Breaking News
Home / ਸਾਹਿਤ / ਦਿੱਲੀ ਚੋਣਾਂ ਬਹਾਨੇ ਸਿੱਖ ਪਹਿਚਾਣ ਨੂੰ ਢਾਅ ਲਾਉਣ ਲੱਗਾ ਤਜਿੰਦਰ ਪਾਲ ਸਿੰਘ ਬੱਗਾ

ਦਿੱਲੀ ਚੋਣਾਂ ਬਹਾਨੇ ਸਿੱਖ ਪਹਿਚਾਣ ਨੂੰ ਢਾਅ ਲਾਉਣ ਲੱਗਾ ਤਜਿੰਦਰ ਪਾਲ ਸਿੰਘ ਬੱਗਾ

ਸਿੱਖ ਨੂੰ ਸਿੱਖ ਨਾਲ ਲੜਾਉਣ ਲਈ ਕੋਈ ਨਾ ਕੋਈ ਨਵੇਂ ਪਗੜੀਧਾਰੀ ਸਿੱਖ ਨੂੰ ਲੱਭ ਕੇ ਸਿੱਖ-ਵਿਰੋਧੀ ਅਤੇ ਸਿੱਖੀ-ਵਿਰੋਧੀ ਬਿਆਨ ਦਿਵਾਉਣੇ ਭਾਰਤੀ ਨਿਜ਼ਾਮ ਦਾ ਪੁਰਾਣਾ ਪੈਂਤੜਾ ਹੈ। ਇਸ ਪੈਂਤੜੇਬਾਜੀ ਦਾ ਨਵਾਂ ਚਿਹਰਾ ਹੈ ਤਜਿੰਦਰ ਪਾਲ ਸਿੰਘ ਬੱਗਾ ਜੋ ਦਿੱਲੀ ਦਾ ਭਾਜਪਾ ਦਾ ਬੁਲਾਰਾ ਸੀ ਅਤੇ ਜਿਸ ਨੂੰ ਦਿੱਲੀ ਅਸੰਬਲੀ ਚੋਣਾ ਲਈ ਹਰੀ ਨਗਰ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣਾਂ ਲੜਾਈਆਂ ਜਾ ਰਹੀਆਂ ਹਨ। ਇਸ ਵਰਤਾਰੇ ਨੂੰ ਭਾਰਤੀ ਨਿਜ਼ਾਮ ਵੱਲੋਂ ਸਿੱਖਾਂ ਦੇ ਦਿਲ-ਦਿਮਾਗ ‘ਤੇ ਅਸਰ ਪਾਉਣ ਲਈ ਲਗਾਤਾਰ ਕੀਤੇ ਜਾ ਰਹੇ ਕੋਝੇ ਯਤਨਾਂ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ। ਵਰਲਡ ਸਿੱਖ ਨਿਊਜ਼ ਦੇ ਸੰਪਾਦਕ ਜਗਮੋਹਨ ਸਿੰਘ ਨੇ ਦਸਿਆ ਹੈ ਕਿ ਕਿਵੇਂ ਤਾਜਿੰਦਰ ਪਾਲ ਸਿੰਘ ਬੱਗਾ ਨੂੰ ਸਿੱਖ ਜਨਤਕ ਜੀਵਨੀ ਵਿੱਚ ਲਿਆਂਦਾ ਗਿਆ ਹੈ ਅਤੇ ਸਿੱਖਾਂ ਨੂੰ ਖਬਰਦਾਰ ਕਰਦੇ ਹਨ ਕਿ ਅਜਿਹੇ ਲੋਕਾਂ ਤੋਂ ਦੂਰ ਰਿਹਾ ਜਾਵੇ ਕਿਉਂਕਿ ਉਹ ਸਿੱਖ ਪਹਿਚਾਣ ਲਈ ਬਹੁਤ ਵੱਡਾ ਖ ਤ ਰਾ ਹਨ।

ਤਜਿੰਦਰ ਪਾਲ ਸਿੰਘ ਬੱਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਨੇੜਤਾ ਦਾ ਖੂਬ ਡੰਕਾ ਵਜਾਉਂਦਾ ਹੈ। ਉਸਨੇ ਆਪਣੇ ਜਨਤਕ ਜੀਵਨ ਦੀ ਸ਼ੁਰੂਆਤ ਸਾਬਕਾ ਆਪ ਆਗੂ ਤੇ ਨਾਮਵਰ ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਗਾਲਾਂ ਕੱਢ ਕੇ ਅਤੇ ਧੱਕਾ-ਮੁੱਕੀ ਕਰ ਕੇ ਸ਼ੁਰੂ ਕੀਤਾ ਸੀ। ਪਿਛਲੇ ਕੁਝ ਸਾਲਾਂ ਤੋ ਉਹ ਟਵਿਟਰ ‘ਤੇ ਆਪਣੇ ਵੰਡ-ਪਾਊ ਬਿਆਨਾਂ ਕਰਕੇ ਚਰਚਾ ਵਿੱਚ ਹੈ, ਇਸ ਲਈ ਕੋਈ ਸ਼ੱਕ ਨਹੀਂ ਕਿ ਭਾਰਤੀ ਜਨਤਾ ਪਾਰਟੀ ਨੇ ਇਸ ਬੜਬੋਲੇ ਨੌਜਵਾਨ ਸਿੱਖ ਨੂੰ ਉਨ੍ਹਾਂ ਸਿੱਖਾਂ ਵਾਂਗ ਉਭਾਰਣ ਦਾ ਤਹੀਆ ਕੀਤਾ ਹੈ ਜੋ ਸਿੱਖ ਭੇਸ ਵਿੱਚ ਸਿੱਖਾਂ ਨੂੰ ਬਦਨਾਮ ਕਰਦੇ ਹਨ ਅਤੇ ਨਿੱਤ ਨਵੇਂ ਵਿਵਾਦ ਖੜੇ ਕਰਦੇ ਹਨ।

ਤਜਿੰਦਰ ਪਾਲ ਸਿੰਘ ਬੱਗਾ ਦੀ ਕਾਰਗੁਜ਼ਾਰੀ, ਵਤੀਰਾ ਅਤੇ ਬੋਲ-ਬਾਣੀ ਇਸ ਗੱਲ ਦਾ ਮੂੰਹ-ਬੋਲਦਾ ਸਬੂਤ ਹਨ ਕਿ ਉਸ ਦਾ ਝੁਕਾਅ ਫਾਸੀਵਾਦੀ ਹੈ ਅਤੇ ਉਸ ਨੂੰ ਭਾਜਪਾ ਨੇ ਇਸ ਲਈ ਬਾਖੂਬੀ ਤਿਆਰ ਕੀਤਾ ਹੈ। ਹਾਲ ਹੀ ਵਿੱਚ ਉਸ ਦਾ ਇਹ ਕਹਿਣਾ ਕਿ ਜੇ ਉਸ ਦੀ ਪਾਰਟੀ ਜਿੱਤ ਗਈ ਤਾਂ ਉਹ ਸ਼ਾਹੀਨ ਬਾਗ ਵਿੱਚ ਜਾ ਕੇ ਸਰਜੀਕਲ ਸਟਰਾਈਕ ਕਰੇਗਾ, ਇੱਕ ਮੰਦਭਾਗਾ, ਬੇਲੋੜਾ ਘਟੀਆ ਬਿਆਨ ਹੈ। ਇਹ ਲਫਜ਼ ਬੋਲ ਕੇ ਤਜਿੰਦਰ ਪਾਲ ਸਿੰਘ ਬੱਗਾ ਨੇ ਸਿੱਖੀ ਨੂੰ ਢਾਹ ਲਾਈ ਹੈ ਕਿਉਂਕਿ ਸਿੱਖੀ ਸਿਖਾਉਂਦੀ ਹੈ ਕਿ ਬਿਨਾਂ ਜਾਤ ਅਤੇ ਧਰਮ ਦੇ ਭੇਦ-ਭਾਵ ਤੋਂ ਮਜ਼ਲੂਮ ਦੇ ਨਾਲ ਉਸ ਦੇ ਹੱਕਾਂ ਲਈ ਦਲੇਰੀ ਨਾਲ ਖੜਨਾ ਚਾਹੀਦਾ ਹੈ। ਇਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੀ ਸਿੱਖਿਆ ਹੈ।

ਵੱਖ-ਵੱਖ ਚੈਨਲਾਂ ‘ਤੇ ਆਪਣੇ ਸੱਜੇ-ਪੱਖੀ ਬਿਆਨਾਂ ਨੂੰ ਛਾਇਆ ਕਰਨਾ ਤਾਜਿੰਦਰ ਪਾਲ ਸਿੰਘ ਬੱਗਾ ਨੂੰ ਚੰਗਾ ਲਗਦਾ ਹੈ ਤੇ ਉਸ ਨੂੰ ਇਹ ਵਹਿਮ ਹੋ ਗਿਆ ਹੈ ਕਿ (ਕਿਉਂਕਿ ਇਹ ਵਹਿਮ ਅੱਜ ਦੀ ਕੌੜੀ ਸੱਚਾਈ ਹੈ) ਮੁਸਲਮਾਨ-ਵਿਰੋਧੀ ਬਿਆਨ ਦੇ ਕੇ ਕੋਈ ਵੀ ਦੁਨੀਆਂ ਨੂੰ ਖੁਸ਼ ਕਰ ਸਕਦਾ ਹੈ।

ਜਦ ਅਸੀਂ ਦਿੱਲੀ ਦੇ ਅਕਾਲੀਆਂ ਨੂੰ ਉਸ ਦੇ ਹੱਕ ਵਿੱਚ ਪ੍ਰਚਾਰ ਕਰਦਾ ਦੇਖਦੇ ਹਾਂ ਤਾਂ ਇੱਕ ਡਰ ਪੈਦਾ ਹੁੰਦਾ ਹੈ ਕਿ ਅਸੀਂ ਅਜਿਹੇ ਸ਼ਖਸ ਨੂੰ ਉਭਾਰ ਰਹੇ ਹਾਂ ਜਿਸ ਨੇ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਜੜ੍ਹਾਂ ‘ਚ ਬੈਠ ਕੇ ਸਿੱਖ ਮੁਫਾਦ ਦਾ ਨੁਕਸਾਨ ਕਰਨਾ ਹੈ ਜਿਵੇਂ ਉਹ ਹੁਣ ਆਪਣੇ ਬਿਆਨਾਂ ਰਾਹੀ ਸਿੱਖ ਪਹਿਚਾਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਆਪਣੀ ਪਾਰਟੀ ਦੀ ਨਫਰਤ-ਭਰਪੂਰ ਧੱਕੜਸ਼ਾਹੀ ਨਾਲ ਪ੍ਰੇਰਤ ਨੀਤੀਆਂ ‘ਤੇ ਚੱਲ ਰਿਹਾ ਹੈ ਪਰ ਉਹ ਭੁੱਲ ਜਾਂਦਾ ਹੈ ਕਿ ਉਸ ਦੀ ਪਗੜੀ ਕਰਕੇ ਉਹ ਛੇਤੀ ਹੀ ਨਜ਼ਰ ਵਿਚ ਆਉਂਦਾ ਹੈ। ਦਿੱਲੀ, ਪੰਜਾਬ ਅਤੇ ਦੁਨੀਆਂ ਭਰ ਦੇ ਸਿੱਖ ਉਸ ਦੀਆਂ ਹਰਕਤਾਂ ਤੋਂ ਜਾਣੂ ਹਨ ਅਤੇ ਉਸ ਦੀਆਂ ਕੋਝੀਆਂ ਕਾਰਵਾਈਆਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ

ਅਜੋਕਾ ਸਿੱਖ ਇਤਿਹਾਸ ਗਵਾਹ ਹੈ ਕਿ ਬੜੇ ਹੀ ਵਿਉਂਤਮਈ ਢੰਗ ਨਾਲ ਹਿੰਦੁਸਤਾਨ ਦਾ ਨਿਜ਼ਾਮ ਸਿੱਖ ਕੌਮ ਦੇ ਖਾਸ ਮਸਲਿਆਂ ਅਤੇ ਮੁੱਦਿਆਂ ਵਿੱਚ ਭੰਬਲਭੂਸਾ ਪਾਉਣ ਲਈ ਤਾਜਿੰਦਰ ਪਾਲ ਸਿੰਘ ਬੱਗਾ ਵਰਗੇ ਸਿੱਖਾਂ ਨੂੰ ਉਭਾਰਦਾ ਹੈ ਤਾਂ ਜੋ ਉਨ੍ਹਾਂ ਮਸਲਿਆਂ ਅਤੇ ਮੁੱਦਿਆਂ ਬਾਰੇ ਬੇਤਰਤੀਬੀ ਅਤੇ ਬੇਲੋੜੇ ਬਿਆਨ ਦਿੱਤੇ ਜਾ ਸਕਣ ਤੇ ਸਿੱਖਾਂ ਨੂੰ ਵੰਡਿਆ ਜਾ ਸਕੇ।

ਇਸ ਨਿਜ਼ਾਮ ਦੀ ਪਹੁੰਚ ਇੰਨੀ ਵਧ ਗਈ ਹੈ ਕਿ ਪਿਛਲੀ ਸਦੀ ਦੇ ੮੦ਵਿਆਂ ਵਿੱਚ ਮਾਸਟਰ ਤਾਰਾ ਸਿੰਘ ਅਕਾਲੀ ਦਲ ਦੇ ਰਛਪਾਲ ਸਿੰਘ ਤੋਂ ਲੈ ਕੇ ਹੁਣ ਉਸ ਨੇ ਸਿੱਖਾਂ ਦੀ ਸਿਰਮੋਰ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਉਸ ਦੇ ਵੱਖ ਵੱਖ ਧੜੇ ਅਤੇ ਨਵੀਂ ਪਾਰਟੀ ਜਾਗੋ ਦਲ ਵਿੱਚ ਵੀ ਸਿੱਧੀ ਘੁਸਪੈਠ ਕਰ ਲਈ ਹੈ। ਸਿੱਖ ਦਲਾਂ ਦੀ ਅਜਿਹੀ ਬੇਸ਼ਰਮੀ ਨੇ ਸਿੱਖ ਹਿਰਦਿਆਂ ਨੂੰ ਵਲ਼ੂਧਰਿਆ ਹੈ।

ਇਸ ਕਰਕੇ ਇਸ ਸੱਜੇ-ਪੱਖੀ ਸੋਚ ਦੇ ਅਲੰਬਰਦਾਰ ਅਤੇ ਭਾਜਪਾ ਦੇ ਸਿੱਖ ਪੈਂਤੜੇ ਦੇ ਨਵੇਂ ਨਾਇਕ ਤੋਂ ਜਿੰਨਾ ਦੂਰ ਰਿਹਾ ਜਾਵੇ ਚੰਗਾ ਹੈ। ਉਸ ਦੀਆਂ ਕਾਰਵਾਈਆਂ ਅਤੇ ਕਾਰਸਤਾਨੀਆਂ ਤੋਂ ਖਬਰਦਾਰ ਰਹਿਣ ਦੀ ਜਰੂਰਤ ਹੈ। ਖਬਰਦਾਰ!

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: