵੀਰ ਲੱਗੀ ਸੀ ਤੇ ਉਸ ਥੱਲੇ ਲਿਖਿਆ ਸੀ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।”

(ਉਪਰੋਕਤ ਤਸਵੀਰ ਵੇਖ ਕੇ ਉਪਜੀ ਕਾਲਪਨਿਕ ਕਹਾਣੀ)
ਹਰਮੀਤ ਸਿੰਘ ਫਤਹਿ

Check Also

ਕਰੋਨਾ ਦੇ ਨਾਂ ‘ਤੇ ਪਰਵਾਸੀ ਪੰਜਾਬੀਆਂ ਨਾਲ ਨਫ਼ਰਤ ਕਰਨਾ ਗ਼ਲਤ

ਡਾ ਗੁਰਵਿੰਦਰ ਸਿੰਘ ਹਰ ਵਰ੍ਹੇ ਵਾਂਗ ਇਸ ਵਾਰ ਵੀ ਪੰਜਾਬ ਆਏ ਹਜ਼ਾਰਾਂ ਪਰਵਾਸੀ ਪੰਜਾਬੀਆਂ ਦੇ …

%d bloggers like this: